ਦਿਲ ਦੀ ਮਰੀਜ ਨਾਲਦੀ ਅਕਸਰ ਹੀ ਉਚੀ ਅਵਾਜ ਤੋਂ ਤ੍ਰਭਕ ਜਾਇਆ ਕਰਦੀ..ਜੇ ਕੋਈ ਉਚੀ ਹਾਰਨ ਮਾਰ ਜਾਂਦਾ ਤਾਂ ਡਰ ਕੇ ਓਥੇ ਹੀ ਬੈਠ ਜਾਂਦੀ..”ਮਿੱਠੂ”..ਕੱਲਾ ਕੱਲਾ ਪੁੱਤ..ਜਦੋਂ ਦੀ ਉਸਨੇ ਬਾਹਰ ਗੋਰੀ ਨਾਲ ਕੋਰਟ ਮੈਰਿਜ ਕਰਵਾ ਲਈ ਸੀ..ਇਹ ਹੋਰ ਵੀ ਚੁੱਪ ਰਹਿਣ ਲੱਗੀ! ਮਿੱਟੀ ਨਾਲ ਲਿੱਬੜੇ ਨਿੱਕੇ ਹੁੰਦੇ ਦੇ ਜਦੋਂ ਨੁਹਾਉਂਦਿਆਂ ਹੋਇਆ ਮੂੰਹ ਤੇ ਸਾਬਣ ਮਲਦੀ ਤਾਂ ਉਹ ਆਕੜ ਜਾਂਦਾ ਕੇ ਅੱਖਾਂ ਵਿਚ ਪੈਂਦਾ ਏ..ਤੇ ਇਹ ਧੱਕੇ ਨਾਲ ਮਲਦੀ ਹੋਈ ਆਖੀ ਜਾਇਆ ਕਰਦੀ..”ਮੇਰਾ ਮਿੱਠੂ ਜਦੋਂ ਘੋੜੀ ਚੜੂ ਤਾਂ ਫੇਰ ਸੋਹਣੀ ਜਿਹੀ ਵਹੁਟੀ ਲਿਆਉ”..
ਸੁਣਨ ਵਾਲੇ ਮਜਾਕਾਂ ਕਰਦੇ ਕੇ ਰੇਸ਼ਮ ਕੁਰੇ ਅੱਗੋਂ ਪਤਾ ਨੀ ਕਿਹੋ ਜਿਹਾ ਜ਼ਮਾਨਾ ਆਉਣਾ..ਐਵੇਂ ਬਹੁਤੇ ਸੁਫ਼ਨੇ ਨਾ ਬੁਣਿਆ ਕਰ”..ਤੇ ਇਹ ਅੱਗੋਂ ਗੁੱਸਾ ਕਰ ਆਪਣਾ ਮੂੰਹ ਦੂਸਰੇ ਬੰਨੇ ਕਰ ਲਿਆ ਕਰਦੀ..! ਅੱਜ ਕੱਲ ਨਾਲਦੀ ਵੱਡੀ ਕੋਠੀ ਵਿਚ ਜੰਝ ਘਰ ਬਣ ਗਿਆ ਸੀ..
ਵਿਆਹਾਂ ਦੇ ਸੀਜਨ ਵਿਚ ਪਤਾ ਰਾਤੀ ਕਿੰਨੀ ਕਿੰਨੀ ਦੇਰ ਤੱਕ ਡੀ.ਜੀ ਵੱਜਦਾ ਰਹਿੰਦਾ!
ਇਸਨੂੰ ਨੀਂਦ ਨਾ ਆਇਆ ਕਰਦੀ..ਸੁਵੇਰੇ ਉਨੀਂਦਰੇ ਦੀ ਮਾਰੀ ਮੇਰੇ ਨਾਲ ਲੜ ਪੈਂਦੀ..ਕਦੀ ਆਖਦੀ ਮਕਾਨ ਵੇਚ ਕੇ ਕਿਤੇ ਹੋਰ ਚਲੇ ਜਾਈਏ..ਮੈਂ ਬੂਹੇ ਬਾਰੀਆਂ ਬੰਦ ਕਰਨ ਤੇ ਹੀ ਰਹਿੰਦਾ..ਅੰਦਰੋਂ ਅੰਦਰੀ ਅਰਦਾਸ ਕਰਦਾ ਕੇ ਇਹਨਾਂ ਦੀ ਬੁਕਿੰਗ ਹੀ ਨਾ ਹੋਵੇ..ਪਰ ਦਿਨੋਂ ਦਿਨ ਹੋਰ ਰਸ਼ ਪਈ ਜਾਂਦਾ! ਇੱਕ ਦਿਨ ਦੁਪਹਿਰੇ ਬਾਹਰ ਬੂਹੇ ਤੇ ਬਿੜਕ ਹੋਈ..
ਇੱਕ ਮੁੰਡਾ ਖਲੋਤਾ ਸੀ..ਸਤਿ ਸ੍ਰੀ ਅਕਾਲ ਬੁਲਾ ਅੰਦਰ ਲੰਘ ਆਇਆ..ਪੈਰਾਂ ਨੂੰ ਹੱਥ ਲਾਉਂਦਾ ਹੋਇਆ ਆਖਣ ਲੱਗਾ ਜੀ ਮੈਂ “ਦਲਜੀਤ ਸਿੰਘ”..ਨਾਲਦੇ ਜੰਝ ਘਰ ਦਾ ਮਾਲਕ ਹਾਂ..ਡ੍ਰਾਈ ਫਰੂਟ ਦਾ ਇੱਕ ਵੱਡਾ ਸਾਰਾ ਡੱਬਾ ਅਤੇ ਵਿਆਹ ਦਾ ਕਾਰਡ ਟੇਬਲ ਤੇ ਰੱਖਦਾ ਹੋਇਆ ਆਖਣ ਲੱਗਾ ਕੇ “ਅਗਲੇ ਹਫਤੇ ਮੇਰਾ ਖੁਦ ਦਾ ਵਿਆਹ ਏ..ਸੋਚਿਆ ਆਸ ਪਾਸ ਦੇ ਗਵਾਂਢੀਆਂ ਨੂੰ ਵੀ ਸੱਦਾ ਦੇ ਆਵਾਂ..” ਸਾਡੇ ਦੋਹਾਂ ਦੇ ਰੰਗ ਉੱਡੇ ਹੋਏ ਸਨ..ਅਖੀਰ ਉਸਨੂੰ ਬੈਠਣ ਦਾ ਇਸ਼ਾਰਾ ਕਰਦੇ ਹੋਏ ਨੇ ਮੈਂ ਗੱਲ ਅਗਾਂਹ ਤੋਰੀ..”ਕੇ ਬੇਟਾ ਸਾਰੀ ਰਾਤ ਵੱਜਦੇ ਡੀ.ਜੇ ਦੀ ਅਵਾਜ ਸੌਣ ਨੀ ਦਿੰਦੀ..ਆਂਟੀ ਤੇਰੀ ਦਿਲ ਦੀਂ ਮਰੀਜ ਏ ਅਤੇ ਮੈਂ ਖੁਦ ਵੀ ਬਿਮਾਰ ਹੀ ਰਹਿੰਦਾ ਹਾਂ..” ਮੇਰੀ ਗੱਲ ਅਜੇ ਪੂਰੀ ਵੀ ਨਹੀਂ ਸੀ ਹੋਈ ਕੇ ਮੇਰੇ ਪੈਰੀ ਪੈ ਗਿਆ
ਕਿੰਨੀਆਂ ਸਾਰੀਆਂ ਮੁਆਫ਼ੀਆਂ ਮੰਗਦਾ ਹੋਇਆ ਆਖਣ ਲੱਗਾ ਕੇ ਅੰਕਲ ਜੀ ਇਹ ਗਲਤੀ ਦੁਬਾਰਾ ਕਦੀ ਨਹੀਂ ਹੋਵੇਗੀ..ਇਹ ਮੇਰਾ ਵਾਹਦਾ ਰਿਹਾ..ਤੇ ਜਦੋਂ ਕਦੀ ਵੀ ਲੋੜ ਪਵੇ..ਬਿਨਾ ਝਿਜਕ ਇਸ ਨੰਬਰ ਤੇ ਕਾਲ ਕਰ ਦੇਣੀ..ਭਾਵੇਂ ਅੱਧੀ ਰਾਤ ਹੋਵੇ..ਜਰੂਰ ਹਾਜਿਰ ਹੋਵਾਂਗਾ”
ਅੱਧਾ ਘੰਟਾ ਬੈਠਾ ਗੱਲਾਂ ਮਾਰਦਾ ਰਿਹਾ..ਪਹਿਲੀ ਵਾਰ ਚੁੱਪ ਦੇ ਜੰਗਲ ਵਿਚ ਰੌਣਕਾਂ ਲੱਗੀਆਂ ਪਈਆਂ ਸਨ..ਨਾਲਦੀ ਪਤਾ ਨਹੀਂ ਕਿੰਨੇ ਅਰਸੇ ਮਗਰੋਂ ਪਹਿਲੀ ਵਾਰ ਏਨੀ ਜਿਆਦਾ ਵਾਰ ਹੱਸੀ..
ਉਹ ਵੀ ਵਾਰ ਵਾਰ ਪੱਕੀਆਂ ਕਰਦਾ ਰਿਹਾ ਕੇ ਵਿਆਹ ਦੇ ਸਾਰੇ ਫ਼ੰਕਸ਼ਨਾਂ ਵਿਚ ਹਾਜਰੀ ਲਵਾਉਣੀ ਏ..ਜਾਂਦਾ ਹੋਇਆ ਇੱਕ ਵਾਰ ਫੇਰ ਦੋਹਾਂ ਨੂੰ ਜੱਫੀ ਪਾ ਕੇ ਘੁੱਟ ਕੇ ਮਿਲਿਆ..! ਉਸ ਰਾਤ ਨਾਲਦੇ ਪਾਸੇ ਵੱਜਦੇ ਡੀ.ਜੇ ਦੀਂ ਅਵਾਜ ਬਹੁਤ ਹੀ ਘੱਟ ਸੀ..
ਨਾਲਦੀ ਸਾਰੀ ਰਾਤ ਘੂਕ ਸੁੱਤੀ ਰਹੀ..ਫੇਰ ਅਗਲੇ ਦਿਨ ਉਠਦਿਆਂ ਹੀ ਘਰ ਦੀ ਝਾੜ ਪੂੰਝ ਤੇ ਲੱਗ ਗਈ..ਫੇਰ ਅਗਲਾ ਸਾਰਾ ਹਫਤਾਵਿਆਹ ਦੀ ਤਿਆਰੀ ਵਿਚ ਇੰਝ ਰੁੱਝੀ ਰਹੀ ਜਿੱਦਾਂ ਡੀ.ਜੇ ਵਾਲਾ ਦਲਜੀਤ ਸਿੰਘ ਨਹੀਂ ਸੀ ਵਿਆਹਿਆ ਜਾ ਰਿਹਾ ਸਗੋਂ ਆਪਣਾ “ਮਿੱਠੂ” ਚੰਨ ਵਰਗੀ ਵਹੁਟੀ ਘਰੇ ਲਿਆ ਰਿਹਾ ਸੀ! ਸੋ ਦੋਸਤੋ ਇਨਸਾਨ ਦੀ ਜਿੰਦਗੀ ਵਿਚ ਉਮੀਦ ਅਤੇ ਹਮਦਰਦੀ ਨਾਮ ਦੇ ਦੋ ਐਸੇ ਥੰਮ ਹੋਇਆ ਕਰਦੇ ਨੇ ਜਿਹਨਾਂ ਆਸਰੇ ਉਸਦੇ ਵਜੂਦ ਵਾਲਾ ਚੁਬਾਰਾ ਅਡੋਲ ਟਿਕਿਆ ਰਹਿੰਦਾ ਏ..ਪਰ ਜਦੋਂ ਕਦੀ ਕਿਸੇ ਕਾਰਨ ਇਹ ਦੋਵੇਂ ਥੰਮ “ਤਿੜਕ” ਜਾਂਦੇ ਨੇ ਤਾਂ ਫੇਰ ਵੱਡੇ ਵੱਡੇ ਮਜਬੂਤ ਸਮਝੇ ਜਾਂਦੇ ਕਈ ਕਿਲੇ ਵੀ ਘੜੀਆਂ ਪਲਾਂ ਵਿਚ ਹੀ ਤਾਸ਼ ਦੇ ਪੱਤਿਆਂ ਵਾਂਙ ਖਿੱਲਰ-ਪੁੱਲਰ ਜਾਂਦੇ ਨੇ!
ਅਗਿਆਤ
ਫੋਟੋ: ਰਵਨ ਖੋਸਾ
ਅਗਿਆਤ