ਤਿੜਕਦਾ ਭਰਮ

by Manpreet Singh

ਅੱਜ ਤੇਜ ਕੌਰ ਨੇ ਆਪਣੀ ਛੋਟੀ ਨੂੰਹ ਨੂੰ ਸ਼ਹਿਰ ਵਿੱਚ ਡਾਕਟਰ ਕੋਲ ਲੈ ਕੇ ਜਾਣਾ ਸੀ ਇਸ ਲਈ ਸਵਖਤੇ ਹੀ ਚੁੱਲੇ ਚੌਂਕੇ ਦਾ ਆਹਰ ਕਰ ਲਿਆ । ਤਿਆਰ ਹੋ ਦੋਵੇਂ ਜਣੀਆਂ ਸ਼ਹਿਰ ਜਾਣ ਲਈ ਪਿੰਡ ਦੀ ਫਿਰਨੀ ਤੇ ਬਣੇ ਬੱਸ ਸਟਾਪ ਕੋਲ ਪਹੁੰਚ ਬੱਸ ਦੀ ਉਡੀਕ ਕਰਨ ਲੱਗੀਆਂ । ਵੇਖਦਿਆਂ ਵੇਖਦਿਆਂ ਹੀ ਬੱਸ ਆ ਗਈ । ਸਰੀਰ ਵਡੇਰਾ ਅਤੇ ਭਾਰਾ ਹੋਣ ਕਰਕੇ ਤੇਜ ਕੌਰ ਆਪਣੀ ਨੂੰਹ ਦਾ ਆਸਰਾ ਲੈ ਕੇ ਮਸਾਂ ਹੀ ਬੱਸ ਵਿੱਚ ਚੜੀ ਤੇ ਇਧਰ ਉਧਰ ਖਾਲੀ ਸੀਟ ਲੱਭਣ ਲੱਗੀ ਪਰ ਸਕੂਲਾਂ ਕਾਲਜਾਂ ਦੇ ਲੱਗਣ ਦਾ ਸਮਾਂ ਹੋਣ ਕਾਰਨ ਬੱਸ ਪਹਿਲਾਂ ਹੀ ਭਰੀ ਹੋਈ ਸੀ । ਤੇਜ ਕੌਰ ਨੇ ਸੀਟਾਂ ਤੇ ਬੈਠੇ ਇਕ ਦੋ ਮੁੰਡਿਆਂ ਨੂੰ ਬੁਢਾਪੇ ਦਾ ਵਾਸਤਾ ਪਾ ਕੇ ਸੀਟ ਛੱਡਣ ਲਈ ਕਿਹਾ ਤਾਂ ਮੁੰਡੇ ਆਪੋ ਆਪਣੇ ਫੋਨਾਂ ਵਿੱਚ ਮਸਤ ਰਹੇ ਕੋਈ ਵੀ ਸੀਟ ਛੱਡਣ ਨੂੰ ਤਿਆਰ ਨਾਂ ਹੋਇਆ ।

ਇਹ ਸਾਰਾ ਸੀਨ ਮਗਰ ਬੈਠੀ ਨੌਜਵਾਨ ਲੜਕੀ ਵੇਖ ਰਹੀ ਸੀ ਜਿਸਦੀ ਗੋਦੀ ਨਿੱਕਾ ਜਿਹਾ ਬਾਲ ਵੀ ਚੁੱਕਿਆ ਹੋਇਆ ਸੀ ਝੱਟ ਉੱਠ ਕੇ ਖੜੀ ਹੋ ਗਈ ਤੇ ਕਹਿਣ ਲੱਗੀ ”ਬੇਬੇ ਜੀ ਏਧਰ ਸੀਟ ਤੇ ਬੈਠ ਜਾਓ ” ਲੜਕੀ ਨੂੰ ਸੀਟ ਤੋਂ ਖੜੀ ਹੋ ਵੇਖ ਤੇਜ ਕੌਰ ਭਾਵੁਕ ਹੋ ਗਈ ਤੇ ਬੋਲੀ ”ਜਿਉਂਦੀ ਵੱਸਦੀ ਰਹਿ ਧੀਏ ਹੁਣ ਸ਼ਹਿਰ ਜਾਣ ਦੀ ਕੋਈ ਲੋੜ ਨਹੀਂ ਰਹੀ , ਮੈਂ ਤਾਂ ਪੁੱਤਰ ਦੇ ਲਾਲਚ ਵਿੱਚ ਨੂੰਹ ਦੇ ਪੇਟ ‘ਚ ਪਲ ਰਹੀ ਨੰਨੀ ਧੀ ਨੂੰ ਕਤਲ ਕਰਾਉਣ ਡਾਕਟਰ ਕੋਲ ਲੈ ਕੇ ਚੱਲੀ ਸਾਂ , ਪਰ ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ ” ਏਨਾਂ ਕਹਿ ਤੇਜ ਕੌਰ ਆਪਣੀ ਨੂੰਹ ਨੂੰ ਨਾਲ ਲੈ ਬੱਸ ਚੋਂ ਹੇਠਾਂ ਉੱਤਰ ਗਈ , ਕੰਡਕਟਰ ਨੇ ਵਿਸਲ ਮਾਰੀ ਪਲਾਂ ਵਿੱਚ ਹੀ ਧੂੜ ਉਡਾਉਂਦੀ ਬੱਸ ਅੱਖੋਂ ਉਹਲੇ ਹੋ ਗਈ ।

ਗੁਰਪ੍ਰੀਤ ਸਿੰਘ ਸਾਦਿਕ

Gurpreet Singh Sadiq

You may also like