ਤੇਰਾ ਨਿੱਕਾ ਵੀਰ ਜੂ ਹੋਇਆ

by Jasmeet Kaur

ਅਸੀ ਦੋਵੇਂ ਭਰਾ ਜੌੜੇ ਪੈਦਾ ਹੋਏ ਸਾਂ ਪਰ ਦੱਸਦੇ ਮਾਂ ਦੀ ਕੁੱਖ ਪਹਿਲਾਂ ਮੈਂ ਛੱਡੀ ਸੀ..ਸੋ ਮਾਂ ਹਮੇਸ਼ਾਂ ਮੈਨੂੰ ਹੀ ਵੱਡਾ ਮੰਨਦੀ ਆਈ ਸੀ!
ਨਿੱਕੇ ਨਾਲ ਹਮੇਸ਼ਾਂ ਹੀ ਕਿੰਨੇ ਸਾਰੇ ਲਾਡ ਲੜਾਏ ਜਾਂਦੇ..ਮੈਨੂੰ ਕਦੀ ਬੁਰਾ ਨਾ ਲੱਗਦਾ!
ਪਰ ਉਹ ਹਰ ਵਾਰ ਬਰੋਬਰ ਵੰਡ ਕੇ ਦਿੱਤੀ ਆਪਣੀ ਹਰ ਚੀਜ ਪਹਿਲਾਂ ਮੁਕਾ ਲਿਆ ਕਰਦਾ ਤੇ ਫੇਰ ਉਸਦੀ ਮੇਰੀ ਵਾਲੀ ਤੇ ਨਜਰ ਹੁੰਦੀ..

ਜਦੋਂ ਮੈਂ ਨਾਂਹ ਕਰ ਦਿੰਦਾ ਤਾਂ ਉਹ ਥੱਲੇ ਲੇਟਣ ਲੱਗ ਜਾਂਦਾ..ਮੈਂ ਥੋੜਾ ਡਰ ਜਿਹਾ ਜਾਂਦਾ ਫੇਰ ਮਾਂ ਵੀ ਆਖ ਦਿੰਦੀ “ਚੱਲ ਮੇਰਾ ਪੁੱਤ ਦੇ ਦੇ ਥੋੜੀ ਜਿਹੀ..ਤੇਰਾ ਛੋਟਾ ਭਰਾ ਜੂ ਹੋਇਆ”
ਰੋਟੀ ਵੀ ਦੋਹਾਂ ਨੂੰ ਇੱਕਠਿਆਂ ਬੈਠ ਕੇ ਖਵਾਇਆ ਕਰਦੀ..
ਇੱਕ ਬੁਰਕੀ ਮੈਨੂੰ ਤੇ ਇੱਕ ਉਸਨੂੰ..ਇਥੇ ਵੀ ਉਹ ਆਪਣੀ ਬੁਰਕੀ ਕਾਹਲੀ ਨਾਲ ਅੰਦਰ ਲੰਗਾਹ ਲਿਆ ਕਰਦਾ ਤੇ ਫੇਰ ਮੂੰਹ ਖੋਹਲ ਮੇਰੇ ਵੱਲ ਆਉਂਦੀ ਹੋਈ ਮਾਂ ਦੀ ਬਾਂਹ ਫੜ ਆਪਣੇ ਵੱਲ ਨੂੰ ਮੋੜ ਲਿਆ ਕਰਦਾ..!
ਮੈਂ ਕੁਝ ਆਖਣ ਲੱਗਦਾ ਤੇ ਫੇਰ ਆਖਦੀ “ਤੇਰਾ ਨਿੱਕਾ ਵੀਰ ਜੂ ਹੋਇਆ..ਖਾ ਲੈਣ ਦੇ..ਤੈਨੂੰ ਹੋਰ ਪਕਾ ਦੇਊਂ..”
ਮੈਨੂੰ ਪਹਿਲਾਂ ਗੁੱਸਾ ਆਉਂਦਾ ਫੇਰ ਉਸ ਤੇ ਤਰਸ ਆ ਜਾਂਦਾ!

ਸਕੂਲੇ ਦਾਖਿਲ ਹੋਏ ਤਾਂ ਕਈ ਵਾਰ ਤੁਰੇ ਆਉਂਦਿਆਂ ਉਸਦਾ ਬਸਤਾ ਵੀ ਮੈਨੂੰ ਚੁੱਕਣਾ ਪੈਂਦਾ..
ਘਰੇ ਆ ਕੇ ਦੱਸਦਾ ਤਾਂ ਮਾਂ ਦਾ ਓਹੀ ਤਰਕ ਹੁੰਦਾ “ਤੇਰਾ ਨਿੱਕਾ ਵੀਰ ਜੂ ਹੋਇਆ..ਤਾਂ ਕੀ ਹੋਇਆ ਜੇ ਚੁੱਕ ਲਿਆ ਤਾਂ..ਵੱਡੇ ਕਈ ਕੁਝ ਕਰਦੇ ਨਿੱਕਿਆਂ ਲਈ”
ਮੇਰਾ ਗੁੱਸਾ ਫੇਰ ਖੰਬ ਲਾ ਉੱਡ ਜਾਂਦਾ..!

ਫੇਰ ਵੱਡੇ ਸਕੂਲ ਪੜਨੇ ਪਾਇਆ ਤਾਂ ਵੀ ਮੈਨੂੰ ਹੀ ਸਾਈਕਲ ਚਲਾ ਕੇ ਜਾਣਾ ਪੈਂਦਾ..
ਉਹ ਆਰਾਮ ਨਾਲ ਪਿੱਛੇ ਬੈਠਾ ਹੁੰਦਾ..ਇੱਕ ਵਾਰ ਬੁਖਾਰ ਨਾਲ ਤਪਦੇ ਹੋਏ ਨੇ ਉਸਨੂੰ ਆਖ ਦਿੱਤਾ “ਅੱਜ ਤੂੰ ਚਲਾ ਲੈ ਵੀਰ ਬਣਕੇ..ਮੈਥੋਂ ਪੈਡਲ ਨੀ ਵੱਜਦੇ..”
ਅੱਗੋਂ ਆਖਣ ਲੱਗਾ “ਮੇਰੀ ਵੀ ਲੱਤ ਬੜੀ ਦੁਖਦੀ ਏ”
ਮੈਨੂੰ ਫੇਰ ਤਰਸ ਜਿਹਾ ਆ ਗਿਆ!

ਫੇਰ ਜਵਾਨ ਹੋਏ..ਦੋਹਾਂ ਦਾ ਵਿਆਹ ਹੋ ਗਿਆ..ਫੇਰ ਵੱਡੇ-ਵੱਡੇ ਫੈਸਲੇ ਸਹੇੜ ਕੇ ਲਿਆਂਧੀਆਂ ਨਾਲਦੀਆਂ ਦੀਆਂ ਸਲਾਹਾਂ ਨਾਲ ਹੋਣ ਲੱਗੇ..
ਫੇਰ ਅੰਦਰੋਂ ਅੰਦਰ ਧੁਖਦੀ ਇੱਕ ਦਿਨ ਭਾਂਬੜ ਬਣ ਗਈ ਤੇ ਵੰਡ ਵੰਡਾਈ ਵਾਲਾ ਦਿਨ ਆ ਗਿਆ!
ਮੈਂ ਉਸਦੇ ਹਿੱਸੇ ਆਈ ਵਿਚੋਂ ਆਪਣੇ ਫਾਰਮ ਹਾਊਸ ਨੂੰ ਜਾਣ ਲਈ ਰਾਹ ਮੰਗ ਲਿਆ..ਉਸਨੇ ਨਾਲਦੀ ਨਾਲ ਸਲਾਹ ਕੀਤੀ ਤੇ ਫੇਰ ਸਾਫ ਇਨਕਾਰ ਕਰ ਦਿੱਤਾ..
ਮੈਂ ਵਾਸਤਾ ਪਾਇਆ..ਕਿੰਨੇ ਤਰਲੇ ਕੱਢੇ ਪਰ ਪਰ ਉਹ ਟੱਸ ਤੋਂ ਮੱਸ ਨਾ ਹੋਇਆ..

ਫੇਰ ਮੈਨੂੰ ਉੱਪਰੋਂ ਦੇ ਵਲ ਪਾ ਕੇ ਘਰੇ ਮੁੜਦੇ ਹੋਏ ਨੂੰ ਕਿੰਨੇ ਦਿਨ ਝੌਲਾ ਜਿਹਾ ਪਈ ਜਾਂਦਾ ਰਿਹਾ ਕੇ ਸਾਨੂੰ ਦੋਹਾਂ ਨੂੰ ਨੋ ਮਹੀਨੇ ਆਪਣੇ ਢਿਡ੍ਹ ਅੰਦਰ ਰੱਖਣ ਵਾਲੀ ਓਹੀ “ਮਾਂ” ਮੜੀਆਂ ਵਿਚੋਂ ਮੁੜ ਪਰਤ ਆਊ ਤੇ ਨਿੱਕੇ ਨਾਲ ਹਿਰਖ ਕਰਦੀ ਹੋਈ ਏਨੀ ਗੱਲ ਜਰੂਰ ਆਖੂ..”ਵੇ ਪੁੱਤ ਮੰਨ ਜਾ..ਇੰਝ ਨੀ ਕਰੀਦਾ..ਛੱਡ ਦੇ ਦੋ ਕੂ ਕਰਮਾ ਉਸਦੇ ਰਾਹ ਜੋਗੀਆਂ..ਤੇਰਾ ਵੱਡਾ ਭਰਾ ਜੂ ਹੋਇਆ”

ਪਰ ਮੈਨੂੰ ਵੰਡ-ਵੰਡਾਈ ਦੇ ਚੱਕਰਾਂ ਵਿਚ ਲਗਪਗ ਕਮਲੇ ਹੋ ਗਏ ਨੂੰ ਕੌਣ ਸਮਝਾਉਂਦਾ ਕੇ ਮੂਰਖਾ “ਤਰਸ” ਨਾਮ ਦੀ ਚੀਜ ਅਕਸਰ “ਦਿਲ” ਦੀਆਂ ਨਾਜ਼ੁਕ ਪਰਤਾਂ ਵਿਚੋਂ ਉਪਜਿਆ ਕਰਦੀ ਏ ਨਾ ਕੇ ਨਫ਼ੇ ਨੁਕਸਾਨ ਵਾਲੀ ਤੱਕੜੀ ਵਿਚ ਤੋਲ ਕੇ ਲਏ ਗਏ ਦਿਮਾਗੀ ਫੈਸਲਿਆਂ ਵਿਚੋਂ..!

Unknown

You may also like