ਇੱਕ ਵਾਰ ਇੱਕ ਸੂਝਵਾਨ ਅਧਿਆਪਕ ਨੇ ਬੜਾ ਸੋਹਣਾ ਤਜਰਬਾ ਕੀਤਾ।ਆਪਣੇ ਵਿਦਿਆਰਥੀਆ ਨੂੰ ਕਿਹਾ ਕਿ ਕੱਲ੍ਹ ਨੂੰ , ਹਰੇਕ ਵਿਦਿਆਰਥੀ ਇੱਕ ਇੱਕ ਟਮਾਟਰ ਲੈ ਕੇ ਆਓ ।ਸਭ ਵਿਦਿਆਰਥੀ ਟਮਾਟਰ ਲੈ ਕੇ ਆ ਗਏ । ਅਧਿਆਪਕ ਨੇ ਉਹਨਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਟਮਾਟਰ ਤੇ ਉਸ ਵਿਅਕਤੀ ਦਾ ਨਾਮ ਲਿਖਣ ਜਿਸਨੂੰ ਉਹ ਸਭ ਤੋ ਵੱਧ ਨਫ਼ਰਤ ਕਰਦੇ ਹਨ ।ਵਿਦਿਆਰਥੀਆਂ ਨੇ ਜਦ ਨਾਮ ਲਿਖ ਲਏ ਤਾਂ ਉਸਨੇ ਉਹਨਾਂ ਨੂੰ ਕਿਹਾ ਕਿ ਇਹ ਟਮਾਟਰ ਬਿਨਾ ਕਿਸੇ ਨੂੰ ਦਿਖਾਏ ਪੌਲੀਥੀਨ ਦੇ ਲਿਫ਼ਾਫ਼ਿਆਂ ਚ ਪਾ ਲਵੋ ਤੇ ਆਪਣੇ ਸਕੂਲ ਬੈਗ ਵਿੱਚ ਰੱਖ ਲਵੋ, ਪਰ ਯਾਦ ਰਹੇ, ਜਦ ਤੱਕ ਮੈ ਨਾ ਕਹਾਂ, ਸੁੱਟਣੇ ਨਹੀਂ।ਸਭ ਵਿਦਿਆਰਥੀਆਂ ਨੇ ਹੱਸਦੇ ਹੱਸਦੇ ਇਵੇਂ ਈ ਕੀਤਾ ਪਰ ਕਈ ਦਿਨ ਲੰਘਣ ਤੋ ਬਾਅਦ ਵੀ ਅਧਿਆਪਕ ਨੇ ਟਮਾਟਰ ਸੁੱਟਣ ਬਾਰੇ ਨਾ ਕਿਹਾ, ਨਤੀਜਾ ਕੀ ਹੋਇਆ ਕਿ ਟਮਾਟਰ ਗਲ਼ ਗਿਆ , ਪਾਣੀ ਬਣ ਗਿਆ ਤੇ ਬਦਬੂ ਦੇਣ ਲੱਗਾ , ਜਦ ਵਿਦਿਆਰਥੀ ਰੋਣ ਹਾਕੇ ਹੋ ਗਏ ਤਾਂ ਅਧਿਆਪਕ ਨੇ ਸਭ ਨੂੰ ਬੁਲਾਇਆ ਤੇ ਲਿਫ਼ਾਫ਼ੇ ਕੱਢਣ ਨੂੰ ਕਿਹਾ, ਜਦ ਲਿਫ਼ਾਫ਼ੇ ਖੋਲ੍ਹੇ ਤਾਂ ਸਭ ਪਾਸੇ ਸੜ੍ਹਾਂਦ ਫੈਲ ਗਈ , ਸਭ ਨੇ ਨੱਕ ਤੇ ਰੁਮਾਲ ਰੱਖ ਲਏ , ਜਦ ਦਮ ਘੱਟਣ ਲੱਗਾ ਤਾਂ ਅਧਿਆਪਕ ਨੇ ਸਭ ਨੂੰ ਉਹ ਗਲ਼ੇ ਹੋਏ ਟਮਾਟਰ ਕੂੜਾਦਾਨ ਚ ਸੁੱਟ ਦੇਣ ਲਈ ਕਿਹਾ ।ਹੱਥ ਸਾਫ ਕਰਨ ਤੋ ਬਾਅਦ ਅਧਿਆਪਕ ਨੇ ਸਵਾਲ ਕੀਤਾ ਕਿ ਕੀ ਤੁਸੀਂ ਟਮਾਟਰ ਈ ਸੁੱਟੇ ਨੇ ਜਾਂ ਉਸ ਇਨਸਾਨ ਪ੍ਰਤੀ ਆਪਣੀ ਨਫ਼ਰਤ ਵੀ ਸੁੱਟ ਦਿੱਤੀ ਏ , ਜਿਸਦਾ ਉਹਨਾਂ ਤੇ ਨਾਮ ਲਿਖਿਆ ਸੀ ? ਸਭ ਨੇ ਜਵਾਬ ਕਿ ਨਹੀਂ । ਇਸਤੇ ਅਧਿਆਪਕ ਨੇ ਸਮਝਾਇਆ ਕਿ ਜੇਕਰ ਬਸਤੇ ਅੰਦਰ ਰੱਖਿਆ ਟਮਾਟਰ ਬਦਬੂ ਮਾਰ ਸਕਦਾ ਏ ਤਾਂ ਸੋਚੋ ਕਿ ਸਾਡੇ ਨਾਜ਼ਕ ਹਿਰਦੇ ਦਾ ਕੀ ਹਾਲ ਹੁੰਦਾ ਹੋਵੇਗਾ ਜਿਸ ਵਿੱਚ ਅਸੀਂ ਈਰਖਾ, ਨਫ਼ਰਤ , ਗ਼ੁੱਸਾ,ਸਾੜਾ, ਬੁਰੀਆਂ ਯਾਦਾਂ ਹਮੇਸ਼ਾਂ ਈ ਨਾਲ ਚੁੱਕੀ ਦੁਨੀਆਂ ਵਿੱਚ ਵਿਚਰਦੇ ਹਾਂ ?
ਸਾਡੀ ਸੋਚ ਈ ਸਾਡਾ ਸੰਸਾਰ ਸਿਰਜਦੀ ਏ ਤੇ ਸਾਡੀ ਚੰਗੀ ਜਾਂ ਬੁਰੀ ਸੋਚ ਸਾਡੇ ਚਿਹਰੇ ਮੋਹਰੇ, ਕਾਰ ਵਿਹਾਰ ਚੋ ਝਲਕਦੀ ਏ । ਜਿਵੇਂ ਵਾਲ ਵਾਹੁਨੇ ਹਾਂ, ਵਿਹੜਾ ਸੁੰਵਰਦੇ ਹਾਂ, ਜਾਂ ਕੱਪੜੇ ਧੋਂਦੇ ਆਂ,ਉਵੇਂ ਈ ਇਸ ਹਿਰਦੇ ਦੀ ਸਫਾਈ ਵੀ ਹਰ ਰੋਜ ਨਾਲ ਦੀ ਨਾਲ ਈ ਕਰ ਲੈਣੀ ਬਣਦੀ ਏ । ਕਿਸੇ ਪ੍ਰਤੀ ਵੈਰ ਵਿਰੋਧ, ਕਰੋਧ ਦੀ ਭਾਵਨਾ ਲੈ ਕੇ ਜੀਣ ਵਾਲਾ ਇਨਸਾਨ ਉਸ ਮਨੁੱਖ ਦੀ ਨਿਆਈਂ ਏ, ਜੋ ਆਪਣੀ ਤਲੀ ਤੇ ਬਲਦਾਂ ਹੋਇਆ ਅੰਗਿਆਰ ਲਈ ਫਿਰਦਾ ਏ,ਜਿਸਤੇ ਸੁੱਟਣਾ ਚਾਹੁੰਦਾ ਏ, ਉਸਨੂੰ ਸ਼ਾਇਦ ਪਤਾ ਤੱਕ ਵੀ ਨਹੀ, ਪਰ ਆਪਣਾ ਆਪ ਸਾੜ ਲੈਂਦਾ ਏ ਉਸ ਅੰਗਿਆਰੇ ਦੁਆਰਾ ।
ਗੁਰਬਾਣੀ ਵੀ ਬਾਰ ਬਾਰ ਇਹੀ ਕਹਿੰਦੀ ਏ , ਉਦਾਹਰਣ ਦੇ ਤੌਰ ਤੇ
ਪਰ ਕਾ ਬੁਰਾ ਨਾ ਰਾਖਹੁ ਚੀਤੁ ।
ਫਰੀਦਾ ਮਨੁ ਮੈਦਾਨ ਕਰਿ ।
ਫਰੀਦਾ ਬੁਰੇ ਦਾ ਭਲਾ ਕਰਿ ..
ਜਹਾਂ ਸਫਾਈ ਵਹਾਂ ਖੁੱਦਾਈ ਕਿਹਾ ਜਾਂਦਾ ਏ ਪਰ ਹਿਰਦੇ ਦੀ ਸਫਾਈ ਤੋ ਬਿਨਾ ਬਾਕੀ ਦੀ ਸਫਾਈ ਅਧੂਰੀ ਏ।
ਜਿੰਦਗੀ ਦੇ ਰਸਤੇ ਨੂੰ ,
ਮੈਂ ਇੰਝ ਸਾਫ ਕਰਿਆ ।
ਦਿਲੋਂ ਮੰਗੀ ਮਾਫ਼ੀ ,
ਦਿਲੋਂ ਈ ਮਾਫ ਕਰਿਆ ।