ਰੁੱਖ

by Sandeep Kaur

ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ
ਕੁਝ ਲੱਗਦੇ ਨੇ ਮਾਂਵਾਂ .(ਸ਼ਿਵ ਬਟਾਲਵੀ )
ਸੱਚਮੁੱਚ ਇਹਨਾ ਬਾਰੇ ਸੋਚਦਿਆਂ ਜਾਂ ਲਿਖਦਿਆਂ ਇੰਜ ਈ ਲੱਗਦਾ ਏ ਜਿਵੇਂ ਕਿਸੇ ਪਰਿਵਾਰਕ ਜੀਅ ਬਾਰੇ ਈ ਗੱਲ ਕਰਦੇ ਹੋਈਏ , ਜਿਵੇ ਇਹ ਵੀ ਹਰ ਗੱਲ ਸੁਣਦੇ ਸਮਝਦੇ ਹੋਣ ।
ਦੇਵਤਾ ਉਹ ਹੁੰਦਾ ਏ ਜੋ ਸਿਰਫ ਦੇਂਵਦਾ ਏ, ਹਮੇਸ਼ਾਂ । ਤੇ ਇਸ ਹਿਸਾਬ ਨਾਲ ਇਹ ਰੁੱਖ ਅਸਲ ਦੇਵਤੇ ਈ ਨੇ । ਅੱਖਾਂ ਨੂੰ ਹਰਿਆਲੀ ਦੀ ਠੰਢਕ, ਫੁੱਲ, ਫਲ, ਸੁਗੰਧੀਆਂ , ਬਾਲਣ ਲਈ ਲੱਕੜੀ , ਮੀਂਹ , ਧੁੱਪ ਤੋ ਸਿਰ ਲੁਕਾਵਾ , ਉਮਰ ਭਰ ਜੀਵਨਦਾਤੀ ਆਕਸੀਜਨ ਦਾ ਪ੍ਰਵਾਹ ਤੇ ਆਖਰ ਨੂੰ ਸੁਖ ਆਰਾਮ ਲਈ ਮਜ਼ਬੂਤ ਲੱਕੜ । ਕੀ ਨਹੀ ਦੇਂਦੇ ਇਹ ਫ਼ੱਕਰ । ਸਭ ਕੁਝ ਨਿਛਾਵਰ ਈ ਤਾਂ ਕਰਦੇ ਨੇ ਆਪਣਾ ।
ਇੱਕ ਦਿਨ ਪ੍ਰਵਚਨ ਸੁਣ ਰਿਹਾ ਸੀ ਕਿਸੇ ਗੁਣੀ ਪੁਰਸ਼ ਦੇ, ਉਹ ਕਹਿ ਰਿਹਾ ਸੀ ਕਿ ਜਦ ਅਸੀਂ ਕਿਸੇ ਇਨਸਾਨ ਨੂੰ ਹੱਥ ਮਿਲਾਉਦੇ ਹਾਂ ਤਾਂ ਸਾਡੇ ਹੱਥ ਦੀ ਚਮੜੀ ਉਸ ਇਨਸਾਨ ਦੇ ਹੱਥ ਦੇ ਸਪੱਰਸ਼ ਨੂੰ ਰਿਕਾਰਡ ਕਰ ਲੈਂਦੀ ਏ , ਯਾਦ ਰਹਿੰਦਾ ਏ ਉਹ ਹੱਥ ਵੀ ।ਬੇਸ਼ੱਕ ਸ਼ਕਲ ਯਾਦ ਨਾ ਵੀ ਰਹੇ ਪਰ ਹੱਥ ਮਿਲਾਉਣ ਨਾਲ ਵੀ ਯਾਦ ਤਾਜਾ ਹੋ ਜਾਂਦੀ ਏ ਕਿ ਪਹਿਲਾਂ ਵੀ ਕਦੇ ਮਿਲੇ ਸਾਂ ਉਸ ਸਖਸ਼ ਨੂੰ। ਜਾਪਦਾ ਏ ਕਿ ਇਵੇ ਈ ਇਹ ਰੁੱਖ ਵੀ ਸਾਨੂੰ ਯਾਦ ਕਰ ਲੈਂਦੇ ਨੇ ਕਿਸੇ ਨਾ ਕਿਸੇ ਪੱਧਰ ਤੇ । ਬਾਰ ਬਾਰ ਦਿਸਣ ਵਾਲੇ ਰੁੱਖ ਤੁਹਾਨੂੰ ਵਾਕਫਕਾਰ ਲੱਗਣ ਲੱਗਦੇ ਨੇ ਹੌਲੀ ਹੌਲੀ , ਇੱਕ ਮੂਕ ਰਿਸ਼ਤਾ ਬਣ ਜਾਂਦਾ ਏ ਇਹਨਾਂ ਨਾਲ ।
ਘਰ ਨੇੜਲੇ ਪਾਰਕ ਵਿੱਚ ਅਕਸਰ ਸੈਰ ਨੂੰ ਜਾਣ ਦਾ ਸਬੱਬ ਬਣ ਜਾਂਦਾ ਏ, ਇਹਨਾਂ ਰੁੱਖਾਂ ਨੂੰ ਨਿਹਾਰਦਿਆਂ ਪਤਾ ਈ ਨਹੀ ਲੱਗਦਾ ਕਦੋ ਘੰਟਿਆਂ ਬੱਧੀ ਤੁਰ ਲਈਦਾ ਏ, ਪਰ ਕਰੀਬ ਮਹੀਨੇ ਤੋ ਵੀ ਵੱਧ ਸਮਾਂ ਲੰਘ ਗਿਆ , ਕੰਮਾਂ ਦੀ ਮਸਰੂਫ਼ੀਅਤ ਤੇ ਦਿਨ ਛੋਟੇ ਹੋਣ ਕਾਰਨ ਜਾਣ ਦਾ ਮੌਕਾ ਨਹੀ ਸੀ ਮਿਲਿਆ ।ਕੱਲ੍ਹ ਬੜੇ ਦਿਨਾਂ ਬਾਅਦ ਮੌਸਮ ਵੀ ਸੋਹਣਾ ਸੀ ਕੇ ਸਮਾਂ ਵੀ ਸੀ, ਕਦਮ ਆਪ ਮੁਹਾਰੇ ਹੋ ਤੁਰੇ ਇਹਨਾਂ ਬੇਜੁਬਾਨ ਦੋਸਤਾਂ ਵੱਲ। ਵੇਖਕੇ ਮਨ ਭਾਵਕ ਹੋ ਗਿਆ, ਪੱਤਝੜ ਪੂਰੇ ਜੋਬਨ ਤੇ ਸੀ, ਹਰੇ ਕਚੂਰ ਪੱਤੇ ਰੰਗ ਵਟਾ ਕੇ ਪੀਲੇ ਤੇ ਫਿਰ ਤਾਂਬੇ ਰੰਗੇ ਹੋਏ ਪਏ ਨੇ, ਹਰ ਰੁੱਖ ਆਪਣੇ ਵੱਖਰੇ ਰੰਗ ਦਿਖਾ ਰਿਹਾ ਏ । ਇੰਜ ਲੱਗਾ ਜਿਵੇਂ ਰੰਜ ਕਰਦੇ ਹੋਣ ਕਿ ਤੂੰ ਵੀ ਹਰਿਆਲੀਆਂ ਦਾ ਈ ਸਾਥੀ ਏਂ ਸੱਜਣਾ, ਐਧਰ ਵੇਖ , ਅਸੀਂ ਇਸ ਮੌਸਮ ਵਿੱਚ ਵੀ ਹੁਸਨ ਦੀ ਛਹਿਬਰ ਲਾਈ ਹੋਈ ਏ , ਕੋਈ ਵੇਖੇ ਨਾ ਵੇਖੇ, ਅਸੀਂ ਤਾਂ ਹਰ ਪਲ ਖੁਸ਼ੀਆਂ ਈ ਵੰਡਦੇ ਆਂ । ਇੱਕ ਰੁੱਖ ਏ ਜੋ ਸਾਰੇ ਪਾਰਕ ਵਿੱਚ ਸਭ ਤੋ ਵੱਡਾ ਏ ਤੇ ਸੋਹਣਾ ਵੀ ਬੇਹੱਦ , ਜਦ ਇਸ ਕੋਲ ਗਿਆ ਤਾਂ ਇਹਦੀ ਆਭਾ ਵੇਖਣ ਈ ਵਾਲੀ ਸੀ, ਸੁਨਹਿਰੇ ਪੱਤੇ ਕਦਮਾਂ ਚ ਢੇਰੀ ਕਰਕੇ ਬੈਠਾ ਇਹ ਤਾਂ ਕਮਲਾ ਜਿਹਾ , ਸ਼ਾਇਦ ਇਹ ਦੱਸਣ ਦੀ ਕੋਸ਼ਿਸ਼ ਵਿੱਚ ਏ ਕਿ ਇਸ ਪਾਰਕ ਦਾ ਰਾਜਾ ਏ ਉਹ, ਕੱਦ ਪੱਖੋਂ ਵੀ ਤੇ ਸੁਹੱਪਣ ਪੱਖੋਂ ਵੀ ।
ਚੁੱਪ ਚਾਪ ਕਿੰਨਾ ਕੁਝ ਸਮਝਾਉਂਦੇ ਨੇ ਇਹ ਰੁੱਖ, ਕਿ ਗੁਣ ਹੋਣ ਤਾਂ ਤੁਹਾਨੂੰ ਕਿਤੇ ਖੱਜਲ ਹੋਣ ਦੀ ਲੋੜ ਨਹੀਂ, ਦੁਨੀਆਂ ਆਪ ਆਉਂਦੀ ਏ ਚੱਲ ਕੇ ।
ਰਜਾ ਵਿੱਚ ਰਹਿਣ ਵਾਲ਼ਿਆਂ ਦੀ ਹਰ ਅਦਾ ਨਿਰਾਲੀ ਤੇ ਮਨਮੋਹਕ ਹੁੰਦੀ ਏ, ਇਲਾਹੀ ਬੇਫ਼ਿਕਰੀ ਵਾਲੀ, ਉਹ ਆਪਣੇ ਰੰਗ ਵਿੱਚ ਮਸਤ ਰਹਿੰਦੇ ਨੇ, ਓਹਦੀਆਂ ਓਹ ਜਾਣੇ । ਮਸਤੀ ਵਿੱਚ ਈ ਜੀਵਨ ਦਾ ਹਰ ਮਰਹਲਾ ਪੂਰਾ ਕਰਦੇ ਨੇ , ਪੱਤਝੜ ਹੋਵੇ ਜਾਂ ਬਸੰਤ, ਓਹ ਹਰ ਵਕਤ ਖੇੜੇ ਚ ਈ ਰਹਿੰਦੇ ਨੇ ।

ਦਵਿੰਦਰ ਸਿੰਘ ਜੌਹਲ

You may also like