ਪੰਜ ਆਬਾਂ ਦੀ ਹੁਣ ਕਾਹਦੀ ਕਹਾਣੀ!

by admin

ਅੱਜ ਦਾ ਦਿਨ ਮੇਰੀ ਮਾਂ ਲਈ ਬਹੁਤ ਖੁਸ਼ੀ ਦਾ ਦਿਨ ਸੀ। ਅੱਜ ਸਾਡੇ ਘਰ ਪਾਣੀ ਵਾਲਾ ਫਿਲਟਰ ਲੱਗਿਆ ਸੀ। ਮੇਰੀ ਮਾਂ ਨੂੰ ਡਾਕਟਰ ਨੇ ਸਲਾਹ ਦਿੱਤੀ ਸੀ, “ਮਾਂ ਜੀ, ਤੁਸੀਂ ਹੁਣ ਫਿਲਟਰ ਵਾਲਾ ਪਾਣੀ ਹੀ ਪੀਆ ਕਰੋ, ਇਹ ਤੁਹਾਡੇ ਲਈ ਬਹੁਤ ਜ਼ਰੂਰੀ ਆ।”… … ਤੇ ਅੱਜ ਫਿਲਟਰ ਲੱਗਣ ਦੀ ਖੁਸ਼ੀ ਵਿਚ ਮੇਰੀ ਮਾਂ ਨੇ ਲੱਡੂ ਵੰਡੇ; ਇਸ ਦੇ ਨਾਲ ਹੀ ਮੈਨੂੰ ਆਖੀ ਜਾਵੇ, “ਚੱਲ ਪੁੱਤ, ਸਿਆਪਾ ਮੁੱਕਿਆ ਵਿਚੋਂ… ਤੈਨੂੰ ਵੀ ਨਿੱਤ-ਰੋਜ਼ ਐਡੀ ਦੂਰੋਂ ਸਰਕਾਰੀ ਫਿਲਟਰ ਵਾਲਾ ਪਾਣੀ ਲੈਣ ਜਾਣਾ ਪੈਂਦਾ ਸੀ।”
ਉਹਦੀ ਇਹ ਗੱਲ ਸੁਣਦਿਆਂ ਮੈਂ ਉਹ ਦਿਨ ਯਾਦ ਕਰਨ ਲੱਗਾ ਜਦੋਂ ਇਕ ਸ਼ਾਮ ਨੂੰ ਮੈਂ ਘਰੇ ਬਹੁਤ ਦੇਰ ਨਾਲ ਪਹੁੰਚਿਆ ਸੀ ਤਾਂ ਮਾਂ ਗੁੱਸੇ ਵਿਚ ਭੱਠੀ ਵਾਂਗ ਤਪੀ ਬੈਠੀ ਸੀ। ਬੱਸ, ਘਰੇ ਵੜਨ ਸਾਰ ਹੀ ਮੇਰੇ ਉੱਤੇ ਗਾਲ਼ਾਂ ਦਾ ਮੀਂਹ ਵਰ੍ਹ ਗਿਆ, “ਆ ਗਿਆ ਹੁਣ ਸਿਆਪਾ ਕਰਾਉਣਿਆਂ… ਟੈਮ ਦੇਖ ਲਾ ਕਿੰਨਾ ਹੋ ਗਿਆ… ਹੈਂ… ਉਹ ਸਰਕਾਰੀ ਫਿਲਟਰ ਆ, ਤੇਰੇ ਪਿਉ ਦਾ ਨੀ, ਬਈ ਜਦੋਂ ਮਰਜ਼ੀ ਭਰ ਲਿਆਂਦਾ… ਜਾਹ ਉੱਜੜ ਜਾ ਹੁਣ ਛੇਤੀ।”
ਮੇਰਾ ਮਨ ਬਹੁਤ ਉਦਾਸ ਹੋਇਆ। ਮੈਨੂੰ ਆਪਣੀ ਗਲਤੀ ਵੀ ਮਹਿਸੂਸ ਹੋ ਰਹੀ ਸੀ ਅਤੇ ਗੁੱਸਾ ਵੀ ਆ ਰਿਹਾ ਸੀ। ਉਦਾਸੀ ਅਤੇ ਗੁੱਸੇ ਦੇ ਆਲਮ ਵਿਚ ਪਾਣੀ ਵਾਲੀ ਕੈਨ ਚੁੱਕ ਕੇ ਬੁੜ-ਬੁੜ ਕਰਦਾ ਘਰੋਂ ਬਾਹਰ ਤੁਰ ਗਿਆ।
ਅੱਗੇ ਗਿਆ ਤਾਂ ਹੋਰ ਵੀ ਨਿਰਾਸ਼ਾ ਪੱਲੇ ਪਈ, ਫਿਲਟਰ ਦੇ ਦਰਵਾਜ਼ੇ ਨੂੰ ਭਦੌੜੀ ਇੱਟ ਜਿੱਡਾ ਜੰਦਰਾ ਲੱਗਾ ਦੇਖ ਮੈਂ ਰੋਣਹਾਕਾ ਹੋ ਗਿਆ ਅਤੇ ਅੰਦਰੇ-ਅੰਦਰ ਸੋਚਣ ਲੱਗਾ… … ਹੁਣ ਕੀ ਬਣੂ, ਫਿਲਟਰ ਵਾਲਾ ਪਾਣੀ ਤਾਂ ਬਹੁਤ ਜ਼ਰੂਰੀ ਸੀ ਪਰ ਹੁਣ ਤਾਂ ਕੁੱਝ ਵੀ ਨਹੀਂ ਹੋ ਸਕਦਾ।… ਖੈਰ! ਮੈਂ ਉੱਖੜੇ ਪੈਰੀਂ ਵਾਪਿਸ ਮੁੜ ਪਿਆ। ਰਸਤੇ ਵਿਚ ਮੇਰਾ ਮਿੱਤਰ ਮਿਲ ਗਿਆ। ਉਸ ਨੇ ਖਾਲੀ ਕੈਨ ਅਤੇ ਮੇਰਾ ਲਟਕਿਆ ਜਿਹਾ ਮੂੰਹ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਗਾ ਗਿਆ ਤੇ ਮੈਨੂੰ ਟਿੱਚਰ ਜਿਹੀ ਕਰ ਕੇ ਆਖਣ ਲੱਗਾ, “ਹੁਣ ਸੋਹਣੀ ਨੇ ਡੁੱਬਣਾ ਕੀ ਆ, ਝਨਾਂ ਵਿਚ ਤਾਂ ਪਾਣੀ ਹੀ ਨ੍ਹੀਂ ਰਿਹਾ।”
ਮੈਂ ਵੀ ਉਦਾਸ ਜਿਹੇ ਮੂੰਹ ਨਾਲ ਆਖ ਛੱਡਿਆ, “ਭਰਾਵਾ, ਜਿਹੜਾ ਪਾਣੀ ਰਹਿ ਗਿਆ, ਉਹ ਗੰਦਾ ਹੋਇਆ ਪਿਆ।”
ਉਸ ਨੇ ਮੈਨੂੰ ਹੌਸਲਾ ਜਿਹਾ ਦੇ ਕੇ ਫਿਰ ਕਿਹਾ, “ਤੂੰ ਫਿਕਰ ਨਾ ਕਰ ਯਾਰ, ਆ ਜਾ ਸਾਡੇ ਘਰੋਂ ਭਰ ਲਾ ਪਾਣੀ, ਨਾਲੇ ਸਰਕਾਰੀ ਫਿਲਟਰ ਨਾਲੋਂ ਕਿਤੇ ਵੱਧ ਸ਼ੁੱਧ ਪਾਣੀ ਆ।” ਮੈਂ ਉਦਾਸ ਜਿਹਾ ਹੋਇਆ ਉਹਦੇ ਨਾਲ ਹੀ ਤੁਰ ਪਿਆ ਤੇ ਮਨੋ-ਮਨ ਸੋਚ ਰਿਹਾ ਸੀ ਕਿ ਜੇ ਹੁਣ ਫਿਲਟਰ ਵਾਲਾ ਪਾਣੀ ਵੀ ਪੂਰੀ ਤਰ੍ਹਾਂ ਸ਼ੁੱਧ ਨਹੀਂ ਤਾਂ ਫਿਰ ਬਣੇਗਾ ਕੀ! ਇਕ ਪਾਣੀ ਦੇ ਐਨੇ ਰੰਗ!! ਪੰਜਾਬ ਦੀ ਇਸ ਤ੍ਰਾਸਦੀ ‘ਤੇ ਰੋਣਾ ਆ ਰਿਹਾ ਸੀ।
ਅੱਜ ਜਦੋਂ ਸਾਡੇ ਘਰ ਫਿਲਟਰ ਲੱਗ ਗਿਆ ਸੀ ਤਾਂ ਵੀ ਮੈਂ ਬਹੁਤ ਉਦਾਸ ਸੀ। ਅਸਲ ਵਿਚ ਮੈਨੂੰ ਆਪਣੀ ਦਾਦੀ ਦੀਆਂ ਗੱਲਾਂ ਯਾਦ ਆਉਣ ਲੱਗ ਗਈਆਂ ਸਨ। ਜਦੋਂ ਅਸੀਂ ਘਰੇ ਨਲਕਾ ਪੁੱਟ ਕੇ ਮੱਛੀ ਮੋਟਰ ਲਗਾਈ ਸੀ ਤਾਂ ਮੇਰੀ ਦਾਦੀ ਬਹੁਤ ਦੁਖੀ ਹੋਈ ਸੀ। ਜਦੋਂ ਅਸੀਂ ਫਿਲਟਰ ਵਾਲਾ ਪਾਣੀ ਲੈਣ ਜਾਂਦੇ ਤਾਂ ਦਾਦੀ ਆਖਦੀ ਹੁੰਦੀ ਸੀ, “ਪੁੱਤ ਸਾਡੇ ਵੇਲੇ ਚੰਗੇ ਸੀ, ਅਸੀਂ ਤਾਂ ਹੱਥਾਂ ਨਾਲ ਹੀ ਮਿੱਟੀ ਪੁੱਟ ਕੇ ਪਾਣੀ ਕੱਢ ਕੇ ਪੀ ਲੈਂਦੇ ਸੀ, ਹੁਣ ਤਾਂ ਤੁਸੀਂ ਨਲਕੇ ਪੁੱਟ ਕੇ ਆ ਮੱਛੀ ਮੋਟਰ ਵੀ ਲਵਾ ਲਈ… ਜੈ-ਖਾਣੇ ਦਾ ਪਾਣੀ ਫੇਰ ਵੀ ਨ੍ਹੀਂ ਸਾਫ਼ ਮਿਲਿਆ। ਹੁਣ ਆਹ ਕੈਨੀ ਜਿਹੀ ਚੁੱਕ ਕੇ ਮੁੱਲ ਦਾ ਪਾਣੀ ਲਿਆਉਣ ਲੱਗ ਪਏ… ਲੋਹੜਾ ਈ ਆ ਗਿਆ ਭਾਈ… ਐਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਪਾਣੀ ਵੀ ਮੁੱਲ ਵਿਕਿਆ ਕਰੂ।”
ਮੈਨੂੰ ਲਗਦਾ, ਇਹ ਆਖਦਿਆਂ ਦਾਦੀ ਦੀਆਂ ਝੁਰੜੀਆਂ ਹੋਰ ਉਭਰ ਆਉਂਦੀਆਂ, ਉਹ ਗਲਾ ਸਾਫ਼ ਕਰਕੇ ਰਤਾ ਕੁ ਹੋਰ ਉੱਚੇ ਸੁਰ ਵਿਚ ਬੋਲਣਾ ਸ਼ੁਰੂ ਕਰ ਦਿੰਦੀ, “ਹੁਣ ਤਾਂ ਜੰਮਦੇ ਜਵਾਕਾਂ ਨੂੰ ਬਿਮਾਰੀਆਂ ਚਿੰਬੜੀਆਂ ਪਈਆਂ, ਕਿਧਰੇ ਯੂਰਕ ਐਸਟ (ਯੂਰਿਕ ਐਸਿਡ) ਕਿਧਰੇ ਸ਼ੂਗਰ ਕਿਧਰੇ ਕੁਝ ਹੋਰ…।” ਦਾਦੀ ਕੈਂਸਰ ਦਾ ਨਾਮ ਲੈਣਾ ਵੀ ਮਨਹੂਸ ਸਮਝਦੀ ਸੀ, ਬਸ ‘ਦੂਜਾ’ ਆਖ ਕੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦੀ।
ਮੈਂ ਦਾਦੀ ਦੀ ਇਸ ਪੀੜ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਜਿਹੜੀ ਧਰਤੀ ਦਾ ਨਾਮ ਪੰਜ ਦਰਿਆਵਾਂ ਤੋਂ ਪਿਆ ਹੋਵੇ, ਜਿੱਥੇ ਪਾਣੀ ਨੂੰ ‘ਪਿਤਾ’ ਅਤੇ ‘ਅੰਮ੍ਰਿਤ’ ਦਾ ਰੁਤਬਾ ਮਿਲਿਆ ਹੋਵੇ, ਉੱਥੇ ਉਹੀ ਅੰਮ੍ਰਿਤ ਜ਼ਹਿਰ ਬਣ ਜਾਵੇ, ਤੇ ਸ਼ੁੱਧ ਪਾਣੀ ਲੈਣ ਲਈ ਲੋਕਾਈ ਨੂੰ ਦਰ ਦਰ ਧੱਕੇ ਖਾਣੇ ਪੈਣ, ਤਾਂ ਕਾਹਦਾ ਪੰਜ-ਆਬ! ਅੰਦਰੋਂ ਤੂਫਾਨ ਜਿਹਾ ਉੱਠਿਆ: ਕਿੱਥੇ ਗਿਆ ਉਹ ਪੰਜਾਂ ਦਰਿਆਵਾਂ ਵਾਲਾ ਪੰਜਾਬ?
ਭਾਈ ਲੋਕੋ! ਅਸੀਂ ਤਾਂ ਐਵੇਂ ਹੀ ਹਰੀ ਕ੍ਰਾਂਤੀ ਦੇ ਗੁਣ ਗਾਉਂਦੇ ਰਹਿ ਗਏ…।
– ਮਨਦੀਪ ਸਿੰਘ ਧਾਲੀਵਾਲ
(ਪੰਜਾਬੀ ਟ੍ਰਿਬਿਊਨ ‘ਚੋਂ)

Mandeep Singh Dhaliwal

You may also like