ਫੁੱਲਾਂ ਦਾ ਮਾਲੀ

by admin

ਉਸ ਨਹਿਰ ਤੋਂ ਖਲੋ ਕੇ ਝਾਤੀ ਪਾਈ:
ਸਕੂਲ, ਗੁਰਦਵਾਰਾ ਤੇ ਪਿੰਡ ਸਭ ਕੁਝ ਹੀ ਪਹਿਲਾਂ ਵਰਗਾ ਸੀ। ਕਦੇ ਉਹ ਇਥੇ ਬੇਸਿਕ ਮਾਸਟਰ ਹੋ ਕੇ ਆਇਆ ਸੀ। ਉਹ ਪੁਰਾਣੀਆਂ ਯਾਦਾਂ ਵਿਚ ਲਹਿਰ ਲਹਿਰ ਉਤਰਦਾ ਗਿਆ….
ਨਹਿਰ ਦੀ ਪਾਂਧੀ ਕੰਧ ਵਾਂਗ ਉੱਚੀ ਉੱਠੀ ਹੋਈ ਸੀ। ਨਿੱਕੀ ਇੱਟ ਦੇ ਸਕੂਲ ਤੇ ਗੁਰਦਵਾਰਾ ਉਹਦੇ ਪੈਰਾਂ ਵਿਚ ਮੁਗ਼ਲਸ਼ਾਹੀ ਦੇ ਖੰਡਰ ਜਾਪਦੇ ਸਨ; ਭਾਵੇਂ ਖੰਡਾ ਟੀਸੀ ਕੱਢੀ ਚਮਕ ਰਿਹਾ ਸੀ। ਜ਼ਿਲ੍ਹਾ ਹੈੱਡਕੁਆਟਰ ਦੀਆਂ ਹਿਦਾਇਤਾਂ ਅਨੁਸਾਰ ਉਸ ਨੂੰ ਇਸ ਪਿੰਡ ਲਾਇਆ ਗਿਆ ਸੀ। ਅਜ ਵਾਂਗ ਹੀ ਉਸ ਸਾਰੇ ਵਾਤਾਵਰਨ ਨੂੰ ਜੋਹਿਆ। ਉਸ ਨੂੰ ਸਭ ਕੁਝ ਹੀ ਬੇਰੌਣਕਾ ਤੇ ਉਦਾਸ ਉਦਾਸ ਜਾਪਿਆ। ਉਹ ਮਾਪਿਆਂ ਦਾ ਇਕੱਲਾ ਪੁੱਤਰ ਸੀ, ਭਰਿਆ ਭਰਿਆ, ਜਵਾਨ ਤੇ ਖ਼ੂਬਸੂਰਤ। ਪਾਂਧੀ ਉੱਤੇ ਖਲੋਤਾ, ਛੋਟੇ ਜਿੰਨੇ ਪਿੰਡ ਨੂੰ ਵੇਖਦਾ, ਉਹ ਆਪੇ ਨੂੰ ਸੋਕੜਾ ਮਾਰਿਆ ਰੁੱਖ ਅਨੁਭਵ ਕਰਨ ਲੱਗਾ। ਜੀਉਣ ਦੀਆਂ ਰੀਝਾਂ ਵਿਚੋਂ ਨਿਕਲਿਆ ਹਉਕਾ ਉਸਦੇ ਸਾਰੇ ਨਕਸ਼ ਤੱਤੇ ਕਰ ਗਿਆ। ਜ਼ਿਲ੍ਹਾ ਅਫ਼ਸਰ ਨੇ ਇਹ ਪਿੰਡ ਦੇ ਕੇ ਉਸ ਤੋਂ ਕੋਈ ਬਦਲਾ ਲਿਆ ਸੀ। ਅਫ਼ਸਰ ਦਾ ਕਲਰਕ ਪਹਿਲੀ ਤਨਖਾਹ ਲੈ ਕੇ ਉਸ ਨੂੰ ਕਿਸੇ ਸ਼ਹਿਰ ਜਗ੍ਹਾ ਦੇਣ ਲਈ ਤਿਆਰ ਸੀ। ਪਰ ਜ਼ਿੰਦਗੀ ਦੇ ਮੁੱਢ ਵਿਚ ਹੀ ਕੁਰੱਪਟ ਬਣਨਾ ਉਸਦੀ ਜ਼ਮੀਰ ਨਾ ਮੰਨੀ। ਬਾਪ ਦੀ ਸਿੱਖ ਸੰਗਤ ਸਦਕਾ ‘ਸੱਚ ਸਭਨਾਂ ਹੋਇ ਦਾਰੂ, ਪਾਪ ਕਢੇ ਧੋਇ’ਵਾਲੀ ਰੰਗਣਾ ਉਸਨੂੰ ਚੜ੍ਹੀ ਹੋਈ ਸੀ। ਉਮਰ ਦੀ ਚੜ੍ਹਾਈ ਕਾਰਨ ਹਾਲੇ ਉਹ ਹਾਰਨਾ ਸਿੱਖਿਆ ਨਹੀਂ ਸੀ। ਉਸ ਸੋਚਿਆ, ਕੀ ਮੈਂ ਧਰਤੀ ਉੱਤੇ ਆਉਣ ਵਾਲਾ ਦੂਜਾ ਆਦਮ ਨਹੀਂ? ਫਿਰ ਦਿਲ ਦਾ ਲਹੂ ਉਸਦੇ ਸਿਰ ਨੂੰ ਚੜ੍ਹਨਾ ਸ਼ੁਰੂ ਹੋ ਗਿਆ।
“ਸਤਿ ਸ੍ਰੀ ਅਕਾਲ ਜੀ….?” ਦਾਤੀ ਰੱਸਾ ਲਈ ਆਉਂਦੇ ਇੱਕ ਗੱਭਰੂ ਨੇ ਮਾਸਟਰ ਦੇ ਅਨੋਭੜਪਣ ਨੂੰ ਮਹਿਸੂਸ ਕੀਤਾ।”
“ਹੂ…।” ਮਾਸਟਰ ਨੇ ਆਪਣੀ ਮਗਨਤਾ ਤੋੜੀ ਤੇ ਮੁਸਕਾ ਕੇ ਮੁੰਡੇ ਦਾ ਹੱਥ ਫੜ ਲਿਆ। “ਮੈਂ ਜਸਬੀਰ, ਤੁਹਾਡੇ ਸਕੂਲ ਦਾ ਨਵਾਂ ਮਾਸਟਰ; ਤੁਹਾਡੀ ਦੋਸਤੀ ਤੇ ਮਿਲਵਰਤਣ ਦੀ ਮੈਨੂੰ ਬੜੀ ਲੋੜ ਏ। ਪਿੰਡ ਬਾਰੇ ਮੋਟੀ ਮੋਟੀ ਵਾਕਫ਼ੀ ਵੀ ਦਿਓ?”
ਮੁੰਡੇ ਨੇ ਅੱਗਾ ਪਿੱਛਾ ਵੇਖਦਿਆਂ ਆਖਿਆ,”ਬੰਦਾ ਤੂੰ ਵਧੀਆ ਲਗਦਾ ਏਂ; ਪਰ ਸਾਲ ਛਿਮਾਂਹ ਤੋਂ ਵੱਧ ਏਥੇ ਕੋਈ ਟਿਕਿਆ ਨਹੀਂ। ਪੰਚਾਇਤ ਨੂੰ ਫੋਕਾ ਰੰਘੜਊ ਚਤਾਰਨ ਬਿਨਾ ਕੱਖ ਨਹੀਂ ਆਉਂਦਾ। ਬਾਕੀ ਸਾਰਾ ਲਾਣਾ ਹੱਕ ਕੇ ਕਾਂਜੀ-ਹਾਉਸ ਦੇਣ ਵਾਲਾ ਏ। ਤੂੰ ਗਊ-ਗਰੀਬ ਕਿਵੇਂ ਫਸ ਗਿਆ?” ਮੁੰਡੇ ਦੀਆਂ ਸਾਫ਼ ਸਾਫ਼ ਗੱਲਾਂ ਉੱਤੇ ਜਸਬੀਰ ਹੱਸ ਪਿਆ।
“ਤੁਹਾਡਾ ਨਾਂ ਬਾਈ ਜੀ?”
“ਨਾਂ ਤਾਂ ਕਰਤਾਰ ਸਿੰਘ ਮਾਪਿਆਂ ਰੱਖਿਆ ਸੀ, ਪਰ ਲੋਕੀਂ ਜੱਗੋਂ-ਜਾਣੇ ਕਾਰਾ ਆਖਣੋ ਨਹੀਂ ਹਟਦੇ। ਕੁਝ ਮੇਰੇ ਕੋਲੋਂ ਕਾਰੇ ਕਰੇ ਬਿਨਾ ਵੀ ਨਹੀਂ ਰਿਹਾ ਜਾਂਦਾ। ਤਿੰਨ ਸਾਲ ਮਿਲਟਰੀ ‘ਚ ਲਾਏ ਐ। ਉੱਥੇ ਇੱਕ ਆਕੜ-ਖਾਂ ਸੂਬੇਦਾਰ ਕੁੱਟ ਹੋ ਗਿਆ; ਉਹਨੇ ਆਹ ਦਾਤੀ ਰੱਸਾ ਹੱਥ ਫੜਾ ਦਿੱਤਾ।” ਬੇਪਰਵਾਹ ਕਾਰੇ ਨੂੰ ਆਪਣੀ ਨੌਕਰੀ ਦੇ ਜਾਣ ਦਾ ਭੋਰਾ ਅਫ਼ਸੋਸ ਨਹੀਂ ਸੀ।
“ਗੱਲ ਇਹ ਹੈ ਦੋਸਤਾ! ਤੂੰ ਈ ਪਹਿਲਾ ਆਦਮੀ ਏਂ ਪਿੰਡ ਦਾ, ਜਿਸ ਨਾਲ ਮੈਂ ਹੱਥ ਮਿਲਾਇਆ ਏ। ਕੋਈ ਮੈਨੂੰ ਕੁਝ ਸਮਝੇ, ਘਟ ਤੋਂ ਘਟ ਤੂੰ ਲਾਜ ਰਖੀ।” ਮਾਸਟਰ ਨੂੰ ਆਪਣੇ ਕਾਰੇ ਉੱਤੇ ਭਰੋਸਾ ਜਾਗ ਪਿਆ।
“ਮੈਂ ਆਂ ਥੋੜਾ ਖਰਾ, ਪਰ ਪੜ੍ਹੇ ਲਿਖੇ ਯਾਰੀ ਦੇ ਨਾਂ ਤੇ ਠੱਗੀ ਮਾਰ ਜਾਂਦੇ ਅੇਂ, ਇਹ ਸੋਚ ਲੈ?” ਕਾਰੇ ਦੇ ਪੱਧਰੇ ਬੋਲਾਂ ਨੇ ਜਸਬੀਰ ਦੀ ਧੜਕਣ ਨੂੰ ਹਲੂਣਾ ਦੇ ਦਿੱਤਾ।
“ਬਸ ਮਿੱਤਰਾ, ਮੈਨੂੰ ਤੇਰੇ ਵਰਗਾ ਖੁਬੀ-ਕੱਢ ਹੀ ਚਾਹੀਦਾ ਸੀ।” ਜਸਬੀਰ ਉਸ ਦਾ ਹੱਥ ਫੜ ਕੇ ਨਾਲ ਤੁਰ ਪਿਆ। ਕਾਰੇ ਨੇ ਛੇਤੀ ਛੇਤੀ ਬਰਸੇਮ ਵੱਢੀ ਤੇ ਜਸਬੀਰ ਨੇ ਭਰੀ ਪਾਈ।
ਭਰੀ ਚੁੱਕੀ ਜਾਂਦੇ ਕਾਰੇ ਨੇ ਸੋਚਿਆ, ਜਸਬੀਰ ਵਿਚ ਭੋਰਾ ਬੂ ਨਹੀਂ। ਪਹਿਲੇ ਮਾਸਟਰ ਤਾਂ ਸਾਡੇ ਨਾਲ ਗੱਲਾਂ ਕਰਨਾ ਵੀ ਹੱਤਕ ਸਮਝਦੇ ਸੀ। ਉਸ ਘਰ ਆ ਕੇ ਭਰੀ ਸੁਟਦਿਆਂ ਮੂੰਹ ਅੱਡੀ ਖੜ੍ਹੀ ਰਤਨੋ ਬਰਜਾਈ ਨੂੰ ਚਤਾਰਿਆ, “ਭੂਤਰੀ ਵਿਹੜ ਵਾਂਗੂੰ ਕੀ ਵਿਹੰਦੀ ਏਂ, ਚਾਹ ਧਰ; ਇਹ ਮੇਰਾ ਨਵਾਂ ਯਾਰ ਏ, ਨਵਾਂ ਸਕੂਲ ਮਾਸਟਰ।”
ਨਵਾਂ ਯਾਰ ਸੁਣ ਕੇ ਤੀਹਾਂ ਨੂੰ ਢੁਕੀ ਭਰਜਾਈ ਦਾ ਹਾਸਾ ਨਿਕਲ ਗਿਆ। ਉਹ ਕਹਿਣਾ ਚਾਹੁੰਦੀ ਸੀ, ਅੰਨ੍ਹੀਆਂ ਦੇ ਗੰਜੇ ਯਾਰ; ਪਰ ਉਸ ਨੂੰ ਜਸਬੀਰ ਦਾ ਸਾਊ ਮੂੰਹ ਮਾਰ ਗਿਆ।
ਚਾਹ ਪੀ ਕੇ ਜਸਬੀਰ ਕਾਰੇ ਨਾਲ ਪੰਚਾਇਤ ਮੈਂਬਰਾਂ ਨੂੰ ਮਿਲਿਆ, ਸਕੂਲ ਦਾ ਮੂਹ-ਮੱਥਾ ਬਨਾਉਣ ਦੀ ਪ੍ਰੇਰਨਾ ਦਿੱਤੀ। ਪੰਚਾਇਤ ਵਾਲਿਆਂ ਉਸ ਦੀ ਗੱਲ ਗੌਲੀ ਨਾ ਅਤੇ ਨਾ ਹੀ ਤੋੜ ਕੇ ਜਵਾਬ ਦਿੱਤਾ। ਇਮਤਿਹਾਨਾਂ ਪਿਛੋਂ ਥੋੜੀਆਂ ਛੁੱਟੀਆਂ ਹੋ ਗਈਆਂ ਸਨ। ਫਿਰ ਕੋਈ ਮਾਸਟਰ ਨਾ ਆਇਆ ਤੇ ਪਿੰਡ ਦੇ ਮੁੰਡਿਆਂ ਖੇਤਾਂ ਨੂੰ ਡੰਗਰ ਛੇੜ ਲਏ। ਹੁਣ ਮੁੜ ਸਕੂਲ ਆਉਣ ਲਈ ਚੌਕੀਦਾਰ ਨੇ ਹੋਕਾ ਫੇਰਿਆ।
ਮਾਸਟਰ ਸਕੂਲ ਜਾਂਦਾ ਗੁਰਦਵਾਰੇ ਮੱਥਾ ਟੇਕਣ ਵੜ ਗਿਆ; ਜਿਸ ਨੂੰ ਪਿੰਡ ਵਾਲੇ ਪੁਰਾਣੀ ਅੱਲ ਨਾਲ ਡੇਰਾ ਵੀ ਆਕਦੇ ਸਨ। ਕਾਰੇ ਨੇ ਉਸ ਨੂੰ ਸਮਝਾਇਆ, “ਡੇਰੇ ਦਾ ਭਾਈ ਨਿਹਾਲਾ, ਥੋੜਾ ਠਰਕੀ ਕਿਸਮ ਦਾ ਲੰਗਾ ਏ, ਵਾਹ ਲਗਦੀ ਕਿਸੇ ਮਾਸਟਰ ਦੇ ਪੈਰ ਨਹੀਂ ਲਗਣ ਦੇਂਦਾ। ਹਰ ਮਾਸਟਰ ਨੂੰ ਡੇਰੇ ਦੀ ਇਕ ਕੋਠੜੀ ਵਿਚ ਰਹਿਣਾ ਪੈਂਦਾ ਏ; ਤੇ ਇਹ ਆਪਣੀ ਲੰਗੀ ਲੱਤ ਦੀ ਧੌਂਸ ਚਾੜ੍ਹੀ ਰੱਖਦਾ ਏ।”
ਮੱਥਾ ਟੇਕਣ ਪਿਛੋਂ ਭਾਈ ਨੇ ਫੁਲੀਆਂ ਪਤਾਸਿਆਂ ਦਾ ਪਰਸ਼ਾਦ ਦਿੱਤਾ ਅਤੇ ਗੁਰਮੁਖਾਂ ਵਾਂਗ ਮਿਲਿਆ। ਮਾਸਟਰ ਨੂੰ ਉਸ ਦੀ ਕੋਨੇ ਵਿਚ ਕੋਠੜੀ ਵਖਾਈ, ਜਿਸ ਦੀ ਪਿੰਡ ਵਾਲੇ ਪਾਸੇ ਇੱਕ ਬਾਰੀ ਵੀ ਖੁੱਲ੍ਹਦੀ ਸੀ। ਜਸਬੀਰ ਨੇ ਕਾਰੇ ਦੀ ਮਦਦ ਨਾਲ ਬੈਠਕ ਸਾਫ਼ ਕੀਤੀ, ਛਿੜਕੀ ਤੇ ਡੇਰੇ ਦਾ ਮੰਜਾ ਡਾਹ ਕੇ ਥੋੜ੍ਹਾ ਦਮ ਮਾਰਿਆ।
“ਬਸ ਜੇ ਤੂੰ ਜੱਗੋਂ-ਜਾਣੇ ਲੰਗੇ ਨੂੰ ਵਸ ਕਰ ਲਿਆ, ਤੇਰੀਆਂ ਪੌ ਬਾਰਾਂ, ਨਹੀਂ ਤਿੰਨ ਕਾਣੇ ਤਾਂ ਵੱਟ ਤੇ ਈ ਪਏ ਐ। ਇਹਦੇ ਬੀਬੇ ਬੋਲਾਂ ਵੱਲ ਨਾ ਜਾਈਂ, ਕੱਛ ਦੇ ਵਾਲਾਂ ਦਾ ਖਿਆਲ ਰੱਖੀਂ।” ਕਾਰੇ ਦੀਆਂ ਸਮਝੌਤੀਆਂ ਉੱਤੇ ਜਸਬੀਰ ਖੁੱਲ੍ਹ ਕੇ ਹੱਸ ਪਿਆ। ਉਹ ਇਸ ਤਰ੍ਹਾਂ ਗੱਲਾਂ ਕਰ ਰਹੇ ਸਨ, ਜਿਵੇਂ ਜੁੱਗੜਿਆਂ ਦੇ ਯਾਰ ਸਨ।
ਆਪਣੇ ਟਿਕਾਣੇ ਵੱਲੋਂ ਵਿਹਲਾ ਹੋ ਕੇ, ਮਾਸਟਰ ਨੇ ਰੁੱਖੇ ਰੁੱਖੇ ਸਕੂਲ ਵੱਲ ਪੂਰਾ ਧਿਆਨ ਦਿੱਤਾ। ਬੱਚਿਆਂ ਨੂੰ ਖੇਡ, ਗੀਤਾਂ ਤੇ ਕਹਾਣੀਆਂ ਦੀ ਖਿੱਚ ਨਾਲ ਸਕੂਲ ਦੇ ਆਸ਼ਕ ਬਣਾ ਲਿਆ। ਮਾਰ ਕੁੱਟ ਦਾ ਪੁਰਾਣਾ ਸਹਿਮ ਉਨ੍ਹਾਂ ਦੇ ਦਿਲੋਂ ਪੁੱਟਣਾ ਹੀ ਓਸ ਕਾਮਯਾਬੀ ਦਾ ਰਾਜ਼ ਜਾਣਿਆ। ਬੱਚੇ ਉਸ ਨੂੰ ਆੜੀ ਮਾਸਟਰ ਆਖਣ ਲਗ ਪਏ। ਮੁੰਡਿਆਂ ਦੀ ਮਦਦ ਨਾਲ ਉਸ ਸਕੂਲ ਵਿਚ ਕਿਆਰੀਆਂ ਬਣਾਈਆਂ। ਨਹਿਰ ਦੀ ਕੋਠੀ ਓਥੋਂ ਤਿੰਨ ਮੀਲ ਦੂਰ ਸੀ; ਮਾਸਟਰ ਸ਼ਹਿਰ ਵਿਚੋਂ ਟਿਊਬਵੈਲ ਨਾਲ ਪਾਣੀ ਚੁੱਕ ਲੈਣ ਬਾਰੇ ਜ਼ਿਲ੍ਹੇਦਾਰ ਸਾਹਿਬ ਨੂੰ ਪੁੱਛ ਆਇਆ। ਫੇਰ ਉਹ ਕੋਠੀ ਵਿਚੋਂ ਝਾੜਾਂ ਦੇ ਝਾੜ ਬਣ ਚੁੱਕਾ ਸਦਾਬਹਾਰ ਗੁਲਾਬ ਖੁੱਗ ਲਿਆਇਆ। ਹਿੰਮਤ ਕਰ ਕੇ ਉਸ ਚੜ੍ਹਦੀ ਗਰਮੀ ਵਿਚ ਵੀ ਸਕੂਲ ਨੂੰ ਹਰਿਆਵਲ ਨਾਲ ਭਰ ਦਿੱਤਾ। ਪੰਚਾਂ ਤੋਂ ਚੰਦਾ ਮੰਗ ਕੇ ਅਤੇ ਕੁਝ ਆਪਣੀ ਪਹਿਲੀ ਤਨਖਾਹ ਵਿਚੋਂ ਪੈਸੇ ਕੱਢ ਕੇ ਸਕੂਲ ਦੇ ਦੋਵੇਂ ਕਮਰੇ ਕਲੀ ਕਰਵਾ ਲਏ। ਹੁਣ ਲੋਕ ਵਲ਼ ਪਾ ਕੇ ਸਕੂਲ ਅੱਗੋਂ ਦੀ ਲੰਘਣ ਲੱਗੇ। ਇਕ ਸੁਗੰਧ, ਇਕ ਖਿਚ ਮਾਸਟਰ ਤੇ ਉਸ ਦੇ ਸਕੂਲ ਵਿਚਕਾਰ ਤਣ ਖਲੋਤੀਆਂ। ਜਸਬੀਰ ਪਿੰਡ ਦੀ ਹਰ ਨਜ਼ਰ ਵਿਚ ਲਿਸ਼ਕ ਖਲੋਤਾ। ਕਾਰੇ ਨੂੰ ਯਾਰ ਦੇ ਕਾਰਨਾਮਿਆਂ ਦੀ ਮਸਤੀ ਚੜ੍ਹੀ ਰਹਿੰਦੀ, ਜਿਵੇਂ ਉਹ ਆਪ ਜਸਬੀਰ ਨੂੰ ਕਿਤੋਂ ਖੁੱਗ ਕੇ ਲਿਆਇਆ ਸੀ।
ਬਾਰਸ਼ਾਂ ਦੀ ਰੁੱਤ ਵਿਚ ਗੁਰਦਵਾਰੇ ਨੂੰ ਅੰਦਰੋਂ ਫੁੱਲਾਂ ਵਾਲੇ ਬੁਟਿਆਂ ਨਾਲ ਸ਼ਿੰਗਾਰ ਲਿਆ। ਮੱਥਾ ਰਗੜਨ ਆਉਂਦੀਆਂ ਜਨਾਨੀਆਂ ਨੂੰ ਮਾਸਟਰ ਗੁਰੂ ਭੇਜੀ ਧਰਮ ਆਤਮਾ ਲਗਦਾ। ਉਹ ਵਿਹਲੇ ਸਮੇਂ ਰੰਬਾ ਫੜੀ ਗੋਡੀ ਕਰੀ ਜਾਂਦਾ। ਨਿਹਾਲਾ ਮਾਸਟਰ ਤੇ ਬਾਗੋ ਬਾਗ ਸੀ; ਲੋਕਾਂ ਦੀ ਰੌਣਕ ਨਾਲ ਗੁਰਦਵਾਰੇ ਚੜ੍ਹਾਵਾ ਵਧ ਗਿਆ ਸੀ।

ਇਕ ਸ਼ਾਮ ਉਹ ਗੁਰਦਵਾਰੇ ਦੇ ਬੂਟਿਆਂ ਦੀਆਂ ਜੜ੍ਹਾਂ ਨੂੰ ਮਿੱਟੀ ਚਾੜ੍ਹ ਕੇ ਆਪਣੀ ਕੋਠੀ ਅੰਦਰ ਆਇਆ, ਤਾਂ ਫਾਕੜ ਲੱਦੀ ਵਾਲੇ ਸਟੂਲ ਉੱਤੇ ਕੌਲੀ ਨਾਲ ਢਕੀ ਗੜਵੀ ਲਿਸ਼ਕੋਰ ਮਾਰ ਰਹੀ ਸੀ, ਮਿੱਟੀ ਬਿੜੇ ਹੱਥਾਂ ਨਾਲ ਉਸ ਕੌਲੀ ਚੁੱਕੀ, ਗੜਵੀ ਦਿਨ ਦੇ ਕੜ੍ਹੇ ਦੁੱਧ ਨਾਲ ਹੱਸ ਰਹੀ ਸੀ। ‘ਇਹ ਕੌਣ?’ ਉਸ ਦੀ ਨਿਗਾਹ ਗੜਵੀ ਦੀ ਵੱਖੀ ਉੱਤੇ ਉਖਣੇ ਨਾਂ ‘ਅਵਤਾਰ ਸਿੰਘ ਕਾਰੀਗਰ’ ਤੇ ਜਾ ਪਈ ਝਟ ਉਸ ਦੀ ਯਾਦ ਵਿਚ ਕਾਰੀਗਰ ਦੀ ਜਵਾਨ ਲੜਕੀ ਜਗਿੰਦਰੋ ਤਣ ਖਲੋਤੀ। ਤਿਖੇ ਸੰਦਾਂ ਵਰਗੇ ਨਕਸ਼, ਤੇ ਚਾਲ ਵਾਟ ਨੂੰ ਆਰੀ, ਉਹਦਾ ਹਉਕਾ ਦੁੱਧ ਦੀ ਮਲਾਈ ਵਾਂਗ ਬੁੱਲ੍ਹਾਂ ਉੱਤੇ ਜੰਮ ਗਿਆ। ਉਹਦੀਆਂ ਪਿਛਲੀਆਂ ਛੇ ਮਹੀਨਿਆਂ ਦੀਆਂ ਮਿਹਨਤਾਂ ਦਾ ਮੁੱਲ ਦੁੱਧ ਦੀ ਗੜਵੀ ਵਿਚ ਧੜਕਦੇ ਸਾਹ ਬਣਿਆ ਹੋਇਆ ਸੀ। ਕੋਈ ਨਸ਼ਾ ਉਹਦੇ ਅੰਦਰੋਂ ਆਪਣੇ ਆਪ ਮਹਿਕਾਂ ਖਿਲਾਰਨ ਲੱਗਾ।
ਉਹ ਭਰਿਆ ਭਰਿਆ ਸੋਚ ਹੀ ਰਿਹਾ ਸੀ ਕਿ ਜਗਿੰਦਰੋ ਰਹਿਰਾਸ ਦਾ ਪਾਠ ਵਿਚਾਲੇ ਛਡ ਕੇ ਅੰਦਰ ਆ ਗਈ।
“ਗੜਵੀ ਮਾਸਟਰ ਜੀ?” ਉਹ ਜਾਣ ਕੇ ਅਣਝਾਕੀ ਖਲੋਤੀ ਰਹੀ।
ਜਸਬੀਰ ਨੇ ਭਰੀ ਭਰਾਈ ਗੜਵੀ ਅਗੇ ਕਰ ਦਿਤੀ। ਦੋਹਾਂ ਇਕ ਦੂਜੇ ਨੂੰ ਤਕਿਆ, ਫਿਰ ਤੱਕਾਂ ਵਿਚ ਦਿਲ ਹਲੂਣਵੀਂ ਡੂੰਘਾਈ ਜਾਗ ਪਈ। ਕੁੜੀ ਦੇ ਪਤਲੇ ਬੁੱਲ੍ਹ ਹਿੱਲੇ।
“ਮੋੜ ਨਾ, ਫਿੱਕਾ ਨਹੀਂ, ਵਿਚ ਖੰਡ ਵੀ ਪਾਈ ਐ।”
“ਫੇਰ ਅਜ ਦੀ ਰਾਤ ਗੜਵੀ ਉਧਾਰੀ ਦੇ ਛੱਡ।” ਮੁੰਡੇ ਦੀ ਖੁਸ਼ੀ ਖੰਡ ਖੀਰ ਹੋਈ ਪਈ
“ਉਧਾਰਾਂ ਦੇ ਸੌਦੇ ਨਹੀਂ ਪੁਗਣੇ, ਦੁੱਧ ਪਤੀਲੀ ਪਾ ਲੈ।” ਕੁੜੀ ਦੇ ਹੱਥ-ਇਸ਼ਾਰੇ ਵਿਚ ਕਾਹਲੀ ਸੀ।
ਮੁੰਡੇ ਨੇ ਥੋੜਾ ਜਿੰਨਾ ਦੁੱਧ ਪਾ ਕੇ ਕੌਲੀ ਜੱਗੋ ਦੇ ਹੱਥ ਰੱਖ ਦਿੱਤੀ।
“ਦੋ ਘੁੱਟਾਂ ਤਾਂ ਸਾਂਝੀਆਂ ਕਰ ਨਾ।”
ਕੁੜੀ ਨੇ ਝੱਟ ਵਿਚ ਕੌਲੀ ਖ਼ਾਲੀ ਕਰ ਲਈ
ਤੇ ਗੜਵੀ ਉਸ ਦੇ ਹੱਥੋਂ ਖੋਹ ਕੇ ਜਾਂਦੀ ਜਾਂਦੀ ਬੋਲੀ, “ਤੇਰੇ ਤੇ ਹਾਲੇ ਰੰਦਾ ਫਿਰਨ ਵਾਲਾ ਏ।”
ਉਹ ਜਸਬੀਰ ਨੂੰ ਬੁੱਧੂ ਸਮਝਦੀ ਸੀ, ਕਿਉਂਕਿ ਉਸ ਵਿਚ ਤੱਤ ਫੱਟ ਦੀ ਘਾਟ ਸੀ। ਦੂਜੇ ਬੰਨੇ ਮਾਸਟਰ ਹੈਰਾਨ ਤੇ ਅਸਚਰਜ ਹੋਇਆ ਖਲੋਤਾ ਸੀ ਕਿ ਕੁਦਰਤ ਦੀ ਸਾਰੀ ਮਿਹਰਬਾਨੀ ਮੇਰੇ ਉੱਤੇ ਅਚਾਨਕ ਕਿਵੇਂ ਉਲਰ ਪਈ। ਉਸ ਜੱਗੋ ਦੇ ਭਰਾ ਨੂੰ ਮਿਹਰਬਾਨ ਨਜ਼ਰਾਂ ਨਾਲ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਅਜ ਹੋਰ, ਕਲ੍ਹ ਹੋਰ, ਪਿੰਡ ਦੀਆਂ ਕੁੜੀਆਂ ਉਸ ਨੂੰ ਝੀਥਾਂ ਵਿਚੋਂ, ਗਲੀ ਦੇ ਮੋੜਾਂ ਤੋਂ ਤਕਦੀਆਂ, ਸਾਗ ਦੇ ਬਹਾਨੇ ਸਕੂਲ ਅਗੋਂ ਦੀ ਲੰਘਦੀਆਂ, ਨਹਿਰ ਦੀ ਪਾਂਧੀ ਉੱਤੇ ਸੈਰ ਕਰਦੇ ਦਾ ਰਾਹ ਕਟਦੀਆਂ। ਪਰ ਜੇਰਾ ਕਰ ਕੇ ਕਿਸੇ ਤੋਂ ਬੁਲਾਇਆ ਨਾ ਗਿਆ। ਉਹ ਕਾਰੇ ਦੇ ਘਰ ਬਿਨਾ ਕਿਸੇ ਦੇ ਨਾ ਜਾਂਦਾ। ਪਿੰਡ ਵਿਚ ਲੰਘਦਿਆਂ ਉਸ ਨਜ਼ਰ ਜ਼ਮੀਨ ਵਿਚ ਗੱਡੀ ਰੱਖੀ ਸੀ। ਉਹਦੀ ਚੁਪ ਤੇ ਨੀਵੀਂ ਕੁੜੀਆਂ ਨੂੰ ਨਹੁੰ ਨਹੁੰ ਚੁਭਦੀਆਂ ਪਰ ਉਹ ਮਸਤ ਮਗਨ ਆਪਣੇ ਆਹਰੇ ਲੱਗਾ ਰਿਹਾ। ਪਿੰਡ ਦੇ ਪਤਵੰਤੇ ਤੇ ਜ਼ਨਾਨਆਂ ਉਹਦੇ ਚਲਣ ਦੇ ਕਾਇਲ ਸਨ, ਪ੍ਰਸੰਸਕ ਸਨ। ਪੜ੍ਹਨਾ, ਪੜ੍ਹਾਉਣਾ, ਫੁੱਲ ਬੂਟੇ ਸ਼ਿੰਗਾਰਨਾ ਤੇ ਲੋਕਾਂ ਦੇ ਕੰਮ ਆਉਣਾ ਉਹਦੇ ਵਧੀਆ ਸ਼ੋਕ ਸਨ। ਬਹਾਰ ਮੁੜ ਮੋੜਾ ਪਾ ਆਈ। ਸਕੂਲ ਤੇ ਡੇਰੇ ਵਿਚ ਫੁੱਲਾਂ ਦੀਆਂ ਕਿਸਮਾਂ ਨੇ ਰੰਗ ਬੰਨ੍ਹ ਦਿੱਤੇ ਸਨ।
“ਮਾਸਟਰ!” ਕਾਰੇ ਫੌਜੀ ਨੇ ਲਾਚੜ ਕੇ ਆਖਿਆ,”ਭਾਬੀ ਆਂਹਦੀ ਸੀ, ਤੇਰੇ ‘ਤੇ ਬਲਾ ਮਰਦੀਆਂ ਏਂ?”
“ਭਾਬੀ ਆਪ ਮਰਦੀ ਹੋਣੀ ਏ।” ਜਸਬੀਰ ਨੇ ਪ੍ਰਤੀਚੋਟ ਕੀਤੀ।
“ਹਾਂ, ਇਉਂ ਵੀ ਹੋ ਸਕਦਾ ਏ।”
“ਤਾਂ ਤੂੰ ਨਹੀਂ ਅੱਧ ਵੰਡਾਉਣ ਨੂੰ ਫਿਰਦਾ?”
“ਨਾ ਆੜੀ, ਆਪਾਂ ਇਸ ਗੱਡੀ ਦੇ ਬੈਲ ਨਹੀਂ। ਅਗਲੇ ਤੋਂ ਅਗਲੇ ਬੁਧਵਾਰ ਨੂੰ ਤਿਆਰ ਰਹੀਂ ਜੰਜ ਵਾਸਤੇ, ਪਟੋਲੇ ਵਰਗੀ ਰੰਨ ਲਈ ਏ ਛਾਂਟ ਕੇ। ਤੂੰ ਉਹਦੇ ਵਰਗੀ ਕਿਤੇ ਮੂਰਤ ਵੀ ਨਹੀਂ ਵੇਖੀ ਹੋਣੀ।” ਸ਼ਰਾਬੀਆਂ ਵਰਗੇ ਕਾਰੇ ਨੇ ਮਾਸਟਰ ਦੇ ਪਿਆਰ ਦੀ ਧੌਲ ਜੜ ਦਿਤੀ।
ਜਸਬੀਰ ਨੂੰ ਚਿਤਵਣੀ ਚੰਬੜ ਗਈ, ਮਤਾਂ ਜਗਿੰਦਰੋ ਦੀ ਭਿਣਕ ਨਿਕਲ ਗਈ ਹੋਵੇ। ਜੱਗੋ ਥੋੜਾ ਅੰਨ੍ਹੇਰਾ ਪਏ ਤੋਂ ਬਾਰੀ ਵਿਚ ਠੋਲਾ ਮਾਰਦੀ ਤੇ ਦੁੱਧ ਦਾ ਗਲਾਸ ਰੱਖ ਕੇ ਅਗਾਂਹ ਲੰਘ ਜਾਂਦੀ। ਵੇਲਾ ਕੁਵੇਲਾ ਤਾੜ ਕੇ ਬੈਠਕ ਵਿਚ ਵੀ ਆ ਜਾਂਦੀ। ਇਕ ਵਾਰ ਜਸਬੀਰ ਨੇ ਜੱਗੋ ਦੀ ਬਾਂਹ ਫੜ ਲਈ।
“ਬਾਂਹ ਨੂੰ ਤਾਂ ਹੱਥ ਪਾ ਲਿਆ ਏ, ਤਖਾਣਾਂ ਦੇ ਆਰੇ ਕੁਹਾੜੇ ਵੇਖੇ ਐ?” ਜੱਗੋ ਨੇ ਮੁੰਡੇ ਦਾ ਦਿਲ ਟੋਹਣ ਲਈ ਠਕੋਰਿਆ। ਉਂਜ ਉਸ ਆਪਣੇ ਹਾਸੇ ਨੂੰ ਰੋਕ ਸਵਾਰ ਰੱਖਿਆ ਸੀ।
“ਡੱਕਰੇ ਕਰ ਕੇ ਖਰਾਦ ਵੀ ਚਾੜ੍ਹੋਗੇ?”
“ਪਿਛੋਂ ਸੁਆਣ ਦਾ ਰਗੜਾ ਵੀ ਲਾਵਾਂਗੇ।”
“ਜਦੋਂ ਉਖਲੀ ਵਿਚ ਸਿਰ ਆਣ ਦਿਤਾ, ਫਿਰ ਉਸਦੇ ਧਸਕਾਰ ਤੋਂ ਕਿਹਾ ਡਰਨਾ।” ਮੁੰਡੇ ਨੇ ਛਾਤੀ ਭਰ ਕੇ ਵਢੇ ਟੁਕੇ ਜਾਣ ਲਈ ਆਪਾ ਉਲਾਰ ਦਿੱਤਾ।
“ਹਾਇ। ਮੈਂ ਤੇਰੀ ਥਾਂ ਸਾਰੀ ਚੀਰੀ ਜਾਵਾਂ।” ਕੁੜੀ ਨੇ ਉਸ ਨੂੰ ਚੁਫੇਰਿਉਂ ਘੁੱਟ ਲਿਆ। ਜਸਬੀਰ ਨੇ ਉਸ ਨੂੰ ਮੰਜੇ ਵੱਲ ਧੱਕਣਾ ਚਾਹਿਆ। “ਦੇਖ, ਬੰਦਾ ਬਣ। ਜੇ ਜਬਰਦਸਤੀ ਕਰਨੀ ਏਂ, ਤੇਰੇ ਡੇਰੇ ਪੈਰ ਨਹੀਂ ਪਾਉਣਾ।”
ਜੱਗੋ ਦੀ ਧਮਕੀ ਨਾਲ ਜਸਬੀਰ ਦੀਆਂ ਬਾਹਾਂ ਢਿੱਲੀਆਂ ਪੈ ਗਈਆਂ। ਉਹ ਉਸ ਦੇ ਇਕ ਠੋਕ ਕੇ ਪਤਰਾ ਵਾਚ ਗਈ। ਮਾਸਟਰ ਤੇ ਜੱਗੋ ਬਾਰੇ ਕੁਦਰਤੀ ਭਾਈ ਨਿਹਾਲੇ ਨੂੰ ਪਹਿਲੋਂ ਪਤਾ ਲਗਣਾ ਸੀ। ਕਿਉਂਕਿ ਉਹ ਤਿੱਤਰਾਂ ਦੀਆਂ ਪੈੜਾਂ ਕਢ ਲੈਣ ਵਾਲਾ ਘੁਣਤਰੀ ਸੀ। ਉਹ ਤਸੱਲੀ ਨਾਲ ਕਿਸੇ ਮੌਕੇ ਦੀ ਉਡੀਕ ਵਿਚ ਸੀ। ਕੁੜੀ ਦੇ ਚਲੀ ਜਾਣ ਪਿਛੋਂ ਉਹ ਲੰਗ ਮਾਰਦਾ ਕੋਠੜੀ ਵਿਚ ਆ ਬਰਾਜਿਆ।
“ਗੁਰੂ ਕਿਆਂ ਨੇ ਫਰਮਾਇਆ ਏ,
ਗੁਰਮੁਖਾ, ਵੰਡ ਕੇ ਛਕੀਏ ਤਾਂ ਤੋਟ ਨਹੀਂ ਆਉਂਦੀ। ਮੈਨੂੰ ਤਾਂ ਦੁੱਧ ਦੀ ਇਕ ਚੁਲੀ ਈ ਲੱਖ ਮਣਾਂ ਏ।” ਚਾਲ੍ਹੀਆ ਭਾਈ ਇਕ ਲੱਤ ਦੇ ਭਾਰ ਕਲੋਤਾ ਮੁੱਛਾਂ ਸਵਾਰ ਰਿਹਾ ਸੀ।
ਭੇਤ ਖੁੱਲ੍ਹ ਜਾਣ ਵਾਲਾ ਤੀਰ ਜਸਬੀਰ ਦੇ ਮੱਥੇ ਵਿੱਚੋਂ ਦੀ ਨਿਕਲ ਗਿਆ। ਹਕਲਾਈ ਹਾਲਤ ਵਿਚ ਉਸ ਨੂੰ ਕੋਈ ਮੋੜ ਨਾ ਅਹੁੜਿਆ। ਅਸਲ ਵਿਚ ਉਹ ਚਲਾਕ ਘੱਟ ਤੇ ਅਨਾੜੀ ਬਹੁਤਾ ਸੀ।
“ਕੋਈ ਗੱਲ ਨਹੀਂ, ਕਰ ਲੈ ਐਸ਼ ਭਾਈ ਨਿਹਾਲ ਸਿੰਘ ਦੇ ਸਿਰ ‘ਤੇ।” ਕੈਦੋ ਮੁੰਡੇ ਨੂੰ ਥਾਪੀ ਦੇ ਕੇ ਉਸ ਦੀ ਰਹੀ ਖਹੀ ਜਿੰਦ ਵੀ ਮਿੱਟੀ ਕਰ ਗਿਆ।
ਮਾਸਟਰ ਨੇ ਪੈਂਦੀ ਸੱਟੇ ਜੱਗੋ ਨੂੰ ਸਾਵਧਾਨ ਕੀਤਾ ਕਿ ਨਿਹਾਲੇ ਨੂੰ ਪਤਾ ਲੱਗ ਗਿਆ ਹੈ। ਕਾਰੇ ਦੀ ਬਰਾਤ ਵਿਚ ਵੀ ਉਹ ਉਦਾਸ ਰਿਹਾ। ਸ਼ਰਾਬ ਦੀਆਂ ਢਾਣੀਆਂ ਤੋਂ ਦੂਰ ਉਹ ਸੋਚਾਂ ਵਿਚ ਨਿੱਘਰਦਾ ਰਿਹਾ। ਜੰਜੋਂ ਵਾਪਸ ਆਏ ਨੂੰ ਦੋ ਦਿਨ ਹੀ ਹੋਏ ਸਨ ਕਿ ਸਰਪੰਚ ਨੇ ਉਸ ਨੂੰ ਘਰ ਸੱਦ ਲਿਆ। ਮੁੰਡੇ ਦਾ ਹੋਰ ਵੀ ਮੂੰਹ ਉਡ ਗਿਆ। ਸਰਪੰਚ ਘਰ ਨਹੀਂ ਸੀ। ਉਸ ਦੀ ਕੁੜੀ ਸੀਤੋ ਨੇ ਦੁੱਧ ਦਾ ਛੰਨਾ ਉਸ ਅੱਗੇ ਕਰ ਦਿਤਾ। ਮਾਸਟਰ ਨੇ ਆਪਣੀ ਨੀਵੀਂ ਵਿਚੋਂ ਸਿਰ ਫੇਰ ਦਿਤਾ। ਸੀਤੋ ਨੇ ਨਾਸਾਂ ਭਰਦਿਆਂ ਆਖਿਆ।
“ਮੂੰਹ ਉਤਾਂਹ ਚੁੱਕ, ਕਿਉਂ, ਤਖਾਣੀ ਦੀ ਮਹਿੰ ਵੜੇਵੇਂ ਖਾਂਦੀ ਏ?” ਕੁੜੀ ਦੀ ਚੋਟ ਵਿਚ ਸਰਪੰਚੀ ਦਾ ਟੌਅਰ ਭਾਰੂ ਸੀ।
“ਕਿਹੜੀ ਤਖਾਣੀ?” ਅੰਦਰੋਂ ਜਰ ਕੇ ਜਸਬੀਰ ਨੇ ਗੁੱਸਾ ਵਖਾਇਆ।
“ਸਾਰੀਆਂ ਪੁਛਣੀਆਂ ਏਂ? ਉਹ ਖਸਮਣ ਪਿੱਟੀ ਤਾਂ ਰੋਂ ਦੀ ਗਈ ਏ ਮੇਰੇ ਕੋਲੋਂ?” ਚੋਰ ਦੇ ਪੈਰ ਨਹੀਂ ਹੁੰਦੇ, ਮੁੰਡਾ ਥਿੜਕ ਗਿਆ। ਕੁੜੀ ਦੀਆਂ ਹੋਰ ਚੜ੍ਹ ਮਚੀਆਂ।
“ਦੁੱਧ ਪੀ ਲੈ, ਮਿੱਟੀ ਫੇਰ ਖਰਲ ਲਈਂ। ਬਥੇਰੀ ‘ਲਾਅਲਾ ਲਾਅਲਾ’ ਹੋ ਗਈ ਏ। ਮੈਂ ਹੋਵਾਂ ਨਾ ਤਾਂ ਗੱਲ ਨੂੰ ਸਾਂਭਾਂ ਨਾ।”
ਝੇਪਰੇ ਜਸਬੀਰ ਨੇ ਛੰਨਾ ਫੜ ਲਿਆ। ਸੀਤੋ ਮਨ ਹੀ ਮਨ ਮੁਸਕਾਈ। ਮੁੰਡਾ ਉਸ ਦੇ ਦਬਕਾੜਿਆਂ ਵਿਚ ਆ ਗਿਆ ਸੀ। ਉਸ ਬਿਨਾ ਲੋੜੋਂ ਦੁੱਧ ਪੀ ਕੇ ਭਾਂਡਾ ਕੁੜੀ ਦੇ ਹੱਥਾਂ ਵਿਚ ਦੇ ਮਾਰਿਆ। ਉਹ ਵਿਚਲੀ ਗੱਲ ਸਮਝ ਗਿਆ, ਮੈਨੂੰ ਕਿਸੇ ਸਰਪੰਚ ਨੇ ਨਹੀਂ ਬੁਲਾਇਆ।
“ਠਹਿਰ?” ਸੀਤੋ ਨੇ ਹਾਕਮਾਂ ਵਾਂਗ ਬੋਲ ਕੇ ਜਸਬੀਰ ਨੂੰ ਹੱਥਾਂ ਪੈਰਾਂ ਦੀ ਪਾ ਦਿਤੀ। “ਦੁੱਧ ਡੇਰੇ ਆਇਆ ਕਰੇ ਕਿ ਘਰ ਆ ਕੇ ਪੀਣਾ ਏਂ?” ਉਹਦੇ ਬੁੱਲ੍ਹਾਂ ਉੱਤੇ ਮੁਸਕਣੀ ਦਾ ਸੇਕ ਤੇ ਅੱਖਾਂ ਵਿਚ ਚੰਗਿਆੜੇ ਦਗ ਰਹੇ ਸਨ।
“ਐਵੇਂ ਭਕਾਈ ਨਾ ਮਾਰ,” ਉਸ ਗੱਲ ਨੂੰ ਟਾਲਾ ਦੇਣ ਦਾ ਜਤਨ ਕੀਤਾ।
“ਹੁਣ ਤਖਾਣੀ ਦੀ ਮਲਾਈ ਨਹੀਂ ਡੇਰੇ ਪਹੁੰਚਣੀ।” ਸੀਤੋ ਨੂੰ ਪਿੰਡ ਦੀ ਸਰਦਾਰੀ ਦਾ ਮਾਣ ਸੀ।
ਸੀਤੋ ਤੋਂ ਖੁੰਬ ਠਪਾ ਕੇ ਉਹ ਢਿੱਲਾ ਢਿੱਲਾ ਕਾਰੇ ਦੇ ਘਰ ਆ ਗਿਆ। ਕਾਰਾ ਲਾਲੜੀ ਵਰਗੀ ਵਹੁਟੀ ਲੈ ਆਇਆ ਸੀ। ਉਸ ਵਿਹੜੇ ਵੜਦੇ ਮਾਸਟਰ ਨੂੰ ਲੰਮੇ ਹੱਥੀਂ ਲੈ ਲਿਆ।
“ਕਿਉਂ ਬਈ ਮਸ਼ਟਰਾ, ਆਪਣੀ ਭਾਬੀ ਨੂੰ ਰੁਪੱਈਆ?”
ਅਸਲ ਵਿਚ ਫੌਜੀ ਆਪਣੀ ਵਹੁਟੀ ਨੂੰ ਜਤਾਉਣਾ ਚਾਹੁੰਦਾ ਸੀ, ਜਸਬੀਰ ਮੇਰਾ ਗੂੜ੍ਹਾ ਯਾਰ ਹੈ।
“ਤੇਰੀ ਤਨਖਾਹ ਨਹੀਂ ਆਈ ਹੋਣੀ, ਰੁਪੱਈਆ ਮੈਥੋਂ ਉਧਾਰਾ ਲੈ ਲੈ।” ਕਾਰੇ ਦੀ ਭਰਜਾਈ ਨੇ ਵਿਚੋਂ ਹੀ ਇਕ ਧਰ ਕੇ ਜੀਭ ਦੰਦਾਂ ਹੇਠਾਂ ਲੈ ਲਈ।
“ਪਤਾ ਨਹੀਂ ਅਜ ਕੀਹਦਾ ਮੂੰਹ ਵੇਖ ਹੋ ਗਿਆ, ਚੌਫੇਰਿਉਂ ਮਾਰੋ ਮਾਰ ਈ ਹੁੰਦੀ ਐ।” ਜਸਬੀਰ ਜਾਣੀ ਪਛਾਣੀ ਥਾਂ ਦੇਖ ਕੇ ਵੀ ਪੈਰਾਂ ਸਿਰ ਰਿਹਾ। ਫਿਰ ਉਸ ਨਵੀਂ ਭਾਬੀ ਵੱਲ ਰੁਖ਼ ਕੀਤਾ। “ਏਸ ਪਿੰਡ ਮੇਰੀ ਵਾਹਰ ਕਰਾਉਣ ਵਾਲਾ ਕੋਈ ਨਹੀਂ, ਗੁਲਾਬ ਕੌਰੇ ਤੂੰ ਤਾਂ ਮਿਹਰ ਰਖੇਂਗੀ?”
ਗੁਲਾਬ ਕੌਰ ਹਰੇ ਪੱਲੇ ਵਿਚੋਂ ਮੁਸਕਾ ਪਈ। ਵਾਅਕਈ ਕਾਰੇ ਦੇ ਆਖਣ ਵਾਂਗ ਉਸ ਨਵੀਂ ਭਾਬੀ ਵਰਗੀ ਨਾ ਮੂਰਤ ਨਾ ਸੂਰਤ ਵੇਖੀ ਸੀ।
“ਚਰਨੀਂ ਲਗਿਆਂ ਬਿਨਾ ਬੇੜੇ ਪਾਰ ਨਹੀਂ ਹੋਣੇ।” ਲਗਰ ਵਰਗਾ ਮੁੰਡਾ ਦੇਖ ਕੇ ਤੇ ਚਲਦੀਆਂ ਚੋਟਾਂ ਵਿਚ ਗੁਲਾਬ ਕੌਰ ਖੁੱਲ੍ਹ ਖਿੜੀ ਸੀ।
“ਲੈ ਬਈ ਭਰਾਵਾ!” ਜਸਬੀਰ ਨੇ ਫ਼ੌਜੀ ਵਿਚ ਦੀ ਕਾਨੀ ਮਾਰੀ,”ਦੁਨੀਆ ਠੋਕ ਵਜਾ ਕੇ ਵੇਖ ਲਈ, ਜਿਹੜਾ ਮਿਲਿਆ, ਗੁਰੂ ਈ ਮਿਲਿਆ। ਸਿਰ ਪਹਿਲੋਂ ਮੁੰਨਦੇ ਐ, ਪਿੱਛੋਂ ਖਾਲੀ ਖੱਪਰ ਹੱਥ ਫੜਾਉਂਦੇ ਐ।”
“ਮਸ਼ਟਰਾ, ਇਹ ਸਾਲਾ ਜਮਾਨਾ ਵੀ ਜੱਗੋਂ ਜਾਣਾ ਏ।” ਕਾਰੇ ਨੂੰ ਆਪਣੇ ਯਾਰ ਨਾਲ ਹਮਦਰਦੀ ਸੀ।
“ਮੂੰਹ ਮਾਰਿਆ, ਤੇਰੇ ਕੋਲੋਂ ਕਿਹੜਾ ਕੁਝ ਖਾਧਾ ਪੀਤਾ ਜਾਂਦਾ ਏ। ਲੈ ਫੜ ਚਾਹ ਦੀ ਘੁੱਟ।” ਰਤਨੋ ਨੇ ਗਲਾਸ ਜਸਬਰਿ ਦੀਆਂ ਨਾਸਾਂ ਨਾਲ ਲਿਆ ਮਾਰਿਆ।
“ਕਿਥੇ ਗੁਜ਼ਾਰਾਂ ਝੱਟ ਸਾਈਆਂ, ਵਾਲੀ ਗੱਲ ਹੋਈ ਏ। ਤੂੰ ਬਸ ਕਰ ਵਡੀ ਹੇਜ ਵਾਲੀ, ਮੈਂ ਤੇਰੀ ਚਾਹ ਤੋਂ ਐਵੇਂ ਈ ਚੰਗਾ ਹਾਂ।” ਮੁੰਡਾ ਦੋ ਕਦਮ ਪਿਛਾਂਹ ਹਟ ਗਿਆ।
“ਕੋਈ ਪਿੰਨੀ ਪੁੰਨੀ ਵੀ ਦਿਓ ਨਾਲ।” ਕਾਰੇ ਨੇ ਨਵੀਂ ਨਵੇਲ ਨੂੰ ਚਤਾਰਿਆ।
ਗੁਲਾਬ ਕੌਰ ਛੰਨੀ ਵਿਚ ਦੋ ਪਿੰਨੀਆਂ ਰੱਖ ਲਿਆਈ। ਜਸਬੀਰ ਨੇ ਆਪਣਾ ਟੌਅਰ ਕੱਢਣ ਲਈ ਮਹਿਕਦੀ ਗੁਲਾਬ ਕੌਰ ਦੇ ਚਰਨੀਂ ਹੱਥ ਲਾ ਦਿੱਤੇ। ਫਿਰ ਕੀ ਸੀ, ਵਿਹੜੇ ਵਿਚ ਹਾਸੇ ਦਾ ਛਰ੍ਹਾਟਾ ਵਰ੍ਹ ਪਿਆ। ਜਸਬੀਰ ਨੇ ਅਗਲੀਆਂ ਪਿਛਲੀਆਂ ਚੋਟਾਂ ਦਾ ਲੇਖਾ ਬਰਾਬਰ ਕਰ ਲਿਆ। ਇਹ ਹਾਸਾ ਠੱਠਾ ਲਗਾਤਾਰ ਚਲਦਾ ਰਿਹਾ। ਗੁਲਾਬ ਕੌਰ ਵੀ ਜਸਬੀਰ ਦੀ ਉਡੀਕ ਕਰਨ ਲਗ ਲਈ। ਅਜਿਹੇ ਦਿਉਰ ਦੀ ਭਾਬੀ ਬਣਨਾ, ਉਹਨੂੰ ਮਾਣ ਦਾ ਇਕ ਵਾਰ ਹੋਰ ਦੇ ਗਿਆ। ਰਤਨੋ ਵਿਚੇ ਵਿਚ ਸੜਦੀ ਰਹੀ। ਫ਼ੌਜੀ ਦੇ ਨਾਲ ਉਹ ਗੁਲਾਬ ਕੌਰ ਨੂੰ ਉਸ ਦੇ ਪੇਕੀਂ ਵੀ ਇਕ ਦੋ ਵਾਰ ਮਿਲ ਆਇਆ। ਇਸ ਦਿਲਚਸਪੀ ਦੀ ਕਣਸੋਅ ਜੁਗਿੰਦਰੋ ਦੇ ਕੰਨੀਂ ਵੀ ਜਾ ਪਈ। ਭਾਵੇਂ ਉਹ ਥੋੜੀ ਘੁਟ ਵੱਟ ਗਈ ਸੀ ਪਰ ਉਹਦਾ ਪਰਛਾਵਾਂ ਜਸਬੀਰ ਦਾ ਪਿੱਛਾ ਕਰਦਾ ਰਿਹਾ ਸੀ। ਇਕ ਰਾਤ ਉਸਦੀ ਬਾਰੀ ਨੂੰ ਠੋਲਾ ਆ ਵੱਜਾ। ਉਸ ਪਤਲੇ ਕੰਨਾਂ ਨਾਲ ਦੋਹਰੇ ਠੋਲੇ ਦੀ ਵਾਜ ਮੁੜ ਸੁਣੀ। ਉਹ ਬਾਰੀ ਅੱਗੇ ਆ ਗਿਆ।
“ਬੁੱਕਲ ਮਾਰ ਕੇ ਨਹਿਰ ‘ਤੇ ਆ ਜਾ?” ਬੋਲ ਜੱਗੋ ਦਾ ਸੀ ਪਰ ਉਸ ਵਿਚ ਅਪਣੱਤ ਭੋਰਾ ਨਹੀਂ ਸੀ।
ਉਸ ਲੋਈ ਦੀ ਬੁੱਕਲ ਮਾਰ ਕੇ ਨਿਹਾਲੇ ਦਾ ਸ਼ੂਕਦਾ ਸਾਹ ਸੁਣਿਆ; ਮੁੜ ਗੁਰਦਵਾਰੇ ਦੀ ਪਿਛਲੀ ਕੰਧ ਟੱਪ ਗਿਆ। ਸਕੂਲ ਦੇ ਬਰਾਬਰ ਕਾਲੀ ਕਿਕਰ ਹੇਠਾਂ ਜੁਗਿੰਦਰੋ ਖਲੋਤੀ ਸੀ। ਚਿੜਚੋਲਾ ਪਾਉਂਦੇ ਚੁਗ਼ਲਾਂ ਦਾ ਜੋੜਾ ਨਹਿਰ ਦੇ ਪਾਰ ਬੇਰੀ ਉੱਤੇ ਜਾ ਬੈਠਾ। ਸ਼ਾਂਤ ਵਗਦੀ ਨਹਿਰ ਵਿਚ ਤਾਰੇ ਆਪਣਾ ਘਸਮੈਲਾ ਮੂੰਹ ਵੇਖਣ ਨੂੰ ਤਰਸ ਰਹੇ ਸਨ। ਜਸਬੀਰ ਨੇ ਦੋਵ੍ਹੇਂ ਹੱਥ ਜੱਗੋ ਦੇ ਮੋਢਿਆਂ ਉੱਤੇ ਰੱਖ ਕੇ ਉਸ ਨੂੰ ਝੰਜੋੜਿਆ। ਉਹ ਉਸ ਦੇ ਦੋਵ੍ਹੇਂ ਹੱਥ ਝਾੜ ਕੇ ਪਿਛਾਂਹ ਹਟ ਗਈ।
“ਕਿਉਂ ਕੁਹਾੜਾ ਚੁੱਕਿਆ ਏ, ਜੱਟ ਤਾਂ ਪਹਿਲਾਂ ਈ ਫਾਕੜਾਂ ਫਾਕੜਾਂ ਹੋਇਆ ਪਿਆ ਏ।” ਉਸ ਥੋੜਾ ਛਿੱਥਾ ਪੈ ਕੇ ਆਖਿਆ।
“ਹੁਣ ਤੂੰ ਭਾਂਤ ਭਾਂਤ ਦੇ ਫੁੱਲ ਸੁੰਘ ਕੇ ਹੰਭ ਲੈ।” ਜੱਗੋ ਭਰੀ ਪੀਤੀ ਖਲੋਤੀ ਸੀ।
“ਤੂੰ ਫੁੱਲ ਆਖਦੀ ਏਂ, ਮੈਂ ਥਾਂ ਥਾਂ ਤੋਂ ਕੰਡਿਆਂ ਦਾ ਪਾੜਿਆ ਪਿਆ ਹਾਂ।”
“ਉਹ ਕੰਡੇ ਤਾਂ ਜੱਟਾ ਮੇਰੀ ਛਾਤੀ ਖੁਭੇ ਪਏ ਐ, ਤੈਨੂੰ ਕਿਧਰੋਂ ਝਰੀਟ ਆ ਗਈ?”
“ਲੜਨ ਈ ਆਈ ਏਂ?” ਮੁੰਡੇ ਨੇ ਥੋੜਾ ਗੁੱਸਾ ਵਧਾਇਆ।
“ਲੜਦੇ ਤਾਂ ਜ਼ੋਰ ਆਲੇ ਐ, ਮੇਰਾ ਕਿਹੜਾ ਤੇਰੇ ‘ਤੇ ਜ਼ੋਰ ਐ।” ਕੁੜੀ ਨੇ ਸਬਰ ਹੱਥ ਰਖਦਿਆਂ ਪੂਰੀ ਤਾਕਤ ਨਾਲ ਵਾਰ ਕੀਤਾ।
“ਤੂੰ ਅਜਿਹੀਆਂ ਗੱਲਾਂ ਕਿਉਂ ਕਰਦੀ ਏਂ, ਨਹਿਰ ‘ਚ ਧੱਕਾ ਦੇ ਕੇ ਸਾਰੇ ਸਿਆਪੇ ਕਿਉਂ ਨਹੀਂ ਮੁਕਾਉਂਦੀ।” ਉਹ ਆਪਣੀ ਥਾਂ ਸਤਿਆ ਪਿਆ ਸੀ। ਕੁੜੀ ਹਉਕਾ ਭਰ ਕੇ ਆਪਣੇ ਕੱਦੋਂ ਛੋਟੀ ਹੋ ਗਈ। “ਦੇਖ ਪਿਆਰ ਮੈਂ ਤੈਨੂੰ ਹੀ ਕੀਤਾ ਏ, ਹੋਰ ਕਿਸੇ ਦਾ ਸੁਪਨਾ ਵੀ ਲਿਆ ਹੋਵੇ, ਮੈਨੂੰ ਦੂਜਾ ਸਾਹ ਨਾ ਆਵੇ।”
ਕੁੜੀ ਛੇਤੀ ਪੰਘਰ ਖਲੋਤੀ। ਉਸ ਹੱਥ ਮੁੰਡੇ ਦੇ ਮੂੰਹ ਉੱਤੇ ਰੱਖ ਦਿੱਤਾ। ਐਤਕੀਂ ਜਸਬੀਰ ਨੇ ਹੱਥ ਰੋਕ ਦਿੱਤਾ।
“ਤੂੰ ਮੇਰਿਆ ਭੋਲਿਆ ਪੰਛੀਆ ਕੀ ਜਾਣੇਂ, ਤੈਨੂੰ ਫਾਹੁਣ ਲਈ ਸ਼ਿਕਾਰੀਆਂ ਕਿਹੋ ਜਿਹੀਆਂ ਬੌਰਾਂ ਲਾਈਆਂ ਏਂ।”
ਜਸਬੀਰ ਦੇ ਮਨ ਆਈ: ‘ਤੂੰ ਨਾਲ ਨਾ ਤੁਰੇਂ, ਤੇ ਹੋਰਨਾਂ ਦੇ ਰਾਹ ਵੀ ਰੋਕ ਰੱਖੇਂ; ਇਹਨੂੰ ਪਿਆਰ ਆਂਹਦੇ ਐ।’ ਪਰ ਉਹ ਗੱਲ ਆਖ ਕੇ ਹਮੇਸ਼ਾ ਲਈ ਸ਼ੱਕੀ ਤੇ ਦਾਗ਼ੀ ਨਹੀਂ ਸੀ ਹੋਣਾ ਚਾਹੁੰਦਾ। ਭਾਵੇਂ ਉਸ ਨੂੰ ਹੋਰ ਕੁੜੀਆਂ ਵੀ ਮੋਂਹਦੀਆਂ ਸਨ, ਪਰ ਮਨ ਡੋਲਣ ਦੇ ਬਾਵਜੂਦ ਉਹ ਜੱਗੋ ਦਾ ਇਸ਼ਕ ਸਾਬਤ ਲਈ ਬੈਠਾ ਸੀ। ਉਹਦੇ ਅੰਦਰੋਂ ਪਿਆਰ ਦੀ ਇੱਕ ਛੱਲ ਉਠੀ ਤੇ ਪੋਲੀ ਜਿਹੀ ਚਪਤ ਮਾਰਦਿਆਂ ਉਸ ਜੱਗੋ ਨੂੰ ਘੁੱਟ ਲਿਆ। ਚੁਗ਼ਲਾਂ ਦੇ ਜੋੜੇ ਨੇ ਹੋਰ ਰੌਲਾ ਪਾਉਣਾ ਸ਼ੁਰੂ ਕਰ ਦਿਤਾ। ਜਸਬੀਰ ਕੁੜੀ ਨੂੰ ਕਲਾਵੈ ‘ਚ ਲਈ ਸਕੂਲ ਵਾਲੀ ਡੰਡੀ ਉਤਰ ਆਇਆ। ਸਕੂਲ ਵਿਚੋਂ ਫੁੱਲ ਤੋੜ ਕੇ ਉਸ ਜੱਗੋ ਦੇ ਹੱਥ ਭਰ ਦਿੱਤੇ।
“ਇਹ ਗੁਲਾਬ ਮੇਰੇ ਦਿਲ ਦਾ ਪਿਆਰ ਐ, ਕਦੇ ਇਨ੍ਹਾਂ ਦੀ ਗੱਲ ਸੁਣੇਂ?”
“ਆਹੋ…..,” ਕੁੜੀ ਨੇ ਮੋਢਾ ਮਾਰ ਕੇ ਫੁੱਲ ਮੂੰਹ ਨਾਲ ਜੋੜ ਲਏ। ਉਹ ਮਹਿਕ ਦੀ ਮਸਤੀ ਵਿਚ ਫੈਲਦੀ ਹੀ ਗਈ। ਫਿਰ ਉਸ ਨੂੰ ਸ਼ਰਾਰਤ ਸੁੱਝੀ, “ਛੀਂਬਿਆਂ ਦੀ ਗੁਰਮੇਲੋ ਮੈਨੂੰ ਸੂਟ ਦੇਂਦੀ ਸੀ।”
“ਲੈ ਲੈਂਦੀ,” ਜਸਬੀਰ ਨੇ ਘੋੜੇ ਕੰਨ ਬਰਾਬਰ ਕਰ ਲਏ।
“ਉਹ ਕਹਿੰਦੀ ਸੀ, ਮਾਸਟਰ ਨਾਲ ਗੱਲ ਕਰਾ ਦੇ।”
ਮੁੰਡੇ ਨੇ ਪਿੱਠ ਪਿੱਛੇ ਇਕ ਧਰ ਦਿਤੀ।
ਕੁੜੀ ਹੱਥੋਂ ਅੱਧੇ ਫੁੱਲ ਕਿਰ ਗਏ।
“ਬਸ ਏਹੋ ਆਖਣ ਨੂੰ ਫਿਰਦੀ ਸੀ ਕਦੇ ਦੀ।”
“ਨਹੀਂ, ਇਕ ਤਾਂ ਇਹ, ਮੈਨੂੰ ਆਥਣ ਨੂੰ ਆਪਣਾ ਮੂੰਹ ਵਿਖਾ ਕੇ ਲੰਘਿਆ ਕਰ।”
“ਦੂਜਾ?”
“ਮੈਂ ਤੈਨੂੰ ਕਿਸੇ ਦੇ ਘਰ ਨਹੀਂ ਜਾਣ ਦੇਣਾ। ਜਿਦਣ ਸੀਤੋ ਨਾਲ ਕੋਈ ਗੱਲ ਹੋਈ ਮੈਂ ਸੁਣ ਲਈ, ਉਦਣ ਕੋਈ ਪੁਆੜਾ ਪਿਆ ਵੀ ਵੇਖ ਲਈਂ।”
“ਛੁੱਟ ਕਾਰੇ ਦੇ ਮੈਂ ਕਿਸੇ ਦੇ ਗਿਆ ਈ ਨਹੀਂ।”
“ਇਕ ਹੋਰ, ਕਾਰੇ ਨਾਲ ਨਾਈ ਬਣ ਕੇ ਸਹੁਰੀਂ ਕਾਹਤੋਂ ਜਾਣਾ ਏ?” ਮਾਸਟਰ ਦੇ ਮਾਰਨ ਤੋਂ ਪਹਿਲਾਂ ਹੀ ਉਸ ਕਦਮਾਂ ਕਾਹਲੀਆਂ ਕਰ ਲਈਆਂ। ਉਹ ਉਸ ਦੇ ਮਗਰ ਨੱਠਾ, ਕੁੜੀ ਮੋੜ ਕੱਟ ਗਈ।
ਜਦੋਂ ਜਸਬੀਰ ਸਵੇਰੇ ਉੱਠਿਆ, ਬਾਰੀ ਵਿਚ ਰਾਤ ਦੇ ਫੁੱਲ ਕੁਮਲਾਏ ਪਏ ਸਨ।
ਉਸ ਨੂੰ ਨਿਹਾਲੇ ਭਾਈ ਨੇ ਆਖਿਆ, ” ਰਾਤੀਂ ਯਾਨੀਂ ਗੁਰਮੁਖਾ! ਤੈਨੂੰ ਕੋਈ ਸੱਦਣ ਆਇਆ ਸੀ?”
“ਨਹੀਂ। ਮੇਰੇ ਪੇਟ ‘ਚ ਗੜਬੜ ਸੀ।
ਪਹਿਲਾਂ ਮੈਂ ਤੈਨੂੰ ਜਗਾਉਣ ਲੱਗਾ ਸੀ, ਫਿਰ ਸੋਚਿਆ ਕਾਹਨੂੰ ਨੀਂਦ ਖਰਾਬ ਕਰਨੀ ਏਂ। ਹੁਣ ਠੀਕ ਆਂ।” ਮਾਸਟਰ ਨੇ ਬਿਮਾਰ ਮੂੰਹ ਬਣਾ ਕੇ ਗੱਲ ਸੰਭਾਲ ਲਈ।
ਜਸਬੀਰ ਨੇ ਅਨੁਭਵ ਕੀਤਾ, ਨਿਹਾਲਾ ਤਾਂ ਹੁਣ ਬੁਰੇ ਦੇ ਬਾਰ ਤੱਕ ਜਾਵੇਗਾ। ਓਧਰ ਭਾਈ ਆਪਣੇ ਸਾਰੇ ਗੁਰਮੁਖੀ ਹਥਿਆਰ ਵਰਤ ਚੁੱਕਾ ਸੀ ਤੇ ਮੁੰਡਾ ਕਿਵੇਂ ਵੀ ਉਸਦੀ ਛਤਰੀ ਦਾ ਚੀਨਾ ਕਬੂਤਰ ਨਹੀਂ ਬਣਿਆ ਸੀ। ਫਿਰ ਕੀ ਸੀ, ਊਜਾਂ ਨੰਗੇ ਮੂੰਹ ਥੱਪੀਆਂ ਜਾਣ ਲੱਗੀਆਂ। ਜਦ ਕਾਰੇ ਨੂੰ ਭਾਈ ਦੀ ਕਰਤੂਤ ਦਾ ਪਤਾ ਲੱਗਾ, ਉਸ ਸ਼ਰਾਬ ਪੀ ਕੇ ਨਿਹਾਲਾ ਕੁੱਟ ਕੱਢਿਆ। ਡਰਦਾ ਨਿਹਾਲਾ ਡੇਰਾ ਛੱਡ ਗਿਆ ਤੇ ਸਰਪੰਚ ਦੇ ਘਰ ਜਾ ਡਿੱਗਾ। ਉਹ ਸਾਰੀ ਰਾਤ ‘ਵਾਹਿਗੁਰੂ ਵਾਹਿਗੁਰੂ’ ਕਰਦਾ ਰਿਹਾ। ਸੀਤੋ ਨੇ ਚੁੱਲ੍ਹੇ ਵਿਚ ਰੋੜੇ ਤੱਤੇ ਕੀਤੇ ਤੇ ਸਰਪੰਚ ਨੇ ਭਾਈ ਦੇ ਸੇਕ ਦਿੱਤਾ। ਅਗਲੇ ਦਿਨ ਕਾਰੇ ਨੇ ਜਸਬੀਰ ਦੇ ਜ਼ੋਰ ਦੇਣ ‘ਤੇ ਨਿਹਾਲੇ ਤੋਂ ਮਾਫ਼ੀ ਮੰਗ ਲਈ। ਭਾਈ ਆਪਣੀ ਹੋਈ ਹੱਤਕ ਨਾਲ ਵਿਚੇ ਵਿਚ ਵੱਟ ਖਾ ਗਿਆ। ਭਾਵੇਂ ਜਸਬੀਰ ਨੇ ਚੌਫੇਰਿਓਂ ਗੱਲ ਸੰਕੋਚਣ ਦਾ ਹਰ ਸੰਭਵ ਜਤਨ ਕੀਤਾ, ਪਰ ਬਦੋ ਬਦੀ ਸਭ ਕੁਝ ਹੀ ਉਸਦੇ ਵੱਸੋਂ ਬਾਹਰਾ ਹੁੰਦਾ ਜਾ ਰਿਹਾ ਸੀ। ਉਸ ਦਾ ਧਿਆਨ ਮਾਖੋਂ-ਮੱਖੀਆਂ ਭਰੇ ਗੁਲਾਬ ਦੇ ਬੂਟੇ ਵੱਲ ਚਲਾ ਜਾਂਦਾ, ਜਿਹੜਾ ਹੱਥ-ਪੰਪ ਦੇ ਮੁੱਢ ਵਿਚ ਖਿੜਿਆ ਰਹਿੰਦਾ ਸੀ। ਮੱਖੀਆਂ ਦੇ ਅਮੁੱਕ ਗੀਤ ਵਿਚ ਉਸ ਦੀ ਆਪਣੀ ਮਗਨਤਾ ਹੇਲ-ਮੇਲ ਹੋ ਜਾਂਦੀ। ਉਹ ਗੀਤ ਲੈਅ ਵਿਚ ਗਵਾਚਿਆ, ਗੁਰਦਵਾਰਿਓਂ ਤੇ ਨਹਿਰੋਂ ਪਾਰ, ਪਤਾ ਨਹੀਂ ਕਿੱਥੇ ਕਿੱਥੇ ਵਿਚਰਦਾ ਰਹਿੰਦਾ, ਪਰ ਟਿਕਾਣਾ ਉਸ ਨੂੰ ਕਿਤੇ ਨਾ ਜੁੜਦਾ। ਇਕ ਸੁਖ ਉਸ ਦੀ ਗੱਲ ਪਿੰਡ ਵਿਚ ਦਬੀ ਘੁਟੀ ਗਈ ਸੀ।
ਸਭ ਤੋਂ ਵੱਧ ਉਸ ਨੂੰ ਸੀਤੋ ਨੇ ਯਰਕਾਇਆ; ਏਥੋਂ ਤੱਕ ਕਿ ਬਦਲੀ ਕਰਵਾ ਦੇਣ ਦੀ ਧਮਕੀ ਵੀ ਚਾੜ੍ਹੀ; ਪਰ ਜੱਟ ਮਚਲਾ ਬਣਿਆ ਰਿਹਾ। ਛੀਂਬਿਆਂ ਦੀ ਮੇਲੋ ਡਰਾਵਾ ਦੇਣ ਜੋਗੀ ਨਹੀਂ ਸੀ, ਮਿੰਨਤਾਂ, ਤਰਲੇ ਤੇ ਵਾਸਤੇ ਪਾਉਂਦੀ ਰਹੀ, ਪਰ ਉਹ ਹਉਕਾ ਲੈ ਕੇ ਕੋਲ ਦੀ ਲੰਘ ਜਾਂਦਾ। ਪਿੰਡ ਵਿਚ ਆਏ ਨੂੰ ਉਸਨੂੰ ਤਿੰਨ ਸਾਲ ਬੀਤ ਚਲੇ ਸਨ; ਉਹ ਪਿਆਰ ਦਾ ਬਾਦਸ਼ਾਹ ਹੋ ਕੇ ਵੀ ਨਿਰਾ ਕੰਗਾਲ ਰਿਹਾ ਸੀ। ਜੁੱਗੋ ਨੇ ਉਸਨੂੰ ਦੋਹਾਂ ਕੰਨਾਂ ਤੋਂ ਖਿੱਚ ਕੇ ਬੰਨ੍ਹ ਰੱਖਿਆ ਸੀ; ਪਰ ਆਪ ਉਹਦੀ ਪਕੜ ਤੋਂ ਆਜ਼ਾਦ ਹਰਨੀ ਰਹੀ ਸੀ। ਉਤਰਾਵਾਂ ਚੜ੍ਹਾਵਾਂ ਦੀਆਂ ਗਿਣਤੀਆਂ ਕਰਦਾ, ਉਹ ਜੁੱਗੋ ਦੀ ਗਲੀ ਕਈ ਕਈ ਦਿਨ ਨਾ ਜਾਂਦਾ। ਫਿਰ ਕਿਸੇ ਰਾਤ ਆਰੀ ਦਿਲ ਨੂੰ ਵਾਢ ਪਾਂਦੀ ਤਾਂ ਉਹ ਮੰਨੇ ਕਾ ਸਿੱਧ ਬਣਿਆ ਜਾ ਹਾਜ਼ਰ ਹੁੰਦਾ।
ਹਾੜਾਂ ਦੀ ਤਿਖੜ ਦੁਪਹਿਰ ਸੀ। ਜੱਗੋ ਉਹਦੇ ਗਲ ਲੱਗੀ ਬੁਸ ਬੁਸ ਰੋ ਰਹੀ ਸੀ। ਨਿਹਾਲਾ ਦੋ ਦਿਨਾਂ ਤੋਂ ਕਿਸੇ ਸਾਧ ਦਾ ਮੋਅਛਾ ਖਾਣ ਗਿਆ ਸੀ। ਜਸਬੀਰ ਨੂੰ ਉਹਦਾ ਦਿਲ ਪਾਟਵਾਂ ਰੋਣਾ ਇਕ ਬਹਾਨਾ ਜਾਪਿਆ। ਉਂਜ ਕਣਸੋਅ ਉਸ ਨੂੰ ਵੀ ਮਿਲ ਗਈ ਸੀ। ਫਿਰ ਵੀ ਉਸ ਹਮਦਰਦੀ ਨਾਲ ਪੁੱਛਿਆ, “ਕਿਓਂ ਅੱਖਾਂ ਸੁਜਾਈਆਂ ਏਂ?
ਉਸ ਤੋਂ ਦੱਸ ਨਾ ਹੋਇਆ ਕਿ ਮੇਰਾ ਵਿਆਹ ਆ ਗਿਆ ਹੈ। ਭਰੀਆਂ ਅੱਖਾਂ ਨਾਲ ਉਸ ਮੁੰਡੇ ਨੂੰ ਤੱਕਿਆ, ਜਿਵੇਂ ਜੋਹ ਰਹੀ ਸੀ, ਤੂੰ ਕਿੰਨਾ ਕੁ ਮੇਰਾ ਏਂ। ਉਸ ਸਿਰ ਮਾਸਟਰ ਦੀ ਹਿੱਕ ਨਾਲ ਜੋੜ ਲਿਆ।
“ਭਾਣਾ ਤਾਂ….,” ਉਹ ਅਗਾਂਹ ਮੁੜ ਫਿਸ ਪਈ।
“ਜੇ ਤੂੰ ਘੁੰਗਣੀ ਮਾਰੀ ਰੱਖਣੀ ਏਂ, ਭਾਣੇ ਨੇ ਤਾਂ ਨਹੀਂ ਅਟਕਣਾ।” ਮੁੰਡੇ ਨੇ ਨਿਹੋਰੇ ਦਾ ਮਰੋੜਾ ਚਾੜ੍ਹਿਆ।
“ਕੁਝ ਕਰਨ ਬਾਰੇ ਬੜਾ ਸੋਚਿਆ ਏ,
ਪਰ…” ਉਸ ਰੁਕ ਕੇ ਆਖਿਆ, ਮਰ ਸਕਦੀ ਆਂ–ਨਹਿਰ ਪੈ ਸਕਦੀ ਆਂ।”
“ਕਾਹਦੇ ਲਈ?”
“ਤੇਰੇ ਪਿਆਰ ਲਈ।”
“ਮੈਂ ਤੇ ਮੇਰੇ ਪਿਆਰ ਨੇ ਕੀ ਪਾਪ ਕੀਤਾ ਏ?”
”ਨਹੀਂ, ਉਹ ਪਾਪ ਮੈਂ ਤੈਨੂੰ ਦਿੱਤਾ ਏ, ਜਸਬੀਰ! ਮੈਨੂੰ ਮਾਫ਼ ਕਰ ਦੇ; ਮੈਂ ਤੇਰੇ ਪੈਰ ਫੜਦੀ ਆਂ੩ਤੇਰੇ ਨਾਲ ਨਹੀਂ ਜਾ ਸਕਦੀ।” ਉਸ ਮਜਬੂਰੀ ਵਿਚ ਬਾਰ ਬਾਰ ਸਿਰ ਮਾਰਿਆ।
”ਮੈਂ ਤੈਨੂੰ ਸੰਗਲ ਪਾਏ, ਤੂੰ ਮੇਰਾ ਬਣ ਕੇ ਰਿਹਾ, ਪਰ ਮੈਂ ਨਿਤਾਣੀ ਮਿੱਟੀ ਤੇਰੇ ਕਿਸੇ ਕੰਮ ਨਾ ਆ ਸਕੀ।” ਉਹ ਮੁੰਡੇ ਨੂੰ ਘੁੱਟ ਕੇ ਚੰਬੜ ਗਈ।
ਜਸਬੀਰ ਨੇ ਉਸਨੂੰ ਮਸਾਂ ਗਲੋਂ ਲਾਹਿਆ।
”ਹੁਣ ਤੂੰ ਘਰ ਨੂੰ ਜਾਹ, ਇਸ ਵਿਚ ਈ ਤੇਰਾ ਭਲਾ ਏ, ਐਵੇਂ ਭਜਨੀਕ ਪਿਉ ਦੀ ਪੱਗ ਨੂੰ ਦਾਗ਼ ਲੁਆਏਂਗੀ।” ਉਸ ਬੜੀ ਔਖ ਨਾਲ ਲਹੂ ਚੜ੍ਹੀ ਛਾਤੀ ਨੂੰ ਘੁੱਟਿਆ ਹੋਇਆ ਸੀ। ਜੱਗੋ ਹਮਦਰਦੀ ਲੈਣ ਤੇ ਦੇਣ ਆਈ ਸੀ, ਪਰ ਜ਼ਖ਼ਮ ਹੋਰ ਡੂੰਘੇ ਪਾ ਕੇ ਤੁਰ ਗਈ।
ਜਿਸ ਰਾਤ ਜੁਗਿੰਦਰੋ ਦੀ ਜੰਝ ਆਈ, ਭਾਈ ਨਿਹਾਲਾ ਜਾਣ ਕੇ ਪਿੰਡੋਂ ਖਿਸਕ ਗਿਆ।
ੁਸ ਨੂੰ ਪੱਕਾ ਵਿਸ਼ਵਾਸ ਸੀ ਕਿ ਮੇਰੇ ਬਿਨਾ ਅਨੰਦ ਨਹੀਂ ਪੜ੍ਹੇ ਜਾਣੇ। ਉਹ ਮਾਸਟਰ ਨੂੰ ਏਥੋਂ ਕਢਵਾਊ ਸੀ। ਲੋਕ ਪਹਿਲਾਂ ਵਾਂਗ ਉਸਦਾ ਮਾਣ ਤਾਣ ਨਹੀਂ ਮੰਨਦੇ ਸਨ। ਉਹ ਕਿਸੇ ਯਾਰ ਦੇ ਘਰ ਲੁਕਿਆ ਰਿਹਾ। ਸਵੇਰੇ ਡੇਰੇ ਅਵਾਜ਼ਾਂ ਮਾਰੀਆਂ, ਨਿਹਾਲਾ ਕਿੱਥੋਂ ਮਿਲਣਾ ਸੀ। ਘਰਦਿਆਂ ਤੇ ਪਿੰਡ ਵਾਲਿਆਂ ਨੂੰ ਬੂਹੇ ਬੈਠੀ ਜੰਝ ਕਾਰਨ ਭਾਈ ‘ਤੇ ਗਿੱਠ ਗਿੱਠ ਗੁੱਸਾ ਚੜ੍ਹ ਆਇਆ। ਪਿੰਡ ਛੋਟਾ ਹੋਣ ਦੇ ਨਾਲ ਅਨਪੜ੍ਹ ਵੀ ਸੀ। ਅਖੀਰ ਨਿਹਾਲੇ ਦੀ ਭਾਲ ਛੱਡ ਕੇ ਅਨੰਦ ਪੜ੍ਹਾਉਣ ਦਾ ਗੁਣਾ ਜਸਬੀਰ ਉੱਤੇ ਆ ਪਿਆ। ਉਹ ਅੰਦਰੋਂ ਸਾਰਾ ਕੰਬ ਗਿਆ। ਲਾਵਾਂ ਤੇ ਅਨੰਦ ਸਾਹਿਬ ਦਾ ਪਾਠ ਉਹਦੇ ਲਈ ਮੁਸ਼ਕਿਲ ਨਹੀਂ ਸੀ। ਔਖ ਸੀ ਤਾਂ ਇਹ, ਕਿ ਜਿਸ ਨੂੰ ਉਹ ਹੁਣ ਤੱਕ ਆਪਣੀ ਸਮਝਦਾ ਰਿਹਾ ਸੀ, ਹੱਥੀਂ ਉਸ ਦਾ ਗੰਢ ਜੋੜਾ ਕਿਸੇ ਹੋਰ ਨਾਲ ਕਿਵੇਂ ਕਰਵਾਏਗਾ! ਉਸ ਨਾਂਹ ਕਰ ਦਿੱਤੀ ਕਿ ਮੈਂ ਕਦੇ ਅਨੰਦ ਨਹੀਂ ਪੜ੍ਹਾਏ। ਪਰ ਉਸ ਦੀ ਸੁਣੀ ਕਿਸੇ ਨਾ। ਧੱਕਿਆ ਧਕਾਇਆ, ਉਹ ਗੁਰੁ ਗ੍ਰੰਥ ਸਾਹਿਬ ਦੀ ਤਾਅਬਿਆ ਆ ਬੈਠਾ। ਲਾਵਾਂ ਪਿੱਛੋਂ ਅਨੰਦ ਸਾਹਿਬ ਦਾ ਪਾਠ ਵੀ ਕਸੀਸ ਵੱਟ ਕੇ ਕਰ ਲਿਆ। ਜਿਵੇਂ ਜਿਵੇਂ ਉਹ ਥਿੜਕਦਾ ਸੀ, ਲੋਕ ਸਮਝਦੇ ਸਨ ਅਣਜਾਣ ਏ, ਪਰ ਉਹਦਾ ਅੰਦਰ ਕੱਦੂ-ਕਸ ਹੋ ਰਿਹਾ ਸੀ। ਅਰਦਾਸ ਕਰਨ ਵੇਲੇ ਉਹਦਾ ਸਾਰਾ ਢਾਂਚਾ ਡੋਲਾ ਖਾ ਗਿਆ। ਉਸ ਜੱਗੋ ਬਾਰੇ ਇਕ ਪਲ ਵੀ ਨਹੀਂ ਸੋਚਿਆ ਸੀ, ਵਿਚੇ ਵਿਚ ਮੁੱਕਦੀ ਜਾ ਰਹੀ ਹੈ। ਫਿਰ ਉਸ ਦੀਵਾਨੇ ਮਨ ਨੂੰ ਸੰਜਾਇਆ ਤੇ ਦ੍ਰਿੜਤਾ ਨਾਲ ‘ਜੋੜੀ ਚਰੰਜੀਵ ਹੋਵੇ’ ਦੀ ਅਸ਼ੀਰਵਾਦ ਕਹਿ ਗਿਆ। ਉਹਦੇ ਲਈ ਇਹ ਸਾਰਾ ਕਾਰਜ ਇੱਕ ਭੌਜਲ ਸੀ; ਜਿਸ ਵਿਚੋਂ ਮਸੀਂ ਪਾਰ ਲੱਗਾ ਸੀ। ਮੱਥਾ ਟੇਕਣ ਪਿੱਛੋਂ ਲੋਕਾਂ ਆਖਣਾ ਸ਼ੁਰੂ ਕਰ ਦਿੱਤਾ, ”ਮਾਸਟਰ ਜੀ ਤਾਂ ਵਾਹਵਾ ਹਾਲ਼ੀ ਨਿੱਕਲ ਆਇਆ; ਹੁਣ ਲੰਡੇ ਰਿੱਛ ਤੋਂ ਕੀ ਕਰਵਾਉਣਾ ਏਂ”।
ਭਾਵੇਂ ਕਾਰਜ ਨਿਰਵਿਘਨ ਸੰਪੂਰਨ ਹੋ ਗਿਆ ਸੀ, ਪਰ ਜਸਬੀਰ ਆਪਣੀ ਕੋਠੜੀ ਆ ਕੇ ਡਿੱਗ ਹੀ ਪਿਆ; ਜਿਵੇਂ ਰੱਤਹੀਣ ਹੋ ਚੁੱਕਾ ਸੀ। ਡੇਰੇ ਆ ਕੇ ਪਹਿਲਾ ਕੰਮ ਉਸ ਨੌਕਰੀ ਤੋਂ ਅਸਤੀਫ਼ਾ ਲਿਖਣ ਦਾ ਕੀਤਾ। ਉਸ ਤਿਆਗ ਪੱਤਰ ਲਿਖ ਕੇ ਤਹਿ ਕੀਤਾ ਹੀ ਸੀ ਕਿ ਜੱਗੋ ਦਾ ਪ੍ਰਾਹੁਣਾ ਸ਼ਰਾਬ ਦੀ ਬੋਤਲ ਲੈ ਕੇ ਪਹੁੰਚ ਗਿਆ। ਜਸਬੀਰ ਨੇ ਮਨ ਵਿਚ ਆਖਿਆ,
”ਤਖਾਣਾ, ਤੈਨੂੰ ਕੀਹਨੇ ਦੱਸ ਦਿੱਤਾ, ਮੈਨੂੰ ਅੱਜ ਜ਼ਮਾਨੇ ਭਰ ਦੀ ਸ਼ਰਾਬ ਚਾਹੀਦੀ ਹੈ!” ਪ੍ਰਾਹੁਣਾ ਮਾਸਟਰ ਨੂੰ ਪੀਣ ਲਈ ਜ਼ੋਰ ਲਾਵੇ, ਪਰ ਉਸ ਵਿਚਾਰੇ ਦੇ ਗਲ਼ ਦਾ ਥੁੱਕ ਨਹੀਂ ਲੰਘਦਾ ਸੀ। ਦੋ ਦਿਨ ਉਸ ਸਕੂਲ ਨਾ ਲਾਇਆ। ਤੇ ਦੋਵੇਂ ਰਾਤਾਂ ਨਹਿਰ ਦੀ ਕਾਲੀ ਕਿੱਕਰ ਹੇਠਾਂ ਸਮਾਧੀ ਸਿੱਧ ਬੈਠਾ ਰਿਹਾ। ਇੱਕ ਦੁਪਹਿਰੇ ਸੀਤੋ ਡੇਰੇ ਆ ਵੱਜੀ। ”ਕਿਉਂ ਹੁਣ ਮਰੇ ਕੁੱਤੇ ਆਂਗੂੰ ਪਿਆ ਏਂ?” ਸੀਤੋ ਨੂੰ ਟਕੋਰਾਂ ਲਾਉਣ ਦਾ ਮਸੀਂ ਮੌਕਾ ਹੱਥ ਆਇਆ ਸੀ।
”ਜਿਹੜਾ ਦੁੱਖ ਕਿਸੇ ਦੇ ਦੇਣੋਂ ਰਹਿ ਗਿਆ ਏ, ਉਹਦੀ ਕਸਰ ਤੂੰ ਵੀ ਕੱਢ ਲੈ।”
”ਡਿੱਗੇ ਪਏ ਦੇ ਕਮੀਨੇ ਮਾਰਦੇ ਐ। ਬਦਲਾ ਲੈਣਾਂ ਏਂ ਤਾਂ ਗੱਲ ਕਰ?” ਜੱਟੀ ਨੇ ਹਿੱਕ ਨੂੰ ਹੱਥ ਲਾ ਕੇ ਵੰਗਾਰਿਆ।
”ਆਪਣਿਆਂ ਤੋਂ ਬਦਲੇ ਨਹੀਂ ਲਈਦੇ ਹੁੰਦੇ,” ਉਸ ਆਪਣੇ ਗ਼ਮ ਨੂੰ ਪਾਸਾ ਦੇ ਲਿਆ।
”ਸੀਤੋ ਤੈਥੋਂ ਭੀਖ ਮੰਗਦਾ ਹਾਂ, ਮੈਨੂੰ ਇਕੱਲਿਆਂ ਛੱਡ ਦੇ?”
”ਜੇ ਤੈਨੂੰ ਮਰਨਾ ਈ ਚੰਗਾ ਲਗਦਾ ਏ ਤਾਂ ਮਰ।” ਸੀਤੋ ਬਦਦੁਆ ਦੀ ਨਫ਼ਰਤ ਛੱਡ ਗਈ।
ਅਗਲੀ ਸਵੇਰ ਜੱਗੋ ਦੇ ਛੋਟੇ ਭਰਾ ਨੇ ਉਸ ਨੂੰ ਸੁੱਤੇ ਨੂੰ ਜਗਾਇਆ ਕਿ ਸੀਤੋ ਸਕੂਲ ਦੇ ਸਾਰੇ ਫੁੱਲ ਤੋੜ ਕੇ ਲੈ ਗਈ ਹੈ। ਉਸ ਨੂੰ ਜਾਪਿਆ, ਕਿਸੇ ਦਿਲ ਦਾ ਰੁਗ਼ ਭਰ ਲਿਆ ਹੈ। ਉਸ ਸਕੂਲ ਦਾ ਵਿਹੜਾ ਦੇਖਿਆ। ਓਥੇ ਮੁਰਦੇਹਾਣੀ ਛਾਈ ਹੋਈ ਸੀ। ਫੁੱਲਾਂ ਦੀਆਂ ਟੁੱਟੀਆਂ ਧੌਣਾਂ ਵਿਚੋਂ ਸੱਜਰਾ ਪਾਣੀ ਸਿੰਮ ਰਿਹਾ ਸੀ। ਮਾਸਟਰ ਦਾ ਪਿੰਡਾ ਸੇਕ ਮਾਰ ਉਠਿਆ। ਉਹ ਹੌਂਕਦਾ ਹੌਂਕਦਾ ਕਾਰੇ ਦੇ ਘਰ ਨੂੰ ਪਰਤ ਪਿਆ। ਉਸ ਨੂੰ ਇਹ ਵੀ ਪਤਾ ਸੀ, ਕਾਰਾ ਗੁਲਾਬ ਕੌਰ ਨੂੰ ਲੈ ਕੇ ਸਹੁਰਿਆਂ ਨੂੰ ਗਿਆ ਹੋਇਆ ਹੈ। ਰਤਨੋ ਬਿਨਾ ਕੁਦਰਤੀ ਘਰ ਕੋਈ ਨਹੀਂ ਸੀ।
ਮਾਸਟਰ ਨੇ ਧਾਹ ਮਾਰਦਿਆ ਵਾਂਗ ਆਖਿਆ,”ਮੇਰਾ ਇਕ ਕੰਮ ਕਰ, ਤੇਰਾ ਅਹਿਸਾਨ ਸਾਰੀ ਉਮਰ ਨਹੀਂ ਭੁਲਦਾ।” ਕਾਰੇ ਦੀ ਭਰਜਾਈ ਨੇ ਸਿਰ ਹਿਲਾ ਕੇ ਹਾਮੀ ਭਰੀ, ਤਾਂ ਉਸ ਗੱਲ ਅੱਗੇ ਵਧਾਈ। “ਜੱਗੋ ਨੂੰ ਸਿਰਫ਼ ਦੋ ਮਿੰਟ ਬੁਲਾ ਦੇ?”
ਰਤਨੋ ਭਾਬੀ ਨੂੰ ਜਸਬੀਰ ਦਾ ਸੂਤਿਆ ਮੂੰਹ ਦੇਖ ਕੇ ਤਰਸ ਆ ਗਿਆ। “ਹੱਛਾ, ਮੈਂ ਵਾਹ ਲਾ ਕੇ ਵੇਖਦੀ ਆਂ।”
ਉਸ ਮਨ ‘ਚ ਕੋਈ ਬਹਾਨਾ ਸੋਚਿਆ ਤੇ ਘਰੋਂ ਨਿਕਲ ਗਈ।
ਜਸਬੀਰ ਨੇ ਨਲਕੇ ਨੂੰ ਮੂੰਹ ਲਾ ਲਿਆ। ਉਹ ਪੂਰੇ ਜਨਮ ਦਾ ਤਿਹਾਇਆ ਸੀ। ਫਿਰ ਉਸ ਤਰ੍ਹਾਂ ਹੀ ਉਹ ਸਵਾਤ ਵਿਚ ਆਪਣੀ ਮੰਜੀ ਉੱਤੇ ਆ ਡਿੱਗਾ। ਰੱਤੋ ਝੱਟ ਪਿੱਛੋਂ ਹੀ ਵਾਪਸ ਆ ਗਈ।
“ਉਹ ਮੈਨੂੰ ਰਾਹ ਵਿਚ ਹੀ ਥਾਲੀ ਫੇਰਦੀ ਮਿਲ ਪਈ। ਉਸ ਤਗੀਦ ਕੀਤੀ ਏ, ਜਾਵੇ ਨਾ, ਮੈਂ ਹੁਣੇ ਆਈ।” ਏਨੀ ਆਖ ਕੇ ਉਸ ਚਾਹ ਧਰ ਦਿੱਤੀ।
ਜਸਬੀਰ ਅੱਖਾਂ ਮੀਟੀ ਝੂਰਦਾ ਰਿਹਾ। ‘ਜੇ ਮੈਂ ਮਾਂ ਬਾਪ ਦੇ ਆਖੇ ਲੱਗ ਵਿਆਹ ਕਰਵਾ ਲੈਂਦਾ, ਇਸ ਜਾਨ ਖਾਣੀ ਬਿਪਤਾ ਦਾ ਮੂੰਹ ਕਿਉਂ ਵੇਖਦਾ? ਵਿਆਹ ਤਾਂ ਹੁਣ ਵੀ ਹੋ ਜੂ, ਪਰ ਇਸ ਉਮਰਾਂ ਦੇ ਦੁੱਖ ਨੂੰ ਕੀ ਕਰਾਂਗਾ।’
ਵਿਹੜੇ ਵਿਚ ਖੜਕਦੀ ਗੁਰਗਾਬੀ ਨੇ ਉਸ ਦੀਆਂ ਸੋਚਾਂ ਦਾ ਆਲ੍ਹਣਾ ਤੀਲ੍ਹਾ ਤੀਲ੍ਹਾ ਕਰ ਦਿੱਤਾ। ਜੱਗੋ ਨੇ ਦੋ ਲੱਡੂ ਤੇ ਪਕੌੜੇ ਰੱਤੋ ਦੇ ਛੰਨੇ ਵਿਚ ਪਾ ਦਿੱਤੇ ਤੇ ਸੈਨਤ ਦੇ ਕੇ ਅੰਦਰ ਲੰਘ ਗਈ। ਨਾ-ਮੰਨੇ ਦਿਲ ਨਾਲ ਉਹ ਉੱਠਿਆ, ਅੱਗੇ ਜੱਗੋ ਹੱਥ ਬੰਨ੍ਹੀ ਖਲੋਤੀ ਸੀ।
“ਤੂੰ ਮੈਨੂੰ ਬਖ਼ਸ਼ ਦੇ; ਮੈਂ ਤੇਰੀ ਉਮਰ ਭਰ ਦੀ ਦੇਣਦਾਰ ਹਾਂ।” ਵੱਟਾਂ ਭਰੀ ਵਰੀ ਵਿਚ ਖਿੜੀ ਮਹਿਕੀ ਵੇਲ ਵਾਂਗ, ਉਹ ਜਸਬੀਰ ਦੇ ਗਲ ਲੱਗਣ ਲਈ ਔਹਲੀ।
ਜਸਬੀਰ ਨੇ ਹੱਥ ਚੁੱਕ ਕੇ ਉਸ ਨੂੰ ਠੱਲ੍ਹ ਪਾਈ।
“ਦੇਖ ਹੁਣ ਮੈਂ ਤੇਰਾ ਕੋਈ ਨਹੀਂ ਰਿਹਾ, ਇਕ ਅਛੂਤ। ਤੂੰ ਕਿਸੇ ਲਈ ਤਾਂ ਸੁੱਚੀ ਰਹਿ। ਪਾਗਲ ਮਨ ਵੱਸੋਂ-ਬਾਹਰਾ ਤੈਨੂੰ ਹਾਕ ਮਾਰ ਬੈਠਾ। ਮੈਂ ਕੱਲ੍ਹ ਨੌਕਰੀ ਛੱਡ ਕੇ ਜਾ ਰਿਹਾ ਹਾਂ।” ਕੁੜੀ ਦੇ ਕਜਲਾਏ ਨੈਣ ਤ੍ਰਿਪ ਤ੍ਰਿਪ ਚੋ ਪਏ।
“ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਏ; ਮੇਰੇ ਇੱਥੇ ਰਹਿਣ ਨਾਲ ਤੇਰੀ ਬਦਨਾਮੀ ਹੋ ਸਕਦੀ ਏ।” ਉਸ ਆਪਣੀ ਮਾਰੂ ਪੀੜ ਦੀਆਂ ਸਾਰੀਆਂ ਕੰਨੀਆਂ ਦੱਬੀਆਂ ਹੋਈਆਂ ਸਨ।
ਰਤਨੋ ਦੋਹਾਂ ਨੂੰ ਗਲਾਸਾਂ ਵਿਚ ਚਾਹ ਰੱਖ ਗਈ। ਜੱਗੋ ਨੇ ਲੱਡੂਆਂ ਵਾਲੀ ਥਾਲੀ ਅੱਗੇ ਕਰ ਦੱਤੀ।
“ਤੇਰੀ ਮਿਹਰਬਾਨੀ, ਜ਼ਹਿਰ ਬਜ਼ਾਰਾਂ ਵਿਚ ਬਹੁਤ ਏ;ਪਰ ਖਾਵਾਂਗਾ ਨਹੀਂ, ਬੁੱਢੇ ਮਾਂ ਬਾਪ ਦੀ ਸੇਵਾ ਵੀ ਕਰਨੀ ਏ।” ਉਸ ਆਪਣੇ ਦਿਲ ਨੂੰ ਪੁਛਿਆ, ‘ਆਖਰ ਮੇਰਾ ਕਸੂਰ ਕੀ ਸੀ? ਮੈਂ ਇਥੇ ਰਿਹਾ ਕਾਹਦੇ ਆਸਰੇ?’ ਬੁਖਾਰ ਵਿਚ ਉਸ ਦੀ ਸੁਰਤੀ ਮਸੀਂ ਕਾਬੂ ਆਉਂਦੀ ਸੀ।
ਜੱਗੋ ਪਹਿਲੋਂ ਨਾਲੋਂ ਕਿਤੇ ਸੁਹਣੀ ਹੋ ਗਈ ਸੀ। ਪਰ ਉਸ ਦੇ ਸਾਹਮਣੇ ਸੋਨੇ ਵਰਗਾ ਮੁੰਡਾ ਪਿੱਤਲ ਪੀਲਾ ਹੋਇਆ ਪਿਆ ਸੀ। ਉਹ ਪੁੱਛਣਾ ਚਾਹੁੰਦਾ ਸੀ, “ਯਾਦ ਕਰੇਂਗੀ?’ ਪਰ ਇਹ ਸਭ ਕਿੰਨੀ ਬਕਵਾਸ ਹੈ।’
“ਜੱਗੋ ਹੁਣ ਤੂੰ ਜਾਹ, ਰੁਕ ਨਾ। ਇਕ ਵਾਰ ਤੇਰਾ ਮੂੰਹ ਵੇਖਣਾ ਸੀ, ਸੋ ਤੇਰਾ ਬਹੁਤ ਬਹੁਤ ਧੰਨਵਾਦ।”
ਕੁੜੀ ਲਈ ਚਾਹ ਦੀਆਂ ਦੋ ਘੁੱਟਾਂ ਵੀ ਦੂੱਭਰ ਹੋ ਗਈਆਂ। ਉਹ ਬੁੱਕੀਂ ਹੰਝੂ ਡੋਲ੍ਹਦੀ ਰਹੀ। ਪਰ ਸਿਵਾਏ ਰੋਣ ਝੂਰਨ ਦੇ ਹੋ ਤਾਂ ਕੁਝ ਵੀ ਨਹੀਂ ਸਕਦਾ ਸੀ। ਜਸਬੀਰ ਦੇ ਜ਼ੋਰ ਦੇਣ ਤੇ ਉਹ ਹਾਰੀਆਂ ਲੱਤਾਂ ਨਾਲ ਮੁੜ ਮੁੜ ਵੇਖਦੀ ਤੁਰ ਗਈ। ਉਸ ਦੀਆਂ ਪੰਜੇਬਾਂ ਗੁੰਗੀਆਂ ਹੋ ਗਈਆਂ ਸਨ। ਮੰਡਾ ਏਨਾ ਨਿਢਾਲ ਪੈ ਚੁੱਕਾ ਸੀ ਕਿ ਖਲੋਣ ਦੀ ਸ਼ਕਤੀ ਨਹੀਂ ਰਹੀ ਸੀ। ਰੱਤੋ ਭਾਬੀ ਨੇ ਉਸ ਨੂੰ ਬਾਹੋਂ ਫੜ ਕੇ ਉਠਾ ਲਿਆ।
“ਕਿਉਂ ਵੇਖ ਲਿਆ ਸੁਆਦ?” ਭਾਬੀ ਨੇ ਆਪਣੇ ਵਲੋਂ ਭਰਪੂਰ ਨਿਹੋਰਾ ਜਣਾਇਆ।
“ਭਾਬੀ ਹੁਣ ਗੱਲ ਨਾ ਕਰ, ਫੁੱਲ ਸੁਆਹ ਤੇ ਜਿੰਦ ਤਬਾਹ।”
“ਤੂੰ ਮੂੰਹੋਂ ਮੰਗ, ਤੈਨੂੰ ਉਹ ਚੀਜ਼ ਹਾਜ਼ਰ।” ਰੱਤੋ ਨੇ ਬਾਂਹ ਕੱਢ ਕੇ ਜਸਬੀਰ ਨੂੰ ਕਲਾਵੇ ‘ਚ ਲੈ ਲਿਆ। ਉਹ ਸਮਝਦੀ ਸੀ ਲੋਹਾ ਗਰਮ ਹੈ।
“ਤੂੰ ਵੀ ਮਰੇ ਦਾ ਪੋਸ਼ ਲਾਹੁਣ ਲੱਗੀ ਏਂ।”
ਉਸ ਨੂੰ ਕਰੋਧ ਆ ਗਿਆ।
“ਤਾਂਹੀਏ ਧੱਕੇ ਖਾਂਦਾ ਫਿਰਦਾ ਏਂ।”
ਭਾਬੀ ਨੇ ਆਸ ਲਾਹ ਕੇ ਮਿਹਣਾ ਮਾਰਿਆ।
“ਭਾਬੀਏ, ਮੈਂ ਦੁਨੀਆਂ ਵੇਖ ਲਈ, ਜਿਸ ਨੂੰ ਦਰਗਾਹੋਂ ਧੱਕੇ ਮਿਲਣ ਉਹਨੂੰ ਹਾਰ ਕਿੱਥੋਂ।” ਉਸ ਪੈਰ ਪੁਟਦਿਆਂ ਆਖਿਆ, “ਫਿਰ ਵੀ ਤੇਰਾ ਅਹਿਸਾਨ ਚੇਤੇ ਰੱਖਾਂਗਾ।”
ਅਗਲੇ ਦਿਨ ਮੂੰਹ ਅੰਨ੍ਹੇਰੇ ਹੀ ਉਹ ਬਿਸਤਰਾ ਬੰਨ੍ਹ ਕੇ ਆਪਣੇ ਪਿੰਡ ਨੂੰ ਤੁਰ ਗਿਆ। ਕਰਤਾਰ ਉਸ ਨੂੰ ਪਿੰਡ ਮਿਲਣ ਆਇਆ ਤੇ ਮੁੜ ਲੈ ਚੱਲਣ ਲਈ ਯਾਰੀ ਦਾ ਸਾਰਾ ਤਾਣ ਲਾਇਆ। ਪਰ ਉਸ ਇੱਕੋ ਨਾਂਹ ਫੜੀ ਰੱਖੀ। ਮਾਂ ਬਾਪ ਨੇ ਵਿਆਹ ਲਈ ਜ਼ੋਰ ਪਾਇਆ, ਉਸ ਸਿਰ ਫੇਰ ਦਿੱਤਾ। ਉਸ ਨੂੰ ਸਾਰਾ ਦੇਸ ਚੰਦਰਾ ਚੰਦਰਾ ਲੱਗ ਰਿਹਾ ਸੀ। ਕਿਸੇ ਦੋਸਤ ਦੀ ਸਹਾਇਤਾ ਨਾਲ ਇੰਗਲੈਂਡ ਪੁਜਦਾ ਹੋ ਗਿਆ। ਪੂਰੇ ਪੰਜ ਸਾਲ ਫ਼ੈਕਟਰੀਆਂ ਦੇ ਦੇਹ ਤੋੜਵੇਂ ਕੰਮ ਵਿਚ ਵੀ ਜੱਗੋ ਨੂੰ ਭੁਲਾ ਨਾ ਸਕਿਆ। ਫੁੱਲਾਂ ਦੀ ਖਿੱਚ ਨੇ ਉਸ ਨੂੰ ਬੌਰਾ ਕਰੀ ਰਖਿਆ।
ਅੱਜ ਫੇਰ ਉਹ ਉਸੇ ਪਾਂਧੀ ਤੇ ਖਲੋਤਾ ਓਪਰਾ ਓਪਰਾ ਝਾਕ ਰਿਹਾ ਸੀ। ਸਕੂਲ ਵਿਚ ਫੁੱਲਾਂ ਦੀਆਂ ਖ਼ੁਸ਼ਬੋਆਂ ਨਹੀਂ ਸਨ। ਵਿਦਿਆਰਥੀਆਂ ਦੇ ਧਮੱਚੜ ਵਿਚ ਧੂੜ ਦੇ ਵਰੋਲੇ ਉਠ ਰਹੇ ਸਨ। ਮਾਸਟਰ ਮੁੰਡਿਆਂ ਨੂੰ ਗੰਦੀਆਂ ਗਾਲ੍ਹਾਂ ਦੇ ਰਿਹਾ ਸੀ। ਗੁਰਦਵਾਰੇ ਦੇ ਨਿਸ਼ਾਨ ਸਾਹਿਬ ਦਾ ਫਰੇਰਾ ਹਨੇਰੀਆਂ ਵਿਚ ਲੀਰੋ ਲੀਰ ਹੋ ਚੁਕਾ ਸੀ। ਸਭ ਕੁਝ ਹੀ ਅੱਠ ਸਾਲ ਵਰਗਾ ਪੁਰਾਣਾ ਸੀ। ਉਹਦੇ ਸਮੇਂ ਦੀ ਤਬਦੀਲੀ ਦੇ ਚਿੰਨ੍ਹ ਮਿਟ ਚੁਕੇ ਸਨ। ਡੇਰੇ ਦਾ ਨਵਾਂ ਭਾਈ ਟੋਕਰੀ ਚੁੱਕੀ ਰੋਟੀਆਂ ਮੰਗਣ ਜਾ ਰਿਹਾ ਸੀ। ਕੋਟ, ਪੈਂਟ, ਟਾਈ ਤੇ ਸ਼ੇਵ ਕਾਰਨ ਉਸਨੂੰ ਕਿਸੇ ਨਹੀਂ ਪਛਾਣਿਆ ਸੀ।
‘ਕਾਸ਼! ਮੈਂ ਇਸ ਧਰਤੀ ਦਾ ਦੂਜਾ ਆਦਮ ਨਾ ਸਹੀ, ਮਾਲੀ ਹੀ ਹੋ ਸਕਾਂ।’ ਫਿਰ ਉਹ ਰਵਾਂ ਰਵੀਂ ਕਾਰੇ ਦੇ ਘਰ ਜਾ ਵੜਿਆ। ਵਿਹੜੇ ਵਿਚ ਖੇਡਦੇ ਖ਼ੂਬਸੂਰਤ ਪਰ ਲਿਬੜੇ ਬਾਲ ਨੂੰ ਚੁਕ ਲਿਆ। ਉਸ ਨੂੰ ਯਕੀਨ ਸੀ, ਮੁੰਡਾ ਕਾਰੇ ਤੇ ਗੁਲਾਬ ਕੌਰ ਦਾ ਹੀ ਹੈ। ਹੈਰਾਨ ਹੋਈ ਗੁਲਾਬ ਕੌਰ, ਬਾਬੂ ਨੂੰ ਮੂੰਹ ਅੱਡੀ ਤੱਕ ਰਹੀ ਸੀ।
“ਭਾਬੀ ਜੀ, ਸਤਿ ਸ੍ਰੀ ਅਕਾਲ!! ਮੈਂ ਜਸਬੀਰ, ਮਾਸਟਰ।” ਏਨੀ ਆਖ ਕੇ ਉਸ ਮੁੰਡੇ ਦਾ ਖਿੜਿਆ ਮੱਥਾ ਚੁੰਮ ਲਿਆ।
“ਵੇ ਜੱਸੂ!….ਤੂੰ!?” ਗੁਲਾਬੋ ਖ਼ੁਸ਼ੀ ਵਿਚ ਇਕਦਮ ਸਾਰੀ ਟਹਿਕ ਪਈ।

ਜਸਵੰਤ ਸਿੰਘ ਕੰਵਲ

You may also like