ਨੀਂਦ ਅੱਖਾਂ ਤੋਂ ਕੋਹਾਂ ਦੂਰ ਹੈ ਪਰ ਲੇਟਿਆ ਫਿਰ ਵੀ ਪਿਆ ਹਾਂ। ਦਿਮਾਗ਼ ਵਿੱਚ ਸੋਚਾਂ ਦਾ ਸ਼ੋਰ ਖੋਰੂ ਪਾ ਰਿਹਾ ਹੈ।ਉਂਗਲਾਂ ਨਾਲ ਕਨਪਟੀਆਂ ਦਬਾ ਕੇ ਵਿਚਾਰਾਂ ਦੀ ਗਠੜੀ ਬੰਨਣ ਦੀ ਕੋਸ਼ਿਸ਼ ਕਰਦਾ ਹਾਂ ਪਰ ਪਤਾ ਨਹੀ ਕਿੱਥੋਂ ਆਇਆ ਬੇਪਛਾਣ ਖਿਆਲਾਂ ਦਾ ਬੁੱਲਾ ਹਨੇਰੀ ਵਿੱਚਲੇ ਪੱਤਿਆਂ ਦੀ ਤਰ੍ਹਾਂ ਸੋਚਾਂ ਦਾ ਤਾਣਾ ਬਾਣਾ ਖਿੰਡਾ ਜਾਂਦਾ ਹੈ ਅਤੇ ਇੱਕ ਸੁੰਨੇ ਖਲਾਅ ਵਿੱਚ ਖੜਿਆ ਮੈਂ ਕਦੇ ਇੱਕ ਪੱਤੇ ਨੂੰ ਫੜਦਾ ਹਾਂ ਕਦੀ ਦੂਜੇ ਨੂੰ, ਪਰ ਹਰੇਕ ਪੱਤਾ ਗਿੱਲੇ ਸਾਬਣ ਦੀ ਚਾਕੀ ਵਾਂਗ ਹੱਥੋਂ ਤਿਲਕ ਜਾਂਦਾ ਹੈ ।
ਕਿਸੇ ਭੁੱਖੇ ਜਾਨਵਰ ਦੀ ਤਰਸਦੀ ਨਿਗਾਹ ਵਾਂਗ ਮੈਨੂੰ ਬਿੱਟ ਬਿੱਟ ਤੱਕਦਾ ਪੰਡਤ ਰਾਮ ਸਵਰੂਪ ਦਾ ਚਿਹਰਾ ਸਾਰੇ ਕਮਰੇ ਵਿੱਚ ਉੱਡਦਾ ਵਿਖਾਈ ਦਿੰਦਾ ਹੈ। ਸ਼ਰਧਾਲੂਆਂ ਨੂੰ ਪ੍ਰਸ਼ਾਦ ਦਿੰਦੇ ਪੰਡਤ ਜੀ ਅਤੇ ਕਹਿੰਦੇ:
“ਜੇਬ ਮੈਂ ਫੂਟੀ ਕੌੜੀ ਨਹੀਂ ਹੋਤੀ ਔਰ ਚਲੇ ਆਤੇ ਹੈਂ ਮਾਂ ਕੋ ਪ੍ਰਸੰਨ ਕਰਨੇ।”
ਤੇ ਮੇਰੀ ਗਰਦਨ ਦੇ ਖੱਬੇ ਹਿੱਸੇ ਉੱਤੇ ਉੱਗਿਆ ਮਟਰ ਦੇ ਦਾਣੇ ਜਿੱਡਾ ਤਿੱਲ। ਕੁਲਵੰਤ ਦੀ ਆਵਾਜ਼ ਗੂੰਜਦੀ ਜਿਹੀ ਲਗਦੀ “ਤੁਸੀਂ ਖੁਸ਼ਕਿਸਮਤ ਹੋ, ਇਹ ਖੁਸ਼ਕਿਸਮਤੀ ਦੀ ਨਿਸ਼ਾਨੀ ਹੈ”।
ਪਾਸਾ ਵੱਟ ਕੇ ਮੈਂ ਖਿੜਕੀ ਦੇ ਚੌਖਟੇ ਵਿੱਚ ਜੜੇ ਸਰੀਏ ਨੂੰ ਘੂਰਨ ਲੱਗ ਜਾਂਦਾ ਹਾਂ। ਸਮੁੰਦਰੀ ਪਾਣੀ ਵਰਗੀਆਂ ਦੋ ਨੀਲੀਆਂ ਅੱਖਾਂ ਕਮਰੇ ਵਿੱਚ ਆ ਜਾਂਦੀਆਂ ਹਨ ਤੇ ਵਾਵਰੋਲੇ ਵਾਂਗ ਮੇਰੇ ਦੁਆਲੇ ਘੁੰਮਣ ਲੱਗ ਜਾਂਦੀਆ ਹਨ। ਭਵਿੱਖ ਦੇ ਇਨਕਲਾਬ ਵੱਲ ਇਸ਼ਾਰਾ ਕਰਦਾ ਭਗਤ ਸਿੰਘ ਦਾ ਬੁੱਤ ਮੇਜ਼ ਤੇ ਖੜਾ ਵਿਖਾਈ ਦਿੰਦਾ ਹੈ। ਮੈਂ ਅੱਖਾਂ ਖੋਲ ਕੇ ਉਸ ਵੱਲ ਵੇਖਣ ਦੀ ਕੋਸ਼ਿਸ਼ ਕਰਦਾ ਹਾਂ ਪਰ ਕਿਸੇ ਅਨਜਾਨੇ ਜਿਹੇ ਨਸ਼ੇ ਕਰਕੇ ਪਲਕਾਂ ਭੀੜੀਆਂ ਜਾਂਦੀਆਂ ਹਨ। ਛੱਤ ਵਿੱਚ ਅਚਾਨਕ ਦੋ ਲਾਲ ਅੱਖਾਂ ਨਿੱਕਲ ਆਉਂਦੀਆਂ ਹਨ, ਤਿਰਕਾਲਾਂ ਵੇਲੇ ਜ਼ਿਬਾ ਹੁੰਦੇ ਸੂਰਜ ਦੀ ਟਿੱਕੀ ਵਾਂਗ ਲਾਲ ਮੇਰੇ ਨੇੜੇ, ਹੋਰ ਨੇੜੇ ਆਉਦੀਆਂ ਹੋਈਆਂ ਕਹਿੰਦੀਆਂ,
“ਚਲੋ ਕਿਤੇ ਹੋਰ ਚਲਦੇ ਹਾਂ, ਕੁਝ ਨਹੀਂ ਹੈ ਇੱਥੇ।” ਸ਼ਰੀਰ ਵਿੱਚੋਂ ਲੰਘੇ ਇੱਕ ਭੰਬੂਕੇ ਨਾਲ ਮੈਂ ਉੱਠ ਕੇ ਬੈਠ ਜਾਂਦਾ ਹਾਂ। ਤੇਜ਼ ਹੋ ਗਈਆਂ ਦਿਲ ਦੀਆਂ ਧੜਕਣਾਂ ਦੀ ਆਵਾਜ਼ ਜਿਵੇਂ ਨਸ ਨਸ ਵਿੱਚ ਗੂੰਜ ਰਹੀ ਸੀ।
“ਮਾੜਾ ਸੁਪਨਾ ਫਿਰ ਆਇਆ?
ਸਿਰਹਾਣੇ ਬੈਠੀ ਮਨਦੀਪ ਨੂੰ ਮੇਰੇ ਵੱਲ ਝੁਕਦੇ ਹੋਏ ਕਿਹਾ।
“ਨਹੀ.. .ਨਹੀ ਤਾਂ।”
ਮਨਦੀਪ। ਸ਼ਾਇਦ ਅੱਜ ਫਿਰ ਇਹ ਕੰਮ ਤੋਂ ਛੇਤੀ ਮੁੜ ਆਈ ਹੈ।ਉੱਗੜ ਦੁੱਗੜ ਹੋਈ ਜ਼ਿੰਦਗੀ ਦਾ ਭਾਰ ਢੋਹਦਿਆਂ ਅਕਸਰ ਇਹ ਹਨੇਰੇ ਪਿੱਛੋਂ ਹੀ ਮੁੜਦੀ ਸੀ ਪਰ ਹੁਣ ਤਾਂ ਚੜੇ ਸੂਰਜ ਹੀ ਪਰਤ ਆਉਦੀ ਹੈ। ਕਾਰਣ? ਸ਼ਾਇਦ ਮੈਂ ਜਾਂ ਬੌਸ ਨਾਲ ਨਿਰੰਤਰ ਹੁੰਦੇ ਇਸਦੇ ਝਗੜੇ। ਪਤਾ ਨਹੀ, ਇਹ ਦੱਸਦੀ ਵੀ ਨਹੀਂ।
“ਮੈਂ ਸਾਈਕੈਟਰਿਸਟ ਨਾਲ ਗੱਲ ਕੀਤੀ ਸੀ। ਕਹਿੰਦਾ ਪਹਿਲਾਂ ਟੈਸਟ ਕਰਵਾਉਣੇ ਪੈਣਗੇ, ਫਿਰ ਹੀ ਕੁਝ ਕਿਹਾ ਜਾ ਸਕਦੈ।”
ਕੱਚ ਦੇ ਇੱਕ ਪੁਰਾਣੇ ਜਿਹੇ ਡਿਜ਼ਾਈਨਰ ਗਲਾਸ ਵਿੱਚ ਪਾਣੀ ਦਾ ਘੁੱਟ ਭਰਦਿਆਂ ਮਨਦੀਪ ਨੇ ਕਿਹਾ।
“ਮੈਨੂੰ ਪਤੈ ਤੁਹਾਨੂੰ ਕੁਝ ਨਹੀਂ ਹੋ ਸਕਦਾ।ਡਾਕਟਰ ਤਾਂ ਐਵੇਂ ਕਹਿੰਦੇ ਹੀ ਹੁੰਦੇ ਨੇਂ। ਬਸ ਤੁਸੀਂ ਫਿਕਰ ਨਾ ਕਰਨਾ। ਉਸਨੂੰ ਮੇਰੀ ਠੋਡੀ ਨੂੰ ਆਪਣੀਆਂ ਉਗਲਾਂ ਵਿੱਚ ਲਿਆ ਤੇ ਮੇਰੇ ਚਿਹਰੇ ਨੂੰ ਆਪਣੇ ਨੇੜੇ ਲੈ ਆਈ, ਇੰਨਾ ਨੇੜੇ ਕਿ ਉਸਦੇ ਸਾਹ ਮੈਨੂੰ ਕਿਸੇ ਮਾਰੂਥਲ ਵਿੱਚ ਉੱਡਦੀ ਗਰਮ ਅਤੇ ਤਿੱਖੀ ਧੂੜ ਦੀ ਤਰਾਂ ਆਪਣੇ ਵਜੂਦ ਨੂੰ ਚੀਰ ਕੇ ਲੰਘਦੇ ਹੋਏ ਜਾਪੇ। ਸਿਰ ਕੁਝ ਘੁੰਮਦਾ ਜਿਹਾ ਲੱਗਿਆ। ਬਹੁਤ ਹੀ ਅਜੀਬ ਜਿਹਾ ਅਹਿਸਾਸ ਜਿਵੇ ਹੁਣੇ ਹੀ ਉਲਟੀ ਹੋ ਜਾਵੇਗੀ। ਲੱਗਿਆ ਜਿਵੇ ਮਨਦੀਪ ਦੇ ਨਰਮ ਅਤੇ ਨਾਜ਼ੁਕ ਚਿਹਰੇ ਤੇ ਇੱਕ ਹੋਰ ਖੁਰਦੁਰਾ ਜਿਹਾ ਚਿਹਰਾ ਉੱਭਰ ਰਿਹਾ ਹੈ, ਨੀਲੀਆਂ ਅੱਖਾਂ ਵਾਲਾ । ਬਿਲਕੁਲ ਕਰਮਜੀਤ ਵਰਗਾ, ਮੇਰੀ ਕਾਲਜ ਦੀ ਸਹਿਪਾਠਣ। ਹਜੇ ਕੁਝ ਦਿਨ ਪਹਿਲਾਂ ਹੀ ਮੈਨੂੰ ਜਗਰਾਤੇ ਵਿੱਚ ਮਿਲੀ ਸੀ। ਵਰਮਾ ਸਰ ਦੇ ਘਰ, ਸਾਡੇ ਕਾਲਜ ਦੇ ਪ੍ਰਿੰਸੀਪਲ।
ਜਦੋ ਸਿੱਕੇ ਮੇਰੇ ਹੱਥਾਂ ਵਿੱਚੋ ਛੁਟ ਕੇ ਗਿੱਲੇ ਘਾਹ ਤੇ ਪਿੰਡ ਗਏ ਸਨ…
ਜਦੋ ਕਿਸੇ ਮੰਦਰ ਦੀ ਘੰਟੀ ਦੀ ਤਰ੍ਹਾਂ ਉਹ ਆਵਾਜ਼ ਮੇਰੇ ਕੰਨਾਂ ਵਿੱਚ ਟੁਣਕੀ ਸੀ…
“ਖੁੱਲੇ ਪੈਸੇ ਮਿਲਣਗੇ ਭਾਈ ਸਾਹਿਬ?
ਤੇ ਪਿਛਲੇ ਅੱਧੇ ਦਹਾਕੇ ਤੋ ਬੁਝੀ ਹੋਈ ਚਿੰਗਾਰੀ ਇੱਕ ਵਾਰ ਫੇਰ ਹਰੀ ਹੋ ਗਈ ਸੀ। ਮੈਂ ਆਪਣੇ ਦਿਮਾਗ ਵਿੱਚ ਢਲਦੀ ਉਮਰ ਮੁਤਾਬਕ ਕਰਮਜੀਤ ਦੀ ਇੱਕ ਤਸਵੀਰ ਬਣਾਈ।
“ਲਗਦੀ ਤਾਂ ਉਹੀ ਹੈ, ਹਾਂ ਉਹੀ ਹੈ।ਉਹੀ ਭੂਰੇ ਵਾਲ ਤੇ ਨੀਲੀਆਂ ਅੱਖਾਂ। ਬਸ ਉਮਰ ਦਾ ਥੋੜਾ ਬਹੁਤ ਅਸਰ ਹੈ। ਮੈਂ ਆਪ ਵੀ ਤਾਂ ਕਿੰਨਾ ਬਦਲ ਗਿਆ ਹਾਂ।
24 ਮਾਰਚ 2009 ਦਾ ਦਿਨ, ਸਾਡੀ ਕਲਾਸ ਦਾ ਵਿਦਾਇਗੀ ਸਮਾਰੋਹ ਮਨਾਇਆ ਜਾ ਰਿਹਾ ਸੀ। ਸਟੇਜ ਰੈਂਦੇ ਤੇ ਗੁਲਾਬ ਦੇ ਫੁੱਲਾਂ ਨਾਲ ਭਰੀ ਪਈ ਸੀ ਤੇ ਉਨਾਂ ਫੁੱਲਾਂ ਦੇ ਰੰਗ ਦਾ ਹੀ ਸੂਟ ਪਾਈ ਬੀ. ਐਸ. ਸੀ ਤੀਸਰੇ ਸਾਲ ਦੀ ਵਿਦਿਆਰਥਣ ਕਰਮਜੀਤ ਸਟੇਜ ਤੇ ਗਾ ਰਹੀ ਸੀ। ਉਸਦੀ ਆਵਾਜ਼ ਨਾਲ ਮੈ ਦੂਰ ਕਿਸੇ ਸੁਪਨ ਦੇਸ਼ ਵਿੱਚ ਉਡਿਆ ਜਾ ਰਿਹਾ ਸਾਂ। ਪਤਾ ਹੀ ਨਾ ਲੱਗਿਆ ਕਿ ਗਾਣਾ ਕਦੋਂ ਖ਼ਤਮ ਹੋ ਗਿਆ।
“ਬੱਚਿਉ, ਕੁਝ ਲੋਕ ਦੁਸ਼ਮਣ ਤਾਕਤਾਂ ਭਗਤ ਸਿੰਘ ਨੂੰ ਫਿਰਕੂ ਰੰਗਤ ਵਿੱਚ ਪੇਸ਼ ਕਰ ਰਹੀਆਂ ਹਨ। ਇਹੀ ਤਾਕਤਾਂ ਉਸਦੇ ਬੁੱਤ ਲਾਉਣ ਲੱਗਿਆਂ ਟੋਪੀ ਵਾਲਾ ਅਤੇ ਪੱਗ ਵਾਲਾ ਭਗਤ ਸਿੰਘ ਦੇ ਝਗੜੇ ਖੜੇ ਕਰਦੀਆਂ ਹਨ।
ਪ੍ਰਿੰਸੀਪਲ ਦੇ ਵੀ ਅੱਧੇ ਸ਼ਬਦ ਹੀ ਮੇਰੇ ਪੱਲੇ ਪਏ ਸਨ।
“ਬਹੁਤ ਮਿੱਠੀ ਆਵਾਜ਼ ਹੈ ਤੁਹਾਡੀ । ” ਮੇਰੇ ਮੂੰਹੋ ਬਾ-ਮੁਸ਼ਕਿਲ ਅੱਧੇ ਕੁ ਸ਼ਬਦ ਹੀ ਨਿੱਕਲੇ ਸਨ।ਕਰਮਜੀਤ ਦੀਆਂ ਨੀਲੀ ਤੱਕਣੀ ਵੀ ਜ਼ਮੀਨ ਵਿੱਚ ਗੱਡੀ ਗਈ ਸੀ ਤੇ ਮੈ ਵੀ ਕਿਸੇ ਹੋਰ ਹੀ ਜਹਾਨ ਵਿੱਚ ਗੁਆਚ ਗਿਆ ਸੀ।
“ਚਲੋ ਕੋਈ ਨਾ ਰਹਿਣ ਦਿਉ। ਖੁੱਲੇ ਪੈਸੇ ਮਿਲ ਗਏ ਨੇ ਮੈਨੂੰ।” ਇਸ ਆਵਾਜ਼ ਨਾਲ ਮੈ ਵਾਪਸ ਅੱਜ ਵਿੱਚ ਪਰਤ ਆਇਆ। ਕਰਮਜੀਤ ਆਪਣੇ ਪਰਸ ਵਿੱਚੋਂ ਪੈਸੇ ਕੱਢਦੀ ਹੋਈ ਪੰਡਾਲ ਦੇ ਇੱਕ ਪਾਸੇ ਫੈਲੇ ਹਨੇਰੇ ਵਿੱਚ ਗਾਇਬ ਹੋ ਗਈ। ਮੈ ਵੀ ਮੱਥਾ ਟੇਕਣ ਲਈ ਲੱਗੀ ਸ਼ਰਧਾਲੂਆਂ ਦੀ ਭੀੜ ਵਿੱਚ ਸ਼ਾਮਿਲ ਹੋ ਗਿਆ ਸੀ। ਸਮੁੰਦਰ ਦੀਆਂ ਲਹਿਰਾਂ ਵਾਂਗ ਮਚਲਦੀ ਕਤਾਰ, ਕਦੀ ਇੱਧਰ ਖਿਸਕਦੀ, ਕਦੀ ਉਧਰ, ਕਦੀ ਅੱਗਿਉ ਧੱਕਾ ਲਗਦਾ, ਕਦੀ ਪਿੱਛਿਉ। ਮਨੁੱਖਾਂ ਦੀ ਭੀੜ ਦੀ ਬਣੀ ਇੱਕ ਅੰਤਹੀਣ ਕਤਾਰ। ਸਾਹ ਉਦੋ ਆਇਆ ਜਦੋ ਮੈ ਆਪਣੇ ਆਪ ਨੂੰ ਮਾਤਾ ਦੀ ਮੂਰਤੀ ਅੱਗੇ ਖੜਾ ਪਾਇਆ।
ਜੇਬਾਂ ਖਾਲੀ ਸਨ ਤੇ ਬਟੂਆ ਘਰ, ਸੋ ਸ਼ਰਮਿੰਦਗੀ ਦਾ ਘੁੱਟ ਭਰਦਿਆਂ ਮੈ ਮਾਂ ਦੁਰਗਾ ਦੀ ਮੂਰਤੀ ਨੂੰ ਮੱਥਾ ਟੇਕਿਆ ਤੇ ਪ੍ਰਸ਼ਾਦ ਲਈ ਹੱਥ ਫੈਲਾ ਦਿੱਤੇ। ਪੰਡਤ ਜੀ ਨੇ ਫਾੜ ਖਾਣ ਵਾਲੀਆਂ ਨਜ਼ਰਾਂ ਨਾਲ ਮੈਨੂੰ ਤੱਕਿਆ ਤੇ ਪ੍ਰਸ਼ਾਦ ਮੇਰੇ ਹੱਥਾਂ ਤੇ ਮਾਰਦੇ ਹੋਏ ਕਿਹਾ
“ਜੇਬ ਮੇ ਛੂਟੀ ਕੋੜੀ ਨਹੀ ਹੋਤੀ ਔਰ ਚਲੇ ਆਤੇ ਹੈ ਭਗਵਤੀ ਕੋ ਸੰਨ ਕਰਨੇ।”
ਸ਼ਰਮਿੰਦਾ ਜਿਹਾ ਹੋਇਆ ਮੈ ਵਾਪਸ ਸੰਗਤ ਵਿੱਚ ਆ ਕੇ ਬੈਠ ਜਾਂਦਾ ਹਾਂ। ਚਾਰੇ ਪਾਸੇ ਲੱਗੇ ਸਪੀਕਰਾਂ ਵਿੱਚੋ ਭਜਨ ਜੂਨ ਦੀ ਲੂ ਦੀ ਤਰਾਂ ਸਾਰੀ ਫਿਜ਼ਾ ਵਿੱਚ ਉੱਡਦੇ ਫਿਰ ਰਹੇ ਸਨ। ਪੰਡਾਲ ਦੇ ਅਗਲੇ ਹਿੱਸੇ ਵਿੱਚ ਕੁਝ ਬੁੱਢੀਆਂ ਸਵੈ-ਸਮਰਪਣ ਦੀ ਅਨੁਕਤੀ ਵਿੱਚ ਬੈਠੀਆਂ ਸਨ। ਉਨਾਂ ਦੇ ਲਾਗੇ ਬੈਠੇ ਅਧਖੜ ਉਮਰ ਦੇ ਬੰਦੇ ਇੱਕ ਦੂਜੇ ਦੇ ਕੰਨਾਂ ਵਿੱਚ ਕੁਝ ਫੁਸਫੁਸਾ ਰਹੇ ਸਨ ਅਤੇ ਨਾਲ ਹੀ ਇੱਕ ਦੂਜੇ ਨੂੰ ਚੁੱਪ ਹੋ ਜਾਣ ਦੇ ਇਸ਼ਾਰੇ ਵੀ ਕਰ ਰਹੇ ਸਨ। ਮੇਰੇ ਨੇੜੇ ਕਰਕੇ ਬੈਠੀਆਂ ਕੁੜੀਆਂ ਦਾ ਹਾਸਾ ਨਹੀਂ ਸੀ ਮਿਉਂਦਾ। ਇੱਕ ਦੂਜੇ ਦੇ ਕੰਨਾਂ ਵਿੱਚ ਉਹ ਕੁਝ ਕਹਿੰਦੀਆਂ ਤੇ ਕਿਲਕਾਰੀ ਮਾਰ ਕੇ ਹੱਸ ਪੈਦੀਆਂ। ਇੱਕ ਪਾਸੇ ਕਰਕੇ ਬੈਠੇ ਮੁੰਡੇ ਉਨਾਂ ਨੂੰ ਵੇਖ ਕੇ ਇਤਰਾ ਰਹੇ ਸਨ।
ਅਚਨਚੇਤ ਸ਼ਰੀਰ ਵਿੱਚ ਦਰਦ ਦੀ ਇੱਕ ਲਹਿਰ ਜਿਹੀ ਦੋੜ ਗਈ ਜਿਵੇਂ ਅੱਖਾਂ ਅੱਗੇ ਹਜ਼ਾਰਾਂ ਬਿਜਲੀਆਂ ਇਕੱਠੀਆਂ ਚਮਕ ਗਈਆਂ ਹੋਣ। ਕੋਈ ਪਿੱਛੋਂ ਸੁਈ ਚੋਭ ਗਿਆ ਸੀ। ਦਰਦ ਦਾ ਘੱਟ ਹਜੇ ਹਲਕ ਹੇਠੋ ਉਤਰਿਆ ਵੀ ਨਹੀ ਸੀ ਕਿ ਕਿਸੇ ਨੇ ਕੋਟ ਦਾ ਕਾਲਰ ਖਿੱਚ ਦਿੱਤਾ।
“ਪਤਾ ਨਹੀ ਕਿਹੋ ਜਿਹੇ ਲੋਕ ਆਉਦੇ ਨੇ ਇੱਥੇ ।” ਬੁੜਬੁੜਾਉਦੇ ਹੋਏ ਪਤਾ ਨਹੀ ਮੈ ਕੀ ਕੁਝ ਕਹਿ ਗਿਆ ਸੀ। ਪਾਸਾ ਪਰਤ ਕੇ ਮੈ ਨੀਦ ਵਿੱਚ ਬੇਸੁਧ ਹੋਈ ਮਨਦੀਪ ਨੂੰ ਵੇਖਿਆ। ਪਤਾ ਹੀ ਨਹੀਂ ਲੱਗਿਆ ਉਹ ਕਦੋ ਮੇਰੇ ਨਾਲ ਆ ਕੇ ਲੇਟ ਗਈ ਸੀ।ਨਾਈਟ ਬੱਲਬ ਦੀ ਰੋਸ਼ਨੀ ਵਿੱਚ ਉਸਦੀਆਂ ਗੱਲਾਂ ਤੇ ਰੁੜ ਆਈਆਂ ਹੰਝੂਆਂ ਦੀਆਂ ਬੂੰਦਾ ਕਿਸੇ ਨੀਲੇ ਮੋਤੀ ਦੀ ਤਰਾਂ ਲਿਸ਼ਕ ਰਹੀਆਂ ਸਨ। ਹੰਝੂਆਂ ਨਾਲ ਗੱਚ ਉਸਦਾ ਚਿਹਰਾ ਵੇਖ ਕੇ ਇੱਕ ਅਜੀਬ ਜਿਹੀ ਚੀਸ ਮੇਰੇ ਧੁਰ ਅੰਦਰ ਤੱਕ ਜਾ ਵੜੀ। ਪਾਸਾ ਵੱਟ ਕੇ ਮੈ ਮੇਜ਼ ਤੇ ਪਈ ਅਲਾਰਮ ਘੜੀ ਨੂੰ ਵੇਖਿਆ, ਹਜੇ ਇੱਕ ਹੀ ਵੱਜਾ ਸੀ। ਸੁਰਜ ਹਜੇ ਕਾਫੀ ਸਮੇ ਬਾਅਦ ਜਾਗੇਗਾ।
ਦਸੰਬਰ ਦਾ ਮਹੀਨਾ ਸੀ।ਰਜਾਈ ਸੱਖਣੇ ਮੇਰੇ ਪੈਰਾਂ ਤੇ ਰਹਿ ਰਹਿ ਕੇ ਠੰਢ ਚੜ ਰਹੀ ਸੀ।ਜੀ ਕੀਤਾ ਕਿ ਉੱਠ ਕੇ ਚੰਗੀ ਤਰਾਂ ਪੈਰ ਢਕ ਲਵਾਂ ਪਰ ਮਨਦੀਪ ਦੇ ਉੱਠ ਜਾਣ ਦੇ ਡਰੋ ਲੇਟਿਆ ਰਿਹਾ। ਉਗਲਾਂ ਬੇ-ਮਤਲਬ ਹੀ ਛਾਤੀ ਤੇ ਅਤੇ ਵਿਚਾਰ ਦਿਮਾਗ਼ ਵਿੱਚ ਘੁੰਮ ਰਹੇ ਸਨ।
“ਜੇਕਰ…”
ਐਵੇਂ ਹੀ ਇੱਕ ਖ਼ਿਆਲ ਜਿਹਾ ਆ ਗਿਆ। ਜੇਕਰ… ਉਨਾਂ ਦਿਨੀ ਮੈ ਬੇਰੋਜ਼ਗਾਰ ਨਾ ਹੁੰਦਾ।
ਜੇਕਰ.. ਕਰਮਜੀਤ ਦੇ ਪਿਉ ਨੇ ਸਾਨੂੰ ‘ਕੱਠਿਆਂ ਨਾ ਤੱਕਿਆ ਹੁੰਦਾ।
ਜੇਕਰ.. ਇੱਕ ਹਫਤੇ ਬਾਅਦ ਉਸਦਾ ਵਿਆਹ ਨਾ ਪੱਕਾ ਹੋ ਗਿਆ ਹੁੰਦਾ ਜੇਕਰ.. ਕਰਮਜੀਤ ਹਾਰ ਮੰਨ ਕੇ ਨਾ ਬੈਠ ਜਾਂਦੀ ਮੈ ਤਲੀਆਂ ਦੇ ਪੋਟਿਆਂ ਨਾਲ ਆਪਣੀਆਂ ਅੱਖਾਂ ਨੂੰ ਰਗੜਿਆ, ਅਤੇ ਦਿਲ ਵਿੱਚ ਇੱਕ ਵਿਚਾਰ ਉੱਭਰ ਆਇਆ।
“ਕਾਸ਼ ! ਮੈ ਕਦੇ ਕਰਮਜੀਤ ਨੂੰ ਮਿਲਿਆ ਹੀ ਨਾ ਹੁੰਦਾ।
“ਚਲੋ ਕਿਤੇ ਹੋਰ ਚਲਦੇ ਹਾਂ, ਕੁਝ ਨਹੀਂ ਹੈ ਇੱਥੇ।
ਕਰਮਜੀਤ ਨੇ ਇੱਕ ਵਾਰ ਅਸਮਾਨ ਵਿੱਚ ਉੱਡ ਰਹੇ ਪੰਛੀਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਸੀ। ਫਿਰ ਉਸਨੇ ਮੇਰੀ ਗਰਦਨ ਦੇ ਖੱਬੇ ਹਿੱਸੇ ਤੇ ਉੱਗੇ ਮਟਰ ਦੇ ਦਾਣੇ ਜਿੱਡੇ ਤਿਲ ਨੂੰ ਆਪਣੀਆਂ ਉਗਲਾਂ ਨਾਲ ਸਹਿਲਾਹਿਆ। “ਤੁਸੀ ਖੁਸ਼ਕਿਸਮਤ ਹੋ। ਇਹ ਖੁਸ਼ਕਿਸਮਤੀ ਦੀ ਨਿਸ਼ਾਨੀ ਹੈ।
“ਰਹਿਣ ਦਿਉ ਬਸ ! ਨਿੱਕੇ ਹੁੰਦਿਆਂ ਤੋ ਧੱਕੇ ਖਾ ਰਿਹਾਂ। ਨਾ ਕੁਝ ਆਉਣ ਦਾ ਪਤਾ, ਨਾ ਕਿਤੇ ਜਾਣ ਦਾ ਰਾਹ। ਕਿਆ ਕਿਸਮਤ ਹੈ।” ਤੇ ਅਸੀ ਇੱਕ ਦੂਜੇ ਨੂੰ ਕਲਾਵੇ ਵਿੱਚ ਲੈ ਕੇ ਕਿਸੇ ਸੁਨਸਾਨ ਸੜਕ ਦੇ ਕਿਨਾਰੇ ਤੁਰਦੇ ਜਾਂਦੇ।
“ਇੱਕ ਗੱਲ ਕਰਨੀ ਸੀ ਤੁਹਾਡੇ ਨਾਲ।”
ਬੈਡ ਦੇ ਇੱਕ ਪਾਸੇ ਲੇਟੀ ਮਨਦੀਪ ਨੇ ਉਗਲਾਂ ਨਾਲ ਮੇਰੇ ਮੋਢੇ ਤੇ ਦਸਤਕ ਕੀਤੀ। ਮੇਰੀਆਂ ਅੱਖਾਂ ਖੁੱਲੀਆਂ, ਜਿਵੇ ਖੁੱਲਣ ਲਈ ਕੋਈ ਬਹਾਨਾ ਲੱਭ ਰਹੀਆਂ ਹੋਣ।
“ਕੀ ਗੱਲ ਹੈ? ਮੈਂ ਪੁੱਛਿਆ।
“ਕੁਝ ਚਾਹੀਦੈ ??
“ਨਹੀ।
ਫਿਰ।”
“ਕੁਝ ਕਹਿਣਾ ਸੀ। ਉਹ ਉੱਠ ਕੇ ਬੈਠ ਜਾਂਦੀ ਹੈ। “ਕਹੋ ਵੀ ਹੁਣ, ਜੋ ਕਹਿਣਾ ਹੈ। ਮੈਂ ਖਿਝ ਕੇ ਕਿਹਾ। ਹੁਣ ਆਪਾਂ ਨੂੰ ਵੀ ਵਿਆਹ ਕਰ ਲੈਣਾ ਚਾਹੀਦੈ। ਮਨਦੀਪ ਆਵਾਜ਼ ਨੂੰ ਸਾਹਾਂ ਦੇ ਆਖਰੀ ਕਿਨਾਰੇ ਤੱਕ ਖਿੱਚ ਕੇ ਲੈ ਗਈ।
ਵਿਆਹ ਦੀ ਕੀ ਲੋੜ ਹੈ? ਆਪਾਂ ਵੈਸੇ ਵੀ ਇਕੱਠੇ ਹੀ ਰਹਿ ਰਹੇ ਹਾਂ। ਇਹੀ ਤਾਂ ਅਸੀ ਚਾਹੁੰਦੇ ਹਾਂ।” ਮੇਰੀ ਸੋਚ ਲਗਾਤਾਰ ਕੀੜੀ ਦੀ ਚਾਲੇ ਚਲੀ ਜਾ ਰਹੀ ਸੀ।
ਨਹੀ, ਵਿਆਹ ਤਾਂ ਕਰਨਾ ਹੀ ਚਾਹੀਦੈ। ਘੱਟ ਤੋਂ ਘੱਟ ਆਪਣੇ ਰਿਸ਼ਤੇ ਨੂੰ ਕੋਈ ਨਾਮ ਤਾਂ ਮਿਲੇਗਾ। “ਤੂੰ ਤੇ ਤੇਰਾ ਵਿਆਹ। ਚੰਗਾ ਸਿਆਪਾ ਪਾਇਐ ।ਮੈ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਕਦੀ ਵਿਆਹ ਨਹੀਂ ਕਰਨਾ। ਝੂਠ, ਝੂਠ ਹੈ ਇਹ, ਇਕਦਮ ਬਕਵਾਸ।
ਚਰਚਾ ਉਤੇ ਵਿਰਾਮ ਲਗਾਉਣ ਲਈ ਮੈ ਚੀਕ ਪਿਆ ਸੀ।
ਮਨਦੀਪ ਉੱਛਲ ਕੇ ਖੜੀ ਹੋ ਗਈ ਤੇ ਦੋੜ ਕੇ ਕਮਰੇ ਵਿੱਚੋਂ ਬਾਹਰ ਨਿੱਕਲ ਗਈ।ਮੈ ਆਪਣੇ ਫਟ ਰਹੇ ਸਿਰ ਨੂੰ ਸਿਰਹਾਣੇ ਵਿੱਚ ਦਬਾ ਕੇ ਬੈਂਡ ਤੇ ਲੇਟ ਗਿਆ। “ਅਵਿਨਾਸ਼। ਇੱਕ ਆਵਾਜ਼ ਸੁਣਾਈ ਦਿੱਤੀ। ਸੋਚਿਆ ਵਹਿਮ ਹੋਇਆ ਹੈ। ਚਾਰੇ ਪਾਸੇ ਵੇਖਿਆ, ਮੇਰੇ ਇਲਾਵਾ ਕਮਰੇ ਵਿੱਚ ਹੋਰ ਕੋਈ ਵੀ ਨਹੀ ਸੀ।
“ਅਵਿਨਾਸ਼।
ਇਸ ਵਾਰ ਆਵਾਜ਼ ਸਾਫ ਸੁਣੀ ਸੀ। ਕਿਸੇ ਮੇਰਾ ਨਾਮ ਲਿਆ ਸੀ।ਸਿਰਹਾਣੇ ਵਿੱਚੋਂ ਸਿਰ ਕੱਢ ਕੇ ਮੈ ਬਾਹਰ ਵੇਖਿਆ। ਕਮਰੇ ਵਿੱਚ ਹੋਰ ਕੋਈ ਵੀ ਨਹੀ ਸੀ। ਛੱਤ ਦਾ ਪੱਖਾ ਠੱਲ ਖ਼ੜਾ ਸੀ ਤੇ ਉਸਦੇ ਬਿਲਕੁਲ ਵਿਚਕਾਰ ਸਫੈਦ ਪਲੇਟ ਵਿੱਚੋਂ ਦੋ ਨੀਲੀਆਂ ਅੱਖਾਂ ਝਾਕ ਰਹੀਆਂ ਸਨ। ਸਮੁੰਦਰੀ ਪਾਣੀ ਵਰਗੀਆਂ ਡੂੰਘੀਆਂ ਨੀਲੀਆਂ ਅੱਖਾਂ। ਮੇਰੇ ਨੇੜੇ, ਹੋਰ ਨੇੜੇ ਆਉਦੀਆਂ ਹੋਈਆਂ ਉਹ ਕਹਿੰਦੀਆਂ।
“ਨਹੀ, ਇਹ ਨਹੀਂ ਹੋਣਾ। ਮੈਥੋ ਨਹੀ ਹੋਣਾ।
“ਮੇਰੀ ਗੱਲ ਸੁਣ। ਹੁਣ ਬਹੁਤਾ ਸੋਚਣ ਦਾ ਫਾਇਦਾ ਨਹੀਂ। ਆਪਾਂ ਦੌੜ ਚਲਦੇ ਹਾਂ। ਇਹ ਮੇਰੀ ਹੀ ਆਵਾਜ਼ ਸੀ ਜੋ ਹਜੇ ਵੀ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ।ਕਰਮਜੀਤ ਹੁਬਕੋ-ਹੁਬਕੀ ਰੋਣ ਲੱਗ ਪਈ ਸੀ।
“ਬਸ ਇੰਨੀ ਹੀ ਨਿਭਾਉਣੀ ਸੀ। ਮੈ ਚੀਕ ਮਾਰ ਕੇ ਕਿਹਾ।
ਪਰ ਉਸਨੇ ਤਾਂ ਜਿਵੇ ਸੁਣਿਆ ਹੀ ਨਹੀ ਸੀ। ਬਸ ਦੋੜਦੀ ਹੀ ਜਾ ਰਹੀ ਸੀ, ਕਦੀ ਵੀ ਪਿੱਛੇ ਮੁੜ ਕੇ ਨਾ ਵੇਖਣ ਲਈ।
“ਮੈ ਆਪਣੇ ਘਰ ਵਾਪਸ ਜਾ ਰਹੀ ਹਾਂ। ਮੈਨੂੰ ਫੋਨ ਨਾ ਕਰਨਾ।” ਮਨਦੀਪ ਦੀ ਆਵਾਜ਼ ਸੁਣ ਕੇ ਮੈ ਸਿਰਹਾਣਾ ਆਪਣੇ ਮੁੰਹ ਤੋਂ ਹਟਾ ਕੇ ਵੇਖਿਆ। ਉਹ ਆਪਣਾ ਸੂਟਕੇਸ ਚੁੱਕ ਕੇ ਹੋਲੀ ਹੋਲੀ ਵਰਾਂਡੇ ਦੀਆਂ ਪੌੜੀਆਂ ਉੱਤਰ ਰਹੀ ਸੀ। ਥੜ ਥੜ ਕਰਕੇ ਪੌੜੀਆਂ ਉਤਰਨ ਦੀ ਆਵਾਜ਼ ਸੁਣਦਿਆਂ ਮੈ ਬੈਡ ਤੋਂ ਉੱਠ ਕੇ ਕੁਰਸੀ ਤੇ ਬੈਠ ਗਿਆ। ਪਤਾ ਨਹੀ ਕਿੰਨੀ ਕੁ ਦੇਰ ਬੈਠਾ ਰਿਹਾ। ਅਚਾਨਕ ਕਮਰੇ ਵਿੱਚ ਹੱਸਣ ਦੀਆਂ ਲਹਿਰਾਂ ਫੈਲ ਗਈਆਂ, ਜਿਵੇ ਹਾਸੇ ਦਾ ਬੱਦਲ ਫਟ ਗਿਆ ਹੋਵੇ। ਮੈਂ ਘਬਰਾ ਕੇ ਚਾਰੇ ਪਾਸੇ ਵੇਖਿਆ। ਕਮਰਾ ਬੰਦ ਤਾਬੂਤ ਦੀ ਤਰਾਂ ਖ਼ਾਮੋਸ਼ ਸੀ। ਬੇਹੋਸ਼ੀ ਜਿਹੀ ਵਿੱਚ ਮੈ ਕੁਰਸੀ ਤੋਂ ਉਠਿਆ ਤੇ ਸਿਰਹਾਣੇ ਵਿੱਚ ਸਿਰ ਦੇ ਕੇ ਫਿਰ ਤੋਂ ਬੈਡ ਤੇ ਲੇਟ ਗਿਆ। ਗੁੰਜਦੀਆਂ ਹੋਈਆਂ ਹਾਸੇ
ਬੇਹੋਸ਼ੀ ਜਿਹੀ ਵਿੱਚ ਮੈ ਕੁਰਸੀ ਤੋ ਉਠਿਆ ਤੇ ਸਿਰਹਾਣੇ ਵਿੱਚ ਸਿਰ ਦੇ ਕੇ ਫਿਰ ਤੋਂ ਬੈਡ ਤੇ ਲੇਟ ਗਿਆ। ਗੁੰਜਦੀਆਂ ਹੋਈਆਂ ਹਾਸੇ | ਦੀਆਂ ਲਹਿਰਾਂ ਹੋਰ ਉਚੀਆਂ, ਹੋਰ ਡੂੰਘੀਆਂ ਹੁੰਦੀਆਂ ਜਾ ਰਹੀਆਂ ਸਨ।
Vikramjeet Handa