ਸਟੋਰ ‘ਚ ਕੰਮ ਕਰਨ ਵਾਲ਼ੇ ਬਾਕੀ ਸਹਿਕਰਮੀਆਂ ਦੇ ਮੁਕਾਬਲੇ ਉਸਦੀ ਉਮਰ ਕੁਛ ਜਿਆਦਾ ਹੀ ਵੱਡੀ ਸੀ। ਭਲਾ ਇਸ ਔਰਤ ਨੂੰ ਇਸ ਉਮਰੇ ਕੰਮ ਕਰਨ ਦੀ ਕੀ ਲੋੜ? ਕਈਆਂ ਦੇ ਮਨ ‘ਚ ਸਵਾਲ ਆਏ। ਮੈਨੇਜਰ ਨੇ ਸੰਖੇਪ ‘ਚ ਸਭਨੂੰ ਬੱਸ ਐਨਾ ਹੀ ਦੱਸਿਆ ਸੀ ਕਿ ਉਹ ਰਿਟਾਇਰਡ ਹੈ, ਪਰ ਕੰਮ ਕਰਨ ਦੀ ਇੱਛੁਕ ਹੈ।
ਰਿਟਾਇਰਮੈਂਟ ਤੋਂ ਬਾਅਦ ਵੀ ਕਿਉਂ ਕੰਮ ਕਰ ਰਹੀ ਹੈ? ਕੀ ਮਜਬੂਰੀ ਹੋਵੇਗੀ? ਮਨ ‘ਚ ਕਈ ਗੱਲਾਂ ਆਉਂਦੀਆਂ।
ਮਰੀਅਮ ਨਾਂ ਸੀ ਉਸਦਾ, ਵਿਅਕਤੀਤਵ ਬੜਾ ਸੁਹਿਰਦ, ਸਮੇਂ ਦੀ ਪਾਬੰਦ, ਆਤਮ ਸਨਮਾਨ ਨਾਲ਼ ਭਰਿਆ ਮੁਸਕੁਰਾਉਂਦਾ ਚਿਹਰਾ, ਉਸਦੇ ਬੋਲਣ, ਉੱਠਣ ਬੈਠਣ ਵਿੱਚ ਇਕ ਠਹਿਰਾਓ ਜਿਹਾ, ਕੋਈ ਕਾਹਲ਼ ਨਹੀਂ। ਕੱਪੜੇ ਉਸਨੇ ਬੜੇ ਸਲੀਕੇ ਨਾਲ਼, ਢੁਕਵੇਂ ਰੰਗਾਂ ਵਾਲ਼ੇ ਤੇ ਫੱਬਵੇਂ ਜਿਹੇ ਪਾਏ ਹੁੰਦੇ, ਪੈਰੀਂ ਪਾਈ ਜੁੱਤੀ ਤੋਂ ਲੈਕੇ ਵਾਲ਼ ਵਾਹੁਣ ਦੇ ਤਰੀਕੇ, ਤੇ ਗਹਿਣੇ ਵਗੈਰਾ ਸਭ ਕੁਛ ਜਿਵੇਂ ਇਕ ਵਿਉਂਤਬੰਦੀ ‘ਚ ਹੁੰਦਾ। ਕਿੰਨੀ ਕੁ ਉਮਰ ਹੋਵੇਗੀ ਭਲਾ ਮਰੀਅਮ ਦੀ, ਕੋਈ ਅੰਦਾਜ਼ਾ ਜਿਹਾ ਨਾ ਲਾ ਪਾਉਂਦਾ।
ਮਰੀਅਮ ਕਾਫ਼ੀ ਮਿਲਣਸਾਰ ਤੇ ਨਿੱਘੇ ਸੁਭਾਅ ਦੀ ਹੋਣ ਕਰਕੇ ਛੇਤੀ ਹੀ ਸਭ ਨਾਲ਼ ਘੁਲ਼ਮਿਲ ਗਈ ਸੀ। ਉਤਸੁਕਤਾ ਤਾਂ ਹੈ ਹੀ ਸੀ ਸੋ ਗੱਲਾਂ ਗੱਲਾਂ ‘ਚ ਇਕ ਦਿਨ ਉਸਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਹੀ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਈ ਸੀ। ਉਹ ਰਾਜ ਸਰਕਾਰ ਦੇ ਕਿਸੇ ਮਹਿਕਮੇ ‘ਚ ਬਤੌਰ ਇਕ ਕੇਸ ਵਰਕਰ ਭਰਤੀ ਹੋਈ ਸੀ, ਫਿਰ ਆਪਣੀ ਮਿਹਨਤ ਸਦਕਾ ਸੁਪਰਵਾਈਜਰ ਰਹੀ ਤੇ ਬਤੌਰ ਇਕ ਸੀਨੀਅਰ ਅਧਿਕਾਰੀ ਰਿਟਾਇਰ ਹੋਈ ਸੀ। ਉਸਦਾ ਸਾਡੇ ਦਰਮਿਆਨ ਹੋਣਾ ਹੀ ਸਾਡੇ ਵਾਸਤੇ ਬੜੇ ਮਾਣ ਵਾਲ਼ੀ ਗੱਲ ਸੀ। ਆਖਣ ਲੱਗੀ ਕਿ ਦੋ ਸਾਲ ਰਿਟਾਇਰਮੈਂਟ ਦੇ ਬੜੇ ਵਧੀਆ ਲੰਘੇ ਪਰ ਹੁਣ ਘਰਵਾਲ਼ਾ ਵੀ ਘਰ ਹੀ ਹੁੰਦਾ ਤਾਂ ਦੋਵੇਂ ਲੜ ਪੈਂਦੇ ਹਾਂ, ਇਸੇ ਲਈ ਮੈਂ ਆਹ ਨੌਕਰੀ ਲੱਭ ਲਈ।
ਉਸ ਨੌਕਰੀ ਦੇ ਮੁਕਾਬਲੇ ਐਥੇ ਸਟੋਰ ‘ਚ ਕੰਮ ਕਰਨਾ ਕਿਵੇਂ ਲੱਗ ਰਿਹਾ?…ਤਾਂ ਆਖਣ ਲੱਗੀ, “ਹਾਂ ਸਾਰੇ ਕਹਿੰਦੇ ਸੀ ਕਿ ਤੇਰੇ ਕੋਲ਼ੋਂ ਐਥੇ ਕੰਮ ਨੀ ਹੋਣਾ, ਤੂੰ ਤਾਂ ਸਾਰੀ ਉਮਰ ਬੌਸ ਬਣਕੇ ਰਹੀ ਐਂ। ਇਥੇ ਕਿਵੇਂ ਕੰਮ ਕਰੇਂਗੀ, ਪਰ ਅਸਲ ‘ਚ ਮੈਂ ਤਜੁਰਬਾ ਕਰ ਲਿਆ ਏ, ਮੈਂ ਜ਼ਿੰਦਗੀ ‘ਚ ਐਨਾ ਕੁ ਛ ਦੇਖ ਲਿਆ ਏ ਤੇ ਜਾਣ ਲਿਆ ਏ ਕਿ ਜੇ ਕੋਈ ਚੀਜ਼ ਮਾਅਨੇ ਰੱਖਦੀ ਏ ਤਾਂ ਉਹ ਤੁਹਾਡਾ ਖ਼ੁਦ ਦਾ ਹੋਣਾ, ਆਪਣਾ ਅੰਤਰੀਵ ਆਨੰਦ ਹੈ, ਜੇ ਤੁਹਾਡੇ ਕੋਲ਼ ਆਪਣਾ ਆਪਾ ਹੀ ਸਕੂਨ ਭਰਿਆ ਨਹੀਂ ਤਾਂ ਅਹੁਦੇ, ਪੈਸਾ, ਸ਼ੋਹਰਤ ਹੋਰ ਕੋਈ ਚੀਜ਼ ਤੁਹਾਨੂੰ ਚੈਨ ਨਹੀਂ ਦੇ ਸਕਦੀ। ਮੈਂ ਕੋਈ ਬਰਾਂਡਨੇਮ ਨਹੀਂ ਛੱਡਿਆ ਜਿਸਦੇ ਕਿ ਮੇਰੇ ਕੋਲ ਕੱਪੜੇ, ਜੁੱਤੀਆਂ, ਪਰਸ ਨਾ ਹੋਣ, ਪਰ ਹੁਣ ਮੈਨੂੰ ਇਹ ਸਭ ਬੇ ਮਾਅਨੇ ਲੱਗਦੇ ਨੇ। ਪਿਛਲੇ ਹਫ਼ਤੇ ਹੀ ਗੁੱਡਵਿੱਲ ਵਾਲ਼ਿਆਂ ਨੂੰ ਕਿੰਨਾ ਸਾਮਾਨ ਦਾਨ ‘ਚ ਦੇ ਆਈ ਹਾਂ……..ਮੇਰੀ ਪੁਰਾਣੀ ਨੌਕਰੀ ਸਭਨੂੰ ਲੁਭਾਉਂਦੀ ਹੈ, ਪਰ ਮੈਨੂੰ ਹੀ ਪਤਾ ਹੈ ਕਿ ਮੇਰੇ ਸਹਿਕਰਮੀ, ਤੇ ਕਲਾਇੰਟ ਦੋਵੇਂ ਧਿਰਾਂ ਮੈਨੂੰ ਕਿੰਨੀ ਨਫ਼ਰਤ ਕਰਦੀਆਂ ਸਨ। ਮੈਂ ਤਾਂ ਆਪਣੀ ਜਿੰਮੇਵਾਰੀ ਨਿਭਾਉਣੀ ਹੁੰਦੀ ਸੀ ਪਰ ਲੋਕਾਂ ਨੂ ਲੱਗਦਾ ਸੀ ਕਿ ਮੈਂ ਉਹਨਾਂ ਲਈ ਅੱਣਚਨ ਖੜੀ ਕਰ ਰਹੀ ਹਾਂ।” ਉਸਦੇ ਚਿਹਰੇ ‘ਤੇ ਆਉਂਦੇ ਹਾਵ ਭਾਵ ਉਸਦੇ ਬੋਲਾਂ ਦੀ ਹਾਮੀ ਭਰ ਰਹੇ ਸੀ।
ਮਰੀਅਮ ਬੱਚੇ ਵੀ ਤਾਂ ਤੈਨੂੰ ਮਸਰੂਫ ਰੱਖਦੇ ਹੋਣਗੇ? ਤਾਂ ਆਖਣ ਲੱਗੀ ਕਿ ਮੇਰੇ ਮੁੰਡੇ ਯੂਨੀਵਰਸਿਟੀ ਪੜ੍ਹਦੇ ਨੇ, ਉਹ ਆਪਣੀ ਜ਼ਿੰਦਗੀ ਜੀ ਰਹੇ ਨੇ, ਤੇ ਬੜੇ ਖਿੜੇ ਜਿਹੇ ਲਹਿਜੇ ‘ਚ ਮਾਣ ਨਾਲ਼ ਉਸਨੇ ਆਪਣੇ ਇਕ ਦਾਦੀ ਹੋਣ ਦੀ ਗੱਲ ਦੱਸੀ, “ਮੇਰੀ ਇਕ ਪੋਤੀ ਵੀ ਹੈ, 14-15 ਸਾਲ ਦੀ। “…..”ਹੈਂ ਮਰੀਅਮ ਤੂੰ ਦਾਦੀ ਮਾਂ ਵੀ ਹੈਂ?” …..,”ਹਾਂ, ਮੈਂ ਦਾਦੀ ਵੀ ਹਾਂ….” ਉਹ ਮੁਸਕਰਾ ਵੀ ਰਹੀ ਸੀ ਤੇ ਕੁਛ ਸੋਚੀਂ ਵੀ ਪੈ ਗਈ, ਕਹਿਣ ਲੱਗੀ,” ਪਰ ਹੁਣ ਮੇਰੀ ਪੋਤੀ ਸਾਡੇ ਕੋਲ਼ ਘੱਟ ਹੀ ਆਉਂਦੀ ਹੈ, ਉਸਦਾ ਕਮਰਾ ਤਾਂ ਮੈਂ ਸਜਾ ਸੰਵਾਰਕੇ ਰੱਖਦੀ ਹਾਂ ਕਿ ਜੇ ਕਦੇ ਆਵੇ ਤਾਂ ਉਹ ਆਕੇ ਰਹਿ ਲਵੇ, ਪਰ ਹੁਣ ਉਹ ਕਾਫ਼ੀ ਸਮੇਂ ਤੋਂ ਆਈ ਨਹੀਂ।”…..ਮੈਂ ਝਿਜਕਦਿਆਂ ਜਿਹੇ ਪੁੱਛ ਲਿਆ, “ਉਹ ਕਿਉਂ ਭਲਾ?”….,”ਮੇਰੇ ਪੁੱਤਰ ਦੀ ਮੌਤ ਤੋਂ ਬਾਅਦ ਬੱਸ ਮੇਰੀ ਨੂੰਹ ਨੂੰ ਬੱਚੀ ਦੀ ਪੂਰੀ ਕਸਟਡੀ ਮਿਲ ਗਈ, ਉਹਨਾਂ ਦਾ ਤਲਾਕ ਹੋ ਗਿਆ ਸੀ ਨਾ, ਇਸ ਕਰਕੇ।”……
ਪੁੱਤਰ ਦੀ ਮੌਤ? ਇਹ ਮੇਰੇ ਕੋਲੋਂ ਕੀ ਪੁੱਛ ਹੋ ਗਿਆ ਸੀ! ਮਰੀਅਮ ਦੀਆਂ ਅੱਖਾਂ ਨਮ ਹੋ ਗਈਆਂ ਸਨ। ….,”30 ਸਾਲ ਦਾ ਸੀ ਮੇਰਾ ਬੇਟਾ। ਦਿਲ ਦਾ ਦੌਰਾ ਪਿਆ ਸੀ, ਪੂਰਾ ਹੋਣ ਤੋਂ ਇਕ ਦਿਨ ਪਹਿਲਾਂ ਉਸਨੇ ਮੈਨੂੰ ਦੱਸਿਆ ਵੀ ਸੀ ਕਿ ਮਾਂ ਮੇਰੀ ਛਾਤੀ ਬਹੁਤ ਭਾਰ ਜਿਹਾ ਮਹਿਸੂਸ ਕਰ ਰਹੀ ਹੈ, ਮੈਂ ਉਸਨੂੰ ਕਿਹਾ ਵੀ ਕਿ ਚੱਲ ਹਸਪਤਾਲ ਚੱਲਦੇ ਹਾਂ, ਪਰ ਉਹ ਪਾਰਟੀ ਦੀਆਂ ਤਿਆਰੀਆਂ ਕਰ ਰਿਹਾ ਸੀ, ਬਹੁਤ ਰੁੱਝਿਆ ਹੋਇਆ ਸੀ, 31ਦਸੰਬਰ ਨੂੰ ਉਸਨੇ ਆਪਣੇ ਘਰ ਪਾਰਟੀ ਰੱਖੀ ਸੀ ਨਵੇਂ ਸਾਲ ਦੀ ਤੇ 30 ਨੂੰ ………!” ਉਸਤੋਂ ਗੱਲ ਪੂਰੀ ਨਾ ਕਰ ਹੋਈ। ….,”ਮੈਨੂੰ ਜ਼ਿੰਦਗੀ ‘ਚ ਐਨਾ ਕਿਸੇ ਚੀਜ਼ ਨੇ ਨਹੀਂ ਤੋੜਿਆ ਜਿੰਨਾ ਮੇਰੇ ਪੁੱਤਰ ਦੇ ਤੁਰ ਜਾਣ ਨੇ ਮੈਨੂੰ ਸੱਖਣਾ ਕਰ ਦਿੱਤਾ ਹੈ, ਮੇਰਾ ਇਕ ਭਰਾ ਤੁਰ ਗਿਆ, ਮਾਂ-ਪਿਓ ਤੁਰ ਗਏ, ਪਰ ਮੈਂ ਸੰਭਲ਼ ਗਈ ਸੀ, ਪਰ ਮੇਰੇ ਪੁੱਤਰ ਦਾ ਜਾਣਾ ਜੋ ਚੀਸ ਦਿੰਦਾ ਏ ਉਹ ਝੱਲ ਨਹੀਂ ਹੁੰਦੀ।” ਉਸਦੀਆਂ ਅੱਖਾਂ ਦੇ ਕੋਏ ਸੁਰਖ਼ ਹੋ ਗਏ ਸਨ, ਹੰਝੂ ਉਸਨੇ ਰੋਕੀ ਰੱਖੇ। ……..,” ਦਰਅਸਲ ਇਸੇ ਲਈ ਮੈਂ ਰਿਟਾੲਰਮੈਂਟ ਤੋਂ ਬਾਅਦ ਵੀ ਕੰਮ ਲੱਭਿਆ ਏ, ਘਰ ਰਹਿਕੇ ਉਸਦੀ ਹੋਰ ਵੀ ਯਾਦ ਆਉਂਦੀ ਏ, ਮਨ ਰੋਗੀ ਹੋ ਰਿਹਾ ਵਿਹਲੇ ਰਹਿ ਕੇ, ਇਸੇ ਲਈ ਕੰਮ ‘ਤੇ ਆਉਂਦੀ ਹਾਂ। ਖ਼ੁਦ ਨੂੰ ਮਸਰੂਫ ਰੱਖਦੀ ਹਾਂ, ਦਿਲ ਤਾਂ ਹਿੰਮਤ ਛੱਡ ਜਾਂਦਾ ਏ ਕਦੇ ਕਦੇ, ਦਿਲ ਕਰਦਾ ਹੈ ਕਿ ਬੱਸ ਉਸਦੀ ਯਾਦ ‘ਚ ਹੀ ਬੈਠੀ ਰਹਾਂ ਸਾਰੀ ਉਮਰ, ਉਹ ਕਿਧਰੋ ਮੁੜ ਆਵੇ! ਪਰ ਜੇ ਮੈਂ ਇਸਤਰਾਂ ਦਿਲ ਛੱਡਣ ਵਾਲ਼ੀਆਂ ਗੱਲਾਂ ਕਰੂੰਗੀ ਤਾਂ ਮੇਰੇ ਦੂਜੇ ਦੋ ਪੁੱਤਰਾਂ ਨਾਲ਼ ਬੇਇਨਸਾਫੀ ਕਰ ਰਹੀ ਹੋਵਾਂਗੀ। ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਨਾ! ਇਸ ਕਰਕੇ ਮੈਂ ਹੁਣ ਪਹਿਲਾਂ ਵਾਂਗ ਹੀ ਜਿਮ ਜਾਂਦੀ ਹਾਂ, ਆਪਣਾ ਖਿਆਲ ਰੱਖਦੀ ਹਾਂ, ਆਪਣੇ ਬੱਚਿਆਂ ਦਾ ਪਤੀ ਦਾ ਖਿਆਲ ਰੱਖਦੀ ਹਾਂ।”ਕਹਿਕੇ ਉਸਨੇ ਆਪਣਾ ਮੇਜ਼ ਸਾਫ਼ ਕਰ ਸਾਮਾਨ ਲੌਕਰ ‘ਚ ਰੱਖਣਾ ਸ਼ੁਰੂ ਕਰ ਦਿੱਤਾ, ਸਾਡੀ ਲੰਚ ਬਰੇਕ ਖਤਮ ਹੋ ਚੁੱਕੀ ਸੀ।
ਕੰਮ ‘ਤੇ ਵਾਪਸ ਜਾਂਦੀ ਜਾਂਦੀ ਬੋਲੀ, “ਮੇਰਾ ਘਰਵਾਲ਼ਾ ਵੀ ਹਰ ਵੇਲ਼ੇ ਆਪਣੇ ਹੀ ਰੋਣੇ ਰੋਂਦਾ ਰਹਿੰਦਾ ਏ,ਬੁੱਢਾ ਜੋ ਹੋ ਗਿਆ ਏ।”, ਕਹਿਕੇ ਉਹ ਹੱਸ ਪਈ। ਉਸਦਾ ਮੂਡ ਠੀਕ ਹੋਇਆ ਦੇਖ ਮੈਂ ਹਲਕੀ ਜਿਹੀ ਟਕੋਰ ਮਾਰੀ,” ਅੱਛਾ ਮਰੀਅਮ ਤੂੰ ਬੜੀ ਜਵਾਨ ਜਹਾਨ ਤੇ ਵਿਆਹੀ ਬੁੱਢੇ ਨਾਲ਼?”……ਉਹ ਫਿਰ ਗੰਭੀਰ ਹੋਕੇ ਕਹਿੰਦੀ, “ਹਾਂਅ!! ਮੇਰਾ ਘਰਵਾਲ਼ਾ ਬੁੱਢਾ ਮੇਰੇ ਨਾਲ਼ੋਂ, ਮੈਂ ਸੋਲ਼ਾਂ ਸਾਲਾਂ ਦੀ ਸੀ ਜਦੋਂ ਵਿਆਹੀ ਗਈ ਤੇ ਘਰਵਾਲ਼ਾ 31 ਦਾ ਸੀ। ਮੈਨੂੰ ਪਤਾ ਹੀ ਨਹੀਂ ਸੀ ਉਦੋਂ ਉਮਰ ਦਾ।, ਬੱਸ ਉਹ ਦੇਖਣ ਨੂੰ ਠੀਕ ਲੱਗਦਾ ਸੀ।”…………”ਪਰ ਸਾਡਾ ਵਿਆਹ ਸਫਲ ਰਿਹਾ ਸੀ, ਹਾਲੇ ਤੱਕ ਇਕੱਠੇ ਹਾਂ।” ਕਹਿ ਮੁਸਕੁਰਾਉਂਦੀ ਹੋਈ ਉਹ ਗਾਹਕਾਂ ਦਾ ਸਵਾਗਤ ਕਰਦੀ ਮਸਰੂਫ ਹੋ ਗਈ। (ਦੋਵਾਂ ਦੀ ਉਮਰ ਦਾ ਫਰਕ ਜਾਣ ਕੇ ਮੈਂ ਸੋਚਾਂ ‘ਚ ਪੈ ਗਈ, ਕਿਉਂਕਿ ਕਈ ਲੋਕ ਇਹੋ ਜਿਹੀਆਂ ਗੱਲਾਂ ਦਾ ਝੋਰਾ ਲਾ ਉਮਰਾਂ ਗਵਾ ਦਿੰਦੇ ਤੇ ਕਈ ਮਰੀਅਮ ਵਰਗੇ ਜਿਨ੍ਹਾਂ ਨੂੰ ਸਹਿਜਤਾ ਨਾਲ ਰਹਿਣਾ ਆ ਗਿਆ ਹਰ ਮੁਸ਼ਕਲ ਨੂੰ ਹੱਲ ‘ਚ ਬਦਲ ਦਿੰਦੇ ਨੇ।)
ਸੱਚਮੁੱਚ ਮਰੀਅਮ ਦੀ ਸ਼ਖ਼ਸੀਅਤ, ਉਸਦਾ ਹੋਣਾ, ਉਸਦਾ ਜ਼ਿੰਦਗੀ ਪ੍ਰਤੀ ਰਵੱਈਆ, ਮਹਿਸੂਸ ਕਰਵਾਉਂਦਾ ਸੀ ਕਿ ਜ਼ਿੰਦਗੀ ‘ਚ ਅਸੀਂ ਜਿਨ੍ਹਾਂ ਲੋਕਾਂ ਦੇ ਸੰਪਰਕ ‘ਚ ਆਉਂਦੇ ਹਾਂ ਇਹ ਕੋਈ ਅਚਾਨਕ ਨਹੀਂ ਹੁੰਦਾ, ਇਹ ਜਿਵੇਂ ਕੋਈ ਇਸ਼ਾਰੇ ਹੀ ਹੁੰਦੇ ਨੇ, ਪੈਗ਼ਾਮ ਹੁੰਦੇ ਨੇ, ਕੋਈ ਸੇਧ ਮਿਲਣੀ ਹੁੰਦੀ ਹੈ, ਕੋਈ ਦੇਣੇ ਲੈਣੇ ਹੁੰਦੇ ਨੇ ਸ਼ਾਇਦ ਕਰਮਾਂ ਦੇ……ਮਰੀਅਮ ਚਾਹੁੰਦੀ ਤਾਂ ਡਿਪਰੈਸ਼ਨ ਨੂੰ ਫੜਕੇ ਬਹਿ ਜਾਂਦੀ, ਹਾਲ ਬੇਹਾਲ ਕਰ ਲੈਂਦੀ ਖ਼ੁਦ ਨੂੰ, ਪਰ ਨਹੀਂ ਉਸਨੇ ਕੱਢਿਆ ਖ਼ੁਦ ਨੂੰ ਡਿਪ੍ਰੇਸ਼ਨ ‘ਚੋ ਬਾਹਰ, ਇਕ ਵਾਰ ਨਹੀਂ , ਵਾਰ ਵਾਰ, ਅਣਗਿਣਤ ਵਾਰ। ਅਸੀਂ ਨਿਰਾਸ਼ਾ ਵੱਲ ਧੱਕੇ ਚਲੇ ਜਾਂਦੇ ਹਾਂ ਤੇ ਜ਼ਿੰਦਗੀ ਤਾਂ ਉਸੇ ਨੂੰ ਕਹਿੰਦੇ ਨੇ ਸ਼ਾਇਦ ਜੋ ਦਰਿਆ ਦੀ ਰਵਾਨਗੀ ਵਾਲ਼ੀ ਹੋਵੇ ‘ਤੇ ਰਸਤੇ ਬਣਾਉਂਦੀ ਵਹਿੰਦੀ ਚਲੀ ਜਾਵੇ ਮਰੀਅਮ ਵਾਂਗ।
✍🏼ਸੰਦੀਪ ਔਲਖ