ਐਤਵਾਰ ਦੇ ਦਿਨ ਕੇਸੀ ਇਸ਼ਨਾਨ ਕਰਕੇ ਮੈਂ ਬਾਹਰ ਆ ਬੈਠਾ । ਧੁੱਪ ਕਈ ਦਿਨਾਂ ਬਾਅਦ ਨਿੱਕਲੀ ਸੀ । ਸਰਦੀ ਦੇ ਦਿਨਾਂ ਵਿੱਚ ਮੇਰੇ ਲਈ ਪੋਹ ਦੇ ਮਹੀਨੇ ਵਿੱਚ ਇਹ ਧੁੱਪ ਵਾਲਾ ਦਿਨ ਨਿਆਮਤ ਵਾਂਗ ਸੀ । ਮੈਂ ਬਾਹਰ ਵਿਹੜੇ ਵਿੱਚ ਅਖਬਾਰ ਲੈ ਕੇ ਹਾਲੇ ਮੋਟੀ ਮੋਟੀ ਸੁਰਖੀ ਹੀ ਦੇਖ ਰਿਹਾ ਸੀ । ਮੇਨ ਗੇਟ ਖੜਕਿਆ ਤਾ ਮੈਂ ਉਥੋਂ ਹੀ ਆਵਾਜ ਦਿੱਤੀ, “ਖੁੱਲਾ ਹੀ ਹੈ ਲੰਘ ਆੳ ਜੀ।”ਦਰਵਾਜੇ ਹੇਠਲੀ ਗੱਰਿਲ ਵਿੱਚ ਇੱਕ ਜੋੜੀ ਪੈਰ ਦੇਸੀ ਜੁੱਤੀ ਪਾਈ ਦਿਖੇ, ਮੈਂ ਸੋਚਿਆ ਕੋਈ ਪਿੰਡੋਂ ਮਿਲਣ ਆ ਗਿਆ ਹੋਵੇਗਾ ।
ਮਲਕੜੇ ਜਿਹੇ ਦਰਵਾਜਾ ਖੁੱਲਿਆ ਤੇ ਸਾਹਮਣੇ ਘਸੀ ਜਿਹੀ ਲੋਈ ਦੀ ਬੁੱਕਲ ਮਾਰੀ ਇੱਕ ਬਜੁਰਗ ਖੜਾ ਸੀ । ਉੱਚਾ ਲੰਮਾ ਪ੍ਰੰਤੂ ਥੌੜਾ ਝੁਕਿਆ ਹੋਇਆ । ਤੇੜ ਚਾਦਰਾ ਕੁੜਤਾ ਤੇ ਹੱਥ ਵਿੱਚ ਖਾਲੀ ਬੋਤਲ। ਮੈਂ ਉਹਦੇ ਵੱਲ ਸਵਾਲਿਆ ਨਜਰਾਂ ਨਾਲ ਦੇਖਿਆ । ਉਹਨੇ ਚਿਹਰੇ ਤੇ ਲੋਹੜੇ ਦੀ ਬੇਚਾਰਗੀ ਪ੍ਰਗਟ ਕਰਦੇ ਹੋਏ ਕਿਹਾ, “ਸਰਦਾਰਾ, ਕੁੜੀ ਦੇ ਬੱਚਾ ਹੋਇਆ, ਦੁੱਧ ਦੀ ਘੁੱਟ ਦੇ ਦੇਵੇਂ ਤਾਂ ਉਹਨੂੰ ਚਾਹ ਕਰਕੇ ਪਿਆ ਦੇਵਾਂ।” ਉਹ ਓਪਰੀ ਪੰਜਾਬੀ ਵਿੱਚ ਬੋਲਿਆ । ਮੈਨੂੰ ਲੱਗਿਆ ਕਿ ਉਹ ਰਾਜਸਥਾਨ ਦਾ ਰਹਿਣ ਵਾਲਾ ਹੈ । ਅਕਸਰ ਮੰਗਣ ਵਾਲਿਆ ਨੂੰ ਮੈਂ ਕੰਮ ਕਰਨ ਦੇ ਪ੍ਰਵਚਨ ਦੇ ਕੇ ਤੋਰ ਦਿੰਦਾ ਸੀ । ਪਰ ਉਹ ਮੈਲੇ ਸਫੇਦ ਕੱਪੜਿਆਂ ਵਿੱਚ ਮੰਗਣ ਵਾਲਾ ਨਾ ਲੱਗ ਕੇ ਲੋੜਵਦ ਲੱਗਿਆ । ਮੈਂ ਅੰਦਰੋਂ ਆਵਾਜ ਮਾਰ ਕੇ ਬੇਟੇ ਨੂੰ ਬੁਲਾਇਆ ਤੇ ਕਿਹਾ, “ਪ੍ਰਭ ਦੇਖ ਜੇ ਦੁੱਧ ਪਿਆ ਤੇ ਲਿਆ ਕੇ ਦੇ ਬਾਬੇ ਨੂੰ।” ਉਹਨੇ ਬੋਤਲ ਬੇਟੇ ਨੂੰ ਫੜਾ ਦਿੱਤੀ ।ਤੇ ਉਹ ਬੋਲਿਆ, “ਸਰਦਾਰਾ ਪੰਜਾਬ ਵਿੱਚ ਕੋਈ ਭੁੱਖਾ ਨਹੀ ਮਰ ਸਕਦਾ।” ਉਸਦੀ ਗੱਲ ਦਾ ਮੈਂ ਉਤਰ ਮੋੜਿਆ,”ਉਹ ਭਾਈ ਇਹ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਇਥੇ ਉੱਹਨਾਂ ਦਾ ਅਸ਼ੀਰਵਾਦ ਹੈ।” ਮੇਰਾ ਜਵਾਬ ਸੁਣ ਕੇ ਉਹ ਭੂੰਜੇ ਹੀ ਪੈਰਾਂ ਭਾਰ ਆ ਬੈਠਾ।ਮੈਂ ਉਸ ਨੂੰ ਖਾਲੀ ਪਈ ਕੁਰਸੀ ਤੇ ਬੈਠਣ ਲਈ ਕਿਹਾ।ਪਰ ਉਸਨੇ ਨਾਹ ਵਿਚ ਸਿਰ ਹਿਲਾ ਦਿੱਤਾ।
ਉਸ ਨੇ ਆਪ ਮੁਹਾਰੇ ਹੀ ਆਪਣੀ ਗਾਥਾ ਬਿਆਨ ਕਰਨੀ ਸ਼ੁਰੂ ਕਰ ਦਿੱਤੀ ‘” ਸਰਦਾਰ ਜੀ ਮੇਰੀ ਵੀ ਬੀਕਾਨੇਰ ਇਲਾਕੇ ਵਿੱਚ 100 ਬੀਘੇ ਜਮੀਨ ਹੈ । ਪਰ ਮਾਰੂ ਹੈ । ਜੇ ਮੀਂਹ ਪੈ ਜਾਵੇ ਤਾਂ ਫਸਲ ਹੋ ਜਾਂਦੀ ਹੈ ਨਹੀ ਤਾਂ ਰੱਬ ਰਾਖਾ।” ਉਸਨੇ ਹਉਕਾ ਲੈ ਕੇ ਕਿਹਾ ,ਉਹ ਆਪਣੇ ਭਲੇ ਵੇਲਿਆਂ ਨੂੰ ਯਾਦ ਕਰ ਰਿਹਾ ਸੀ। ਮੇਰੀ ਉਸ ਵਿੱਚ ਦਿਲਚਸਪੀ ਜਾਗ ਚੁੱਕੀ ਸੀ । ਮੈਂ ਕਿਹਾ, “ਫੇਰ ਬਾਬਾ ਗੁਜਾਰਾ ਕਿਵੇਂ ਚਲਦਾ।” ਉਸਨੇ ਕਿਹਾ, “ਸਰਦਾਰਾ ਪਹਿਲਾਂ ਸਾਰਾ ਟੱਬਰ ਇਕੱਠਾ ਸੀ । ਸੜਕਾ ਤੇ ਕੰਮ ਕਰਦੇ ਸੀ ਚੰਗੀ ਦਿਹਾੜੀ ਮਿਲ ਜਾਂਦੀ ਸੀ । ਪਰ ਪਿਛਲੇ ਕਈ ਸਾਲਾਂ ਤੋਂ ਸਾਡਾ ਸਾਰਾ ਕੰਮ ਤਾਂ ਮਸ਼ੀਨਾਂ ਨੇ ਖੌਹ ਲਿਆ।”ਉਸਦੀ ਗੱਲ ਸੁਣ ਕੇ ਮੈਂ ਤ੍ਰਬਕ ਕੇ ਉਸ ਵੱਲ ਦੇਖਿਆ , ‘ਉਹ ਕਿਵੇਂ ਬਾਬਾ’ । “ਉਹ ਡਾਹਢੀਦੁੱਖਭਰੀ ਆਵਾਜ਼ ਵਿਚ ਬੋਲਿਆ, “ ਜਦੋਂ ਸੜਕਾ ਦਾ ਕੰਮ ਸ਼ੁਰੂ ਹੁੰਦਾ, ਸਾਰਾ ਟੱਬਰ ਸਰਦੀਆਂ ਵਿੱਚ ਕਦੇ ਪੰਜਾਬ, ਕਦੇ ਹਰਿਆਣਾ ਤੇ ਕਦੇ ਹੋਰ ਦੇਸ ਚਲੇ ਜਾਂਦੇ । ਠੇਕੇਦਾਰ ਸਾਡੀਆਂ ਮਿੰਨਤਾ ਕਰਦੇ ਕਿੳਂਕਿ ਸਾਡਾ ਕਬੀਲਾ ਭਾਰਾ ਸੀ । ਪਰ ਹੁਣ ਤਾਂ ਇੱਕ ਮਸ਼ੀਨ ਹੀ ਕਈ ਸੋ ਬੰਦਿਆ ਦਾ ਕੰਮ ਕਰ ਦਿੰਦੀ ਹੈ ਤੇ ਅਸੀਂ ਸਾਰੇ ਰੋਟੀ ਤੋਂ ਆਹਰੇ ਹੋ ਗਏ ।” ਉਹਨੇ ਲੰਬੀ ਗੱਲ ਕਰਕੇ ਮੇਰੇ ਵੱਲ ਹੁੰਗੂਰੇ ਦੀ ਆਸ ਵਿੱਚ ਦੇਖਿਆ । ਬੇਟਾ ਅੰਦਰੋਂ ਦੁੱਧ ਬੋਤਲ ਵਿੱਚ ਪਾ ਕੇ ਲੈ ਆਇਆ ।
ਮੈਨੂੰ ਉਸ ਬਜੁਰਗ ਤੇ ਡਾਢਾ ਤਰਸ ਆਇਆ । ਮੈਂ ਪੁੱਛਿਆ, “ ਬਾਬਾ ਰੋਟੀ ਛਕਣੀ ਹੈ।” ਇਹ ਸੁਣ ਕੇ ਉਹਦੇ ਮੂੰਹ ਤੇ ਰੋਣਕ ਆ ਗਈ । ਉਹ ਭੂੰਝੇ ਹੀ ਪੈਰਾਂ ਭਾਰ ਤੋਂ ਚੋਕੜੀ ਮਾਰ ਕੇ ਬੈਠਦਾ ਬੋਲਿਆ, “ਸਰਦਾਰਾ ਨਹੀ ਰੀਸਾਂ ਪੰਜਾਬ ਦੀਆਂ ਭਾਵੇਂ ਸਮੇਂ ਬਦਲਗੇ ਪਰ ਫੇਰ ਇੱਥੇ ਭੁੱਖਾ ਕੋਈ ਨਹੀ ਰਹਿੰਦਾ, ਜਰੂਰ ਛਕਾਂਗੇ ਭੋਜਣ ਪਾਣੀ।” ਮੈਂ ਬੇਟੇ ਨੂੰ ਰੋਟੀ ਲਿਆਉਣ ਦਾ ਇਸ਼ਾਰਾ ਕੀਤਾ ਤਾਂ ਉਹ ਸਿਰ ਹਿਲਾ ਕੇ ਅੰਦਰ ਚਲਾ ਗਿਆ । ਬਜੁਰਗ ਦੀ ਗੱਲਬਾਤ ਦੱਸਦੀ ਸੀ ਕਿ ਉਹ ਬਾਹਵਾ ਰੋਣਕੀ ਬੰਦਾ ਹੈ । ਉਹਨੇ ਗੱਲਾਂ ਦੀ ਲੜੀ ਫੇਰ ਛੋਹ ਲਈ “ਸਰਦਾਰਾ ਪਹਿਲਾਂ ਮੈਂ ਘੁੱਲਦਾ ਰਿਹਾ ਮਾਰੂ ਜਮੀਨ ਵਿੱਚ ਜੇ ਸਮਾਂ ਲਗਦਾ ਤਾਂ ਮੈਂ ਸਾਰੇ ਪੈਸਿਆਂ ਦਾ ਘਿਉ ਖਾ ਜਾਂਦਾ । ਮਿਹਰਦੀਨ ਬੀਕਾਨੇਰ ਛਿੰਝ ਤੇ ਆਉਦਾ ਤਾ ਉਹਦੇ ਨਾਲ ਕਈ ਹੋਰ ਭਲਵਾਨ ਆਂਉਦੇ ਤੇ ਅਸੀਂ ਜੋੜ ਕਰਨੇ । ਹੁਣ ਤਾਂ ਅੱਖਾ ਵਿੱਚ ਮੌਤੀਆਂ ਉੱਤਰ ਆਇਆ । ਉਹ ਜਮਾਨੇ ਤਾਂ ਲੱਦ ਗਏ ।”
ਇੰਨੇ ਵਿੱਚ ਬੇਟਾ ਰੋਟੀ ਲੈ ਕੇ ਆ ਗਿਆ । ਉਹ ਸਵਾਦ ਨਾਲ ਪਚਾਕੇ ਮਾਰ ਕੇ ਰੋਟੀ ਖਾਦਾ ਰਿਹਾ ਬੇਟੇ ਨੂੰ ਅਸੀਸਾਂ ਦਿੰਦਾ ਤੇ ਆਪਣੇ ਧੀਆਂ ਪੁੱਤਾਂ ਦੇ ਰੋਜ਼ੀ ਰੋਟੀ ਦੀ ਭਾਲ ਵਿਚ ਅੱਡ ਹੋ ਕੇ ਦੂਰ ਚਲੇ ਜਾਣ ਤੇ ਉਸਨੂੰ ਬੁਢਾਪੇ ਵਿੱਚ ਉਹਨਾਂ ਦਾ ਕੋਲ ਨਾ ਰਹਿਣ ਦਾ ਗਮ ਦਸਦਾ ਰਿਹਾ । ਉਹਨੇ ਦੱਸਿਆ ਕਿ ਥੌੜੇ ਜਿਹੇ ਰੁਪਏ ਬੜੀ ਮੁਸ਼ਕਿਲ ਨਾਲ ਜੋੜੇ ਸੀ । ਪਰ ਨੋਟ ਬੰਦੀ ਨੇ ਉਹ ਵੀ ਰੱਦੀ ਕਾਗਜ ਬਣਾ ਦਿੱਤੇ । ਕਿਉਕਿ ਉਸ ਦਾ ਕਿਸੇ ਬੈਂਕ ਵਿੱਚ ਖਾਤਾ ਨਹੀ ਸੀ । ਰੋਟੀ ਖਾ ਕੇ ਅਰਾਮ ਨਾਲ ਪਾਣੀ ਪੀਤਾ ਤੇ ਬਾਹਰ ਭਾਂਡੇ ਧੋਣ ਚਲਾ ਗਿਆ । ਮੇਰੇ ਰੋਕਣ ਤੇ ਕਿਹਾ, “ ਸਰਦਾਰਾ ਤੁਹਾਡੇ ਲੰਗਰ ਵਿੱਚ ਵੀ ਤਾਂ ਭਾਂਡਿਆਂ ਦੀ ਸੇਵਾ ਸਾਰੇ ਆਪ ਹੀ ਕਰਦੇ ਨੇ।”ਬਾਹਰਲੀ ਟੂਟੀ ਤੋਂ ਭਾਂਡੇ ਧੋ ਕੇ ਜਦੋਂ ਉਹ ਮੁੜਿਆ ਹੀ ਸੀ ਕਿ ਇੰਨੇ ਵਿੱਚ ਮਾਤਾ ਅੰਦਰੋਂ ਬਾਹਰ ਆ ਗਈ । ਬਜੁਰਗ ਨੇ ਜਦੋਂ ਉਸਨੂੰ ਦੇਖਿਆ ਤਾਂ ਉਹ ਕੁਝ ਘਬਰਾ ਜਿਹਾ ਗਿਆ । ਮਾਤਾ ਨੇ ਉਹਦੀ ਸਿਆਣ ਜਿਹੀ ਕੱਢੀ ਤੇ ਫੇਰ ਬੋਲੀ, “ ਵੇ ਭਾਈ ਤੇਰੀ ਕੁੜੀ ਤੇ ਦੋਹਤਾ ਕਿਵੇਂ ਨੇ।” ਉਹ ਚੁੱਪ ਚਾਪ ਨੀਵੀਂ ਪਾਈ ਖੜਾ ਰਿਹਾ । ਤਾਂ ਮਾਤਾ ਨੇ ਦੱਸਣਾ ਸ਼ੁਰੂ ਕਰ ਦਿੱਤਾ , “ ਦੋ ਮਹੀਨੇ ਪਹਿਲਾਂ ਗੁਰਦੁਆਰੇ ਦੇ ਗੇਟ ਤੇ ਮਿਲਿਆ ਸੀ ਇਹ ਭਾਈ ਉਦੌਂ ਇਹਦੀ ਕੁੜੀ ਕੋਲ ਛੋਟਾ ਬੱਚਾ ਸੀ ਤੇ ਮੈਂ ਇਹਨੂੰ ਘਿਉ ਲਈ 300 ਰੁਪਏ ਵੀ ਦਿੱਤੇ ਸੀ । ਅੱਜ ਕਿਵੇਂ ਆਇਆ ਇਹ।” ਚੋਰ ਜਿਵੇਂ ਸੰਨ ਵਿੱਚ ਫੜਿਆ ਜਾਂਦਾ ਇਹੀ ਹਾਲਤ ਉਸ ਬਜੁਰਗ ਦੀ ਸੀ । ਤਾਂ ਬਜੁਰਗ ਨੇ ਡਬਡੁਬਾਦੀਆਂ ਅੱਖਾਂ ਨਾਲ ਸਿਰ ਉੱਪਰ ਚੁੱਕਿਆ ਤੇ ਪਾਟੇ ਬਾਂਸ ਵਰਗੀ ਆਵਾਜ ਉਹਦੇ ਸੰਘੌ ਨਿਕਲੀ, “ਸਰਦਾਰਾ ਸਿਆਣੇ ਕਹਿੰਦੇ ਨੇ ਜੋ ਮੰਗਣ ਗਿਆ ਉਹ ਮਰ ਗਿਆ,ਇਸ ਉਮਰ ਵਿੱਚ ਕੰਮ ਕੋਈ ਕਰ ਨਹੀ ਸਕਦਾ । ਸਹਾਰਾ ਕੋਈ ਹੈ ਨਹੀ ,ਆਹ ਸਮੇਂ ਦੀ ਤਰੱਕੀ ਨੇ ਮਿਹਨਤਕਸ ਤੋਂ ਮੈਨੂੰ ਮਰਿਆ ਬੰਦਾ ਬਣਾ ਦਿੱਤਾ ।”ਉਸ ਨੇ ਲੰਬਾ ਸਾਹ ਲਿਆ ਜਿਵੇ ਕੋਈ ਆਪਣੇ ਆਪ ਨਾਲ ਦਵੰਦ ਯੁੱਧ ਕਰ ਰਿਹਾ ਹੋਵੇ ਤੇ ਫੇਰ ਸਥਿਰ ਹੋ ਕੇ ਬੋਲਿਆ,” ਲੈ ਸੁਣ ਲਓ ਸਰਦਾਰ ਜੀ,ਨਾਂ ਤੇ ਮੇਰੀ ਕੋਈ ਕੁੜੀ ਏ ਤੇ ਨਾਂ ਹੀ ਕੋਈ ਦੋਹਤਾ, ਬੱਸ ਇਹ ਪਖੰਡ ਤਾਂ ਆਪਣੀ ਤੇ ਆਪਣੀ ਘਰਵਾਲੀ ਦੇ ਢਿੱਡ ਦੀ ਅੱਗ ਬੁਝਾਉਣ ਲਈ ਕਰਦਾ ਰਿਹਾ , ਹੋਰ ਮਰਿਆ ਬੰਦਾ ਕੀ ਕਰੇ।” ਇੰਨਾਂ ਕਹਿੰਦਾ ਉਹ ਕਾਹਲੀ ਨਾਲ ਬਾਹਰਲਾ ਦਰਵਾਜਾ ਟੱਪ ਗਿਆ । ਦੁੱਧ ਦੀ ਬੋਤਲ ਪਿੱਛੇ ਹੀ ਪਈ ਰਹਿ ਗਈ।
ਭੁਪਿੰਦਰ ਸਿੰਘ ਮਾਨ
Bhupinder Singh Maan