ਮਲੂਕੜੀ

by Bachiter Singh

ਉਸਨੇ ਹੱਥ ਪੂੰਝਦੀ ਹੋਈ ਨੇ ਬਾਹਰ ਆ ਕੇ ਦਸਿਆ ਕੇ “ਮੁੰਡਾ” ਹੀ ਏ ਪਰ ਸਖਤੀ ਕਾਰਨ ਕੋਈ ਲਿਖਤੀ ਰਿਪੋਰਟ ਨਹੀਂ ਦੇ ਸਕਦੀ..
ਏਨੀ ਗੱਲ ਸੁਣਦਿਆਂ ਹੀ ਸਾਰੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ..
ਹਸਪਤਾਲ ਦੇ ਬਰਾਮਦੇ ਵਿਚ ਹੀ ਵਧਾਈਆਂ ਅਤੇ ਮਿਠਿਆਈਆਂ ਦੀ ਸੁਨਾਮੀ ਜਿਹੀ ਵਗ ਤੁਰੀ.. ਠੀਕ ਛੇ ਮਹੀਨਿਆਂ ਮਗਰੋਂ ਉਸਨੇ ਓਸੇ ਹਸਪਤਾਲ ਵਿਚ ਇੱਕ ਧੀ ਨੂੰ ਜਨਮ ਦਿੱਤਾ..
ਦਾਦੀ ਚੁੱਪ ਸੀ..ਬਾਪ ਉਸਨੂੰ ਹੱਥਾਂ ਵਿਚ ਚੁੱਕੀ ਟਿਕਟਿਕੀ ਲਗਾ ਕੇ ਵੇਖੀ ਜਾ ਰਿਹਾ ਸੀ.. ਤੇ ਉਸਨੇ ਮੰਜੀ ਤੇ ਪਈ ਹੋਈ ਨੇ ਓਹਲੇ ਜਿਹੇ ਨਾਲ ਉਸਦਾ ਹੱਥ ਫੜ ਲਿਆ ਤੇ ਆਖਣ ਲੱਗੀ..
“ਮੈਡਮ ਸ਼ੁਕਰੀਆ..ਤੁਹਾਡੇ ਕਾਰਨ ਮੇਰੀ ਮਲੂਕੜੀ ਦੀ ਜਾਨ ਬਚ ਗਈ..ਜੇ ਤੁਹਾਨੂੰ ਉਸ ਦਿਨ ਟੈਸਟ ਕਰਨ ਲਗਿਆ ਗਲਤੀ ਨਾ ਲੱਗ ਗਈ ਹੁੰਦੀ ਤਾਂ ਅੱਜ ਇਸ ਕਰਮਾਂ ਵਾਲੀ ਦਾ ਮੂੰਹ ਵੇਖਣਾ ਨਸੀਬ ਨਾ ਹੁੰਦਾ..” “ਮੈਨੂੰ ਕਦੇ ਗਲਤੀ ਨਹੀਂ ਲੱਗਦੀ ਪਰ ਹਾਂ ਕਦੇ ਕਦੇ ਝੂਠ ਜਰੂਰ ਬੋਲ ਲੈਂਦੀ ਹਾਂ”
ਏਨੀ ਗੱਲ ਆਖ ਉਹ ਮੁਸ੍ਕੁਰਾਉਂਦੀ ਹੋਈ ਤੁਰੀ ਜਾ ਰਹੀ ਸੀ! ਪਰ ਪੀੜਾਂ ਦੀ ਭੰਨੀ ਹੋਈ ਨੂੰ ਹੁਣ ਇੰਝ ਮਹਿਸੂਸ ਹੋ ਰਿਹਾ ਸੀ ਜਿਦਾਂ ਅਰਸ਼ੋਂ ਉੱਤਰਿਆ ਰੱਬ ਇੱਕ ਬੇਹੱਦ ਕੀਮਤੀ ਤੋਹਫ਼ਾ ਖੁਦ ਉਸਦੀ ਝੋਲੀ ਪਾ ਵਾਪਿਸ ਮੁੜ ਰਿਹਾ ਸੀ

 

ਅਗਿਆਤ

ਫੋਟੋ: ਰਵਨ ਖੋਸਾ

Unknown

You may also like