ਮਦਦ

by admin

ਗੱਲ ਕੋਈ ਬਾਰਾਂ ਕੁ ਸਾਲ ਪਹਿਲਾਂ ਦੀ ਆ।ਦੋ ਕੁੜੀਆਂ ਬੱਸ ਤੋਂ ਉੱਤਰ ਰਿਕਸ਼ਾ ਤੇ ਬੈਠੀਆਂ ਸਨ।ਰਿਕਸ਼ੇ ਵਾਲਾ ਤੁਰਨ ਹੀ ਵਾਲਾ ਸੀ ਕਿ ਮੈਂ ਉਹਨੂੰ ਅਵਾਜ਼ ਮਾਰ ਰੋਕ ਲਿਆ।”ਮੈਨੂੰ ਵੀ ਲੈ ਚੱਲੋ।”ਮੈਂ ਕਿਹਾ।”ਆਜਾ ਗੁੱਡੀ ਬਹਿ ਜਾ ਬਹਿ ਜਾ।”ਮੈਂ ਰਿਕਸ਼ੇ ਤੇ ਬੈਠਣ ਹੀ ਲੱਗੀ ਸੀ ਕਿ ਰਿਕਸ਼ੇ ਤੇ ਬੈਠੀਆਂ ਦੋਵੇਂ ਕੁੜੀਆਂ ਇਕ ਦਮ ਬੋਲੀਆਂ,” ਨਹੀਂ ਅੰਕਲ ,ਅਸੀਂ ਕਿਸੇ ਨੂੰ ਨਾਲ ਨਹੀਂ ਬਿਠਾਉਣਾ, ਅਸੀਂ ਕੱਲੀਆਂ ਜਾਣਾ।” ਰਿਕਸ਼ੇ ਵਾਲੇ ਨੇ ਮੇਰੇ ਵੱਲ ਬੇਵਸੀ ਨਾਲ ਤੱਕਿਆ।ਮੈਂ ਵੀ ਬੜੀ ਹੈਰਾਨ ਹੋਈ ਤੇ ਥੋੜਾ ਦੁੱਖ ਵੀ ਹੋਇਆ ਕਿਉਂਕਿ ਜਿਥੇ ਉਹਨਾਂ ਜਾਣਾ ਸੀ ਉਥੇ ਹੀ ਮੈਂ ਜਾਣਾ ਸੀ।ਤੇ ਪੈਂਡਾ ਵੀ ਕੋਈ ਡੇਢ ਕੁ ਕਿਲੋਮੀਟਰ ਦਾ ਸੀ।ਰਾਹ ਸੁੰਨਾ ਸੀ।ਕਿਉਂਕਿ ਲਿੰਕ ਰੋਡ ਸੀ।”ਕੋਈ ਗੱਲ ਨਹੀਂ ਤੁਸੀਂ ਇਹਨਾਂ ਨੂੰ ਲੈ ਜਾਓ।”ਰਿਕਸ਼ੇ ਵਾਲਾ ਕੁੜੀਆਂ ਨੂੰ ਲੈ ਤੁਰ ਪਿਆ ਤੇ ਉਹ ਵੀ ਜੇਤੂ ਅੰਦਾਜ ਵਿੱਚ ਖੁਸ਼ ਨਜਰ ਆ ਰਹੀਆਂ ਸਨ । ਮੈਂ ਆਸੇ ਪਾਸੇ ਦੇਖਿਆ ,ਕੁਸ਼ ਵੀ ਨਹੀਂ ਸੀ ਜਾਣ ਲਈ ।ਸੋ ਮਨ ਵਿੱਚ ਥੋੜੀ ਘਬਰਾਹਟ ਤਾਂ ਸੀ ,ਪਰ ਮੈਂ ਉਸ ਰਸਤੇ ਆਪਣੀਆਂ ਦੋ ਸਹੇਲੀਆਂ ਨਾਲ ਹਰ ਰੋਜ਼ ਹੀ ਜਾਂਦੀ ਸਾ।ਅੱਜ ਉਹ ਛੁੱਟੀ ਤੇ ਸਨ।

ਚੱਲੋ ਜੀ ਮੁੜਕੇ ਨਾਲ ਲੱਥ ਪੱਥ ਮੈਂ ਵੀ ਕਾਲਜ ਪਹੁੰਚ ਗਈ ਸਾਂ।ਤੇ ਪਹਿਲਾ ਪੀਰੀਅਡ ਤੇ ਅਟੈਂਡੈਂਸ ਵੀ ਮੈ ਹੀ ਲੈਂਦੀ ਸਾਂ। ਮੈਨੂੰ ਸਾਰੀ ਕਹਾਣੀ ਪਹਿਲਾਂ ਹੀ ਪਤਾ ਸੀ ਕਿ ਬੱਚੀਆਂ ਬੀਐੱਡ ਕਾਲਜ ਜਾ ਰਹੀਆਂ ਸਨ ਤੇ ਇਹ ਉਹਨਾਂ ਦਾ ਪਹਿਲਾ ਦਿਨ ਸੀ। ਮੈਨੂੰ ਕਲਾਸ ਵਿੱਚ ਦੇਖ ਦੋਵਾਂ ਕੁੜੀਆਂ ਦੇ ਹੋਸ਼ ਉੱਡ ਗਏ ।ਉਹਨਾਂ ਵਿੱਚੋਂ ਇੱਕ ਨੇ ਮੂੰਹ ਤੇ ਹੱਥ ਰੱਖ ਕਿਹਾ “ਹਾਅਅ!!” ਮੈਨੂੰ ਪਤਾ ਚੱਲ ਰਿਹਾ ਸੀ ਪੂਰਾ ਇਕ ਘੰਟਾ ਮੈਂ ਜੋ ਵੀ ਪੜਾਇਆ ਉਹਨਾਂ ਦੇ ਉਪਰੋਂ ਲੰਘ ਰਿਹਾ ਸੀ । ਮੈਂ ਬੱਚਿਆਂ ਦੀ ਹਾਜਰੀ ਲਾਈ।ਸਾਈਕਾਲੋਜੀ ਦਾ ਪਹਿਲਾ ਪਾਠ ਪੜਾ ਜਿਉਂ ਹੀ ਬਾਹਰ ਆਈ,ਉਹ ਦੋਵੇਂ ਮੇਰੇ ਪਿੱਛੇ ਆ “ਸੌਰੀ ਮੈਮ ਸੌਰੀ” ਇਕੋ ਸਾਹ ਬੋਲ ਰਹੀਆਂ ਸਨ । ਮੈਂ ਕਿਹਾ “ਕੋਈ ਗੱਲ ਨਹੀਂ ਬੱਚੇ।” “ਨਹੀਂ ਮੈਂਮ ਸੌਰੀ ਸਾਨੂੰ ਇਉਂ ਨਹੀਂ ਸੀ ਕਰਨਾ ਚਾਹੀਦਾ। ਅਸੀਂ ਸੋਚਿਆ ਕੋਈ ਸਟੂਡੈਂਟ ਆ।” ਤਾਂ ਮੈਂ ਕਿਹਾ ਕਿ ਸੱਚ ਮੁੱਚ ਤੁਹਾਨੂੰ ਇੰਙ ਨਹੀਂ ਸੀ ਕਰਨਾ ਚਾਹੀਦਾ।ਮੇਰੇ ਤੋਂ ਤਾ ਟੀਚਰ ਹੋਣ ਕਰਕੇ ਤੁਸੀਂ ਮਾਫੀ ਮੰਗ ਲਈ ਪਰ ਕੀ ਤੁਹਾਡੇ ਮਨ ਵਿਚ ਇਹ ਵਿਚਾਰ ਨਹੀਂ ਆਇਆ ਕਿ ਇਹ ਵੀ ਇਕੱਲੀ ਹੈ ਤੇ ਕਿਵੇਂ ਜਾਵੇਗੀ ਉਥੇ ? ਉਹਨਾਂ ਨੂੰ ਅੱਗੇ ਤੋਂ ਕਿਸੇ ਨਾਲ ਵੀ ਅਜਿਹਾ ਨਾ ਕਰਨ ਦੀ ਨਸੀਹਤ ਕਰ ਮੈਂ ਉਥੋਂ ਇਹ ਸੋਚਦੀ ਚਲੀ ਗਈ ਕਿ ਕੀ ਇਕ ਔਰਤ ਦੂਜੀ ਔਰਤ ਨਾਲ ਐਨੀ ਈਰਖਾ ਕਰਦੀ ਹੈ?

ਕਿਰਨਹਰਜੋਤ ਕੌਰ 

Kiranharjot kaur

You may also like