ਕਬੂਤਰਾਂ ਦਾ ਸਰਦਾਰ ਮਰਨ ਕਿਨਾਰੇ ਪਹੁੰਚਿਆ ਹੋਇਆ ਸੀ। ਉਸ ਨੂੰ ਇਸ ਗੱਲ ਦੀ ਬਹੁਤ ਚਿੰਤਾ ਹੋ ਰਹੀ ਸੀ ਕਿ ਉਸ ਦੇ ਮਰਨ ਤੋਂ ਬਾਅਦ ਇਨ੍ਹਾਂ ਦਾ ਕੀ ਬਣੇਗਾ ਕਿਉਂਕਿ ਉਸ ਨੂੰ ਇਹਨਾਂ ਕਬੂਤਰਾਂ ਵਿੱਚੋਂ ਕੋਈ ਵੀ ਸਰਦਾਰ ਬਣਨ ਦੇ ਕਾਬਿਲ ਨਹੀਂ ਸੀ ਲੱਗ ਰਿਹਾ। ਉਸ ਨੇ ਬਹੁਤ ਸੋਚਿਆ ਤੇ ਅੰਤ ਸਾਰੇ ਕਬੂਤਰਾਂ ਨੂੰ ਬੁਲਾ ਕੇ ਸਮਝਾਇਆ ਕਿ ਜੇ ਤੁਸੀਂ ਆਪਸ ਵਿੱਚ ਮਿਲ ਜੁਲ ਕੇ ਰਹੋਗੇ ਤਾਂ ਤੁਹਾਨੂੰ ਕਿਸੇ ਵੀ ਸਰਦਾਰ ਦੀ ਜ਼ਰੂਰਤ ਨਹੀਂ ਪਵੇਗੀ ਪਰ ਫਿਰ ਵੀ ਜੇ ਤੁਸੀਂ ਨਾ ਟਲੇ ਤਾਂ ਸਰਦਾਰ ਆਪਣੀ ਬਰਾਦਰੀ ਵਿੱਚੋਂ ਹੀ ਚੁਣਿਓ। ਕਿਸੇ ਦੂਜੀ ਬਰਾਦਰੀ ਦੇ ਕਿਸੇ ਵੀ ਜੀਵ ਨੂੰ ਆਪਣੇ ਭੇਤ ਨਾ ਦੱਸਿਓ ਤੇ ਨਾ ਹੀ ਉਸ ਨੂੰ ਆਪਣੇ ਝਗੜਿਆਂ ਵਿੱਚ ਸ਼ਾਮਲ ਕਰਿਓ। ਸਾਰਿਆਂ ਨੇ ਬੜੇ ਸਿਰ ਹਿਲਾ ਹਿਲਾ ਹਾਂ ਕਰ ਦਿੱਤੀ।ਸਰਦਾਰ ਨਿਸ਼ਚਿੰਤ ਹੋ ਕੇ ਮਰ ਗਿਆ। ਹਜੇ ਸਰਦਾਰ ਨੂੰ ਮਰਿਆਂ ਦਸ ਦਿਨ ਵੀ ਨਹੀਂ ਸੀ ਹੋਏ ਕਿ ਕਬੂਤਰਾਂ ਨੇ ਸਰਦਾਰ ਦੀ ਗੱਦੀ ਲਈ ਆਪਸ ਵਿੱਚ ਲੜਣਾ ਝਗੜਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਇਹਨਾਂ ਦੀ ਲੜਾਈ ਦੀ ਖਬਰ ਕਾਵਾਂ ਦੀ ਟੋਲੀ ਤਕ ਪਹੁੰਚ ਗਈ। ਕਾਵਾਂ ਨੇ ਇੱਕ ਯੋਜਨਾ ਬਣਾਈ। ਹੌਲੀ ਹੌਲੀ ਉਹਨਾਂ ਵਿੱਚੋ ਕੁਝ ਕਾਵਾਂ ਨੇ ਕਬੂਤਰਾਂ ਨੂੰ ਭੜਕਾ ਕੇ ਦੋ ਧੜਿਆਂ ਵਿੱਚ ਵੰਡ ਦਿੱਤਾ ਤੇ ਫਿਰ ਉਹਨਾਂ ਦੇ ਮਨ ਵਿੱਚ ਇਹ ਗੱਲ ਵੀ ਭਰ ਦਿੱਤੀ ਕਿ ਜੇਕਰ ਕਬੂਤਰਾਂ ਦਾ ਪ੍ਰਧਾਨ ਕਿਸੇ ਕਬੂਤਰ ਨੂੰ ਨਾ ਬਣਾ ਕੇ ਕਿਸੇ ਕਾਂ ਨੂੰ ਬਣਾਇਆ ਜਾਵੇ ਤਾਂ ਝਗੜੇ ਦਾ ਕੋਈ ਕਾਰਨ ਹੀ ਨਹੀਂ ਰਹੇਗਾ।
ਕਬੂਤਰਾਂ ਦੇ ਦੋਨੋਂ ਧੜੇ ਇਸ ਗੱਲ ਤੇ ਸਹਿਮਤ ਹੋ ਗਏ। ਕੁਝ ਬੁੱਢੇ ਕਬੂਤਰਾਂ ਨੇ ਸਰਦਾਰ ਦੇ ਅੰਤਿਮ ਸਮੇਂ ਕਹੇ ਸ਼ਬਦ ਯਾਦ ਕਰਵਾਉਣੇ ਚਾਹੇ ਪਰ ਉਹਨਾਂ ਨੂੰ ਵੀ ਡਰਾ ਧਮਕਾ ਕੇ ਚੁੱਪ ਕਰਾ ਦਿੱਤਾ ਗਿਆ। ਹੁਣ ਕਬੂਤਰਾਂ ਦਾ ਸਰਦਾਰ ਕਾਂ ਬਣ ਚੁੱਕਾ ਸੀ। ਕਾਂ ਨੇ ਕੁਝ ਹੱਟੇ ਕੱਟੇ ਕਬੂਤਰਾਂ ਨੂੰ ਨਾਲ ਰਲਾ ਕੇ ਮਨ ਆਈਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਆਪਣੇ ਬਹੁਤ ਸਾਰੇ ਕਾਵਾਂ ਨੂੰ ਵੀ ਅਲੱਗ ਅਲੱਗ ਅਹੁਦੇ ਦਿਵਾ ਦਿੱਤੇ ਤੇ ਇੱਕ ਤਰ੍ਹਾਂ ਨਾਲ ਸੱਤਾ ਤੇ ਪੂਰੀ ਤਰ੍ਹਾਂ ਕਾਬਜ਼ ਹੋ ਗਿਆ। ਉਸ ਨੇ ਕਬੂਤਰਾਂ ਤੇ ਜ਼ੁਲਮ ਕਰਨੇ ਵੀ ਸ਼ੁਰੂ ਕਰ ਦਿੱਤੇ ਸਨ। ਹੁਣ ਤਕ ਕਬੂਤਰ ਕਾਵਾਂ ਦੇ ਪੂਰੀ ਤਰ੍ਹਾਂ ਗੁਲਾਮ ਬਣ ਚੁੱਕੇ ਸਨ ਤੇ ਉਹਨਾਂ ਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਉਹ ਇਹਨਾਂ ਤੋਂ ਆਪਣਾ ਪਿੱਛਾ ਕਿਵੇਂ ਛੁਡਾਉਣ। ਅਖੀਰ ਸਭ ਨੇ ਮਿਲ ਕੇ ਇਹ ਫੈਸਲਾ ਲਿਆ ਕਿ ਉਹ ਗਵਾਂਢੀ ਰਾਜ ਦੇ ਬਾਜਾਂ ਕੋਲ ਮਦਦ ਮੰਗਣ ਜਾਣਗੇ। ਕੁਝ ਕੁ ਸਿਆਣੇ ਕਬੂਤਰ( ਜੋ ਹਾਲਾਤਾਂ ਦੀਆਂ ਸੱਟਾਂ ਖਾ ਖਾ ਕੇ ਕੁਝ ਕੁ ਸਿਆਣੇ ਹੋ ਗਏ ਸਨ ) ਗਵਾਂਢੀ ਰਾਜ ਦੇ ਬਾਜਾਂ ਕੋਲ ਗਏ ਤੇ ਉਹਨਾਂ ਨੂੰ ਆਪਣੀ ਸਾਰੀ ਵਿਥਿਆ ਸੁਣਾਈ। ਬਾਜਾਂ ਦੇ ਸਰਦਾਰ ਨੇ ਉਹਨਾਂ ਨੂੰ ਮਦਦ ਕਰਨ ਦਾ ਪੂਰਾ ਭਰੋਸਾ ਦਿਵਾਇਆ ਤੇ ਕਬੂਤਰ ਆਪਣੇ ਘਰ ਵਾਪਸ ਆ ਗਏ ।
ਕੁਝ ਹੀ ਮਹੀਨਿਆਂ ਬਾਅਦ ਕਬੂਤਰਾਂ ਦੇ ਟੋਲੇ ਵਿੱਚੋਂ ਕਾਵਾਂ ਦਾ ਨਾਮੋ ਨਿਸ਼ਾਨ ਮਿਟ ਗਿਆ ਤੇ ਹੁਣ ਕਬੂਤਰਾਂ ਉੱਪਰ ਬਾਜ ਰਾਜ ਕਰ ਰਹੇ ਸਨ ਤੇ ਕਬੂਤਰ ਸੋਚ ਰਹੇ ਸਨ ਕਿ ਹੁਣ ਕਿਸ ਦੀ ਮਦਦ ਲਈ ਜਾਵੇ।
ਅਮਰਦੀਪ ਕੌਰ