ਲੰਗਰ

by Sandeep Kaur

ਅਸੀਂ ਸਭ ਲੰਗਰ ਦੇ ਦਾਲ ਫੁਲਕੇ ਤੋਂ ਜਾਣੂ ਹਾਂ, ਲੱਖ ਕੋਸ਼ਿਸ਼ ਕਰ ਲਈਏ ਪਰ ਜੋ ਸਵਾਦ ਲੰਗਰ ਦੀ ਦਾਲ਼ ਦਾ ਹੁੰਦਾ ਏ, ਉਹ ਘਰ ਦੀ ਬਣਾਈ ਦਾਲ਼ ਚੋਂ ਨਹੀ ਆ ਸਕਦਾ, ਕਾਰਨ , ਸਿਰਫ ਇੱਕ ਈ ਦਿਸਦਾ ਏ ਕਿ ਬਣਾਉਂਦੇ ਵਕਤ ਜੋ ਭਾਵਨਾ ਹੁੰਦੀ ਏ, ਉਹ ਸਵਾਦ ਵਿੱਚ ਉੱਤਰ ਆਉਂਦੀ ਏ , ਬਹੁਤਾ ਨਹੀਂ , ਤਾਂ ਥੋੜਾ ਈ ਸਹੀ, ਬਣਾਉਣ ਵਾਲਾ ਇਨਸਾਨ ਖ਼ੁਦ ਦੀ ਸੋਚ ਨੂੰ ਨਿਰਮਲ ਰੱਖਣ ਦਾ ਯਤਨ ਜ਼ਰੂਰ ਕਰਦਾ ਏ ।
ਬਾਹਰੋਂ ਖਾਣਾ ਖਾਂਦੇ ਵਕਤ ਜਦੋਂ ਹੋਰ ਖਾਣਾ ਆਰਡਰ ਕਰਦੇ ਹਾਂ ਤਾਂ ਕਿੰਨੀਆਂ ਨਜ਼ਰਾਂ ਚੋਂ ਲੰਘਦਾ ਏ ਓਹ, ਪਹਿਲਾਂ ਵੇਟਰ , ਫਿਰ ਰਸੋਈਆ ਤੇ ਹੋਰ ਪਤਾ ਨਹੀ ਕਿੰਨੇ ਜਣੇ । ਕਾਊਂਟਰ ਤੇ ਬੈਠਾ ਇਨਸਾਨ ਵੀ ਕੈਮਰਿਆਂ ਤੇ ਨਿਗਾ ਟਿਕਾ ਕੇ ਬੈਠਾ ਹੁੰਦਾ ਏ ਕਿ ਐਨੇ ਪੈਸੇ ਹੋਰ ਬਣ ਗਏ । ਅਜਿਹੇ ਮਾਹੌਲ ਚ ਖਾਧਾ ਖਾਣਾ ਕਦੀ ਸੰਤੁਸ਼ਟੀ , ਪ੍ਰੇਮ ਭਾਵਨਾ ਨਹੀ ਜਗਾਉਂਦਾ , ਬੇਭਰੋਸਗੀ, ਬੇਲੋੜੀ ਕਾਹਲ ਤੇ ਬੇਗਾਨਗੀ ਦੀ ਸੋਚ ਈ ਪੈਦਾ ਕਰਦਾ ਏ। ਪਰ ਏਹੀ ਖਾਣਾ ਅਗਰ ਮਾਂ ਦੇ ਹੱਥੋਂ ਪੱਕਿਆ ਮਿਲ ਜਾਵੇ ਤਾਂ ਅੰਮ੍ਰਿਤ ਬਣ ਜਾਂਦਾ ਏ, ਅਗਰ ਹੋਰ ਖਾਣੇ ਦੀ ਮੰਗ ਕਰੋ ਤਾਂ ਮਾਂ ਨੂੰ ਖ਼ੁਸ਼ੀ ਮਿਲਦੀ ਏ, ਤ੍ਰਿਪਤੀ ਹਾਸਿਲ ਹੁੰਦੀ ਏ, ਸ਼ਾਇਦ ਕੁਝ ਉਵੇਂ ਦੀ ਹੀ , ਜਿਵੇਂ ਦੀ ਕਦੀ ਆਪਣੀ ਛਾਤੀ ਦਾ ਦੁੱਧ ਪਿਆ ਕੇ ਹੁੰਦੀ ਸੀ ।
ਕਿਤੇ ਬੇਵਜ੍ਹਾ ਜਾਣਾ ਪੈ ਜਾਵੇ ਤਾਂ ਇਨਸਾਨ ਇੱਕ ਇੱਕ ਕਦਮ ਗਿਣਦਾ ਏ, ਅਗਰ ਮੌਸਮ ਵੀ ਖ਼ਰਾਬ ਹੋਵੇ ਤਾਂ ਗ਼ੁੱਸਾ ਉਬਾਲੇ ਮਾਰਨ ਲੱਗਦਾ ਏ । ਪਰ ਏਹੀ ਯਾਤਰਾ ਕਿਸੇ ਪ੍ਰਾਣ ਪਿਆਰੇ ਨੂੰ ਮਿਲਣ ਜਾਣ ਲਈ ਕਰਨੀ ਹੋਵੇ ਤਾਂ ਵਕਤ ਦਾ ਪਤਾ ਈ ਨਹੀਂ ਲੱਗਦਾ , ਪੈਰ ਭੋਇਂ ਨਹੀ ਲੱਗਦੇ , ਮੌਸਮ ਦੀ ਖ਼ਰਾਬੀ ਵੱਲ ਖਿਆਲ ਈ ਨਹੀਂ ਜਾਂਦਾ । ਕਾਰਣ ਓਹੀ ,ਪ੍ਰੇਮ ਦੀ ਭਾਵਨਾ ਬਾਕੀ ਸਭ ਤੰਗੀਆਂ ਤੁਰਸ਼ੀਆਂ ਨੂੰ ਰੋੜ੍ਹ ਕੇ ਲੈ ਜਾਂਦੀ ਏ ।
ਸੂਰਜ ਚੜ੍ਹਦਾ ਏ ਤਾਂ ਧਰਤੀ ਦਾ ਹਰ ਕੋਨਾ ਰੁਸ਼ਨਾਉਂਦਾ ਏ, ਸਹੀ ਵੱਤਰ ਵਿੱਚ , ਸਹੀ ਡੂੰਘਾਈ ਤੇ ਪਿਆ ਹੋਇਾਆ ਬੀਜ ਉੰਗਰਦਾ ਏ ਇਸ ਦੀ ਗਰਮਾਇਸ਼ ਤੋਂ, ਕਲੀ ਫੁੱਲ ਬਣ ਮਹਿਕਦੀ ਏ ਧੁੱਪ ਹਾਸਿਲ ਕਰਕੇ , ਪਰ ਕਿਤੇ ਲੱਗਾ ਹੋਇਆ ਗੰਦਗੀ ਦਾ ਢੇਰ ਬਦਬੂ ਮਾਰਦਾ ਏ ਸੇਕ ਪੈਣ ਕਰਕੇ । ਆਲਾ ਦੁਆਲਾ ਪਰਦੂਸ਼ਿਤ ਹੋ ਜਾਦਾ ਏ ਓਸੇ ਗੰਦਗੀ ਤੋਂ । ਪਰ ਕਸੂਰ ਧੁੱਪ ਦਾ ਨਹੀਂ, ਗੰਦਗੀ ਦੇ ਢੇਰ ਦਾ ਏ । ਸੂਰਜ ਤਾਂ ਆਪਣਾ ਧਰਮ ਈ ਨਿਭਾ ਰਿਹਾ ਏ ਨਾ ।
ਤੇ ਏਹੀ ਹਾਲ ਮਨੁੱਖਾਂ ਦੀ ਅਵੱਸਥਾ ਦਾ ਏ, ਇੱਕੋ ਜਿਹੇ ਹਾਲਾਤਾਂ ਵਿੱਚ ਈ ਇੱਕ ਇਨਸਾਨ ਨ੍ਰਿਤ ਕਰ ਰਿਹਾ ਏ, ਝੂਮ ਰਿਹਾ ਏ , ਕਿਉਂਕਿ ਅੰਦਰੋਂ ਤ੍ਰਿਪਤ ਏ, ਉਹਨਾ ਈ ਹਾਲਾਤਾਂ ਵਿੱਚ ਇੱਕ ਅੰਦਰੋਂ ਦੁਖੀ ਇਨਸਾਨ ਖਿਝ ਰਿਹਾ ਹੁੰਦਾ ਏ, ਦੂਜਿਆਂ ਨੂੰ ਖੁਸ਼ ਵੇਖਕੇ ਹੋਰ ਕਰੋਧਿਤ ਹੋ ਰਿਹਾ ਹੁੰਦਾ ਏ ਕਿ ਭਲਾ ਇਹਦੇ ਵਿੱਚ ਨੱਚਣ ਵਾਲੀ ਕਿਹੜੀ ਗੱਲ ਏ ?
ਪਰਮਾਤਮਾ ਕਰੇ , ਸਾਨੂੰ ਵੀ ਸੋਚ ਦੀ ਮਲੀਦਗੀ ਸਾਫ ਕਰਕੇ ਫੁੱਲਾਂ ਵਾਂਗ ਮਹਿਕਣਾ ਆ ਜਾਵੇ ।ਜਿੰਦਗੀ ਦਾ ਇੱਕ ਦਿਨ ਹੋਰ ਮਿਲਣ ਦਾ,ਇੱਕ ਨਵਾਂ ਸੂਰਜ ਵੇਖਣ ਦਾ ਸ਼ੁਕਰਾਨਾ ਭਾਵ ਸਾਨੂੰ ਅੰਦਰੋਂ ਭਰ ਦੇਵੇ । ਸਾਡੀ ਨਜ਼ਰ ਜਿੰਦਗੀ ਦੀਆਂ ਊਣਤਾਈਆਂ ਤੋਂ ਹਟਕੇ ਉਸਦੀਆਂ ਰਹਿਮਤਾਂ ਤੇ ਟਿਕ ਜਾਵੇ ਤਾਂ ਜੀਉਣਾ ਸਫਲ ਹੋ ਜਾਵੇ , ਖ਼ੁਦ ਵੀ ਮਹਿਕੀਏ ਤੇ ਚੁਗਿਰਦਾ ਵੀ ਮਹਿਕਦਾ ਰਹੇ ।

ਦਵਿੰਦਰ ਸਿੰਘ ਜੌਹਲ

You may also like