ਘੰਟਾਘਰ ਦੀ ਘੜੀ ਦੀ ਟਿਕ-ਟਿਕ ਦੇ ਨਾਲ ਹੀ ਦੂਰੋਂ ਘੰਟਾਘਰ ਦੇ ਕਲਾਕ ਨੇ ਬਾਰਾਂ ਵੱਜਣ ਦਾ ਐਲਾਨ ਕੀਤਾ ਤਾਂ ਉਸ ਨੇ ਟਾਈਮ ਪੀਸ ਵੱਲ ਦੇਖਿਆ। ‘ਐਨਾ ਟਾਈਮ ਹੋ ਗਿਆ’ ਉਸਨੇ ਆਪਣੇ-ਆਪ ਨਾਲ ਹੀ ਗੱਲ ਕੀਤੀ।ਨੀਂਦ ਤਾਂ ਉਹਦੇ ਨੇੜੇ-ਤੇੜੇ ਵੀ ਨਹੀਂ ਸੀ।ਉਸਦੀ ਘਰਵਾਲੀ ਕਰਮਜੀਤ ਕੋਲ ਘੂਕ ਸੁੱਤੀ ਪਈ ਸੀ।ਸਾਹਮਣੀ ਕੰਧ ’ਤੇ ਟੰਗੀ ਬਾਪੂ ਤੇ ਬੇਬੇ ਦੀ ਤਸਵੀਰ ਵੱਲ ਉਸਨੇ ਵੇਖਿਆ।ਉਸਨੂੰ ਭੁਲੇਖਾ ਪਿਆ, ਜਿਵੇਂ ਬਾਪੂ ਕੁਝ ਕਹਿ ਰਹਿ ਹੋਵੇ।ਉਸਨੂੰ ਲੱਗਾ ਜਿਵੇਂ ਦਿਮਾਗ ਦੀਆਂ ਨਾੜਾਂ ਵਿੱਚ ਬਹੁਤ ਸਾਰਾ ਖੂਨ ਆ ਗਿਆ ਹੋਵੇ ਤੇ ਉਹ ਕਿਸੇ ਸਮੇਂ ਵੀ ਫਟ ਸਕਦੀਆਂ ਹੋਣ।ਉਹਨੇ ਉੱਠ ਕੇ ਪਾਣੀ ਪੀਤਾ ਤੇ ਸਾਹਮਣੇ ਨੂੰਹ-ਪੁੱਤ ਦੇ ਕਮਰੇ ਵਿੱਚ ਜਗਦੀ ਰੌਸ਼ਨੀ ਦੇਖ ਕੇ ਉੱਧਰ ਨੂੰ ਤੁਰ ਪਿਆ ਅੰਦਰੋਂ ਭਿਣ-ਭਿਣ ਕਰਦੀ ਨੂੰਹ ਦੀ ਅਵਾਜ਼ ਆ ਰਹੀ ਸੀ, ‘ਹਾੜੇ` ਇਸ ਤਰ੍ਹਾਂ ਨਾ ਕਰੋ।’ਅੱਗੋਂ ਦਰਸ਼ਨ ਉੱਚੀ ਦੇਣੇ ਬੋਲਿਆ, ‘ਜਿਵੇਂ ਮਾਂ ਕਹਿੰਦੀ ਹੈ ਉਵੇਂ ਹੋਊ ਚੁੱਪ ਕਰ।’ਉਹਨੂੰ ਗੱਲਾਂ ਸੁਣਦੇ ਨੂੰ ਸ਼ਰਮ ਜਿਹੀ ਆਈ। ‘ਜੇ ਕੋਈ ਉਸਨੂੰ ਇਸ ਤਰ੍ਹਾਂ ਕਰਦਾ ਦੇਖੇ ਤਾਂ ਕੀ ਕਹੂ ’ਤੇ ਉਹ ਬਾਹਰ ਜਾ ਕੇ ਬੇਚੈਨੀ ਨਾਲ ਵਿਹੜੇ ਵਿੱਚ ਘੁੰਮਣ ਲੱਗਾ।
ਬ ਉਹਨੇ ਮਹਿਸੂਸ ਤਾਂ ਕੀਤਾ ਸੀ ਕਿ ਪਿਛਲੇ ਕਈ ਦਿਨਾਂ ਤੋਂ ਘਰ ਵਿੱਚ ਕੋਈ ਗੱਲ ਉਸ ਤੋਂ ਲੁਕੋ ਕੇ ਗੁੱਝੀ-ਗੁੱਝੀ ਹੋ ਰਹੀ ਹੈ।ਘਰ ਵਿੱਚ ਤਣਾਅ ਦੀ ਝਲਕ ਉਹਨੂੰ ਮਿਲਦੀ ਸੀ।ਪਰ ਨੂੰਹ-ਸੱਸ ਦੇ ਆਪਸੀ ਰਿਸ਼ਤੇ ਵਿੱਚ ਉਸਨੇ ਕਈ ਦਖਲ ਨਹੀਂ ਦਿੱਤਾ ਸੀ।ਉਸਦੇ ਪੁੱਤਰ ਦਰਸ਼ਨ ਨੇ ਖੇਤੀਬਾੜੀ ਦਾ ਕੰਮ ਸੰਭਾਲ ਕੇ ਇੱਕ ਤਰ੍ਹਾਂ ਨਾਲ ਉਸਨੂੰ ਵਿਹਲਾ ਹੀ ਕਰ ਦਿੱਤਾ ਸੀ।ਉਹਦਾ ਸੰਸਾਰ ਸੀ ਪੋਤੀ ਸੋਨੀਆ ਦੀ ਦੇਖਭਾਲ ਕਰਨਾ।ਦੋਵੇਂ ਦਾਦਾ-ਪੋਤੀ ਆਪਣੀਆਂ ਖੇਡਾਂ ਵਿੱਚ ਮਸਤ ਰਹਿੰਦੇ।ਇਸ ਕਰਕੇ ਹੀ ਉਸਨੇ ਪਿਛਲੇ ਦਿਨਾਂ ਵਿੱਚ ਘਰ ਵਿੱਚ ਫੈਲੇ ਤਣਾਅ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਸੀ।ਸੋਨੀਆ ਜਦੋਂ ਰਾਤ ਨੂੰ ਉਸ ਤੋਂ ਬਾਤਾਂ ਸੁਣਦੀ ਸੌਂ ਗਈ ਤਾਂ ਉਸਨੇ ਨੂੰਹ ਸੁਰਿੰਦਰ ਨੂੰ ਕਿਹਾ, ‘ਧੀਏ` ਲੈ ਜਾ ਸੋਨੀਆ ਨੂੰ।’ਪਹਿਲਾਂ ਤਾਂ ਨੂੰਹ ਦਾ ਜਵਾਬ ਆਉਂਦਾ, ‘ਜੀ ਪਾਪਾ ਜੀ।’ਪਰੰਤੂ ਅੱਜ ਉਹ ਸੋਨੀਆ ਨੂੰ ਚੁੱਪ-ਚਾਪ ਚੁੱਕ ਕੇ ਲੈ ਗਈ।ਉਹਨੂੰ ਸੁਰਿੰਦਰ ਦਾ ਚਿਹਰਾ ਉੱਤਰਿਆ ਹੋਇਆ ਤੇ ਪੀਲਾ ਪਿਆ ਲੱਗਾ ਪਰ ਉਹ ਚੁੱਪ ਕਰ ਗਿਆ।ਨੌ ਕੁ ਵਜੇ ਦੁੱਧ ਦਾ ਗਲਾਸ ਲੈ ਕੇ ਆਈ ਕਰਮਜੀਤ ਨੇ ਕਿਹਾ, ‘ਕੱਲ ਨੂੰ ਆੜ੍ਹਤੀਏ ਤੋਂ ਵੀਹ ਕੁ ਹਜ਼ਾਰ ਰੁਪਏ ਫੜ ਕੇ ਲਿਆਈਂ।ਦੁੱਧ ਦਾ ਗਲਾਸ ਮੇਜ ’ਤੇ ਰੱਖ ਉਹਨੇ ਪੁੱਛਿਆ, ‘ਕੀ ਕਰਨੇ ਨੇ ਪੈਸੇ? ਤੈਨੂੰ ਪਤਾ ਪਹਿਲਾਂ ਹੀ ਕੁੜੀ ਦਾ ਵਿਆਹ ਵਾਲਾ ਦੇਣਾ-ਲੈਣਾ ਠੀਕ ਨਹੀਂ ਆਇਆ।’ਅੱਗੋਂ ਕਰਮਜੀਤ ਔਖੀ ਹੋ ਕੇ ਬੋਲੀ, ‘ਨਾ ਦੱਸ ਮੈ ਟੂਮਾਂ ਘੜਾਉਣੀਆਂ ਨੇ।ਹੈਗੀ ਘਰ ਵਿੱਚ ਲੋੜ।’ਉਹਦੇ ਵਤੀਰੇ ਨੇ ਉਹਨੂੰ ਵੀ ਤਲਖੀ ਚਾੜ੍ਹ ਦਿੱਤੀ। ‘ਲੋੜ ਦਾ ਪਤਾ ਵੀ ਲੱਗੇ, ਐਵੇਂ ਸਿਰ ਚੜ੍ਹੀ ਜਾਨੀ ਐਂ ਮੱਲੋਂ-ਮੱਲੀ।’‘ਲੈ ਸੁਣ ਲੈ ਸਰਦਾਰ ਜੀ, ਤੇਰੀ ਨੂੰਹ ਰਾਣੀ ਇੱਕ ਕੁੜੀ ਹੋਰ ਜੰਮਣ ਵਾਲੀ ਐ।’ ਉਹਦਾ ਬੰਨ੍ਹ-ਸੁਭ ਕਰਨਾ।ਹੋਰ ਨਾ ਪੁਛੀ ਮੇਰੇ ਤੋਂ।ਕਰਮਜੀਤ ਨੇ ਆਪਣੇ ਮੂੰਹ ਵਿੱਚੋਂ ਅੰਗਾਰਿਆਂ ਵਰਗੇ ਸ਼ਬਦ ਉਹਦੇ ਉੱਪਰ ਉੱਲਦ ਦਿੱਤੇ।ਉਸ ਤੋਂ ਬਾਅਦ ਇੱਕ ਪਲ ਚੈਨ ਉਸਨੂੰ ਨਹੀਂ ਆਇਆ ਸੀ।ਉਹਨੂੰ ਹੁਣ ਪਿਛਲੇ ਕਈ ਦਿਨਾਂ ਤੋਂ ਘਰ ਵਿੱਚ ਫੈਲੇ ਤਣਾਅ ਦਾ ਕਾਰਨ ਪਤਾ ਲੱਗ ਗਿਆ ਸੀ।ਕਿਉਂਕਿ ਪੜ੍ਹੀ-ਲਿਖੀ ਸੁਰਿੰਦਰ ਮੁੰਡੇ ਦਾ ਫਰਕ ਨਹੀਂ ਸਮਝਦੀ ਸੀ।ਸੋਨੀਆ ਵੇਲੇ ਵੀ ਕਰਮਜੀਤ ਨੇ ਇਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪਹਿਲਾ ਬੱਚਾ ਹੋਣ ਕਰਕੇ ਉਹਦੀ ਗੱਲ ਦੀ ਬਹੁਤੀ ਪੁੱਗਤ ਨਹੀਂ ਹੋਈ ਸੀ।ਉਹ ਫੇਰ ਆ ਕੇ ਮੰਜੇ ’ਤੇ ਪੈ ਗਿਆ।ਸਾਹਮਣੇ ਬਾਪੂ ਦੀ ਤਸਵੀਰ ਉਸਨੂੰ ਹੱਸਦੀ ਲੱਗੀ।ਜਿਵੇਂ ਬਾਪੂ ਆਪਣੇ ਤਕੀਏ ਕਲਾਮ ਵਿੱਚ ਕਹਿ ਰਿਹਾ ਹੋਵੇ, ‘ਕਿਵੇਂ ਹੈ ਪੁੱਤਰਾ’ਤੇ ਉਸਤੋਂ ਉਸਦਾ ਜਵਾਬ ‘ਕੋਈ ਨਾ ਬਾਪੂ ਦਖੀ ਚੱਲ’ਕਿਹਾ ਨਾ ਗਿਆ।ਉਸਨੂੰ ਲੱਗਾ ਕੋਈ ਚੀਜ਼ ਉਸਦੇ ਗਲ ਵਿੱਚ ਫਸ ਗਈ ਹੋਵੇ ਤੇ ਫੇਰ ਉਸਦੀ ਸੁਰਤੀ ਅਜ ਤੋਂ 35 ਸਾਲ ਪਿੱਛੇ ਚਲੀ ਗਈ।
ਜਦੋਂ ਉਹ ਅੱਲ੍ਹੜ ਜਿਹਾ ਸੀ।ਇੱਕ ਰਾਤ ਸਿਆਲਾਂ ਵਿੱਚ ਜਦੋਂ ਦਰਵਾਜ਼ਾ ਜ਼ੋਰ ਦੀ ਖੜਕਿਆ ਤਾਂ ਉਹ ਉੱਠ ਕੇ ਬੈਠ ਗਿਆ ਸੀ।ਬਾਪੂ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਵੱਡੇ ਘਰੀਏ ਫੁੱਫੜ ਜੀ ਦਾ ਸੀਰੀ ਬੋਤਾ ਲਈ ਖੜ੍ਹਾ ਸੀ।ਉਹਦਾ ਦਾਦਾ ਵੀ ਉਦੋਂ ਜਿਉਂਦਾ ਸੀ।ਉਹ ਖੂੰਡੀ ਲੈ ਕੇ ਦਰਵਾਜ਼ੇ ਵਿੱਚ ਆ ਬਹੁੜਿਆ।ਸੀਰੀ ਨੇ ਆਉਂਦਿਆਂ ਹੀ ਹਾਲ-ਪਾਹਰਿਆ ਪਾ ਦਿੱਤੀ, ‘ਪੱਟੇ ਗਏ ਸਰਦਾਰਾ’।ਉਹਦੀ ਚੰਘਿਆੜ ਬਾਹਰ ਤੱਕ ਸੁਣਾਈ ਦਿੱਤੀ।ਉਹਦੇ ਦੂਜੇ ਭੈਣ-ਭਰਾ ਵੀ ਉੱਠ ਕੇ ਬੈਠ ਗਏ।ਸੀਰੀ ਨੇ ਥੋੜ੍ਹਾ ਸੰਭਲ ਕੇ ਦੱਸਿਆ ਕਿ ਫੁੱਫੜ ਜੀ ਦਾ ਜ਼ਿਆਦਾ ਸ਼ਰਾਬ ਪੀਣ ਕਰਕੇ ਸਵਰਗਵਾਸ ਹੋ ਗਿਆ।ਦਾਦਾ ਸਿਰ ਫੜ ਕੇ ਬੈਠ ਗਿਆ। ‘ਕੱਲ੍ਹ ਨੂੰ ਸਸਕਾਰ ਹੈ।’ਬੇਬੇ ਨੇ ਸੀਰੀ ਨੂੰ ਚਾਹ ਪਿਆਈ ਤੇ ਉਹ ਰਾਤ ਨੂੰ ਹੀ ਹੋਰ ਰਿਸ਼ਤੇਦਾਰੀਆਂ ਵਿੱਚ ਦੱਸਣ ਲਈ ਚਲਾ ਗਿਆ।ਅਗਲੇ ਦਿਨ ਉਹ,ਬੇਬੇ,ਦਾਦਾ,ਦਾਦੀ ਤੇ ਪਿੰਡ ਦੇ ਹੋਰ ਬੰਦੇ ਫੁੱਫੜ ਜੀ ਦੇ ਸਸਕਾਰ ’ਤੇ ਗਏ ਪਰ ਬਾਪੂ ਨੇ ਜਾਣ ਤੋਂ ਇਨਕਾਰ ਕਰ ਦਿੱਤਾ।ਪਿੰਡ ਵਿੱਚ ਇਸ ਦੀ ਬੜੀ ਚਰਚਾ ਹੋਈ।ਹਰ ਕਿਸੇ ਨੇ ਉਸਨੂੰ ਆ ਕੇ ਕਿਹਾ, ‘ਜੁਆਈ ਭਾਈ ਦੇ ਮਰਨ ਮੌਕੇ ਤਾਂ ਜਾਣਾ ਚਾਹੀਦਾ ਹੈ।’ਪਰ ਉਸ ਨੇ ਕਿਸੇ ਦੀ ਗੱਲ ਨਹੀਂ ਸੁਣੀ ਸੀ। ਸਸਕਾਰ ਤੋਂ ਆ ਕੇ ਦਾਦੀ ਤੇ ਬੇਬੇ ਨੇ ਕਲੇਸ਼ ਪਾਇਆ ਕਿ ਬਾਪੂ ਕੱਲ੍ਹ ਨੂੰ ਫੁੱਲ ਚੁਗਣ ਤੋਂ ਬਾਅਦ ਸਿਵਾ ਢੱਕਣ ਜ਼ਰੂਰ ਜਾਵੇ ਪਰੰਤੂ ਬਾਪੂ ਨੇ ਇੱਕ ਹੀ ਨੰਨਾ ਫੜੀ ਰੱਖਿਆ।ਉਹ ਕਹਿੰਦਾ, “ਮੈਂ ਨਹੀਂ ਜਾਣਾ।”ਰਾਤ ਨੂੰ ਦਾਦੀ ਨੇ ਦੱਸਿਆ ਕਿ ਤੇਰਾ ਪਿਉ ਹੈਗਾ ਧਰਮੀ-ਕਰਮੀ ਬੰਦਾ।ਤੈਨੂੰ ਪਤਾ ਤੇਰੀ ਇਸ ਭੂਆ ਦੇ ਪਹਿਲੇ ਜਣੇਪੇ ਵੇਲੇ ਕੁੜੀ ਹੋਈ।ਤੇਰੀ ਪਿਉ ਨੂੰ ਪਤਾ ਸੀ ਕਿ ਇਹ ਸਰਦਾਰਾਂ ਦਾ ਲਾਣਾ ਕੁੜੀਆਂ ਨੂੰ ਮਾਰ ਦਿੰਦਾ।ਜਦੋਂ ਤੇਰਾ ਫੁੱਫੜ ਤੇਰੀ ਭੂਆ ਲੈਣ ਆਇਆ ਤਾਂ ਤੇਰੇ ਬਾਪੂ ਨੇ ਗਲ਼ ਵਿੱਚ ਪੱਲਾ ਪਾ ਕੇ ਕਿਹਾ, “ਦੇਖੋ ਸਰਦਾਰ ਜੀ ਰੱਬ ਦੀ ਮਰਜੀ ਅੱਗੇ ਕਿ ਜ਼ੋਰ ਐ।ਤੁਹਾਡੀ ਰੀਤ ਦਾ ਸਾਨੂੰ ਪਤਾ ਕਿ ਤੁਹਾਡੇ ਖਾਨਦਾਨ ਵਿੱਚ ਕੁੜੀ ਨੂੰ ਜੰਮਦੇ ਮਾਰ ਦਿੰਦੇ ਹੋ।ਇਸ ਬੱਚੀ ਨੂੰ ਇੱਥੇ ਛੱਡ ਜਾ।ਇਹਦਾ ਪਾਲਣ-ਪੋਸ਼ਣ ਮੈਂ ਕਰਾਂਗਾ ਤੇ ਸਮਝਾਂਗਾ ਕਿ ਰੱਬ ਨੇ ਇਹ ਧੀ ਮੈਨੂੰ ਦਿੱਤੀ ਹੈ।” ਪਰ ਫੁੱਫੜ ਜੀ ਨੇ ਪੈਰਾਂ ’ਤੇ ਪਾਣੀ ਨਾ ਪੈਣ ਦਿੱਤਾ।ਬਾਪੂ ਨੇ ਫੇਰ ਹੱਥ ਜੋੜੇ, “ਸਰਦਾਰ ਜੀ, ਛੱਡ ਜਾ ਮੇਰੇ ਬੱਚਿਆਂ ਨਾਲ ਪਲ ਜਾਊ।”ਪਰ ਫੁੱਫੜ ਜੀ ਨਾ ਮੰਨੇ ਤੇ ਭੂਆ ਤੇ ਬੱਚੀ ਨੂੰ ਨਾਲ ਲੈ ਗਏ ਪਰ ਥੋੜੇ੍ਹ ਸਮੇਂ ਬਾਅਦ ਪਤਾ ਲੱਗਾ ਕਿ ਕੁੜੀ ਨੂੰ ਕੁਝ ਦੇ ਕੇ ਮਾਰ ਦਿੱਤਾ।ਬਾਪੂ ਮੁੜ ਕੇ ਫੁੱਫੜ ਜੀ ਦੇ ਮੱਥੇ ਨਹੀਂ ਲੱਗਾ।ਕਹਿੰਦਾ, “ਗੁਰੂ ਦਾ ਹੁਕਮ ਹੈ, ਕੁੜੀਮਾਰ ਤੋਂ ਦੂਰ ਰਹਿਣਾ।”ਇਹ ਕਹਿੰਦੇ ਜਹਾਨ ਤੋਂ ਤੁਰ ਗਿਆ ਕਿ ਕੁੜੀਮਾਰ ਰਿਸ਼ਤੇਦਾਰ ਸਾਡੇ ਲਈ ਮਰ ਗਿਆ, ਅਸੀਂ ਉਨ੍ਹਾਂ ਲਈ।ਅੱਜ ਉਹੀ ਘਟਨਾ ਉਹਦੇ ਘਰ ਵਿੱਚ ਘਟਣ ਜਾ ਰਹੀ ਹੈ।ਸਾਇੰਸ ਨੇ ਕੁੜੀ ਨੂੰ ਜੰਮਣ ਤੋਂ ਬਾਅਦ ਮਾਰਨ ਦੀ ਬਜਾਏ ਕੁੱਖ ਵਿੱਚ ਹੀ ਕਤਲ ਕਰਨ ਤੱਕ ਦੀ ਤੱਰਕੀ ਕਰ ਲਈ ਹੈ।ਉਹਨਾਂ ਨੂੰ ਬਾਬਾ ਤੇ ਬਾਪੂ ਬੜੇ ਯਾਦ ਆਏ।ਫੇਰ ਉਹਦੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆਂ, “ਕੋਈ ਨਾ ਬਾਪੂ, ਦੇਖੀ ਚੱਲ।”ਇਸ ਤੋਂ ਬਾਅਦ ਉਸਨੂੰ ਲੱਗਾ ਜਿਵੇਂ ਉਹ ਫੁੱਲਾਂ ਵਰਗਾ ਹੌਲ਼ਾ ਹੋ ਗਿਆ ਹੋਵੇ।ਉਸਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਨੀਂਦ ਨੇ ਆ ਦਬੋਚਿਆ।
ਸਵੇਰੇ ਉਹ ਥੋੜ੍ਹਾ ਲੇਟ ਹੀ ਜਾਗਿਆ।ਨਹਾ-ਧੋ ਕੇ ਉਹ ਆੜ੍ਹਤੀਏ ਤੋਂ ਵੀਹ ਹਜ਼ਾਰ ਰੁਪਏ ਫੜ ਲਿਆਇਆ।ਉਹਨੇ ਘਰ ਮੋਟਰ ਸਾਇਕਲ ਖੜ੍ਹਾ ਕੇ ਆਵਾਜ਼ ਮਾਰੀ, ‘ਕਰਮਜੀਤ` ਕਰਮਜੀਤ`’ ਉਹਨੇ ਵੇਖਿਆ ਰਸੋਈ ਵਿੱਚ ਖੜ੍ਹੀ ਉਹਦੀ ਨੂੰਹ ਦਾ ਚਿਹਰਾ ਕੁਮਲਾ ਗਿਆ।ਉਹ ਦਰਵਾਜ਼ੇ ਦਾ ਸਹਾਰਾ ਲੈ ਕੇ ਖੜ੍ਹ ਗਈ ਜਿਵੇਂ ਡਿੱਗ ਰਹੀ ਹੋਵੇ।ਕਰਮਜੀਤ ਅੰਦਰੋਂ ਚੱਕਵੇਂ ਪੈਰੀਂ ਆਈ, ‘ਲੈ ਆਏ ਪੈਸੇ?’ ਉਹਨੇ ਪੰਜ-ਪੰਜ ਸੌ ਦੇ ਚਾਲ੍ਹੀ ਨੋਟ ਕੱਢ ਕੇ ਉਹਨੂੰ ਫੜਾਏ ਤੇ ਨਾਲ ਹੀ ਬੋਲਿਆ, ‘ਕੰਨ ਖੋਲ੍ਹ ਕੇ ਸੁਣਲੈ, ਇਨ੍ਹਾਂ ਪੈਸਿਆਂ ਨਾਲ ਨੂੰਹ ਰਾਣੀ ਦੀ ਚੰਗੀ ਦਵਾਈ-ਬੂਟੀ ਕਰਵਾ।ਜਿਹੜਾ ਪਾਪ ਤੂੰ ਕਰਨ ਦੀ ਗੱਲ ਕਰਦੀ ਐਂ ਉਹਦੇ ਬਾਰੇ ਸੋਚੀਂ ਵੀ ਨਾ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਵੀ ਨ੍ਹੀਂ ਹੋਣਾ।’ਉਸਦੀ ਗਰਜ਼ਦੀ ਅਵਾਜ਼ ਨੂੰ ਸੁਣ ਕੇ ਕਰਮਜੀਤ ਨੂੰ ਲੱਗਾ ਜਿਵੇਂ ਉਹ ਨਹੀਂ ਉਹਦੇ ਅੰਦਰੋਂ ਬਾਪੂ ਬੋਲ ਰਿਹਾ ਹੋਵੇ।ਨੂੰਹ ਰਾਣੀ ਭੱਜ ਕੇ ਉਸਦੇ ਪੈਰਾਂ ਨੂੰ ਆ ਚਿੰਬੜੀ।
ਭੁਪਿੰਦਰ ਸਿੰਘ ਮਾਨ
ਕੋਈ ਨਾ ਬਾਪੂ`
556
previous post