582
ਸ਼ਹਿਰੋਂ ਸੌਦਾ ਪੱਤਾ ਲੈਣ ਗਿਆ ਤੇਜਾ ਸਿੰਓਂ ਕੱਪੜੇ ਦੀ ਹੱਟੀ ਵਾਲੇ ਆਪਣੇ ਯਾਰ ਸੇਠ ਮੰਗਤ ਰਾਮ ਕੋਲ ਰੁਕ ਗਿਆ । ਸੋਚਿਆ ਨਾਲੇ ਚਾਹ ਪਾਣੀ ਪੀ ਚੱਲਾਂਗੇ ਨਾਲੇ ਉਤੋਂ ਬੱਦਲ ਜਿਆ ਟਲ ਜਾਵੇਗਾ । ਜਾਂਦਿਆਂ ਨੂੰ ਸੇਠ ਆਵਦੇ ਨੌਕਰ ਨੂੰ ਕਹਿ ਰਿਹਾ ਸੀ “ਚੱਲ ਉਏ ਛੋਟੂ ਸਮਾਨ ਅੰਦਰ ਸਾਂਭ ਬੱਦਲ ਬੜਾ ਚੜਿਆ ਆਉਂਦਾ ਕਿਤੇ ਪੂਰੇ ਦਿਨ ਦੀ ਕੀਤੀ ਮਿਹਨਤ ਖੂਹ ਚ ਨਾਂ ਪੈ ਜੇ” ਦੁਕਾਨ ਅੰਦਰ ਬੈਠਾ ਤੇਜਾ ਸਿੰਓਂ ਸੋਚਦੈ “ਬਾਈ ਸੇਠ ਨੇ ਤਾਂ ਪੂਰੇ ਦਿਨ ਦੀ ਮਿਹਨਤ ਖਰਾਬ ਹੋਣ ਦੇ ਡਰੋਂ ਸਮਾਨ ਦੁਕਾਨ ਦੇ ਅੰਦਰ ਕਰ ਲਿਆ ਤੇ ਉਹ ਆਪਣੀਂ ਛੇ ਮਹੀਨਿਆਂ ਦੀ ਮਿਹਨਤ ਕਿਸ ਕੋਠੇ ਪਾਵੇਗਾ ਜਿਹੜੀ ਖੁੱਲੇ ਅਸਮਾਨ ਥੱਲੇ ਪੱਕੀ ਖੜੀ ਐ ?” ,,, ” ਵਾਹ ਉਏ ਦਾਤਿਆ ਤਾਂ ਈ ਕਹਿੰਦੇ ਆ ਕਿਸਾਨ ਦੀ ਕੁਦਰਤ ਨਾਲ ਗੂਹੜੀ ਹੁੰਦੀ ਐ ,,,,, ਹੁਣ ਤਾਂ ਭਾਈ ਤੇਰੇ ਹੱਥ ਡੋਰ ਆ ਭਾਂਵੇਂ ਰੱਖ ਲੈ ਭਾਂਵੇਂ ਮਾਰ ਲੈ ” ਮਨ ਈ ਮਨ ਸੋਚਦਾ ਤੇਜਾਂ ਸਿੰਓਂ ਕਣੀਆਂ ਰੁਕੀਆਂ ਤੋਂ ਸਕੂਟਰ ਦੀ ਕਿੱਕ ਮਾਰ ਪਿੰਡ ਦੇ ਰਾਹ ਪੈ ਗਿਆ
ਗੁਰਪ੍ਰੀਤ ਸਿੰਘ ਸਾਦਿਕ