ਡਾਕੂਆਂ ਦਾ ਮੁੰਡਾ – ਕਿਲਕਾਰੀ, ਕੁਨਬਾ ਤੇ ਕੈਦਾ

by admin

ਮੇਰਾ ਜਨਮ ਗਿਆਰਾਂ ਸਾਉਣ (26 ਜੁਲਾਈ) ਵੀਰਵਾਰ 1979 ਨੂੰ ਸਵੇਰੇ ਇੱਕ ਕੱਚੇ ਕੋਠੇ ਵਿਚ ਹੋਇਆ। ਦਰਅਸਲ ਅਸੀਂ ਵੰਡ ਵੇਲੇ ਪਾਕਿਸਤਾਨ ‘ਚੋਂ ਉਜੜ ਕੇ ਆਏ ਸਾਂ। ਸਾਡਾ ਪਾਕਿਸਤਾਨ ’ਚ ਪਿੰਡ ਰਾਜਾ ਜੰਗ ਤੇ ਪੰਤੀ ਚੋਲੇ ਕੇ ਸੀ। ਵੰਡ ਤੋਂ ਬਾਅਦ ਸਾਨੂੰ ਫਾਜ਼ਿਲਕਾ ਤਹਿਸੀਲ ਦੇ ਪਿੰਡ ਗੁਰੂਸਰ ਯੋਧਾ ਵਿੱਚ ਜ਼ਮੀਨ ਅਲਾਟ ਹੋਈ ਜੋ ਅੱਜ ਸ੍ਰੀ ਮੁਕਤਸਰ ਸਾਹਿਬ ਦੇ ‘ਸ਼ਾਹੀਂ ਹਲਕੇ ਲੰਬੀ (ਮੁਕਤਸਰ) ਵਿੱਚ ਪੈਂਦਾ ਹੈ।

ਪਾਕਿਸਤਾਨ ਵਿੱਚ ਸਾਡੇ ਪੜਦਾਦੇ ਭਗਵਾਨ ਸਿੰਘ ਕੋਲ 200 ਘੁਮਾਂ ਪੈਲੀ ਸੀ ਜੋ ਕਾਟ ਲੱਗ ਕੇ ਇੱਧਰ 50 ਏਕੜ ਰਹਿ ਗਈ। ਮੇਰੇ ਦਾਦੇ ਹੋਰੀਂ ਚਾਰ ਭਰਾ ਸੀ। ਸਭ ਤੋਂ ਵੱਡਾ ਮੇਰਾ ਦਾਦਾ ਅਜੀਤ ਸਿੰਘ ਸੀ ਤੇ ਬਾਕੀ ਅਮਰ ਸਿੰਘ, ਹਰਨਾਮ ਸਿੰਘ ਅਤੇ ਗੁਰਨਾਮ ਸਿੰਘ ਕੁਮਵਾਰ ਛੋਟੇ ਸਨ। ਸਭ ਤੋਂ ਛੋਟੇ ਗੁਰਨਾਮ ਸਿੰਘ ਦੀ ਪਿੰਡ ‘ਚ ਹੋਈ ਇੱਕ ਲੜਾਈ ਦੌਰਾਨ ਲੱਤ ਕੱਟੀ ਗਈ ਸੀ ਜਿਸ ਦਾ ਬਾਅਦ ਵਿੱਚ ਵਿਆਹ ਨਾ ਹੋਇਆ। ਬਾਕੀ ਤਿੰਨੋ ਵਿਆਹੇ ਹੋਏ ਸਨ। ਜਦਕਿ ਮੇਰਾ ਦਾਦਾ ਅਜੀਤ ਸਿੰਘ, ਜੋ ਦਸ ਨੰਬਰੀਆ ਤੇ ਮਸ਼ਹੂਰ ਬਲੈਕੀਆ ਸੀ, ਦੇ ਦੋ ਵਿਆਹ ਹੋਏ ਸਨ। ਪਹਿਲੇ ਵਿਆਹ ‘ਚੋਂ ਮੇਰੇ ਦੋ ਤਾਏ ਅਵਤਾਰ ਸਿੰਘ ਤੇ ਗੁਰਦੇਵ ਸਿੰਘ ਅਤੇ ਭੂਆ ਜ਼ਿੰਦਰ ਕੌਰ ਸਨ, ਦੂਜੇ ਵਿਆਹ ‘ਚੋਂ ਮੇਰਾ ਬਾਪੂ ਬਲਦੇਵ ਸਿੰਘ ਅਤੇ ਭੂਆ ਰਾਜਵਿੰਦਰ ਕੌਰ ਸਨ। ਮੇਰੀ ਦਾਦੀ ਵੀਰ ਕੌਰ ਨੂੰ ਪਿੰਡ ਵਾਲਾ ਘਰ ਹਿੱਸੇ ਆਇਆ ਸੀ ਤੇ ਵੱਡੀ ਦਾਦੀ ਹਰਦੀਪ ਕੌਰ ਨੂੰ ਖੇਤ ਵਾਲਾ ਘਰ। ਇਹ ਖੇਤ ਵਾਲਾ ਘਰ ਅਸਲ ’ਚ ਮੇਰੇ ਦਾਦੇ ਅਤੇ ਤਾਇਆਂ ਦੀ ਤਸਕਰੀ ਅਤੇ ਮਾਰਧਾੜ ਦਾ ਮਾਲ ਸਾਂਭਣ ਲਈ ਹੀ ਸੀ।

ਮੇਰਾ ਜਨਮ ਖੇਤ ਵਾਲੇ ਘਰ ਹੋਇਆ। ਯਾਅਨੀ ਪਹਿਲੀ ਕਲਕਾਰੀ ਉੱਥੇ ਵੱਜੀ ਜਿੱਥੇ ਘੜੇ ਪਾਣੀ ਨਾਲ ਨਹੀਂ ਅਫੀਮ ਨਾਲ ਭਰੇ ਪਏ ਹੁੰਦੇ ਸੀ। ਇੱਥੇ 1976 ‘ਚ ਇੱਕ ਪੁਲਸ ਮੁਕਾਬਲਾ ਵੀ ਹੋ ਚੁੱਕਾ ਸੀ ਜਿਸ ਵਿੱਚ ਦਬਿਸ਼ ਦੇਣ ਆਈ ਪੁਲਸ ਦੀ ਪੈਦਲ ਟੀਮ ਨੂੰ ਸਾਡੇ ਟੱਬਰ ਨੇ ਸੱਟਾਂ ਮਾਰ ਦਿੱਤੀਆਂ ਸੀ। ਇਸ ਕੇਸ ਵਿੱਚ ਮੇਰੇ ਬਾਪੂ ਨੂੰ ਪਿੰਡ ਵਾਲਿਆਂ ਬਚਾ ਲਿਆ ਸੀ ਕਿਉਂਕਿ ਉਹ ਕਬੱਡੀ ਦਾ ਧਾਕੜ ਖਿਡਾਰੀ ਸੀ ਤੇ ਜਿਸ ਰਾਤ ਇਹ ਕਾਂਡ ਵਾਪਰਿਆ ਮੇਰਾ ਬਾਪੁ ਪਿੰਡ ‘ਚ ਹੀ ਚੱਲ ਰਹੇ ਕਬੱਡੀ ਟੂਰਨਾਮੈਂਟ ਦਾ ਹਿੱਸਾ ਸੀ। ਦੂਜੇ ਜੀਆਂ ਨੂੰ ਧਾਰਾ 307 ਅਧੀਨ ਸੱਤ-ਸੱਤ ਸਾਲ ਕੈਦ ਕੱਟਣੀ ਪਈ ਸੀ।

ਮੇਰੇ ਜਨਮ ਤੋਂ ਦੋ ਸਾਲ ਬਾਅਦ ਮੇਰੇ ਛੋਟੇ ਭਰਾ ਭੁਪਿੰਦਰ ਸਿੰਘ ਦਾ ਜਨਮ ਹੋਇਆ। ਉਸ ਤੋਂ ਬਾਅਦ ਇੱਕ ਭੈਣ ਦਾ ਵੀ ਜਨਮ ਹੋਇਆ ਜਿਸ ਦੀ ਜਨਮ ਦੇ ਕੁਝ ਪਲਾਂ ਬਾਅਦ ਹੀ ਮੌਤ ਹੋ ਗਈ। ਮੇਰੇ ਬਾਪੂ ਨੂੰ ਮੇਰੀ ਦਾਦੀ ਨੇ ਬੜੀ ਰੀਝ ਨਾਲ ਪਾਲਿਆ ਸੀ। ਦੱਸਦੇ ਆ ਕਿ ਸਾਡੇ ਘਰ ਦੀ ਜਾਲੀ (ਸਮਾਨ ਰੱਖਣ ਲਈ ਲੱਕੜ ਦੀ ਅਲਮਾਰੀ) ਖੋਏ ਨਾਲ ਭਰੀ ਰਹਿੰਦੀ ਸੀ ਤੇ ਦਿਨ-ਰਾਤ ਦੁੱਧ ਕਾੜ੍ਹਨੀ ਚੜਿਆ ਰਹਿੰਦਾ। ਜੁਆਨ ਹੋਏ ਤੋਂ ਮੇਰਾ ਬਾਪੁ ਕਬੱਡੀ ਖੇਡਣ ਲੱਗ ਪਿਆ ਤੇ ਜਲਦੀ ਹੀ ਉਸ ਦੀ ਜਾਫ਼ ਦੀ ਧਾਕ ਪੂਰੇ ਇਲਾਕੇ ‘ਚ ਬਣ ਗਈ। ਇੱਕ ਪਾਸੇ ਦਾਦਾ ਅਤੇ ਤਾਏ ਕਿਲੋਆਂ ਨਾਲ ਅਫੀਮ ਵੇਚਦੇ ਤੇ ਦੂਜੇ ਪਾਸੇ ਮੇਰਾ ਬਾਪ ਵੱਧ-ਮੱਖਣਾ ਨਾਲ ਪਲੇ ਜੁਆਨਾਂ ਨੂੰ ਗੁੱਣੋਂ ਫੜ ਕੇ ਨਿੱਸਲ ਕਰ ਦਿੰਦਾ ਪਰ ਇਹ ਜਿਲਸਿਲਾ ਬਹੁਤੀ ਦੇਰ ਨਾ ਲਿਆ ਤੇ ਮੇਰਾ ਬਾਪੂ ਦਾ ਨਾਤਾ ਅਫੀਮ ਨਾਲ ਜੁੜ ਗਿਆ। ਕਬੱਡੀ ਕੈਰੀਅਰ ਦੇ ਆਖ਼ਰੀ ਦਿਨਾਂ ‘ਚ ਉਸ ਦਾ ਵਿਆਹ ਮੇਰੀ ਮਾਂ ਜਸਬੀਰ ਕੌਰ ਨਾਲ 1977 ਨੂੰ ਪਟਿਆਲਾ ਜ਼ਿਲ੍ਹੇ ਦੀ ਦੂਧਨ ਤਹਿਸੀਲ ਦੇ ਪਿੰਡ ਪਠਾਣ ਮਾਜਰਾ ਵਿਖੇ ਹੋਇਆ।

ਮੇਰੇ ਜਨਮ ਤੋਂ ਕੁਝ ਸਾਲਾਂ ਬਾਅਦ ਮੇਰੇ ਬਾਪੂ ਨੇ ਮੇਰੀਆਂ ਅੱਖਾਂ ਸਾਹਮਣੇ ਮੇਰੀ ਮਤਰੇਈ ਭੂਆ ਦਾ ਕਤਲ ਮੇਰੇ ਤਾਏ ਗੁਰਦੇਵ ਸਿੰਘ ਨਾਲ ਰਲ ਕੇ ਕਰ ਦਿੱਤਾ। ਦੋਵਾਂ ਨੂੰ ਭੁਆ ਦੇ ਦੁਸ਼ਮਣ ਪਰਿਵਾਰ ਨਾਲ ਵਰਤ-ਵਰਤਾਅ ਤੋਂ ਇਤਰਾਜ਼ ਸੀ ਜੋ ਵਿਆਹੀ ਤਾਂ ਰਾਜਸਥਾਨ ਸੀ ਪਰ ਜ਼ਮੀਨ ਵਿਕਣ ਤੋਂ ਬਾਅਦ ਪਰਿਵਾਰ ਸਮੇਤ ਸਾਡੇ ਪਿੰਡ ਹੀ ਆ ਕੇ ਰਹਿ ਰਹੀ ਸੀ। ਮੇਰੇ ਬਾਪੂ ਦੇ ਅੰਦਰ ਚਲੇ ਜਾਣ ਤੋਂ ਬਾਅਦ ਮੇਰੀ ਮਾਂ ਨੇ ਕਰੜਾ ਇਮਤਿਹਾਨ ਦਿੱਤਾ। ਉਸ ਨੇ ਆਪਣੀ ਪੱਤ ਵੀ ਬਚਾਈ ਤੇ ਸਾਨੂੰ ਵੀ ਪਾਲਿਆ। ਲੋਕਾਂ ਦਾ ਨਰਮਾ ਚੁਗਣ ਤੋਂ ਇਲਾਵਾ ਮਾਂ ਦੋ-ਦੋ ਮੀਲ ਤੋਂ ਪਠੇ ਲੈ ਕੇ ਆਉਂਦੀ ਤੇ ਨਾਲ ਹੀ ਮੇਰੇ ਬਾਪੂ ਦੇ ਕੇਸ ਦੀ ਪੈਰਵੀ ਵੀ ਕਰਦੀ ਰਹੀ। ਆਖ਼ਰ ਦੋ ਸਾਲ ਬਾਅਦ ਮੇਰਾ ਬਾਪੂ ਅਤੇ ਤਾਇਆ ਬਰੀ ਹੋ ਗਏ। ਉਦੋਂ ਤੱਕ ਅਸੀਂ ਵੀ ਸੁਰਤ ਸੰਭਾਲ ਚੁੱਕੇ ਸੀ | ਖਾਸ ਤੌਰ ‘ਤੇ ਮੈਂ ਪੰਜ ਸਾਲ ਦੀ ਉਮਰ ‘ਚ ਦੇਖੇ ਕਤਲ ਦੇ ਸਦਮੇ ਤੋਂ ਜ਼ਿਆਦਾ ਨਹੀਂ ਤਾਂ ਥੋੜਾ ਬਾਹਰ ਆ ਚੁੱਕਾ ਸੀ। ਬਾਪੂ ਦੀ ਬੁੱਕਲ ਮੁੜ ਹਾਸਲ ਕਰਕੇ ਮੈਂ ਬਾਪੂ ਵੱਲੋਂ ਕਤਲ ਵੇਲੇ ਕੀਤੇ ਗੰਡਾਸਿਆਂ ਦੇ ਵਾਰ ਥੋੜ੍ਹੇ-ਬਹੁਤ ਵਿਸਾਰ ਗਿਆ ਪਰ ਥਾਣਾ ਮੈਂ ਵੀ 9-10 ਸਾਲ ਦੀ ਉਮਰ ‘ਚ ਹੀ ਵੇਖ ਲਿਆ।

ਮੇਰੇ ਬਾਪੂ ਦੀ ਭੂਆ ਦਾ ਮੁੰਡਾ ਬਗੀ ਟਰੰਕ ਕਲੀਨਰ ਸੀ ਤੇ ਉਨ੍ਹਾਂ ਦੇ ਟਰੱਕ ’ਚ ਕਿਤੇ ਰਸਤੇ ’ਚੋਂ ਅੱਤਵਾਦੀ ਚੜੇ ਸਨ। ਉਹ ਸਾਡੇ ਕੋਲ ਹੀ ਰਹਿੰਦਾ ਸੀ। ਜਿਵੇਂ ਹੀ ਪੁਲਸ ਦੇ ਕੰਨਾਂ ਤੱਕ ਗੱਲ ਪਹੁੰਚੀ ਪੁਲਸ ਨੇ ਸਾਡੇ ਘਰ ਨੂੰ ਘੇਰ ਲਿਆ। ਥਾਣੇਦਾਰ ਕਹਿੰਦਾ ਜਾਂ ਤਾਂ ਕੋਈ ਬੰਦਾ ਦਿਉ ਜਾਂ ਮੈਂ ਜਨਾਨੀਆਂ ਲੈ ਕੇ ਜਾਂਦਾ ਹਾਂ। ਮੈਂ ਥਾਣੇਦਾਰ ਨੂੰ ਆਪ ਈ ਕਹਿ ਦਿੱਤਾ ਕਿ ਮੈਂ ਚਲਦਾ ਹਾਂ ਤੁਹਾਡੇ ਨਾਲ। ਮੈਂ ਤਿੰਨ ਦਿਨ ਮਲੋਟ ਦੇ ਸਦਰ ਥਾਣੇ ਰਿਹਾ। ਉਸ ਵੇਲੇ ਥਾਣੇਦਾਰ ਸਵਰਨ ਸਿੰਘ ਸੀ ਜਿਸ ਨੇ ਬੜੇ ਪਿਆਰ ਨਾਲ ਵਿਹਾਰ ਕੀਤਾ। ਤਿੰਨ ਦਿਨ ਬਾਅਦ ਮੇਰੇ ਪਿੰਡ ਵਾਲਾ ਸੁੱਖਾ ਸੁਨਿਆਰਾ ਸਾਰਾ ਮਸਲਾ ਨਿਬੇੜ ਕੇ ਮੈਨੂੰ ਲੈ ਆਇਆ। ( ਮੇਰੀ ਪੂਰੀ ਤਰ੍ਹਾਂ ਸੁਰਤ ਸੰਭਲਦਿਆਂ ਤੱਕ ਮੇਰਾ ਬਾਪੂ ਜੋ ਕੱਲ੍ਹ ਤੱਕ ਭਲਵਾਨ ਸੀ ਅੱਜ ਪੰਕਾ ਅਮਲੀ ਬਣ ਚੁੱਕਾ ਸੀ। ਉਹ ਆਵਦੇ ਹਿੱਸੇ ‘ਚ ਆਈ ਜ਼ਮੀਨ ਤੋਂ ਇਲਾਵਾ ਮੇਰੇ ਦਾਦੇ ਦੇ ਛੋਟੇ ਭਰਾ ਗੁਰਨਾਮ ਸਿੰਘ ਜਿਸ ਦੀ ਲੱਤ ਕੱਟੀ ਹੋਈ ਸੀ । ਦਾ ਵੀ ਹਿੱਸਾ ਵਾਹੁੰਦਾ ਸੀ ਪਰ 10 ਕਿੱਲਿਆਂ ਦੀ ਖੇਤੀ ਕਰਨ ਤੋਂ ਇਲਾਵਾ ਉਹ । ਵੀ ਮੇਰੇ ਦਾਦੇ ਅਤੇ ਤਾਏ ਹੋਰਾਂ ਦੀ ਪੈੜ ਤੁਰ ਪਿਆ। ਉਸ ਨੇ ਵੀ ਅਫੀਮ ਅਤੇ ਭੁੱਕੀ ਦੀ ਤਸਕਰੀ ਸ਼ਰ ਕਰ ਦਿੱਤੀ।ਵੈਸੇ ਉਨ੍ਹਾਂ ਦਿਨਾਂ ‘ਚ ਸਾਡੇ ਪਿੰਡ ਦੇ ਬਹੁਤੇ ਘਰ ਤੱਸਕਰੀ ਹੀ ਕਰਦੇ ਸਨ ਕਿਉਂਕਿ ਫ਼ਸਲਾਂ ਨਹੀਂ ਸਨ ਹੁੰਦੀਆਂ। ਇਹ ਗੱਲ ਵੱਖਰੀ ਸੀ ਕਿ ਉਨ੍ਹਾਂ ਦੀ ਤੱਸਕਰੀ ਦੇਸੀ ਸ਼ਰਾਬ ਤੱਕ ਹੁੰਦੀ ਸੀ ਜਦਕਿ ਮੇਰਾ

 

ਬਾਪ, ਦਾਦਾ ਅਤੇ ਤਾਏ ਪਾਕਿਸਤਾਨ ‘ਚੋਂ ਲਿਆ ਕੇ ਅਫੀਮ ਅਤੇ ਕੱਪੜਾ ਵੀ ਵੇਚਦੇ ਹੁੰਦੇ ਸਨ। ਸਾਰਾ ਪਿੰਡ ਕੀ ਪੁਲਸ ਥਾਣੇ ਵੀ ਸਾਡੇ ਇਸ ਅੱਥਰੇ ਖਾਨਦਾਨ ਤੋਂ ਡਰਦੇ ਸੀ ਜਿਸ ਦੀ ਅੱਲ ਹੀ ਲੋਕਾਂ ‘ਡਾਕ ਪਾਈ ਹੋਈ ਸੀ। ਬਲੈਕ ਦੇ ਪੈਸੇ ਨਾਲ ਮੇਰੀ ਅਤੇ ਮੇਰੇ ਭਰਾ ਦੀ ਪਰਵਰਿਸ਼ ਸ਼ੁਰੂ ਹੋਈ। ਦਾਦੀ ਮੈਨੂੰ ਬਹੁਤ ਪਿਆਰ ਕਰਦੀ ਹੁੰਦੀ ਸੀ। ਜਦ ਮੈਂ ਪਹਿਲਾਂ ਕਦਮ ਪੁੱਟਿਆ ਤਾਂ ਮੇਰੀ ਦਾਦੀ ਉਨ੍ਹਾਂ ਦਿਨਾਂ ‘ਚ ਸਾਈਕਲ ਲੈ ਕੇ ਆਈ ਜਦੋਂ ਇਹ ਕਿਸੇ ਅਮੀਰ ਸ਼ਹਿਰੀ ਬੱਚਿਆਂ ਨੂੰ ਹੀ ਮੁਯੱਸਰ ਹੁੰਦਾ ਸੀ। ਸਾਈਕਲ ਲੈ ਕੇ ਦੇਣ ਤੋਂ ਕੁਝ ਦਿਨ ਬਾਅਦ ਮੇਰੀ ਦਾਦੀ ਨੂੰ ਗੁਰਦੁਆਰੇ ਜਾਂਦਿਆਂ ਹਲਕੇ ਕੁੱਤੇ ਨੇ ਕੱਟ ਲਿਆ ਤੇ ਉਹ ਹਲਕਾਅ ਨਾਲ ਚੱਲ ਵਸੀ। | ਮੇਰੀ ਦਾਦੀ ਦੀ ਮੌਤ ਤੋਂ ਬਾਅਦ ਮੇਰਾ ਬਾਪੂ ਬੁਰੀ ਤਰ੍ਹਾਂ ਟੁੱਟ ਗਿਆ। ਉਹ ਨਸ਼ਾ ਤਾਂ ਕਰਦਾ ਸੀ ਪਰ ਦਾਦੀ ਦੀ ਮੌਤ ਤੋਂ ਬਾਅਦ ਉਹਦਾ ਕੜ੍ਹ ਈ ਟੁੱਟ ਗਿਆ। ਕਬੱਡੀ ਹੁਣ ਉਹਦੇ ਲਈ ਬੀਤ ਗਏ ਦੀ ਗੱਲ ਸੀ ਹੁਣ ਉਸ ਦੀ ਮੰਜ਼ਿਲ ਨਸ਼ਾ ਸੀ, ਨਸ਼ਾ ਖਾਣਾ ਨਸ਼ਾ ਵੇਚਣਾ। ਪਿੰਡ ’ਚੋਂ ਹੀ ਉਸ ਦੇ ਕੁਝ ਦੋਸਤ ਉਸ ਨਾਲ ਰਲ ਗਏ ਤੇ ਸਾਰੇ ਨੌਰਫਿਨ ਦੇ ਟੀਕੇ ਲਾਉਂਣ ਲੱਗ ਪਏ ਪਰ ਬਾਵਜੂਦ ਇਸ ਦੇ ਮੇਰੇ ਬਾਪੂ ਨੇ ਸਾਡੇ ਪਾਲਣ-ਪੋਸ਼ਣ ਵੱਲ ਖ਼ਾਸ ਧਿਆਨ ਦਿੱਤਾ। ਮੈਨੂੰ ਨਰਸਰੀ ‘ਚ ਉਸ ਨੇ ਅਬੋਹਰ ਦੇ ਇੱਕ ਮਸ਼ਹੂਰ ਸਕੂਲ ਗੁਰੁ ਗੋਬਿੰਦ ਸਿੰਘ ਪਬਲਿਕ ਸਕੂਲ ’ਚ ਦਾਖਲ ਕਰਵਾ ਦਿੱਤਾ। ਮੈਂ ਸ਼ੁਰੂ ਤੋਂ ਹੀ ਬਾਹਰੋਂ ਸ਼ਾਂਤ ਪਰ ਅੰਦਰੋਂ ਬੜਾ ਚੰਚਲ ਹੁੰਦਾ ਸੀ। ਹਰ ਗੱਲ ਗਹੁ ਨਾਲ ਸੁਣੋ, ਕਿਸੇ ਤੋਂ ਕੁਝ ਲੈ ਕੇ ਨਹੀਂ ਖਾਣਾ, ਲੋੜ ਪੈਂਣ ’ਤੇ ਕੁੱਟ ਖਾਣੀ ਨਹੀਂ ਕੁੱਟਣੈ, ਕਿਸੇ ਅਨਜਾਣ ਕੋਲ ਖੜਨਾ ਨਹੀਂ, ਇਹੋ ਜਿਹੇ ਆਦੇਸ਼ ਮੈਨੂੰ ਅਤੇ ਮੇਰੇ ਵੱਡੇ ਤਾਏ ਦੇ ਮੁੰਡੇ ਹਰਜਿੰਦਰ ਸਿੰਘ ਬੱਬੀ ਨੂੰ ਘਰੋਂ ਹੁੰਦੇ ਸਨ। ਸਾਡੇ ਪਿੰਡਾਂ ਅਬੋਹਰ 22 ਕੁ ਕਿਲੋਮੀਟਰ ਦੂਰ ਸੀ ਤੇ ਸਾਨੂੰ ਇੱਕ ਸਕੂਲ ਵੈਨ ਸਕੁਲ ਲੈ ਕੇ ਜਾਂਦੀ ਜੋ ਸ਼ਾਮ ਨੂੰ ਸਾਡੇ ਪਿੰਡ ਹੀ ਆਖਦੀ। ਡਰਾਇਵਰ, ਜੋ ਬਜ਼ੁਰਗ ਸੀ ਪਰ ਅਫੀਮ ਦਾ ਬੜਾ ਸ਼ੌਕੀ ਸੀ ਸਾਡੇ ਘਰਦਿਆਂ ਕੋਲੋਂ ਮਾਵਾ ਛੱਕ ਲੈਂਦਾ ਤੇ ਸਾਡੀ ਦੂਜੇ ਬੱਚਿਆਂ ਨਾਲੋਂ ਵੱਖਰੀ ਦੇਖ-ਭਾਲ ਕਰਦਾ। ‘ਰਾਜਿਆਂ ਘਰ ਕਿਹੜਾ ਮੋਤੀਆਂ ਦਾ ਕਾਲ ਹੁੰਦੈ ਸਾਡੇ ਵਢੇਰਿਆਂ ਨੂੰ ਮਾਸਾ-ਤੋਲੇ ਅਫੀਮ ਨਾਲ ਕੀ ਫ਼ਰਕ ਪੈਂਦਾ ਜਿੱਥੇ ਅਫੀਮ ਕਿਲੋਆਂ ਨਾਲ ਨਹੀਂ ਪੰਸੇਰੀਆਂ ਨਾਲ ਪਈ ਰਹਿੰਦੀ। ਇੱਕ ਵਾਰ ਸਕੂਲ ਜਾਂਦਿਆਂ ਮੈਨੂੰ ਰਸਤੇ `ਚ ਭੁੱਖ ਲੱਗ ਗਈ। ਜਦੋਂ ਰੋਟੀ ਵਾਲਾ ਡੱਬਾ ਖੋਲਿਆ ਤਾਂ ਉਹ ਅਫੀਮ ਨਾਲ ਭਰਿਆ। ਪਿਆ ਸੀ। ਮੇਰੀਆਂ ਚੀਕਾਂ ਨਿਕਲ ਗਈਆਂ। ਮੇਰੇ ਤਾਏ ਦੇ ਮੁੰਡੇ ਨੇ ਮੌਕਾ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਕੁਵੇਲਾ ਹੋ ਚੁੱਕਾ ਸੀ। ਵੈਨ ਦਾ ਡਰਾਇਵਰ ਜੋ ਬਾਬੇ ਦੀ ਛੁੱਟੀ ਕਟਾਉਣ ਆਇਆ ਸੀ ਆ ਕੇ ਡੱਬੇ ’ਤੇ ਝਪਟ ਪਿਆ ਤੇ ਉਸ ਨੇ ਡੱਬਾ ਕਬਜ਼ੇ ‘ਚ ਲੈ ਲਿਆ। ਘਰ ਆਇਆ ਤਾਂ ਡੱਬੇ ਬਾਰੇ ਪੁੱਛਗਿੱਛ ਹੋਈ। ਅਗਲੇ ਦਿਨ ਮੇਰੇ ਬਾਪੂ ਨੇ ਉਹ ਵੈਨ ਵਾਲਾ ਡਰਾਇਵਰ ਜਾ ਘੇਰਿਆ। ਉਹ ਪਤੰਦਰ ਵੀ ਕਮਾਲ ਨਿਕਲਿਆ। ਉਸ ਨੇ ਬੜੀ ਇਮਾਨਦਾਰੀ ਨਾਲ ਦੱਸਿਆ ਕਿ ਡੱਬੇ ‘ਚੋਂ ਕੁਝ ਮੈਂ ਛੱਕ ਲਈ, ਕੁਝ ਵੰਡ ਦਿੱਤੀ ਤੇ ਕੁਝ ਰੱਖ ਲਈ ਹੈ। ਉਸ ਨੇ ਅੱਧੀ-ਪਚੱਧੀ ਅਫੀਮ ਵਾਪਸ ਕਰ ਦਿੱਤੀ।

 

ਦੋ ਸਾਲ ਅਬੋਹਰ ਜਾਣ ਤੋਂ ਬਾਅਦ ਮੈਨੂੰ ਹਟਾ ਕੇ ਪਿੰਡ ਦੇ ਪ੍ਰਾਇਮਰੀ ਸਕੂਲ ਚ ਦਾਖਲ ਕਰਵਾ ਦਿੱਤਾ ਗਿਆ। ਇੱਥੇ ਸ਼ਹਿਰੀ ਸਕੂਲ ਨਾਲੋਂ ਮਾਹੌਲ ਵੱਖਰਾ ਸੀ। ਇੱਥੇ ਮੇਰੀ ਕੱਛ ‘ਚ ਇੱਕ ਬੋਰੀ ਹੁੰਦੀ ਜਿਸ ਨੂੰ ਵਿਛਾ ਕੇ ਭੁੰਜੇ ਬੈਠਣਾ ਹੁੰਦਾ। ਹੱਥ ‘ਚ ਫੱਟੀ ਤੇ ਮੋਢੇ ਬੋਰੀ ਦਾ ਬਸਤਾ। ਅਸੀਂ ਰੁੱਖਾਂ ਥੱਲੇ ਕੁੰਜੇ ਬੈਠਿਆ ਕਰਦੇ।

ਇੱਕ ਦੂਣੀ ਦੂਣੀ ਦੋ ਦੂਣੀ ਚਾਰ”, “ਕਲਾਸ ਸਟੈਂਡ ਜੈ ਹਿੰਦ ਜਿਹੀਆਂ ਸਰੀਲੀਆਂ ਧੁਨੀਆਂ ਨੇ ਦਿਹਾਤੀ ਸਕੂਲ ‘ਚ ਵੀ ਦਿਲ ਲੁਆ ਦਿੱਤਾ। ਯਾਦਾ, ਦਰਸ਼ਨ, ਦਵਿੰਦਰ, ਪੈਂਟੀ, ਸ਼ਾਨੀ ਆਦਿ ਮੇਰੇ ਦੋਸਤ ਬਣ ਗਏ। ਕਈ ਵਾਰ ਸਕਲੋਂ ਆਉਂਦਿਆਂ ਸਿੰਕ ਵੀ ਫਸ ਜਾਂਦੇ। ਇਸ ਮਹਾਂਭਾਰਤ ਵਿੱਚ ਕਿਨਾਰੇ ਲਾਹ ਕੇ ਸਲੇਟਾਂ ਅਤੇ ਫਟੀਆਂ ਨੂੰ ਖੁੱਲ੍ਹ ਕੇ ਵਰਤਿਆ ਜਾਂਦਾ।

ਲੜਾਈ ਦੇ ਗੁਣ ਤਾਂ ਜਮਾਂਦਰੂ ਹੀ ਸਨ ਉੱਤੋਂ ਤਾਏ ਦਾ ਮੁੰਡਾ ਬੱਬੀ ਨਾਲ ਪੜਦਾ ਸੀ ਜੀਹਦੇ ਤੋਂ ਸਾਰਾ ਹੀ ਸਕੂਲ ਡਰਦਾ ਸੀ ਪਰ ਜਲਦੀ ਹੀ ਉਹ ਸਕੂਲੋਂ ਹੱਟ ਗਿਆ। ਹੱਟਣ ਦਾ ਕਾਰਨ ਇਹ ਸੀ ਕਿ ਪਿੰਡ ਦੇ ਇੱਕ ਵਿਗੜੇ ਸ਼ਰਾਬੀ ਕੁਲਵੰਤ ਕੋ ਨੇ ਉਸ ਨੂੰ ਗਾਲ੍ਹ ਕੱਢ ਦਿੱਤੀ ਤੇ ਉਸ ਨੇ ਅੱਗਿਓਂ ਉਸ ਦੀਆਂ ਵਰਾਬਾਂ ਛਿੱਲ ਘੱਤੀਆਂ। ਸਕੂਲੋਂ ਉਹ ਪਹਿਲਾਂ ਈ ਜਾਨ ਛੁਡਾਉਂਦਾ ਸੀ ਹੁਣ ਉਸ ਨੂੰ ਬਹਾਨਾ ਮਿਲ ਗਿਆ ਕਿ ਛੁਰੀਬਾਜ਼ ਕੰਤੂ ਉਸ ’ਤੇ ਕਿਸੇ ਵੇਲੇ ਵੀ ਗੁਰੀਲਾ ਹਮਲਾ ਕਰ ਸਕਦਾ ਹੈ ਮੈਂ ਸਕੂਲ ਨਹੀਂ ਜਾਵਾਂਗਾ। ਉਸ ਦੇ ਹਟਣ ਪਿਛੋਂ ਆਪਾਂ ਥੋੜਾ ਸੰਭਲ ਗਏ ਤੇ ਜਲਦੀ ਹੀ ਪੰਜਵੀਂ ਪਾਸ ਕਰ ਗਏ । ਪਿੰਡ ਦੇ ਹੀ ਮਿਡਲ ਸਕੂਲ ’ਚ ਮੇਰਾ ਮੁੜ ਦਾਖਲਾ ਹੋ ਗਿਆ।

You may also like