ਜੇਬ ਕਤਰਾ

by Jasmeet Kaur

‘ਜੇਬ ਕਤਰਾ ਓ ਲੋਕੋ ਜੇਬ ਕਤਰਾ ਉਏ ਉਹਨੇ ਆਪਣੀ ਜੇਬ ਕੱਟ ਰਹੇ ਇਕ ਆਦਮੀ ਨੂੰ ਫੜਕੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉੱਥੇ ਖੜੇ ਲਗਭਗ ਹਰੇਕ ਆਦਮੀ ਨੇ ਥੱਪੜ ਮਾਰਨੇ, ਵਾਲ ਪੁੱਟਣੇ ਤੇ ਡੁੱਡੇ ਮਾਰਨੇ ਸ਼ੁਰੂ ਕਰ ਦਿੱਤੇ।
ਤੂੰ ਸਮਝ ਕੀ ਰੱਖਿਐ ਭੈਣ ਦੇ ਜੇ ਤੈਨੂੰ ਪੁਲੀਸ ਹਵਾਲੇ ਨਾ ਕੀਤਾ ਤਾਂ ਮੈਨੂੰ ਕੌਣ ਜਾਣੂ? ਉਹ ਜੇਬ ਕਤਰੇ ਨੂੰ ਕੁੱਟਦਾ ਹੋਇਆ ਨੇੜੇ ਹੀ ਠਾਣੇ `ਚ ਲਿਜਾ ਰਿਹਾ ਸੀ।
ਦੇਖੋ ਜਨਾਬ! ਏਸ ਜੇਬ ਕਤਰੇ ਨੇ ਮੇਰੀ ਜੇਬ ਕੱਟੀ ਏ ਏਨਾ ਸ਼ੁਕਰ ਮੈਂ ਪੈਸੇ ਬੋਚ ਲਏ ਨਹੀਂ ਤਾਂ ਉਹ ਠਾਣੇਦਾਰ ਸਾਹਿਬ ਨੂੰ ਕਹਿ ਰਿਹਾ ਸੀ।
ਤੂੰ ਛੱਡਦੇ ਇਹਨੂੰ ਮੈਂ ਹੁਣੇ ਸਿਖਾਉਨਾਂ ਗਰੀਬ ਲੋਕਾਂ ਦੀਆਂ ਜੇਬਾਂ ਕੱਟਣਾ ਇਹ। ਕਹਿੰਦਿਆਂ ਹੀ ਠਾਣੇਦਾਰ ਨੇ ਜੇਬ ਕਤਰੇ ਦੇ ਲੱਕ ਚ ਦਿਖਾਵੇ ਵਜੋਂ ਡੰਡਾ ਮਾਰਿਆ।
ਸਰਦਾਰ ਸਾਹਿਬ ਇਹਦੀ ਐਸੀ ਚਮੜੀ ਉਧੇੜ ਦਿਓ ਜਿਹੜਾ ਦਿਨਾਂ ਤੱਕ ਯਾਦ ਰੱਖੇ।
ਤੂੰ ਹੁਣ ਬੇ-ਫਿਕਰ ਰਹਿ ਤੇ ਜਾਹ ਜੇ ਇਹਨੂੰ ਸਾਲੇ ਨੂੰ ਮਿਰਚਾਂ ਵਾਲੀ ਬੋਰੀ ਵਿਚ ਪਾ ਕੇ ਨਾ ਕੁੱਟਿਆਂ ਤਾਂ ਠਾਣੇਦਾਰ ਨੇ ਉਹਦੇ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਨੇ ਕਿਹਾ। ਉਹ ਹੁਣ ਠਾਣੇ ਚੋਂ ਆ ਗਿਆ ਸੀ।
ਠਾਣੇਦਾਰ ਨੇ ਜੇਬ ਕਤਰੇ ਨੂੰ ਅੰਦਰ ਲਿਜਾਂਦਿਆਂ ਪੁੱਛਿਆ,ਕਿੰਨੇ ਬਣੇ ਨੇ ਤੜਕੇ ਦੇ ਹੁਣ ਤੱਕ?
‘ਜੀ ਸੌ ਕੁ ਰੁਪਈਆ ਬਣਿਐ ਦੋ ਜੇਬਾਂ ਕੱਟੀਆਂ ਸਨ।’
ਲਿਆ ਕੱਢ ਫੇਰ ਠਾਣੇਦਾਰ ਨੇ ਹੁਕਮ ਦਿੱਤਾ। ਸੌ ਰੁਪਏ ਜੇਬ ਕਤਰੇ ਤੋਂ ਫੜ ਲਏ। ਆਹ ਲੈ 25 ਰੁਪਏ ਨਾਲੇ ਮਾੜਾ ਜਾ ਚਲਾਕੀ ਨਾਲ ਕੰਮ ਕਰਿਆ ਕਰ! ਸਮਝਿਆ ਠਾਣੇ ਦਾਰ ਨੇ 75 ਰੁਪਏ ਆਪ ਰੱਖ ਕੇ ਉਹਨੂੰ ਨਸੀਹਤ ਦਿੰਦਿਆਂ ਕਿਹਾ।
ਆਹ ਤਾਂ ਜੀ ਸਾਲੇ ਨੂੰ ਪਤਾ ਨੀਂ ਕਿਵੇਂ ਪਤਾ ਲੱਗ ਗਿਆ ਤੂੰ ਮੈਂ ਤਾਂ ਚਲਾਕੀ ਈ ਵਰਤੀ ਸੀ ਜੇਬ ਕਤਰੇ ਨੇ ਹੱਸਦਿਆਂ ਕਿਹਾ।
ਚੰਗਾ ਆ ਪਿਛਲੀ ਕੰਧ ਟੱਪ ਕੇ ਆਪਣਾ ਸਮਾਨ ਬਦਲ ਆ ਹੁਣ ਦੂਜੇ ਅੱਡੇ ਤੇ ਜਾਈਂ ਕੋਈ ਮੋਟੀ ਜਿਹੀ ਸਾਮੀ ਨੂੰ ਹੱਥ ਪਾਈਂ। ਠਾਣੇਦਾਰ ਨੇ ਹੁਕਮ ਦਿੱਤਾ।
ਕੁਝ ਸਮੇਂ ਪਿੱਛੋਂ ਉਹ ਜੇਬ ਕਤਰਾ ਦੂਜੇ ਬੱਸ ਅੱਡੇ ਤੇ ਸਾਧੂ ਬਣਕੇ ਇਧਰ ਉਧਰ ਚੱਕਰ ਮਾਰਨ ਲੱਗ ਪਿਆ।

ਦਰਸ਼ਨ ਸਿੰਘ ਆਸ਼ਟ

You may also like