ਇਹ ਫੋਟੋ 93 ਸਾਲਾ ਹਰਭਜਨ ਕੌਰ ਦੀ ਹੈ, ਜੋ
ਪੰਜਾਬ ਦੇ ਤਰਨ ਤਾਰਨ ਸ਼ਹਿਰ ਚ ਜੰਮੀ ਪਲੀ। ਹਰਭਜਨ ਕੌਰ ਵਿਆਹ ਤੋਂ ਬਾਅਦ ਸ਼੍ਰੀ ਅੰਮ੍ਰਿਤਸਰ ਸਾਹਿਬ, ਲੁਧਿਆਣਾ ਵਿੱਚ ਰਹਿੰਦੀ ਰਹੀ ਹੈ ਅਤੇ ਤਕਰੀਬਨ ਪਿਛਲੇ ਦਸ ਸਾਲ ਤੋਂ ਆਪਣੇ ਪਤੀ ਦੇ ਸਵਰਗਵਾਸ ਤੋਂ ਬਾਅਦ ਆਪਣੀ ਬੇਟੀ ਦੇ ਨਾਲ ਚੰਡੀਗੜੵ ਵਿੱਚ ਰਹਿਣ ਲੱਗੀ।
ਰਵੀਨਾ ਜਾਣਦੀ ਸੀ ਕਿ ਮਾਂ ਦਾ ਜੀਵਨ ਆਪਣੇ ਆਖਰੀ ਪੜਾਅ ਵਿੱਚ ਹੈ। ਇੱਕ ਸ਼ਾਮ ਭਾਵੁਕ ਹੋਈ ਰਵੀਨਾ ਨੇ ਸਾਹਮਣੇ ਬੈਠੀ ਸਾਹਮਣੇ ਬੈਠੀ ਮਾਂ ਨੂੰ ਪੁੱਛਿਆ ਕਿ ‘ਤੁਹਾਨੂੰ ਜ਼ਿੰਦਗੀ ਵਿੱਚ ਕਿਸੇ ਗੱਲ ਦਾ ਮਲਾਲ ਤਾਂ ਨਹੀਂ ਹੈ? ਕੋਈ ਇੱਛਾ ਬਾਕੀ ਹੈ…? ਕਿਤੇ ਆਉਣ ਜਾਣ ਜਾਂ ਕੁਝ ਕਰ ਸਕਣ ਦੀ ਜਾਂ ਫਿਰ ਕੋਈ ਜਗੵਾ ਦੇਖਣ ਦੀ ਇੱਛਾ ਹੈ ਤਾਂ ਦੱਸ ਦਿਉ ।
ਬੇਟੀ ਮਾਂ ਦਾ ਅੰਦਰ ਫਰੋਲ ਰਹੀ ਸੀ। ਉਹ ਚਾਹੁੰਦੀ ਸੀ ਕਿ ਉਮਰ ਦੇ ਇਸ ਅੰਤਲੇ ਪੜਾਅ ਤੇ ਜੇਕਰ ਮਾਂ ਦੀ ਕੋਈ ਖੁਆਹਿਸ਼ ਬਾਕੀ ਹੈ ਤਾਂ ਉਹ ਉਸਨੂੰ ਪੂਰੀ ਕਰ ਸਕੇ।
ਪ੍ਰੰਤੂ ਮਾਂ ਨੇ ਜੋ ਜੁਆਬ ਦਿੱਤਾ ਉਸਦੀ ਉਮੀਦ ਰਵੀਨਾ ਨੂੰ ਨਹੀਂ ਬਿਲਕੁਲ ਵੀ ਨਹੀਂ ਸੀ। ਹਰਭਜਨ ਕੌਰ ਨੇ ਕਿਹਾ ”ਬੱਸ ਇੱਕ ਹੀ ਮਲਾਲ ਹੈ, ਮੈਂ ਆਪਣੀ ਏਨੀ ਲੰਬੀ ਉਮਰ ਵਿੱਚ ਖੁਦ ਇੱਕ ਪੈਸਾ ਵੀ ਨਹੀਂ ਕਮਾਇਆ।”
ਰਵੀਨਾ ਹੈਰਾਨ ਰਹਿ ਗਈ। 93 ਸਾਲ ਦੀ ਉਮਰ ਵਿੱਚ ਮਾਂ ਪੈਸਾ ਕਮਾਉਣ ਦੀ ਇੱਛਾ ਪ੍ਰਗਟ ਕਰ ਰਹੀ ਸੀ ਜੋ ਲੱਗਭੱਗ ਅਸੰਭਵ ਲੱਗ ਰਹੀ ਸੀ। ਪ੍ਰੰਤੂ ਹੁਣ ਤਾਂ ਤੀਰ ਕਮਾਨ ਚੋਂ ਨਿੱਕਲ ਚੁੱਕਿਆ ਸੀ।
ਮਾਂ ਦੀ ਇਸ ਇੱਛਾ ਨੂੰ ਪੂਰਾ ਕਰਨ ਦਾ ਫੈਸਲਾ ਕਰਕੇ ਰਵੀਨਾ ਨੇ ਮਾਂ ਨੂੰ ਪੁੱਛਿਆ ਕਿ “ਤੁਸੀਂ ਇਸ ਉਮਰ ਵਿੱਚ ਤੁਸੀਂ ਕੀ ਕਰ ਸਕਦੇ ਹੋ….?”
ਮਾਂ ਦਾ ਜੁਆਬ ਜਿਵੇਂ ਤਿਆਰ ਹੀ ਸੀ……. ਆਤਮਵਿਸਵਾਸ਼ ਨਾਲ ਲਬਰੇਜ਼ ਹਰਭਜਨ ਕੌਰ ਨੇ ਜੁਆਬ ਦਿੱਤਾ, “ਮੈਂ ਵੇਸਣ ਦੀ ਬਰਫ਼ੀ ਬਣਾ ਸਕਦੀ ਹਾਂ। ਘਰ ਵਿੱਚ ਮੱਠੀ ਮੱਠੀ ਅੱਗ ਤੇ ਭੁੰਨੇ ਵੇਸਣ ਦੀ ਬਰਫ਼ੀ ਦਾ ਕੋਈ ਨਾ ਕੋਈ ਖਰੀਦਦਾਰ ਤਾਂ ਮਿਲ ਹੀ ਜਾਏਗਾ…..।” ਮਾਂ ਦਾ ਜੁਆਬ ਸੁਣਦੇ ਹੀ ਰਵੀਨਾ ਦਾ ਗੱਚ ਭਰ ਆਇਆ। ਉਨਾਂ ਦਾ ਆਤਮਵਿਸਵਾਸ਼ ਵੇਖ ਕੇ ਰਵੀਨਾ ਦੀਆਂ ਅੱਖਾਂ ਤੋਂ ਅੱਥਰੂ ਡਿੱਗ ਪਏ।
ਰਵੀਨਾ ਨੇ ‘ਆਰਗੈਨਿਕ ਬਜ਼ਾਰ’ ਨਾਮਕ ਇੱਕ ਸੰਸਥਾ ਨਾਲ ਸੰਪਰਕ ਕੀਤਾ ਅਤੇ ਉਨਾਂ ਨਾਲ ਵੇਸਣ ਦੀ ਬਰਫ਼ੀ ਖਰੀਦਣ ਬਾਰੇ ਗੱਲ ਕੀਤੀ। 93 ਸਾਲਾ ਮਾਂ ਦੇ ਹੱਥ ਦੀ ਬਰਫ਼ੀ ਦਾ ਜਦੋਂ ਆਰਗੈਨਿਕ ਬਜ਼ਾਰ ਦੇ ਕਰਮਚਾਰੀਆਂ ਨੇਂ ਸੁਆਦ ਚੱਖਿਆ ਤਾਂ ਉਹ ਇਸਦੇ ਸੁਆਦ ਅਤੇ ਸ਼ੁੱਧਤਾ ਦੇ ਮੁਰੀਦ ਹੋ ਗਏ ਅਤੇ ਮਾਂ ਨੂੰ ਉਸਦਾ ਪਹਿਲਾ ‘ਆਰਡਰ’ ਮਿਲ ਗਿਆ। ਬਰਫ਼ੀ ਬਣਾ ਕੇ ਜਦੋਂ ਬਜ਼ਾਰ ਵਿੱਚ ਭੇਜੀ ਗਏ ਤਾਂ ਬਦਲੇ ਵਿੱਚ ਉਸਦੀ ਬਣਦੀ ਰਕਮ ਮਿਲ ਗਈ। ਜਦੋਂ ਉਨਾਂ ਦੀ ਪਹਿਲੀ ਕਮਾਈ ਨੂੰ ਉਨਾਂ ਦੇ ਹੱਥਾਂ ਤੇ ਰੱਖਿਆ ਗਿਆ ਤਾਂ 93 ਸਾਲਾ ਮਾਂ ਦੇ ਹੱਥ ਕੰਬ ਉੱਠੇ। ਅੱਖਾਂ ਚੋਂ ਨਿਕਲਦੇ ਹੰਝੂ ਇਸ ਗੱਲ ਦੀ ਗਵਾਹੀ ਦੇ ਰਹੇ ਸਨ ਕਿ ਦਹਾਕਿਆਂ ਤੋਂ ਉਸਦੇ ਦਿਲ ਵਿੱਚ ਦੱਬੀ ਖੁਆਹਿਸ਼ ਪੂਰੀ ਹੋ ਗਈ ਸੀ।
ਪ੍ਰੰਤੂ ਮਾਂ ਤਾਂ ਮਾਂ ਹੈ। ਹਰਭਜਨ ਕੌਰ ਨੇ ਪੈਸਿਆਂ ਨੂੰ ਤਿੰਨ ਬਰਾਬਰ ਹਿੱਸਿਆਂ ਵਿੱਚ ਕਰ ਕੇ ਆਪਣੀ ਪਹਿਲੀ ਕਮਾਈ ਆਪਣੀਆਂ ਤਿੰਨਾਂ ਧੀਆਂ ਦੇ ਹੱਥਾਂ ਵਿੱਚ ਦੇ ਦਿੱਤੀ।
ਮਾਂ ਦੀ ਇੱਛਾ ਤਾਂ ਪੂਰੀ ਹੋ ਗਈ ਪਰ ਜਿਸ ਜਿਸਨੇ ਵੀ ਉਨਾਂ ਦੇ ਹੱਥਾਂ ਦੀ ਵੇਸਣ ਦੀ ਬਰਫ਼ੀ ਖਾਧੀ, ਉਸਦੀ ਇੱਛਾ ਬਰਫ਼ੀ ਦੁਬਾਰਾ ਚੱਖਣ ਦੀ ਹੋਈ। ਆਰਡਰ ਤੇ ਆਰਡਰ ਆਉਣ ਲੱਗੇ। ਹਰਭਜਨ ਕੌਰ ਨੇ ਵੀ ਕਮਰਕੱਸਾ ਬੰਨ ਲਿਆ ਅਤੇ ਜਿੰਨਾਂ ਸੰਭਵ ਹੋ ਸਕਿਆ ਉਨਾਂ ਕੰਮ ਕਰਨ ਲੱਗੀ। ਬਰਫ਼ੀ ਦਾ ਸਵਾਦ ਚੰਡੀਗੜੵੀਆਂ ਦੀ ਜ਼ੁਬਾਨ ਤੇ ਅਜਿਹਾ ਟਿਕਿਆ ਕਿ ਲੋਕ ਉਨਾਂ ਦੇ ਹੱਥ ਦੀ ਬਣੀ ਇਸ ਮਠਿਆਈ ਦੇ ਮੁਰੀਦ ਹੋ ਗਏ।
ਅੱਜ ਉਨਾਂ ਦੇ ਹੱਥਾਂ ਦੀ ਬਣੀ ਬਰਫ਼ੀ ਇੱਕ ਬ੍ਰਾਂਡ ਬਣ ਗਈ ਹੈ ਅਤੇ ਬ੍ਰਾਂਡ ਦਾ ਨਾਂ ਹੈ “Harbhajan’s” ਅਤੇ ਕਮਰਸ਼ੀਅਲ ਟੈਗਲਾਈਨ ਹੈ “ਬਚਪਨ ਦੀ ਯਾਦ ਆ ਜਾਏ”।
ਕਿੰਨੀਆਂ ਇਛਾਵਾਂ ਹਨ ਜੋ ਸਾਡੇ ਸਾਰਿਆਂ ਦੇ ਸੀਨਿਆਂ ਵਿੱਚ ਦੱਬੀਆਂ ਹੋਈਆਂ ਹਨ।………. ਇਹ ਸੁਆਲ ਕਿਸੇ ਹੋਰ ਨੂੰ ਨਹੀਂ ਪਤਾ ਬਲਕਿ ਖੁਦ ਨੂੰ ਪੁੱਛਣ ਦੀ ਲੋੜ ਹੈ।….. ਕਿੰਨੀਆਂ ਇੱਛਾਵਾਂ ਹਨ ਜਿਨਾਂ ਨੂੰ ਪੂਰੀਆਂ ਕਰਨ ਲਈ ਅਸੀਂ ਢੁੱਕਵੇਂ ਸਮੇਂ ਦੀ ਉਡੀਕ ਕਰ ਰਹੇ ਹਾਂ। ਇਹ ਜਾਣਦੇ ਹੋਏ ਵੀ ਕਿ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਆਉਣ ਵਾਲੇ ਅਗਲੇ ਸੈਕਿੰਡ ਦੀ ਵੀ ਗਰੰਟੀ ਨਹੀਂ ਹੈ।
93 ਸਾਲਾਂ ਦੀ ਮਾਂ ਹਰਭਜਨ ਕੌਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਬੇਸ਼ੱਕ ਅਸੀਂ ਹਰਭਜਨ ਕੌਰ ਤੋਂ ਲਜ਼ੀਜ਼ ਬਰਫ਼ੀ ਬਣਾਉਣੀ ਨਾ ਸਿੱਖ ਸਕੀਏ, ਪਰ ਦਿਲ ਦੇ ਕਿਸੇ ਖੱਲ ਖੂੰਜੇ ਵਿੱਚ ਦੱਬੀਆਂ ਖੁਆਹਿਸ਼ਾਂ ਨੂੰ ਪੂਰਾ ਕਰਨ ਦਾ ਜਜ਼ਬਾ ਅਤੇ ਜਨੂੰਨ ਜਰੂਰ ਸਿੱਖ ਸਕਦੇ ਹਾਂ।
ਇਹ ਜਾਣਕਾਰੀ ਇੱਕ ਸੰਦੇਸ਼ ਰਾਹੀਂ ਵੱਟਸਅਪ ਤੇ ਮਿਲੀ ਸੀ ਜਿਸਨੂੰ ਤੁਹਾਡੇ ਲਈ ਹਿੰਦੀ ਤੋਂ ਪੰਜਾਬੀ ਚ ਅਨੁਵਾਦ ਦਾਸ ਨੇ ਕੀਤਾ ਹੈ।
ਭੁਪਿੰਦਰ ਸਿੰਘ ਬਰਗਾੜੀ
Bhupinder Singh Bargadi