ਪੜ ਕੇ ਦੇਖਿਉ… ਕਿਸੇ ਦੀ ਜਿੰਦਗੀ ਬਚ ਸਕਦੀ

by admin

ਪੜ ਕੇ ਦੇਖਿੳੁ… ਕਿਸੇ ਦੀ ਜਿੰਦਗੀ ਬਚ ਸਕਦੀ…

ਮੈਨੂੰ_ਜ਼ਿੰਦਗੀ_ਨਾਲ_ਪਿਆਰ_ਹੈ

ਉਦਾਸੀਆਂ ਵਾਲੇ ਬੂਟੇ ਸਾਡੇ ਸਭ ਦੇ ਵੇਹੜੇ ਵਿਚ ਉਗਦੇ ਨੇ…
ਮੁਸ਼ਕਲਾਂ ਸਾਡੇ ਸਾਰਿਆਂ ਦੇ ਆਲੇ ਦੁਆਲੇ ਨੇ…

ਸਾਡੇ ਸਾਰਿਆਂ ਦੇ ਕੋਲ ਸਭ ਮੁਸ਼ਕਲਾਂ ਦੇ ਕੋਈ ਹੱਲ ਨਹੀਂ ਨੇ…

ਕੋਈ ਵੀ ਐਸਾ ਨਹੀਂ ਹੈ ਜਿਸਨੇ ਆਪਣੀ ਜ਼ਿੰਦਗੀ ਦੀ ਆਖਰੀ ਔਖ ਨੂੰ ਭੁਗਤ ਲਿਆ ਹੈ…ਔਖੀਆਂ ਘੜੀਆਂ ਅਤੇ ਮੁਸ਼ਕਲ ਹਾਲਾਤ ਕਦੀ ਨਹੀਂ ਮੁੱਕ ਜਾਂਦੇ…ਇਹ ਜ਼ਿੰਦਗੀ ਦੀ ਸਾਹਾਂ ਵਾਲੀ ਡੋਰ ਨਾਲ ਬੰਨੇ ਹੁੰਦੇ ਨੇ…ਡੋਰ ਟੁਟਦੀ ਹੈ ਤਾਂ ਏਨਾ ਦਾ ਵੀ ਅੰਤ ਹੁੰਦਾ ਹੈ..

ਕਿਸੇ ਨੂੰ ਪੈਸੇ ਦੀ ਮੁਸ਼ਕਲ ਹੈ..
ਕਿਸੇ ਨੂੰ ਉਸਦੇ ਪਿਆਰੇ ਦੇ ਵਿਛੋੜੇ ਨੇ ਮਰਨ ਵਰਗਾ ਕਰਤਾ ਹੈ…
ਕਿਸੇ ਨੂੰ ਕਿਸੇ ਕੋਲੋਂ ਜਾਨ ਦਾ ਖਤਰਾ ਹੈ…
ਕਿਸੇ ਨੂੰ ਡਰ ਹੈ ਕਿ ਉਸਦੇ ਆਪਣੇ ਉਸਦੇ ਬਿਨਾਂ ਕਿਦਾਂ ਜਿਊਣਗੇ..

ਅਸੀਂ ਸਾਰੇ ਇਕੋ ਵਰਗੇ ਹਾਂ…ਪਰ ਫੇਰ ਵੀ ਸਾਡੇ ਸਾਰਿਆਂ ਕੋਲ ਆਪਣੀਆਂ ਮੁਸ਼ਕਲਾਂ ਨਾਲ ਲੜਨ ਵਾਲੇ ਵੱਖਰੇ ਰਾਹ ਨੇ….

ਕੋਈ ਲਿਖ ਲੈਂਦਾ ਹੈ..
ਕੋਈ ਗਾ ਲੈਂਦਾ ਹੈ…
ਕੋਈ ਰੋ ਲੈਂਦਾ ਹੈ…
ਕੋਈ ਨਸ਼ਾ ਕਰ ਲੈਂਦਾ ਹੈ…
ਕੋਈ ਸਫ਼ਰ ਚ ਨਿਕਲ ਜਾਂਦਾ ਹੈ…
ਕੋਈ ਕਿਤਾਬਾਂ ਚ ਗੁਆਚ ਜਾਂਦਾ ਹੈ…
ਕੋਈ ਪਾਗਲ ਹੋ ਜਾਂਦਾ ਹੈ…
ਕੋਈ ਬਿਮਾਰ ਹੋ ਜਾਂਦਾ ਹੈ…

ਕੋਈ ਢੀਠ ਬਣ ਜਾਂਦਾ ਹੈ…ਓਹ ਮੁਸ਼ਕਲਾਂ ਨੂੰ ਬੋਲਦਾ ਹੈ…ਕਿ ਠੀਕ ਹੈ…ਤੁਸੀਂ ਵੀ ਢੀਠ ਹੋ ਨਾ..ਮੈਂ ਵੀ ਢੀਠ ਹਾਂ…ਆਓ…ਮੈਂ ਵੀ ਇਥੇ ਹੀ ਹਾਂ…ਮੱਥਾ ਲਾਵਾਂਗਾ ਤੁਹਾਡੇ ਨਾਲ…ਜੇ ਤੁਸੀਂ ਨਹੀਂ ਹਾਰਦੀਆਂ ਤਾਂ ਹਾਰਦਾ ਮੈਂ ਵੀ ਨਹੀਂ….

ਕੋਈ ਕਮਜ਼ੋਰ ਹੋ ਜਾਂਦਾ ਹੈ…ਉਹ ਖੁਦ ਨੂੰ ਖਤਮ ਕਰਨ ਵਾਲਾ ਰਾਹ ਚੁਣ ਲੈਂਦਾ ਹੈ…ਪਰ ਮੁਸ਼ਕਲਾਂ ਨੂੰ ਕੋਈ ਤਰਸ ਥੋੜੀ ਨਾ ਆ ਜਾਣਾ ਹੈ ਏਦਾਂ ਸੋਚਣ ਵਾਲੇ ਉਪਰ..ਓਹ ਤਾਂ ਸਗੋਂ ਹੋਰ ਤਕੜੀਆਂ ਹੋ ਜਾਂਦੀਆਂ ਨੇ ਤੁਹਾਡੇ ਉਪਰ ਹਾਵੀ ਹੋਣ ਲਈ….

ਜੇ ਤੁਹਾਡੇ ਕੋਲ ਮੁਸ਼ਕਲਾਂ ਨਾਲ ਲੜਨ ਦੀ ਹਿੰਮਤ ਮੁਕ ਗਈ ਹੈ…ਤਾਂ ਇਕ ਕੰਮ ਕਰੋ….ਬੇਸ਼ਰਮ ਤੇ ਬੇਪਰਵਾਹ ਹੋ ਕੇ ਆਪਣੀਆਂ ਮੁਸ਼ਕਲਾਂ ਸਭ ਨੂੰ ਸੁਣਾ ਦੋ…ਮਰਨ ਨਾਲੋਂ ਤਾਂ ਸੌਖਾ ਹੀ ਹੈ ਇਹ…ਸਾਰੇ ਹੀ ਲੋਕ ਏਦਾਂ ਦੇ ਨਹੀਂ ਹੁੰਦੇ ਕਿ ਸਭ ਸੁਣ ਕੇ ਵੀ ਅਣਸੁਣਾ ਕਰ ਦੇਣਗੇ…ਜੇ ਏਨਾ ਚੋਂ ਇਕ ਵੀ ਤੁਹਾਡੇ ਨਾਲ ਖੜਾ ਹੋ ਜਾਏਗਾ ਤਾਂ ਤੁਸੀਂ ਦੋ ਜਣੇ ਹੋ ਜਾਓਗੇ….ਇਕੱਲੇ ਬੰਦੇ ਲਈ ਇਕ ਨਿੱਕਾ ਸਾਥ ਵੀ ਹਜ਼ਾਰਾਂ ਵਰਗਾ ਹੁੰਦਾ ਹੈ…

ਉਦਾਸ ਰਹੋ…ਕਮਜ਼ੋਰ ਰਹੋ…ਕੋਈ ਨਾ….ਪਰ ਰੱਬ ਕਰਕੇ ਚੁੱਪ ਨਾ ਰਹੋ….ਕਿਸੇ ਅੱਗੇ ਬੋਲੋ…ਕਿਸੇ ਦੇ ਨਾਲ ਗੱਲ ਕਰਿਆ ਕਰੋ….ਕਿਸੇ ਅੱਗੇ ਰੋ ਲੈਣਾ ਖਰਾਬ ਨਹੀਂ ਹੁੰਦਾ….ਕਿਸੇ ਨੂੰ ਆਪਣਾ ਦੁੱਖ ਦਸ ਦੇਣਾ ਕੋਈ ਗੁਨਾਹ ਨਹੀਂ ਹੈ…

ਮਰਨਾ ਕੋਈ ਹੱਲ ਨਹੀਂ….ਪਰ ਜਿਉਂਦੇ ਰਹੋਗੇ ਤਾਂ ਅੱਜ ਨਾ ਸਹੀ…ਕਲ੍ਹ ਨੂੰ ਕੋਈ ਹਲ ਮਿਲੇਗਾ….

ਜ਼ਿੰਦਗੀ ਇਕੋ ਵਾਰ ਮਿਲੀ ਹੈ….
ਇਸਦੇ ਨਾਲ ਪਿਆਰ ਕਰੋ…
ਇਸ ਲਈ ਇਸਨੂੰ ਪਿਆਰ ਕਰੋ ਕਿਉਂਕਿ ਇਹ ਸਿਰਫ ਤੁਹਾਡੀ ਇਕੱਲਿਆਂ ਦੀ ਨਹੀਂ ਹੈ…ਤੁਹਾਡੇ ਨਾਲ ਪਿਆਰ ਕਰਨ ਵਾਲਿਆਂ ਦਾ ਵੀ ਤੁਹਾਡੀ ਜ਼ਿੰਦਗੀ ਚ ਹਿੱਸਾ ਹੈ..

ਲਿਖਣਾ ਨਹੀਂ ਆਂਦਾ ਨਾ ਲਿਖੋ…
ਕੁਛ ਵੀ ਨਹੀਂ ਕਰਨਾ ਆਂਦਾ ਨਾ…ਕੋਈ ਨਾ…ਕੁਛ ਵੀ ਨਾ ਕਰੋ….ਪਰ ਮਰੋ ਨਾ….ਜਿਉਂਦੇ ਰਹੋਗੇ ਤਾਂ ਜਿਉਣਾ ਵੀ ਆ ਜਾਏਗਾ…ਮੁਸ਼ਕਲਾਂ ਦੇ ਨਾਲ ਰਹਿ ਕੇ ਵੀ ਜਿਉਣਾ ਆ ਜਾਂਦਾ ਹੈ ਜੇ ਜਿਉਣ ਦੀ ਚਾਹ ਹੋ ਜਾਵੇ…

ਮੌਤ ਉਦੋਂ ਵੀ ਆ ਜਾਏਗੀ ਜਦੋਂ ਤੁਸੀਂ ਇਸਨੂੰ ਨਹੀਂ ਬੁਲਾਓਗੇ…ਪਰ ਜ਼ਿੰਦਗੀ ਨੂੰ ਆਵਾਜ਼ ਮਾਰਨੀ ਪੈਂਦੀ ਹੈ…ਇਸਨੂੰ ਰੋਜ਼ ਬੋਲਣਾ ਪੈਂਦਾ ਹੈ…

” ਮੈਨੂੰ ਤੇਰੇ ਨਾਲ ਪਿਆਰ ਹੈ ”

ਜ਼ਿੰਦਗੀ ਵੀ ਪਲਟ ਕੇ ਜੁਆਬ ਜਰੂਰ ਦਵੇਗੀ…ਇਹ ਕਿੰਨੀ ਵੀ ਖਰਾਬ ਕਿਉ ਨਾ ਹੋਵੇ…ਤੁਹਾਡੀ ਮਰਜ਼ੀ ਦੇ ਬਿਨਾਂ ਤੁਹਾਨੂੰ ਜਲਦੀ ਨਹੀਂ ਛੱਡੇਗੀ….

ਆਪਣੇ ਆਪ ਨਾਲ ਮੋਹ ਨਾ ਮੁਕਾਓ….

ਜਿਉਂਦੇ ਰਹੋ….

ਹੋਰ ਕੁਝ ਨਹੀਂ ਕਰ ਸਕਦੇ ਹੋ ਤਾਂ ਸੋ ਜਾਓ…
ਅੱਖਾਂ ਨੂੰ ਬੰਦ ਕਰੋ…
ਸੋ ਜਾਓ…

ਜ਼ਿੰਦਗੀ ਸੁਪਨਿਆਂ ਚ ਵੀ ਆਇਆ ਕਰਦੀ ਹੈ…
ਇਹ ਸਾਨੂੰ ਸੁੱਤੇ ਹੋਇਆਂ ਨੂੰ ਪਿਆਰ ਕਰਕੇ ਜਾਂਦੀ ਹੈ…
ਸਾਡੇ ਵਾਲਾਂ ਚ ਹੱਥ ਫੇਰਦੀ ਹੈ…

ਸਵੇਰ ਦਾ ਸੂਰਜ ਜ਼ਿੰਦਗੀ ਹੁੰਦਾ ਹੈ…ਜੋ ਸਾਡੀਆਂ ਅੱਖਾਂ ਚ ਜੀਵਨ ਨਾਲ ਪਿਆਰ ਕਰਨ ਲਈ ਢੇਰ ਸਾਰੀ ਰੋਸ਼ਨੀ ਭਰ ਦਿੰਦਾ ਹੈ…

ਹਰਪਾਲ ਸਿੰਘ

Harpal Singh

You may also like