ਰਵਾਂ-ਰਵੀਂ ਤੁਰੀ ਜਾਂਦੀ ਮੇਰੀ ਜਿੰਦਗੀ ਵਿਚ ਇੱਕ ਦਿਨ ਅਚਾਨਕ ਵੱਡਾ ਸਾਰਾ ਭੁਚਾਲ ਆ ਗਿਆ..
ਸਬਜੀ ਲੈਣ ਗਈ ਚੰਗੀ ਭਲੀ ਨਾਲਦੀ ਸ਼ਰਾਬੀ ਹੋਏ ਇੱਕ ਡਰਾਈਵਰ ਦੀ ਗਲਤੀ ਕਾਰਨ ਹਮੇਸ਼ਾਂ ਲਈ ਅਲਵਿਦਾ ਆਖ ਗਈ..!
ਸਭ ਕੁਝ ਏਨੀ ਛੇਤੀ ਹੋਇਆ ਕੇ ਮੈਨੂੰ ਖੁਦ ਨੂੰ ਯਕੀਨ ਨਹੀਂ ਸੀ ਆਇਆ ਕਰਦਾ..ਵੱਡੀ ਤੇ ਸਿਆਣੀ ਸੀ ਪਰ ਨਿੱਕਾ ਹਮੇਸ਼ਾਂ ਕੋਲ ਹੀ ਬੈਠਾ ਰਹਿੰਦਾ!
ਸੰਸਕਾਰ ਹੋਇਆ ਤੇ ਮਗਰੋਂ ਭੋਗ ਵੀ ਪਾ ਦਿੱਤਾ..ਸਾਰੇ ਰਿਸ਼ਤੇਦਾਰ ਸਾਕ ਸਬੰਦੀ ਅਫਸੋਸ ਕਰਕੇ ਆਪੋ ਆਪਣੇ ਕੰਮਾਂ ਕਾਰਾਂ ਵਿਚ ਰੁਝ ਗਏ..!
ਫੇਰ ਖਿੱਲਰ ਗਈ ਜਿੰਦਗੀ ਵਾਲੀ ਪੰਡ ਕੱਠੀ ਕਰਨ ਵਿਚ ਰੁੱਝ ਗਿਆ..
ਇੱਕ ਦਿਨ ਨਿੱਕੇ ਨੂੰ ਸਕੂਟਰ ਮਗਰ ਬਿਠਾ ਸੌਦਾ ਲੈਣ ਨਿੱਕਲ ਤੁਰਿਆ..
ਸੌਦੇ ਵਾਲੀ ਲਿਸਟ ਤੁਲੇ ਹੋਏ ਸੌਦੇ ਨਾਲ ਮਿਲਾ ਕੇ ਅਜੇ ਬਾਹਰ ਨੂੰ ਆਉਣ ਹੀ ਲੱਗਾ ਸਾਂ ਕੇ ਨਿੱਕੇ ਨੇ ਆਪਣੇ ਬੋਝੇ ਵਿਚੋਂ ਇੱਕ ਹੋਰ ਲਿਸਟ ਕੱਢ ਮੈਨੂੰ ਫੜਾ ਦਿੱਤੀ..ਆਖਣ ਲੱਗਾ ਭੈਣ ਜੀ ਨੇ ਦਿੱਤੀ ਸੀ ਕੇ ਡੈਡੀ ਨੂੰ ਫੜਾ ਦੇਵੀਂ..!
ਇਸ ਲਿਸਟ ਵਾਲੀਆਂ ਚੀਜਾਂ ਪੜ ਕੇ ਸੋਚਣ ਲੱਗਾ ਕੇ ਗੁਰਮੁਖ ਸਿਆਂ ਏਦਾਂ ਤੇ ਗੱਲ ਨੀ ਬਣਨੀ..ਹੁਣ ਤੇ ਪਿਓ ਦੇ ਨਾਲ ਨਾਲ ਇੱਕ ਜੁਆਨ ਧੀ ਦੀ ਮਾਂ ਵੀ ਬਣਨਾ ਪੈਣਾ!
ਹਰਪ੍ਰੀਤ ਸਿੰਘ ਜਵੰਦਾ