ਕਾਲਾ ਨੂਰ

by admin

ਇੱਕ ਮਰਾਸੀ ਨੂੰ ਅਫੀਮ ਖਾਣ ਦੀ ਆਦਤ ਪੈ ਗਈ। ਪੱਕਾ ਈ ਗਿੱਝ ਗਿਆ। ਇੱਕ ਦਿਨ ਭੁੱਲਿਆ- ਭਟਕਿਆ, ਮਸਜਦ ਦੇ ਮੂਹਰਦੀ ਲੰਘਣ ਲਗਿਆ,ਤਾਂ ਮੌਲਵੀ ਸਾਹਿਬ ਦੇ ਕਾਬੂ ਆ ਗਿਆ। ਮੌਲਵੀ ਕਹਿੰਦਾ, ” ਤੂੰ ਆਹ ਕੀ ਕੰਮ ਫੜੇ ਐ ? ਇੱਕ ਸੱਚੇ ਮੁਸਲਮਾਨ ਨੂੰ ਪੰਜ ਵਕਤ ਨਮਾਜ ਪੜ੍ਹਨੀ ਚਾਹੀਦੀ ਐ। ” ਮਰਾਸੀ ਪੁੱਛਦਾ , ” ਜੀ ਨਮਾਜ਼ ਪੜ੍ਹਨ ਨਾਲ ਕੀ ਹੋਊ ?”
ਤੇਰੇ ਚਿਹਰੇ ਤੇ ਨੂਰ ਆਊਗਾ”। । ਸਵੇਰੇ ਵੁਜ਼ੂ ਕਰਕੇ (ਮੂੰਹ ਹੱਥ ਧੋਕੇ ) ਨਮਾਜ਼ ਪੜ੍ਹਿਆ ਕਰ। ਮੌਲਵੀ ਦਾ ਉੱਤਰ ਸੀ।
ਦੂਜੇ ਦਿਨ ਮਰਾਸੀ ਤੜਕੇ ਤਿੰਨ ਵਜੇ ਈ ਉੱਠ ਖੜਿਆ। ਪੂਰਾ ਚਾਅ ਬੀ ਅੱਜ ਤਾਂ ਚਿਹਰੇ ਤੇ ਨੂਰ ਆਉਗਾ। ਮਰਾਸੀ ਨੇਂ ਸੋਚਿਆ, ਬਈ ਜੇ ਤਾਂ ਕੀਤਾ ਪਾਣੀ ਨਾਲ ਵੁਜ਼ੂ, ਤਾਂ ਸਾਰਾ ਨਸ਼ਾ ਲਹਿਜੂ, ਆਪਾਂ ਸੁੱਕ-ਮਾਂਜ ਈ ਕਰ ਲੈਨੇ ਆਂ। ਮਤਲਬ ਮਿੱਟੀ ਤੇ ਹੱਥ ਘਸਾਕੇ ਮੂੰਹ ਤੇ ਫੇਰ ਲੈਨੇ ਆਂ। ਮਰਾਸੀ ਨੇ ਮੂੰਹ- ਨੇਹਰੇ ਈ ਮਿੱਟੀ ਤੇ ਹੱਥ ਘਸਾਕੇ ਮੂੰਹ ਤੇ ਫੇਰ ਲਏ। ਕੁਦਰਤੀ ਜਿਸ ਥਾਂ ਹੱਥ ਘਸਾਏ, ਉਥੇ ਮਰਾਸਣ ਨੇ ਤਵਾ ਮੂਧਾ ਮਾਰ ਰਖਿਆ ਸੀ। ਮੂੰਹ ਪੰਜ-ਕਲਿਆਣੀ ਦੇ ਕੱਟੇ ਅਰਗਾ ਕਰ ਲਿਆ।
ਦਿਨ ਚੜੇ ਜੇ ਮਰਾਸਣ ਮੂਹਰੇ ਜਾਕੇ ਬੋਲਦੈ,” ਦੇਖੀਂ ਮਰਾਸਣੇ, ਮੇਰੇ ਚਿਹਰੇ ਤੇ ਕਿੰਨਾ ਕੁ ਨੂਰ ਆਗਿਆ “?
ਮਰਾਸਣ ਬੋਲਦੀ ਐ, ” ਜੇ ਤਾਂ ਹੁੰਦੈ ਨੂਰ ਕਾਲੇ ਰੰਗ ਦਾ, ਫੇਰ ਤਾਂ ਘਟਾਂ ਬੰਨ੍ਹ-ਬੰਨ੍ਹ ਆਗਿਆ। ਜੇ ਕਿਸੇ ਹੋਰ ਰੰਗ ਦੈ, ਫੇਰ ਪਹਿਲਾਂ ਆਲਾ ਵੀ ਗਿਆ।”

Unknown

You may also like