ਕਹਾਣੀ

by admin

ਸਾਹਿਤ ਸਭ ਬੰਧਨਾ ਤੋਂ ਮੁਕਤ ਹੈ, ਪਰ ਬਹੁਤ ਅਨੁਸ਼ਾਸ਼ਨ ਸ਼ਾਮਿਲ ਨੇ ਇਹਦੇ ਵਿੱਚ। ਕਵਿਤਾ ਪੜ੍ਹਨਾ ਜਦੋਂ ਸ਼ੁਰੂ ਕੀਤਾ ਤਾਂ ਸ਼ੁਰੂਆਤ ਵਿਚ ਬਹੁਤ ਕਿਤਾਬਾਂ ਅਜਿਹੀਆਂ ਪੜ੍ਹੀਆਂ ਜਿਨ੍ਹਾਂ ਨੂੰ ਪੜ੍ਹੇ ਬਿਨ੍ਹਾਂ ਸਰ ਸਕਦਾ ਸੀ। ਪਰ ਬਹੁਤ ਕਿਤਾਬਾਂ ਐਸੀਆਂ ਸੀ ਜਿਨ੍ਹਾਂ ਨੂੰ ਪੜ੍ਹਨਾ ਚਾਹੁੰਦੇ ਸਾਂ ਪਰ ਮਿਲ ਨਹੀਂ ਰਹੀਆਂ ਸੀ। 2014 ਵਿਚ ਜਦੋਂ ਪਬਲੀਕੇਸ਼ਨ ਦਾ ਕੰਮ ਸ਼ੁਰੂ ਕੀਤਾ ਤਾਂ ਆਪਣੀ ਪਸੰਦ ਦੇ ਕਵੀ ਦੀ ਕਿਤਾਬ ਸਭ ਤੋਂ ਪਹਿਲਾਂ ਸੰਪਾਦਨ ਕਰਵਾਈ। ਬਹੁਤੀ ਚੋਣ ਸੰਪਾਦਕ ਦੀ ਸੀ ਪਰ ਉਹਦੀ ਭੂਮਿਕਾ ਤੋਂ ਲੈ ਕੇ ਉਹਦੇ ਹਰ ਕੰਮ ਨੂੰ ਮੈਂ ਬਹੁਤ ਚਾਅ ਨਾਲ ਕੀਤਾ। ਉਹ ਕਿਤਾਬ ’ਚ ਪ੍ਰਕਾਸ਼ਨਾਂ ਪੱਖੋਂ ਹਜ਼ਾਰਾਂ ਗਲਤੀਆਂ ਹੋ ਸਕਦੀਆਂ ਪਰ ਇਕ ਗੱਲ ਦਾ ਦਾਅਵਾ ਕਿ ਕੋਈ ਬੇਇਮਾਨੀ ਨਹੀਂ ਸੀ। ਨਾ ਚੋਣ ਨਾਲ, ਨਾਲ ਕਵਿਤਾ ਨਾਲ। ਬੁੱਧੀ ਘੱਟ ਕਰਕੇ ਬਹੁਤ ਕਮੀਆਂ ਰਹੀਆਂ, ਕਮੀਆਂ ਦਾ ਅਹਿਸਾਸ ਹੀ ਅੱਗੇ ਵਧਣ ਵਿੱਚ ਮਦਦ ਕਰਦਾ।
2016 ਵਿਚ ਆਪਣਾ ਵੱਖਰਾ ਪ੍ਰਕਾਸ਼ਨ ਖੋਲ੍ਹਣ ਦੇ ਬਹੁਤ ਕਾਰਨ ਸੀ, ਉਹਨਾਂ ਕਾਰਨਾਂ ਵਿੱਚੋ ਇੱਕ ਕਾਰਨ ਸੀ ਕਿ ਕਵਿਤਾ ਨਾਲ ਬੇਇਮਾਨੀ ਨਹੀਂ ਕਰਨੀ, ਗ਼ਲਤੀ ਹੋ ਸਕਦੀ ਪਰ ਇਹਦੇ ’ਚ ਸਾਜ਼ਿਸ਼ਾਂ ਨਹੀਂ ਕਰਨੀਆਂ। ਸ਼ੁਰੂਆਤ ਵਿੱਚ ਅਸੀਂ ਇੱਕ ਸਾਲ ਵਿਚ ਮਹਿਜ਼ 4 ਕਿਤਾਬਾਂ ਛਾਪਣ ਦਾ ਫੈਸਲਾ ਕੀਤਾ ਸੀ, ਪਰ ਸਮੇਂ-ਸਮੇਂ ’ਤੇ ਚੰਗੀਆਂ ਕਿਤਾਬਾਂ ਮਿਲਦੀਆਂ ਰਹੀਆਂ ਤੇ ਬੰਧਨ ਟੁੱਟਦੇ ਰਹੇ, ਬਣਦੇ ਰਹੇ। ਸਫ਼ਰ ਚਲਦਾ ਰਿਹਾ।
ਇਹ ਸਫ਼ਰ 2013 ਤੋਂ ਸ਼ੁਰੂ ਹੋਇਆ, 2015 ਯੂਨੀਵਿਰਸਿਟੀ ਆਉਣ ਨਾਲ ਬਿਲਕੁਲ ਬਦਲ ਗਿਆ। ਬਹੁਤ ਨਵੇਂ ਸਾਥੀ ਮਿਲੇ, ਬਹੁਤ ਸੁਪਨੇ ਦੇਖੇ। ਉਹਨਾਂ ਸੁਪਨਿਆ ਨੂੰ ਸੱਚ ਹੋਣ ਲਈ ਸਬਰ ਦੀ ਜ਼ਰੂਰਤ ਸੀ। 2015 ਵਿੱਚ ਇੱਕ ਸੁਪਨਾ ਦੇਖਿਆ, ਅੱਜ 2019 ਵਿੱਚ ਤੁਹਾਡੇ ਨਾਲ ਇਹ ਖ਼ੁਸ਼ੀ ਸਾਂਝੀ ਕਰ ਰਹੀ ਹਾਂ ਕਿ ਉਹ ਸੁਪਨਾ ਸੱਚ ਹੋ ਰਿਹਾ। ਕਈ ਦੋਸਤ ਕਹਿੰਦੇ ਕੇ ਤੁਸੀਂ ਚੁਣ-ਚੁਣ ਕੇ ਕਿਤਾਬਾਂ ਛਾਪਦੇ ਹੋ, ਸੱਚ ਦੱਸਾਂ ਤਾਂ ਕਿਤਾਬਾਂ ਦੀ ਚੋਣ ਤੇ ਧੌਣ ਦੇ ਕਿੱਲੇ ਲਈ ਬਹੁਤ ਸੁਪਨੇ ਮਾਰੇ ਆ, ਫੇਰ ਚੋਣ ’ਚ ਬੇਇਮਾਨੀ ਕਰਨ ਦਾ ਸਵਾਲ ਹੀ ਨਹੀਂ, ਜਿਸ ਦਿਨ ਅਸੀਂ ਇਸ ਜ਼ਮੀਨ ਨਾਲੋਂ ਟੁੱਟ ਗਏ, ‘ਔਟਮ ਆਰਟ’ ਨਿਘਾਰ ਵੱਲ ਜਾਂਦਾ-ਜਾਂਦਾ ਖ਼ਤਮ ਹੋ ਜਾਉ। ਬਹੁਤ ਲੋਕ ਆਏ, ਬਹੁਤ ਆਉਣਗੇ। ਮੰਮੀ ਅਕਸਰ ਕਹਿੰਦੇ ਹੁੰਦੇ ਆ, ‘ਪੁੱਤ ਦੁਨੀਆਂ ਢੀਂਗ ਤੋਂ ਢੀਂਗ ਪਈ ਆ’।
ਸਾਡੇ ਕੋਲ ਗਿਣਤੀ ਦੇ ਸਾਹ, ਗਿਣਤੀ ਦੀਆਂ ਕਿਤਾਬਾਂ ਪੜ੍ਹਨ ਲਈ। ਜੋ ਗ਼ਲਤੀਆਂ ਜਾਂ ਤੰਗੀਆਂ ਮੈਂ ਦੇਖੀਆਂ, ਚੰਗੀਆਂ ਕਿਤਾਬਾਂ ਪੜ੍ਹਨ ਲਈ, ਉਹ ਕਿਸੇ ਹੋਰ ਨੂੰ ਨਾ ਦੇਖਣੀਆਂ ਪੈਣ, ਇਸ ਲਈ ਸਾਡੀ ਕੋਸ਼ਿਸ਼ ਹੁੰਦੀ ਆ ਕਿ ਚੰਗੀਆਂ ਕਿਤਾਬਾਂ ਛਾਪੀਆਂ ਜਾਣ। ਬਹੁਤ ਵਾਰ ਅਸੀਂ ਵੀ ਗ਼ਲਤੀ ਕਰਦੇ ਹਾਂ, ਇਨਸਾਨ ਹਾਂ। ਗ਼ਲਤੀਆਂ ਦੇ ਲਈ ਮੁਆਫ਼ੀ। ਤੁਹਾਡੇ ਸੁਝਾਵਾਂ ਲਈ ਸ਼ੁਕਰੀਆ।
ਇਹ ਸਮਾਂ ਮੇਰੇ ਲਈ ਬਹੁਤ ਭਾਵੁਕ ਹੈ, ਕਿਉਂਕਿ ਜਿਸ ਕਿਤਾਬ ਲਈ ਤੁਸੀਂ ਬਹੁਤ ਲੋਕਾਂ ਦੀਆਂ ਮਿੰਨਤਾਂ ਕੀਤੀਆਂ ਹੋਣ ਤੇ ਆਖ਼ਰ ਤੁਸੀਂ ਉਸ ਕਿਤਾਬ ਦਾ ਹਿੱਸਾ ਬਣੋ, ਇਸਤੋਂ ਵੱਡੀ ਖ਼ੁਸ਼ੀ ਕੀ ਹੋ ਸਕਦੀ ਹੈ। ਮੇਰੇ ਲਈ ਤਾਂ ਇਹ ਸਭ ਸੁਪਨਿਆਂ ਦੀ ਦੁਨੀਆਂ ਜਿਹਾ ਜਾਪ ਰਿਹਾ, ਜਿੰਨਾ ਪਿਆਰ ਆਹ 3 ਸਾਲ ਵਿੱਚ ਪਾਠਕਾਂ ਵੱਲੋਂ ਮਿਲਿਆ ਇਹਦੇ ਲਈ ਬਾਕੀ ਸਭ ਖ਼ੁਸ਼ੀਆਂ ਵਾਰੀਆਂ ਜਾ ਸਕਦੀਆਂ।
ਸੱਤਪਾਲ ਭੀਖੀ, ਗੁਰਪ੍ਰੀਤ ਮਾਨਸਾ ਤੋਂ ਸ਼ੁਰੂ ਹੋਇਆ ਇਹ ਸਫ਼ਰ ਸ਼ਿਵਦੀਪ, ਪ੍ਰੀਤਇੰਦਰ ਬਾਜਵਾ ਦੇ ਸਹਿਯੋਗ ਤੋਂ ਬਿਨ੍ਹਾਂ ਮੁਕੰਮਲ ਨਹੀਂ ਸੀ ਹੋ ਸਕਦਾ। ਸਹਿਯੋਗ ਇਸ ਸੁਪਨੇ ਵਿੱਚ ਐਨੇ ਸਾਥੀਆਂ ਦਾ ਰਿਹਾ ਕਿ ਲਿਖਣ ਬੈਠਾ ਤਾਂ ਤੁਸੀਂ ਹੈਰਾਨ ਹੋਣਾ, ਉਹਨਾਂ ਸਾਥੀਆਂ ਵੀ ਹੈਰਾਨ ਹੋਣਾ ਕਿ ਅਸੀਂ ਕਦੋਂ ਸ਼ਾਮਿਲ ਹੋਏ, ਜਿਵੇਂ ਸੱਤਪਾਲ ਭੀਖੀ ਨੂੰ ਜਦੋਂ ਮੈਂ ਫੋਨ ਕਰਕੇ ‘ਲੀਲਾ’ ਬਾਰੇ ਦੱਸਿਆ ਤਾਂ ਉਨ੍ਹਾਂ ਨੂੰ ਯਾਦ ਵੀ ਨਹੀਂ ਸੀ ਕਿ ਉਹਨਾਂ ਦੇ ਕਹਿਣ ਤੋਂ ਹੀ ਇਹ ਸਫ਼ਰ ਸ਼ੁਰੂ ਹੋਇਆ ਸੀ।
ਮੇਰੇ ਪਿਓ ਵਾਂਗ ਮੇਰੇ ਨਾਲ ਖੜ੍ਹਨ, ਪਿਆਰ ਨਾਲ ਸਮਝਾਉਣ ਜਾਂ ਜਿਨ੍ਹਾਂ ਦੀ ਅੱਖ ਦੀ ਘੂਰ ਵੀ ਮੇਰੇ ਲਈ ਮਰਨ ਏ, ਮੈਂ ਈਸ਼ਵਰ ਦਿਆਲ ਗੌੜ, ਰਾਜੇਸ਼ ਸ਼ਰਮਾ, ਜਸਬੀਰ ਮੰਡ ਤੇ ਗੁਰਬਚਨ ਜੀ ਦੀ ਮੈਂ ਬਹੁਤ ਧੰਨਵਾਦੀ ਹਾਂ। ਹਮੇਸ਼ਾਂ ਮੈਂ ਛੋਟੀ ਹੀ ਰਹਾਂ ਤੇ ਇਹਨਾਂ ਦੇ ਲਾਡ ਨੂੰ ਏਵੇਂ ਹੀ ਮਾਣਦੀ ਰਹਾਂ। ਪਾਪਾ/ਮੰਮੀ ਅਕਸਰ ਫਿਕਰ ਕਰਦੇ ਹੁੰਦੇ ਆ ‘ਤੇਰੇ ਏਨੇ ਬਾਪੂ ਆ ਦੇਖੀ ਕਿਤੇ ਸਾਡੇ ਤੋਂ ਕੰਨਿਆਦਾਨ ਆਲਾ ਕੰਮ ਵੀ ਨਾ ਖੋਹ ਲਈ।’ ਪਾਪਾ/ਮੰਮੀ ਆਪ ਚਾਹੇ ਤੰਗੀਆਂ ਕਰਕੇ ਪੜ੍ਹ ਨਹੀਂ ਸਕੇ ਪਰ ਮੇਰੀ ਪੜ੍ਹਾਈ ਲਈ ਪਤਾ ਨਹੀਂ ਉਹਨਾਂ ਆਪਣੇ ਕਿੰਨੇ ਕੁ ਸੁਪਨੇ ਮਾਰੇ ਆ। ਮੇਰੀਆਂ ਡਿਗਰੀਆਂ ਸਾਰੀਆਂ ਉਹਨਾਂ ਲਈ ਆ ਜਿਨ੍ਹਾਂ ਸਾਹਿਤ ਨਾਲੋਂ ਜੁੜਨ ਤੋਂ ਮੈਨੂੰ ਕਦੇ ਰੋਕਿਆ ਨਹੀਂ, ਤੇ ਜਦੋਂ ਗੱਲ ਸੈਟਲ ਹੋਣ ਦੀ ਆਉਂਦੀ ਤਾਂ ਪਾਪਾ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਸਭ ਦੇ ਅੱਗੇ ਖੜ੍ਹੇ ਹੋ ਜਾਂਦੇ ਆ।
ਮੇਰੇ ਬਹੁਤ ਕਰੀਬੀ ਕੁਝ ਦੋਸਤ ਜੋ ਮੇਰੀਆਂ ਹਾਰਾਂ ਜਾਂ ਜਿੱਤਾਂ ਨਹੀਂ ਦੇਖ ਸਕੇ, ਮੇਰਾ ਬਾਪੂ, ਆਖ਼ਰੀ ਸਾਹ ਤੱਕ ਮੇਰੀ ਪੜ੍ਹਾਈ ਪੂਰੀ ਹੋਣ ਦੀ ਗੱਲ ਕਰਦਾ ਰਿਹਾ ਪਰ ਉਹ ਪੂਰਾ ਹੋ ਗਿਆ। ਗੁਰਪਾਲ ਲਿੱਟ ਜੀ ਜਿਨ੍ਹਾਂ ਹਰ ਮਾੜੇ ਵਕਤ ਮੇਰਾ ਸਾਥ ਦਿੱਤਾ ਤੇ ਜਦੋਂ ਵਕਤ ਚੰਗਾ ਹੋਣਾ ਹਾਲੇ ਸ਼ੁਰੂ ਹੋਣਾ ਸੀ, ਉਹ ਚਲੇ ਗਏ। ਅਫ਼ਰੋਜ਼ ਤੇ ਵਿੰਨੀ ਜਿੰਨ੍ਹਾਂ ਨੂੰ ਮੇਰੇ ਤੋਂ ਉਮੀਦ ਸੀ, ਮੇਰੇ ਲਈ ਉਮੀਦਾਂ ਬੰਨ੍ਹ, ਮੇਰੀਆਂ ਉਮੀਦਾਂ ਤੋੜ ਚਲੇ ਗਏ। ਜਾਣ ਵਾਲੇ ਨੂੰ ਕੌਣ ਰੋਕ ਸਕਦਾ?
ਇਨ੍ਹਾਂ ਸਭ ਦੋਸਤਾਂ ਤੇ ਪੰਜਾਬੀ ਸਾਹਿਤ ਦੇ ਪਾਠਕਾਂ ਬਿਨ੍ਹਾਂ ਸਾਡਾ ਏਥੇ ਪਹੁੰਚਣਾ ਬਹੁਤ ਔਖਾ ਸੀ। ਮੇਰੇ ਅੰਦਰਲੇ ਪਿੰਡ ਨੇ ਮੈਨੂੰ ਬਚਾਅ ਲਿਆ, ਪਟਿਆਲਾ ਮੇਰੇ ਖ਼ੂਨ ’ਚ ਮਿਲਿਆ ਹੀ ਨਹੀ…ਤੇ ਇਹੀ ਪਿੰਡ ਕਵਿਤਾ ’ਚੋਂ ਲੱਭਦੇ-ਲੱਭਦੇ ਪਹੁੰਚੇ ਸੀ ‘ਲੀਲਾ’ ਤੱਕ।
‘ਕਾਫ਼ਰ’ ਜਿਨ੍ਹੇ ਪ੍ਰਕਾਸ਼ਨ ਦਾ ਨਾਮ ਅਤੇ ਲੋਗੋ ਵਿੱਚ ਮਦਦ ਕੀਤੀ ਤੇ ਕਵਰ ਡਿਜ਼ਾਈਨਜ਼ ਨੂੰ ਲੈ ਕੇ ਲੰਮੀਆਂ ਬਹਿਸਾਂ ਕੀਤੀਆਂ। ਉਹਦੇ ਨਾਲ ਮਿਲਕੇ 2016 ’ਚ ਇੰਨ੍ਹਾਂ ਦਿਨਾਂ ’ਚ ਔਟਮ ਆਰਟ ਸ਼ੁਰੂ ਕਰਨ ਦੇ ਵਿਚਾਰ ਚੱਲ ਰਹੇ ਸੀ। ‘ਸੁਮਨ’ ਜਿਨ੍ਹਾਂ ‘ਲੀਲਾ’ ਬਾਬਤ 2015 ਤੋਂ ਹੁਣ ਤੱਕ ਮੇਰੀਆਂ ਗੱਲਾਂ ਵਾਰ-ਵਾਰ ਸੁਣੀਆਂ। ‘ਲੀਲਾ’ ਦੀ ਛਪਾਈ ਦਾ ਸਭ ਤੋਂ ਪਹਿਲਾ ਫੋਨ ਮੈਂ ਉਨ੍ਹਾਂ ਨੂੰ ਹੀ ਕੀਤਾ ਸੀ। ਹਰਮਨ (ਔਟਮ ਆਰਟ ਵਿਚ ਸਹਿਯੋਗੀ) ਕਵਿਤਾ ਘੱਟ ਪੜ੍ਹਦੀ, ਮੈਨੂੰ ਯਾਦ ਆ ਉਹਨੇ ‘ਲੀਲਾ’ ਦੋ ਦਿਨਾਂ ਵਿਚ ਲਾਇਬ੍ਰੇਰੀ ਚ ਬੈਠਕੇ ਸਾਰੀ ਡੀਕ ਲਾ ਕੇ ਪੀ ਲਈ ਸੀ। ਉਹਨੂੰ ਦੇਖ ਹੋਸ਼ਲਾ ਕਿ ‘ਲੀਲਾ’ ਨੂੰ ਹਰ ਵਰਗ ਮਾਣੂ।
‘ਲੀਲਾ’ ਲਈ ਬਸੰਤ ਫਾਉਡੇਸ਼ਨ, ਕਨੇਡਾ ਦੇ ਸਹਿਣਯੋਗ ਦੇ ਅਸੀ ਰਿਣੀ ਹਾਂ, ਜਿੰਨਾਂ ਸਾਡੇ ਸਿਰ ਤੇ ਕਵਿਤਾ ਰੱਖ ਬਾਕੀ ਸਬ ਬੋਝ ਆਪ ਚੁੱਕ ਲਏ।
ਸਭ ਤੋਂ ਵੱਧ ਤੇ ਸਭ ਤੋਂ ਜਰੂਰੀ, ਜਿਨ੍ਹਾਂ ਲਈ ਧੰਨਵਾਦ ਸ਼ਬਦ ਵੀ ਬਹੁਤ ਛੋਟਾ, ਮੈਂ ਸ਼ੂਕਰਗੁਜਾਰ ਹਾਂ ਨਵਤੇਜ ਭਾਰਤੀ ਅਤੇ ਅਜਮੇਰ ਰੋਡੇ ਜੀ ਦਾ, ਜਿਨਾਂ ਮੇਰੇ ਸੁਪਨੇ ਨੂੰ ਖੰਭ ਲਏ। ਜਿਨ੍ਹਾਂ ਇਹ ਪੋਥੀ ਲਿਖੀ, 1999 ਵਿਚ ਛਪੀ ਤੇ ਹੁਣ 20 ਸਾਲ ਬਾਅਦ 3 ਸਾਲਾਂ ਦੀ ਸੋਧ ਤੇ ਦਿਨ ਰਾਤ ਮੇਹਨ ਕਰਕੇ ਸਾਡੇ ਸਪੁਰਦ ਕੀਤੀ…ਅਜਮੇਰ ਰੋਡੇ ਭਾਰਤ ਆਏ ਤ ਕਿੰਨੇ ਹੀ ਦਿਨ ‘ਲੀਲਾ’ ਨੂੰ ਕੰਪਿਊਟਰ ਚ ਪੰਨਿਆਂ ਤੇ ਟਿਕਦਿਆਂ ਨੂੰ ਮਾਣਿਆਂ, ਇਹਦੀ ਛਪਾਈ ਲਈ ਹੋਈ ਡਿਸਕਸਨ, ਇਹਨੇ ਰੰਗਾਂ ਤੇ ਪੈਟਰਨ, ਹਰੇਕ ਚੀਜ਼ ਨੂੰ ਉਹਨਾਂ ਤੇ ਭਾਰਤੀ ਸਰ ਨੇ ਈ:ਮੇਲ. ਰਾਹੀ ਬਾਰੀਕੀ ਨਾਲ ਘੋਖਿਆ, ਮੁਕਤਸਰ ਪ੍ਰੀਤਇੰਦਰ ਬਾਜਵਾ ਜੀ ਦੇ ਘਰ ਬੈਠ।
ਹੁਣ ਜਦੋਂ ਇਹ ਪੋਥੀ ਆ ਚੁੱਕੀ ਹੈ…ਤੇ ਆਓ ਸਾਥੀਆਂ ਉਡਾਰੀ ਭਰਦੇ ਹਾਂ ‘ਲੀਲਾ’ ਦੀ ਅਦਭੁੱਤ ਦੁਨੀਆ ਵਿਚ…ਮੈਨੂੰ ਤੁਹਾਡੇ ਸਾਥ ਦੀ ਹਮੇਸ਼ਾ ਵਾਗ ਤਾਘ ਹੈ…

Preeti Shaili

You may also like