“ਓ ਛੋਟੂ!”
ਜਦੋਂ ਆਵਾਜ ਪਈ ਤਾਂ ਇੱਕ ਬੱਚਾ ਭੱਜਦਾ ਹੋਇਆ ਆਇਆ ਤੇ ਢਾਬੇ ਦੇ ਮਾਲਿਕ ਕੋਲ ਖੜ ਗਿਆ।
“ਓ ਜਾ ਓਏ! ਓਧਰ ਜਾ ਕੇ ਦੇਖ! ਭਾਂਡੇ ਕਿੰਨੇ ਮਾਂਜਣ ਆਲੇ ਪਏ ਆ! ਕੌਣ ਮਾਜੂੰ ਓਨਾ ਨੂੰ ਹੈ!!”
ਛੋਟੂ ਬਿਨਾ ਕੋਈ ਜਵਾਬ ਦਿੱਤੇ ਭੱਜ ਕੇ ਭਾਂਡੇ ਮਾਂਜਣ ਲੱਗ ਪਿਆ। ਓਥੇ ਬੈਠਾ ਇੱਕ ਹੋਰ ਬੱਚਾ ਖੁਸ਼ ਹੋ ਰਿਹਾ ਸੀ ਕਿ ਛੋਟੂ ਦੇ ਗਾਲਾਂ ਪਈਆ।
“ਤੇਰੇ ਕੋ ਕਿਤਨੀ ਬਾਰ ਬੋਲਾ ਹੈ ਪਾਗਲ!! ਛੋੜ ਦੇ ਅਪਨੀ ਉਨ ਕਿਤਾਬੋਂ ਕੋ! ਹਮਾਰੇ ਨਸੀਬ ਮੇਂ ਪੜਾਈ ਨਹੀਂ ਹੈ!” ਕੋਲ ਬੈਠੀ ਕਮਲਾ ਨੇ ਛੋਟੂ ਨੂੰ ਕਿਹਾ।
ਪਰ ਛੋਟੂ ਕਿੱਥੇ ਮੰਨਦਾ ਸੀ। ਸਾਰਾ ਦਿਨ ਕੰਮ ਕਰਦਾ ਸੀ ਤੇ ਰਾਤ ਨੂੰ ਬੈਠ ਕੇ ਪੜਦਾ ਰਹਿੰਦਾ ਸੀ। ਢਾਬਾ ਹਾਈਵੇਅ ਤੇ ਹੋਣ ਕਰਕੇ ਰਾਤ ਨੂੰ ਵੀ ਖੁੱਲਾ ਹੀ ਰਹਿੰਦਾ ਸੀ ਤੇ ਇਸ ਕਰਕੇ ਛੋਟੂ ਨੂੰ ਪੜਨ ਵਿੱਚ ਵੀ ਕੋਈ ਮੁਸ਼ਕਲ ਨਹੀਂ ਸੀ ਆਂਓਦੀ।
ਛੋਟੂ ਕਿਸੇ ਸਕੂਲ ਨਹੀਂ ਸੀ ਜਾਂਦਾ। ਉਸਦੀ ਇੱਕ ਦੀਦੀ ਸੀ ਮੀਨਾ ਸ਼ਰਮਾ। ਜੋ ਉਸ ਨੂੰ ਆਪਣੀ ਬਸਤੀ ਵਿੱਚ ਮਿਲੀ ਸੀ। ਮੀਨਾ ਸ਼ਰਮਾਂ ਇੱਕ “ਐਨ.ਜੀ ਓ” ਚਲਾਂਓਦੀ ਸੀ ਤੇ ਛੋਟੂ ਵਰਗੇ ਬੱਚਿਆ ਲਈ ਭਲਾਈ ਦਾ ਕੰਮ ਕਰਦੀ ਸੀ।
“ਤੁਮ ਕੁੱਛ ਕਰ ਸਕਤੇ ਹੋ ਇਸਮੇਂ ਕੋਈ ਬੜੀ ਬਾਤ ਨਹੀਂ ਹੈ। ਤੁਮ ਕੁੱਛ ਕਰਨਾ ਚਾਹਤੇ ਹੋ! ਬੜੀ ਬਾਤ ਇਸਮੇਂ ਹੈ!” ਮੀਨਾ ਸ਼ਰਮਾਂ ਨੇ ਕਿਹਾ ਤਾਂ ਬਸਤੀ ਦੇ ਸਾਰੇ ਬੱਚਿਆਂ ਨੂੰ ਸੀ ਪਰ ਸ਼ਾਇਦ ਸਮਝਿਆ ਛੋਟੂ ਹੀ ਸੀ।
“ਦੀਦੀ ਮੁਝੇ ਪੜਨਾ ਹੈ!” ਛੋਟੂ ਨੇ ਜਾ ਕੇ ਮੀਨਾ ਸ਼ਰਮਾਂ ਨੂੰ ਕਿਹਾ ਸੀ।
“ਸਪਨੇ ਦੇਖਤੇ ਹੋ?” ਮੀਨਾ ਨੇ ਛੋਟੂ ਨੂੰ ਪੁੱਛਿਆ ਸੀ।
“ਹਾਂ ਦੀਦੀ! ਤਬੀ ਤੋ ਸੋਤਾ ਨਹੀਂ ਹੂੰ!”
ਛੋਟੂ ਦੇ ਇਸ ਜਵਾਬ ਨੇ ਮੀਨਾ ਸ਼ਰਮਾਂ ਨੂੰ ਖੁਸ਼ ਕਰ ਦਿੱਤਾ ਸੀ। ਉਸਨੇ ਛੋਟੂ ਵਾਸਤੇ ਕਿਤਾਬਾ ਖਰੀਦੀਆਂ ਤੇ ਉਸਨੂੰ ਆਪ ਪੜਾਓਣ ਲੱਗੀ।
“ਹਮੇਂ ਨਹੀਂ ਪੜਾਨਾ ਇਸਕੋ ਬੀਬੀ ਜੀ!! ਇਸਕਾ ਬਾਪ ਮੇਰੇ ਕਮਾਏ ਪੈਸੇ ਸੇ ਨਸ਼ਾ ਕਰਤਾ ਹੈ! ਇਸਕੇ ਪੈਸੇ ਸੇ ਘਰ ਚਲਤਾ ਹੈ! ਅਗਰ ਯੇ ਭੀ ਪੜੇਗਾ ਤੋ ਹਮ ਖਾਏਂਗੇ ਕਹਾਂ ਸੇ!?”
ਛੋਟੂ ਦੀ ਮਾਂ ਨੇ ਮੀਨਾ ਸ਼ਰਮਾਂ ਨੂੰ ਕਿਹਾ ਸੀ। ਪਰ ਛੋਟੂ ਕਿੱਥੇ ਰੁਕਣ ਵਾਲਾ ਸੀ। ਓਹ ਕੰਮ ਵੀ ਕਰਦਾ ਗਿਆ ਤੇ ਪੜਦਾ ਵੀ ਗਿਆ। ਇੱਕ ਐਸਾ ਦਿਨ ਆਇਆ ਜਦੋਂ ਛੋਟੂ ਛੋਟੂ ਨਾ ਰਿਹਾ। ਓਹ ਦਸਵੀਂ ਜਮਾਤ ਵਿੱਚੋਂ ਪੰਜਾਬ ਭਰ ਵਿੱਚੋਂ ਦੂਸਰੇ ਸਥਾਨ ਤੇ ਰਿਹਾ। ਉਸਨੇ ਕਾਨੂੰਨ ਦੀ ਪੜਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦਿਨ ਜਦੋਂ ਮੀਨਾ ਸ਼ਰਮਾ ਨੇ ਆਪਣੇ ਘਰ ਦਾ ਦਰਵਾਜਾ ਖੋਲਿਆ ਤਾਂ ਸਾਹਮਣੇ ਜੱਜ ਸਾਹਬ ਮਨੀਸ਼ ਭਰਦਵਾਜ ਜੀ ਖੜੇ ਸਨ।
“ਪਹਿਚਾਣਿਆ ਨਹੀਂ ਦੀਦੀ ਤੁਸੀਂ ਆਪਣੇ ਛੋਟੂ ਨੂੰ!?” ਕਹਿੰਦੇ ਹੋਏ ਮਨੀਸ਼ ਨੇ ਆਪਣੇ ਅਧਿਆਪਕ ਦੇ ਪੈਰਾਂ ਨੂੰ ਹੱਥ ਲਗਾਏ। ਮੀਨਾ ਸ਼ਰਮਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ।
“ਹੁੱਣ ਨੀਂਦ ਆਂਓਦੀ ਐ ਕਿ ਨਹੀਂ?” ਭਾਵੁਕ ਹੋਈ ਮੀਨਾ ਨੇ ਆਪਣੇ ਛੋਟੂ ਦੇ ਸਿਰ ਤੇ ਹੱਥ ਫੇਰਦੇ ਹੋਏ ਪੁੱਛਿਆ।
“ਨਹੀਂ ਦੀਦੀ, ਨੀਂਦ ਤਾਂ ਨਹੀਂ ਆਓਦੀ, ਪਰ ਸੁਪਨੇ ਅੱਜ ਵੀ ਬਹੁਤ ਦੇਖਦਾ ਵਾਂ!”
ਕਹਿੰਦਾ ਹੋਇਆ ਮਨੀਸ਼ ਮੁਸਕੁਰਾ ਪਿਆ।
Gurpreet Singh Bhamber