ਇਨਸਾਨ

by admin

ਅਸ਼ੌਕੀ ਮਹੰਤ ਦੀ ਦੇਹ ਅਰਥੀ ਤੇ ਪਈ ਸੀ । ਉਡੀਕ ਸੀ ਤਾ ਬੱਸ ਉਸਦੀ ਮੂੰਹ ਬੋਲੀ ਬੇਟੀ ਆਰਤੀ ਦੀ ਜਿਹੜੀ ਲਾਗਲੇ ਸ਼ਹਿਰ ਦੇ ਸਕੂਲ ਵਿੱਚ ਪੜਦੀ ਸੀ।ਸਾਰੇਂ ਉਸਦੀ ਹੀ ਰਾਹ ਦੇਖ ਰਹੇ ਸੀ ਕਿ ਕਦੋਂ ਉਹ ਆਏ ਤੇ ਮਹੰਤ ਦੀ ਮਿੱਟੀ ਸੰਭਾਲੀ ਜਾਵੇ । ਕਿੰਨਰਾਂ ਦੇ ਡੇਰੇ ਵਿੱਚ ਮੌਤ ਤੋਂ ਬਾਅਦ ਰੌਣ ਧੌਣ ਨਹੀਂ ਹੁੰਦਾ, ਕਿੳਂਕਿ ਸਮਝਿਆਂ ਜਾਂਦਾ ਕਿ ਮਰਨ ਵਾਲਾ ਹਿਜੜੇ ਦੀ ਸਰਾਪੀ ਜੂਨੀ ਕੱਟ ਕੇ ਅਗਲੀ ਵਾਰ ਪੂਰਨ ਰੂਪ ਵਿੱਚ ਜਨਮ ਲਵੇਗਾ । ਤਾਂ ਹੀ ਤਾਂ ਮਿਰਤਕ ਕਿੰਨਰ ਦੇ ਸ਼ਮਸ਼ਾਨਘਾਟ ਤੱਕ ਜੁੱਤੀਆਂ ਮਾਰਦੇ ਲੈ ਜਾਣ ਦਾ ਰਸਮ ਨਿਭਾਈ ਜਾਂਦੀ ਹੈ । ਆਰਤੀ ਨੂੰ ਲਿਆਉਣ ਵਾਲੀ ਗੱਡੀ ਆ ਕੇ ਡੇਰੇ ਦੇ ਦਰਵਾਜੇ ਉੱਪਰ ਰੁਕੀ ਤਾਂ ਸਭ ਦੀਆਂ ਨਜਰਾਂ ਦਰਵਾਜੇ ਵੱਲ ਹੋ ਗਈਆਂ । ਆਰਤੀ ਭੱਜ ਕੇ ਆ ਕੇ ਮਹੰਤ ਦੀ ਦੇਹ ਨਾਲ ਆ ਚੁੰਬੜੀ । ਤੇਰਾਂ ਸਾਲ ਦੀ ਆਰਤੀ ਦੀਆਂ ਭੁੱਬਾਂ ਤੇ ਕੀਰਨਿਆਂ ਦੇ ਬੋਲਾਂ ਨੇ ਇਕ ਵਾਰੀ ਤਾਂ ਸਭ ਦੀਆਂ ਅੱਖਾਂ ਵਿੱਚ ਪਾਣੀ ਲਿਆ ਦਿੱਤਾ । ਛੋਟੇ ਮਹੰਤ ਸੰਤੋਸ਼ ਨੇ ਆਰਤੀ ਦੇ ਸਿਰ ਤੇ ਹੱਥ ਰੱਖਿਆ, “ ਬਸ ਪੁੱਤ ਰੋ ਨਾ ਤੇਰੇ ਬਾਬਾ ਇਸ ਨਖਿੱਧ ਜੂਨ ਤੋਂ ਛੁੱਟ ਗਿਆ। ਹੁਣ ਉਹ ਪੂਰਨ ਮਰਦ ਜਾਂ ਔਰਤ ਬਣ ਕੇ ਵਾਪਿਸ ਆਊਗਾ।” ਉਸਦੇ ਇਸ਼ਾਰੇ ਤੇ ਅਰਥੀ ਚੁੱਕਣ ਲਈ ਕਿੰਨਰ ਝੁਕੇ ਤੇ ਬਾਕੀਆਂ ਨੇ ਆਪਣੇ ਪੈਰ ਵਿੱਚੋਂ ਇਕ ਇਕ ਜੁੱਤੀ ਲਾਹ ਲਈ । ਉਹ ਆਪਣੀ ਰੀਤ ਪੁਰੀ ਕਰਨ ਲੱਗੇ ਸੀ । ਆਰਤੀ ਨੇ ਜਦੋ ਇਹ ਦੇਖਿਆ ਤਾ ਆਪਣੀਆਂ ਅੱਖਾਂ ਨੂੰ ਪੁੰਝਿਆ ਤੇ ਚੀਖੀ, “ ਕੀ ਕਰ ਰਹੇ ਹੋ ਮੇਰੇ ਬਾਬਾ ਨਾਲ।” ਜੁੱਤੀ ਮਾਰਨ ਲਈ ਚੁੱਕੇ ਹੱਥ ਨਾਲ ਸੰਤੋਸ਼ ਨੇ ਜਵਾਬ ਦਿੱਤਾ, “ਕੁਝ ਨਹੀ ਪੁੱਤਰ ਸਾਡੇ ਕਿੰਨਰਾਂ ਦੀ ਇਸ ਤਰਾਂ ਹੀ ਵਿਦਾਈ ਹੁੰਦੀ ਹੈ, ਤਾਂ ਜੋ ਉਹ ਪੂਰਨ ਬਣ ਸਕਣ ।”ਆਰਤੀ ਨੇ ਉਸਦਾ ਹੱਥ ਫੜ ਲਿਆ, “ਨਹੀ”,ਉਹ ਚੀਕੀ” ਤੂੰ ਹੀ ਤਾਂ ਦੱਸਿਆ ਸੀ ਛੋਟੇ ਬਾਬਾ ਕਿ ਕਿਵੇਂ ਮੇਰੀ ਪਾਗਲ ਮਾਂ ਕਿਸੇ ਪੂਰਨ ਮਰਦ ਦੀ ਹਵਸ ਦਾ ਸ਼ਿਕਾਰ ਹੋ ਗਈ ਸੀ । ਜਦੋਂ ਉਸ ਨੇ ਮੈਨੂੰ ਸੜਕ ਤੇ ਜੰਮਿਆ ਸੀ ਤਾਂ ਤੇਰੀਆਂ ਪੂਰਨ ਔਰਤਾਂਮਰਦ ਕਿਵੇਂ ਪਾਸਾ ਫੇਰ ਕੇ ਕੋਲ ਦੀ ਲੰਘ ਗਏ ਸਨ । ਲੋਕਾਂ ਨੇ ਸਿਰਫ ਇਕ ਕੰਮ ਕੀਤਾ ਸੀ ਮੋਬਾਇਲ ਤੇ ਤਸਵੀਰਾਂ ਖਿੱਚਣ ਦਾ।” ਉਹ ਸਾਂਹ ਲੈਣ ਲਈ ਰੁਕੀ ਤੇ ਫੇਰ ਬੋਲੀ, “ ਜੇ ਉਸ ਦਿਨ ਬਾਬਾ ਨੇ ਉੱਥੇ ਮੇਰੀ ਮਰ ਰਹੀ ਮਾਂ ਤੋਂ ਮੈਨੂੰ ਨਾਂ ਸੰਭਾਲਿਆਂ ਹੁੰਦਾ ਤਾਂ ਇਨਸਾਨੀਅਤ ਨੇ ਸ਼ਰਮਸਾਰ ਹੋ ਜਾਣਾ ਸੀ।” ਉਸਦੀਆਂ ਅੱਖਾਂ ਵਿਚੋਂ ਹੰਝੂ ਹੜ੍ਹ ਵਾਂਗ ਵੱਗ ਤੁਰੇ ਉਹ ਰੋਂਦੀ ਰੋਂਦੀ ਬੋਲੀ,”ਮੈਨੂੰ ਮਾਂ ਬਾਪ ਦੋਵਾਂ ਦਾ ਪਿਆਰ ਦਿੱਤਾ । ਚੰਗੇ ਸਕੂਲ ਵਿੱਚ ਪੜਾਇਆ । ਤੇਰੇ ਆਹ ਪੂਰਨ ਬੰਦੇ ਇਹੋ ਜਿਹੇ ਕੰਮ ਕਰ ਸਕਦੇ ਨੇ ਭਲਾ? ਨਹੀ..ਨਹੀਂ ਆਪਾਂ ਨੂੰ ਨਹੀ ਲੋੜ ਪੂਰਨ ਹੋਣ ਦੀ । ਮੈਂ ਤਾਂ ਚਾਹੁੰਦੀ ਹਾਂ ਕਿ ਬਾਬਾ ਅਗਲੇ ਜਨਮ ਵਿੱਚ ਹੀ ਪੂਰਨ ਮਰਦ ਔਰਤ ਦੀ ਬਜਾਏ ਅੱਜ ਵਰਗੇ ਇਨਸਾਨ ਹੀ ਬਣ ਕੇ ਪੈਦਾ ਹੋਣ।” ਆਰਤੀ ਹੁਬਕੀਆ ਲੈਂਦੀ ਇਕ ਵਾਰ ਫੇਰ ਅਰਥੀ ਉਪਰ ਢਹਿ ਪਈ ਤੇ ਜੁੱਤੀਆਂ ਮਾਰਨ ਲਈ ਚੁੱਕੇ ਹੱਥ ਇਕਦਮ ਹੇਠਾਂ ਆ ਗਏ ।
ਭੁਪਿੰਦਰ ਸਿੰਘ ਮਾਨ

Bhupinder Singh Maan

You may also like