ਸੁਵੇਰੇ ਜਦੋਂ ਵੀ ਪਾਰਕ ਦੇ ਚੱਕਰ ਲਾ ਕੇ ਨੁੱਕਰ ਵਾਲੇ ਬੇਂਚ ਤੇ ਸਾਹ ਲੈਣ ਬੈਠਦਾ ਤਾਂ ਉਹ ਦੋਵੇਂ ਮੈਨੂੰ ਲਾਗੇ ਹੀ ਕੂੜੇ ਦੇ ਢੇਰ ਵਿਚੋਂ ਪਲਾਸਟਿਕ ਚੁਗਦੀਆਂ ਹੋਈਆਂ ਮਿਲਦੀਆਂ!
ਇਥੋਂ ਤੱਕ ਕੇ ਮੈਨੂੰ ਦੋਹਾਂ ਦੇ ਨਾਮ ਤੱਕ ਵੀ ਯਾਦ ਹੋ ਗਏ ਸਨ…ਜੁਆਨ ਜਿਹੀ ਸ਼ਾਇਦ ਭੋਲੀ ਸੀ ਤੇ ਉਹ ਵਡੇਰੀ ਉਮਰ ਦੀ ਨੂੰ ਹਾਰਨਾਮੋ ਆਖ ਬੁਲਾਉਂਦੀ ਸੀ…!
ਇੱਕ ਦਿਨ ਹਾਰਨਾਮੋੰ ਨੂੰ ਇਹ ਆਖਦਿਆਂ ਸੁਣਿਆ ਕੇ “ਭੋਲੀ ਜੇ ਕਿਤੇ ਕੋਈ ਥਰਮਸ ਪਈ ਮਿਲੇ ਤਾਂ ਦੇ ਦੇਵੀਂ ਅੜੀਏ..ਮੇਰੇ ਮੁੰਡੇ ਨੂੰ ਚਾਹੀਦੀ ਏ…ਵੱਡੀ ਕਲਾਸ ਵਿਚ ਪੜਦੇ ਹੋਏ ਦਾ ਆਖਰੀ ਮਹੀਨਾ ਏ ਤਿਆਰੀ ਦਾ…ਘੜੀ ਮੁੜੀ ਚਾਹ ਬਣਾਉਂਦਾ ਹੋਇਆ ਕਮਲਾ ਹੋ ਜਾਂਦਾ ਏ ਵਿਚਾਰਾ ਆਥਣ ਵੇਲੇ ਤੀਕਰ…”
ਇਹ ਸੁਣ ਕੇ ਬੜੀ ਖੁਸ਼ੀ ਹੋਈ ਕੇ ਇਹਨਾਂ ਨਪੀੜੇ ਹੋਏ ਲੋਕਾਂ ਦੇ ਹਨੇਰੇ ਘਰਾਂ ਵਿਚ ਵੀ ਕਈ ਦੀਪਕ ਐਸੇ ਨੇ ਜਿਹੜੇ ਸਮਾਜ ਵਿਚ ਚਾਨਣ ਮੁਨਾਰੇ ਬਣਨ ਲਈ ਦਿਨ ਰਾਤ ਜੱਦੋ ਜਹਿਦ ਕਰ ਰਹੇ ਨੇ..!
ਸੋਚਣ ਲੱਗਾ ਕੇ ਘਰੇ ਕਈ ਥਰਮਸਾਂ ਵਾਧੂ ਪਈਆਂ ਨੇ..ਕੱਲ ਇੱਕ ਲਿਆ ਕੇ ਦੇ ਦੇਵਾਂਗਾ..ਪਰ ਫੇਰ ਖਿਆਲ ਆਇਆ ਕੇ ਜੇ ਕਿਸੇ ਤੰਗ ਨਜਰੀਏ ਵਾਲੇ ਨੇ ਦੇਖ ਲਿਆ ਤਾਂ ਪਤਾ ਨਹੀ ਕੀ ਆਖੂ..ਉੱਤੋਂ ਕਈ ਵਾਰ ਸਵੈ-ਮਾਣ ਦੇ ਲੋਰ ਵਿਚ ਆਏ ਹੋਏ ਇਹ ਮੇਹਨਤ ਮਜਦੂਰੀ ਕਰਦੇ ਲੋਕ ਏਦਾਂ ਦਿੱਤੀ ਚੀਜ ਦਾ ਬੁਰਾ ਵੀ ਮੰਨ ਜਾਂਦੇ ਨੇ..!
ਅਗਲੇ ਦਿਨ ਮੂੰਹ-ਹਨੇਰੇ ਨਵੀਂ ਨਕੋਰ ਥਰਮਸ ਲਫਾਫੇ ਵਿਚ ਪਾ ਲਿਆਇਆ ਤੇ ਕੂੜੇ ਦੇ ਢੇਰ ਤੇ ਰੱਖ ਦਿੱਤੀ..ਅਰਦਾਸ ਕਰਨ ਲੱਗਾ ਕੇ ਭੋਲੀ ਤੇ ਹਰਨਾਮੋ ਦੀ ਜੋੜੀ ਤੋਂ ਪਹਿਲਾਂ ਕੋਈ ਹੋਰ ਹੀ ਨਾ ਚੁੱਕ ਲੈ ਜਾਵੇ..!
ਪਰ ਇਹ ਕੀ ਅੱਜ ਤਾਂ ਸਿਰਫ ਭੋਲੀ ਹੀ ਆਈ ਸੀ..ਹਰਨਾਮੋ ਤਾਂ ਕਿਧਰੇ ਵੀ ਨਜਰ ਨਹੀਂ ਸੀ ਆ ਰਹੀ…!
ਖੈਰ ਕੂੜਾ ਫਰੋਲਦੀ ਭੋਲੀ ਨੇ ਥਰਮਸ ਦੇਖੀ…ਫੇਰ ਆਸੇ ਪਾਸੇ ਦੇਖਿਆ ਅਤੇ ਫੇਰ ਛੇਤੀ ਨਾਲ ਚੁੱਕ ਝੋਲੇ ਵਿਚ ਪਾ ਲਈ…
ਮੈਨੂੰ ਮੇਰੀ ਬਣੀ ਬਣਾਈ ਸਕੀਮ ਮਿੱਟੀ ਵਿਚ ਮਿਲਦੀ ਹੋਈ ਲੱਗਣ ਲੱਗੀ…
ਸੋਚਣ ਲੱਗਾ ਕੇ ਪਤਾ ਨਹੀਂ ਜਿਸਦੀ ਅਮਾਨਤ ਸੀ..ਉਸ ਕੋਲ ਪੁੱਜਦੀ ਵੀ ਹੈ ਕੇ ਨਹੀਂ..?
ਖੈਰ ਮੇਰੇ ਬੈਠਿਆਂ-ਬੈਠਿਆਂ ਹੀ ਹਰਨਾਮੋ ਵੀ ਓਥੇ ਆ ਗਈ ਤੇ ਭੋਲੀ ਨੇ ਉਹ ਥਰਮਸ ਝੱਟਪੱਟ ਹੀ ਝੋਲੇ ਵਿਚੋਂ ਕੱਢ ਉਸਦੇ ਹਵਾਲੇ ਕਰ ਦਿੱਤੀ…
ਥਰਮਸ ਫੜਦੀ ਹੋਈ ਹਰਨਾਮੋ ਦੇ ਚੇਹਰੇ ਦੇ ਭਾਵ ਕੁਝ ਏਦਾਂ ਦੇ ਸਨ ਜਿੱਦਾਂ ਕੋਈ ਪਹਾੜ ਜਿੱਡੀ ਮੁਸ਼ਕਿਲ ਹੱਲ ਹੋ ਗਈ ਹੋਵੇ…!
ਕਾਫੀ ਅਰਸੇ ਮਗਰੋਂ ਇੱਕ ਦਿਨ ਜਦੋਂ ਖੁਸ਼ੀ ਵਿਚ ਖੀਵੀ ਹੋਈ ਹਰਨਾਮੋ ਨੂੰ ਇਹ ਆਖਦਿਆਂ ਸੁਣਿਆ ਕੇ ਪੁੱਤ ਦੀ ਮੇਹਨਤ ਰੰਗ ਲਿਆਈ ਏ ਤਾਂ ਬੇਂਚ ਤੇ ਬੈਠੇ ਨੂੰ ਇੰਝ ਲੱਗਾ ਜਿੱਦਾਂ ਹਰਨਾਮੋ ਦਾ ਮੁੰਡਾ ਨਹੀਂ ਸਗੋਂ ਖੁਦ ਮੈਂ ਕਿਸੇ ਔਖੇ ਇਮਤਿਹਾਨ ਵਿਚੋਂ ਪਾਸ ਹੋ ਗਿਆ ਹੋਵਾਂ..!