ਗੱਲ ੨੦੦੪ ਦੀ ਹੈ, ਬੰਗਲੌਰ ਪਹਿਲੀ ਵਾਰ ਗਿਆ ਸਾਂ, ਲੋਕਾਂ ਤੋਂ ਸੁਣਿਆ ਸੀ ਬਾਰਾ ਮਹੀਨੇ ਮੌਸਮ ਬਹੁਤ ਸੋਹਣਾ ਰਹਿੰਦੈ ਬੰਗਲੌਰ ਦਾ, ਅੱਜ ਅਹਿਸਾਸ ਵੀ ਕੀਤਾ ਸਹੀ ਮਾਇਨਿਆਂ ਚ ਖੂਬਸੂਰਤ ਮੌਸਮ, ਸਵੇਰੇ ੫:੩੦ ਟ੍ਰੇਨ ਪਹੁੰਚੀ ਤੇ ਸ਼ਾਮ ਨੂੰ ੭ ਵਜੇ ਫੇਰ ਟ੍ਰੇਨ ਸੀ ਅੱਗੇ ਦੀ, ਜਿਸ ਕਰ ਕੇ ਵੇਟਿੰਗ ਰੂਮ ਵਿਚ ਹੀ ਨਹਾ ਕੇ ਤਿਆਰ ਹੋ ਗਿਆ ਸਾਂ, ਇਹ ਇਕ ਬਿਜ਼ਨਸ ਟੂਰ ਸੀ ਜਿਹੜਾ ਕਿ ਹਰ ੩ ਮਹੀਨੇ ਬਾਅਦ ਨਿਤਾ ਪ੍ਰਤੀ ਇਸ ਤਰ੍ਹਾਂ ਹੀ ਚਲਦਾ ਹੈ, ਬੰਗਲੌਰ ਨਵਾਂ ਸਟਸ਼ੇਨ ਐਡ ਕੀਤਾ ਸੀ ।
ਸਟਸ਼ੇਨ ਤੋਂ ਬਾਹਰ ਨਿਕਲ ਕੇ ਆਟੋ ਫੜ ਕੇ ਜੇ ਸੀ ਰੋਡ ਪਹੁੰਚਿਆ ਤੇ ਹਜੇ ਮਾਰਕੀਟ ਖੁੱਲਣ ਚ ਕਾਫੀ ਸਮਾਂ ਸੀ, ਭੁੱਖ ਲੱਗੀ ਤੇ ਆਸ ਪਾਸ ਦੇ ਲੋਕਾਂ ਨੂੰ ਪਤਾ ਕੀਤਾ ਕਿ ਪੰਜਾਬੀ ਰੋਟੀ ਕਿੱਥੇ ਮਿਲੇਗੀ ਤਾਂ ਇਕ ਨੇ ਦਸਿਆ ਨੇੜੇ ਹੀ ਸਰਦਾਰ ਜੀ ਦਾ ਢਾਬਾ ਹੈ #ਸ਼ੇਰ_ੲੇ_ਪੰਜਾਬ ।
ਸਤਿ ਸ੍ਰੀ ਅਕਾਲ ਬੁੱਲਾ ਕੇ ਆਪਾਂ ਟੇਬਲ ਤੇ ਬੈਠ ਗਏ, ਮੇਰੇ ਨਾਲ ਦੇ ਟੇਬਲ ਤੇ ਇਕ ਬੰਦਾ ਰੋਟੀ ਖਾ ਰਿਹਾ ਸੀ, ਕਿਸੇ ਚੰਗੇ ਕੰਨੜ ਪਰਵਾਰ ਦਾ ਬੁਜੁਰਗ ਸੀ, ਰੋਟੀ ਖਾਣ ਤੋਂ ਬਾਅਦ ਬਿੱਲ ਦੇਣ ਦੀ ਵਾਰੀ ਆਈ ਤੇ ਬੋਲਿਆ ਕਿ ਉਸਦਾ ਪਰਸ ਘਰ ਰਹਿ ਗਿਐ ਅਤੇ ਉਹ ਥੋੜ੍ਹੀ ਦੇਰ ਚ ਆਕੇ ਪੈਸੇ ਦੇ ਜਾਏਗਾ ।
ਕਾਊਂਟਰ ਤੇ ਬੈਠੇ ਸਰਦਾਰ ਸਾਬ੍ਹ ਬੋਲੇ, “ਕੋਈ ਬਾਤ ਨਹੀਂ, ਜਬ ਆਪਕੇ ਪਾਸ ਟਾਈਮ ਹੋ ਔਰ ਇਸ ਤਰਫ ਚੱਕਰ ਲਗੇ ਤਬ ਦੇ ਜਾਨਾ, ਸਪੈਸ਼ਲ ਨ ਆਨਾ” ਤੇ ਉਹ ਚਲਾ ਗਿਆ ।
ਵੇਟਰ ਨੇ ਕਾਊਂਟਰ ਤੇ ਬੈਠੇ ਸਰਦਾਰ ਸਾਬ੍ਹ ਨੂੰ ਦਸਿਆ ਕਿ ਇਹ ਬੰਦਾ ਪਹਿਲੋਂ ਵੀ ਦੋ ਤਿੰਨ ਹੋਟਲਾਂ ਚ ਇਸ ਤਰ੍ਹਾਂ ਕਰ ਚੁੱਕਿਆ ਹੈ ਤੇ ਇਹ ਪੈਸੇ ਕਦੇ ਨਹੀਂ ਦਿੰਦਾ ।
ਸਰਦਾਰ ਸਾਬ੍ਹ ਬੋਲੇ, ਉਹ ਸਿਰਫ ਦਾਲ ਰੋਟੀ ਖਾ ਕੇ ਗਿਆ ਹੈ, ਕੋਈ ਕੋਫਤੇ, ਸ਼ਾਹੀ ਪਨੀਰ ਜਾਂ ਮਟਰ ਮਸ਼ਰੂਮ ਨਹੀਂ, ਉਸਨੇ ਐਯਾਸ਼ੀ ਜਾਂ ਸ਼ੋਂਕ ਲਈ ਨਹੀਂ ਖਾਇਆ, ਸਿਰਫ ਆਪਣੀ ਭੁੱਖ ਮਿਟਾਉਣ ਲਈ ਖਾਇਐ, ਉਹ ਇਸਨੂੰ ਹੋਟਲ ਸਮਝ ਕੇ ਨਹੀਂ ਗੁਰਦੁਆਰਾ ਸਮਝ ਕੇ ਆਇਐ, ਤੇ ਅਸੀਂ ਲੋਕ ਲੰਗਰ ਦੇ ਪੈਸੇ ਨਹੀਂ ਲੈਂਦੇ ।
ਹਿਰਦਾ ਗੱਦ ਗੱਦ ਹੋ ਉੱਠਿਆ ਤੇ ਆਪਾਂ ਅਸੀਸਾਂ ਲੈਣ ਲਈ ਸਰਦਾਰ ਸਾਬ੍ਹ ਦੇ ਪੈਰੀਂ ਹੱਥ ਲਾਏ ਤੇ ਉਹਨ੍ਹਾਂ ਨੇ ਘੁੱਟ ਕੇ ਗਲਵੱਕੜੀ ਚ ਲੈ ਲਿਆ ।
ਬਲਵੰਡ ਖੀਵੀ ਨੇਕ ਜਨ
ਜਿਸੁ ਬਹੁਤੀ ਛਾੳੁ ਪਤ੍ਰਾਲੀ ॥
ਲੰਗਰਿ ਦੳੁਲਤਿ ਵੰਡੀਅੈ
ਰਸੁ ਅੰਮ੍ਰਿਤੁ ਖੀਰਿ ਘਿਅਾਲੀ ॥ (੯੬੭)
#ਗੁਰਮੀਤ_ਸਿੰਘ
Gurmeet Singh