ਇਸ਼ਕ ਪੈਗੰਬਰ ਰੱਬ ਦਾ, ਹੁਸਨ ਉਹਦੀ ਸਰਕਾਰ।
ਖਹਿਣ ਕਟਾਰਾਂ ਆਪਸੀ, ਚਾਨਣ ਹੋਏ ਸੰਸਾਰ।
ਹੁਸਨ ਤੇ ਇਸ਼ਕ, ਰੱਬ ਦਾ ਸੱਜਾ ਖੱਬਾ। ਰੱਬ ਆਪ ਇਹਨਾਂ ਵਿੱਚ ਵਸਿਆ। ਕਦੇ-ਕਦੇ ਵਜਦ-ਵਿਰਦ ਵਿੱਚ ਆਇਆ, ਸ਼ਰਾਰਤ ਛੇੜ ਸੁਆਦ ਲੈਂਦਾ। ਜਿਵੇਂ ਬਾਲਕ ਰੇਤ ਦੇ ਘਰ, ਪੁਤਲੇ ਆਦਿ ਬਣਾਉਂਦਾ ਤੇ ਫਿਰ ਆਪ ਹੀ ਢਾਹ ਦੇਂਦਾ। ਉਹ ਸੁੱਤੇ ਹੀ ਇੱਕ ਵਾਰ ਟਾਹ-ਟਾਹ ਹੱਸ ਪਿਆ; ਇਕ ਨਵਾਂ ਅਸਚਰਜ ਵਾਪਰ ਗਿਆ ਸੀ। ਉਸ ਦੇ ਬਣਾਏ ਪੁਤਲੇ ਧੜਕਣ-ਨੱਚਣ ਲੱਗ ਪਏ। ਉਸ਼ੇਰ ਨੇ ਲੰਮੀ ਹਾਕ ਮਾਰੀ। ਪੁਤਲੀਆਂ ਗੂੜ੍ਹੀ ਨੀਂਦੋਂ ਜਾਗ ਅੰਗੜਾਈਆਂ ਭਰ ਲਈਆਂ। ਚੰਨ ਦੀ ਭਰਪੂਰ ਚਾਨਣੀ ਵਿੱਚ ਕਮਲਾ ਸਾਗਰ ਬੇਹਾਲ ਹੋ ਤੁਰਿਆ। ਉਸ ਦੀਆਂ ਕੱਪਰ ਛੱਲਾਂ ਇੱਕ ਗਰਭ-ਸਿੱਪੀ ਰੇਤ ਉੱਤੇ ਉਛਾਲ ਮਾਰੀ। ਅਨਾੜੀ ਮਛੇਰੇ ਬਾਜ਼ਾਰ ਲਿਆ ਵੇਚੀ। ਖਰੀਦਦਾਰ ਅਣਜਾਣ, ਉਸ ਸਿੱਪੀ ਖੋਲ੍ਹੀ ਤੇ ਕੱਚੀ ਜਾਣ ਵਗਾਹ ਸੁੱਟੀ। ਵਿਚਲਾ ਅਨਮੋਲ ਮੋਤੀ ਧਾਹਾਂ ਮਾਰ ਰੋਇਆ, ਦਰ-ਦਰ ਦਾ ਭਿਖਾਰੀ ਹੋਇਆ; ਜਿਹੜਾ ਆਪਣੇ ਅੰਦਰ ਬਾਦਸ਼ਾਹੀਆਂ ਸਮੋਈ ਬੈਠਾ ਸੀ। ਆਖ਼ਰ ਵਾਟਾਂ ਮਾਰ ਮੁਰੀਦ ਨੂੰ ਪੀਰ ਆ ਮਿਲਿਆ। ਉਸ ਉਹਨੂੰ ਨੁਹਾਇਆ, ਲਿਸ਼ਕਾਇਆ। ਮੋਤੀ, ਗੌਹਰ ਬਣ ਕੇ ਲਿਸ਼ਕਿਆ; ਜਿਸ ਰਾਜਿਆਂ ਮਹਾਂ-ਰਾਜਿਆਂ ਦੀਆਂ ਸਲਾਮਾਂ ਕਬੂਲੀਆਂ। ਰਾਗ-ਰੰਗ ਦੀ ਕਲਾ ਨੇ ਉਸ ਦੇ ਰੂਪ ਦੀ ਸ਼ਾਨ ਹੋਰ ਵਧਾਈ, ਹੋਰ ਚਮਕਾਈ। ਤੇ ਇਉਂ ਉਹ ਕਲਕੱਤੇ ਵਾਲੀ ਗੌਹਰ ਜਾਨ ਹੋ ਕੇ ਇਸ਼ਕ ਦੀਆਂ ਰੰਗੀਨ ਮਹਿਫਲਾਂ ਦੀ ਜਿੰਦ ਜਾਨ ਬਣ ਗਈ। ਫਿਰ ਰੱਬ ਤੇ ਉਸ ਦਾ ਸੰਸਾਰ, ਕਰਾਮਾਤੀ ਕ੍ਰਿਸ਼ਮਿਆਂ ਵਿੱਚ ਸਰਸ਼ਾਰੀਦੇ ਰਹੇ।
ਗੌਹਰ ਜਾਨ ਦੀ ਗਾਇਕੀ ਹਿੰਦੁਸਤਾਨ ਵਿੱਚ ਕਲਕੱਤੇ ਤੋਂ ਲੈ ਕੇ ਲਾਹੌਰ ਤੱਕ ਬੱਲੇ-ਬੱਲੇ। ਵਾਹ-ਵਾਹ ਕਿਆ ਅਲਾਪ ਕਿਆ ਪਲਟੇ। ਮਹਾਰਾਜੇ ਉਹਦੇ ਰੂਪ ਤੇ ਰਾਗ ਰੰਗ ਦੀ ਕਲਾ ਉੱਤੇ ਹਉਕੇ ਭਰਦੇ; ਅਸਚਰਜ ਨੂੰ ਝੁਕ-ਝੁਕ ਸਲਾਮਾਂ ਕਰਦੇ। ਗਵਾਲੀਅਰ ਦੇ ਮਹਾਰਾਜੇ ਦੀ ਉਹ ਇਕ ਤਰ੍ਹਾਂ ਜਾਨ ਹੀ ਬਣ ਗਈ ਸੀ। ਉਸ ਆਪਣੇ ਅਨਮੋਲ ਰਤਨ ਦੇ ਵਿਖਾਲੇ ਲਈ ਸ਼ਰੀਕ ਮਹਾਰਾਜਿਆਂ ਨੂੰ ਆਪਣੇ ਜਨਮ ਦਿਨ ਉੱਤੇ ਆਉਣ ਲਈ ਸੱਦੇ ਪੱਤਰ ਭੇਜ ਦਿੱਤੇ। ਰਾਜ ਘਰਾਣਿਆਂ ਦੇ ਚੋਜ। ਸਾਰੇ ਮਹਾਰਾਜੇ ਇਸ ਲਈ ਆਏ ਕਿ ਹੁਸਨ ਇਸ਼ਕ ਦੀ ਮਲਕਾ ਤੇ ਰਾਗ ਰੰਗ ਦੀ ਸਰਸਵਤੀ ਗੌਹਰ ਜਾਨ ਨੇ ਮਹਿਫਲ ਨੂੰ ਚਾਰ ਚੰਨ ਲਾਉਣੇ ਹਨ। ਹਰ ਮਹਾਰਾਜੇ ਦਾ ਲਿਬਾਸ ਰੇਸ਼ਮੀ ਚਮਕ-ਦਮਕ ਨਾਲ ਸਜਿਆ ਤੇ ਹਿੱਕ ਹੀਰੇ ਮੋਤੀਆਂ ਨਾਲ ਭਰੀ ਹੋਈ ਸੀ। ਉਹ ਗੌਹਰ ਬਾਈ ਦੇ ਦੀਦਾਰ ਲਈ ਮੁੱਛਾਂ ਨੂੰ ਵੱਟ ਦੇ ਰਹੇ ਸਨ। ਅੰਗਰੇਜ਼ੀ ਵਿਸਕੀ ਦੀਆਂ ਚੁਸਕੀਆਂ, ਮੁਸਕਾਣਾਂ ਨੂੰ ਹੁਲਾਰ ਦੇ ਰਹੀਆਂ ਸਨ। ਫ਼ਾਨੂਸਾਂ ਨੇ ਰੌਸ਼ਨੀ ਨੂੰ ਵੱਖਰੀ ਚੜ੍ਹਤ ਬਖ਼ਸ਼ੀ ਹੋਈ ਸੀ। ਆਖ਼ਰ ਇੰਤਜ਼ਾਰਾਂ ਦਾ ਪਰਦਾ ਵਗਾਹ; ਗੌਹਰ ਜਾਨ ਮੁਸਕਾਣਾਂ ਦਾ ਥਰਕਦਾ ਚਾਨਣ ਬਖੇਰਦੀ ਬਾਹਰ ਆਈ। ਬਿਜਲੀ ਦੇ ਇਕ ਹੀ ਝਟਕੇ ਨੇ ਰੌਸ਼ਨੀਆਂ ਗੁਲ ਕਰ ਕੇ ਰੱਖ ਦਿੱਤੀਆਂ। ਮਹਾਰਾਜਿਆਂ ਦੀਆਂ ਮੁੱਛਾਂ ਦੇ ਕੁੰਢ ਡਿੱਗ ਪਏ। ਗੌਹਰ ਜਾਨ ਦੀ ਰੂਪ-ਦੱਖ ਨੇ ਮਹਿਫ਼ਲ ਦੀਆਂ ਧੜਕਣਾਂ ਥੰਮ ਦਿੱਤੀਆਂ। ਪੱਥਰ ਹੋਈਆਂ ਅੱਖਾਂ ਨੂੰ ਝਮਕਣਾ ਭੁੱਲ ਗਿਆ। ਹੁਸਨ ਕਲਾ ਦਾ ਦਰਿਆ, ਘੁੰਗਰੂਆਂ ਦੀ ਸੁਰਸ਼ਾਰ ਲਹਿਰ ਵਿੱਚ ਵਗਦਾ ਰਿਹਾ ਤੇ ਰਾਜੇ ਗੋਤੇ ਖਾਂਦੇ ਰੁੜ੍ਹਦੇ ਰਹੇ। ਹੁਸਨ ਦੀ ਸ਼ਹਿਨਸ਼ਾਹੀਅਤ ਅੱਗੇ ਉਹ ਦੀਦਾਰ ਭੁੱਖੇ ਮੰਗਤੇ ਜਿਹੇ ਬਣੇ ਹੋਏ ਸਨ। ਬਾਈ ਦੀ ਕਲਾ ਕਟਾਰੀ ਸਭ ਨੂੰ ਲੋਹੜੇ ਦਾ ਜ਼ਖ਼ਮੀ ਕਰ ਗਈ। ਲਹੂ-ਲੁਹਾਣ ਰਾਜੇ ਗਵਾਲੀਅਰ ਉੱਤੇ ਰਸ਼ਕ ਕਰ ਰਹੇ ਹਨ। ਅਸੀਂ ਕਾਹਦੇ ਮਹਾਰਾਜੇ ਆਂ, ਹੁਸਨ ਇਸ਼ਕ ਦਾ ਮੋਤੀ ਤਾਂ ਗਵਾਲੀਅਰ ਲੁੱਟੀ ਬੈਠਾ ਹੈ। ਪਰ ਕਪੂਰਥਲੇ ਦੇ ਮਹਾਰਾਜੇ ਦੀ ਤਾਂ ਦੁਨੀਆਂ ਹੀ ਉਲਟ ਪੁਲਟ ਹੋ ਗਈ ਸੀ।
ਕਪੂਰਥਲੇ ਨੇ ਮਨ ਹੀ ਮਨ ਧਾਰ ਲਈ, ਭਾਵੇਂ ਸਮੁੰਦਰ ਅਸਗਾਹ ਹੈ; ਪਰ ਇਹ ਮੋਤੀ ਪਾਉਣ ਲਈ ਮਾਰੂ ਲਹਿਰਾਂ ਵਿੱਚ ਛਾਲ ਮਾਰਾਂਗਾ, ਭਾਵੇਂ ਤਹਿ ਥੱਲੇ ਦਮ ਘੁੱਟ ਕੇ ਹੀ ਰਹਿ ਜਾਵਾਂ। ਉਸ ਆਪਣੇ ਸੁਘੜ ਸੇਵਕ ਨੂੰ ਆਪਣੀ ਨਾਯਾਬ ਹੀਰੇ ਦੀ ਅੰਗੂਠੀ ਦੇ ਕੇ ਗੌਹਰ ਜਾਨ ਕੋਲ ਭੇਜ ਦਿੱਤਾ। ਸੇਵਕ ਨੇ ਪਹਿਲੋਂ ਬਾਈ ਨੂੰ ਸਿਰ ਝੁਕਾਇਆ ਤੇ ਅੰਗੂਠੀ ਪੇਸ਼ ਕਰਦਿਆਂ ਕਿਹਾ :
”ਮਹਾਰਾਜਾ ਕਪੂਰਥਲਾ ਕੀ ਤਰਫ਼ ਸੇ ਆਪ ਕੀ ਨਜ਼ਰੇ-ਅਨਾਇਤ।”
ਪਰ ਰੂਪ ਰਾਣੀ ਨੇ ਸਿਰ ਫੇਰਦਿਆਂ ਹੀਰੇ ਦੀ ਅੰਗੂਠੀ ਵੱਲ ਤੱਕਿਆ ਵੀ ਨਾ।
”ਨਹੀਂ, ਐਸਾ ਨਹੀਂ ਹੋ ਸਕਤਾ।”
ਮਹਾਰਾਜੇ ਨੂੰ ਆਸ ਨਹੀਂ ਸੀ, ਮੇਰੀ ਦਰਿਆਦਿਲੀ ਠੁਕਰਾ ਦਿੱਤੀ ਜਾਵੇਗੀ। ਪਰ ਉਸ ਦੇ ਅੰਦਰ ਬਾਈ ਦਾ ਹੁਸਨ ਭਾਂਬੜ ਬਣ ਚੁੱਕਾ ਸੀ। ਉਹ ਜੇਰਾ ਕਰ ਕੇ ਆਪ ਗੌਹਰ ਜਾਨ ਅੱਗੇ ਜਾ ਖਲੋਤਾ। ਮੁਸਕ੍ਰਾ ਕੇ ਅਰਜ਼ ਕੀਤੀ :
”ਮਲਕਾ-ਏ-ਹੁਸਨ ਤੁਹਾਡੇ ਸੁਰ ਅਲਾਪ ਤੇ ਰੰਗ ਰੂਪ ਦੀ ਜਿੰਨੀ ਤਾਰੀਫ਼ ਕੀਤੀ ਜਾਵੇ, ਥੋੜ੍ਹੀ ਹੀ ਥੋੜ੍ਹੀ ਹੈ।”
”ਆਪ ਕੀ ਜ਼ੱਰਾ ਨਿਵਾਜ਼ੀ ਹੈ।” ਗੌਹਰ ਜਾਨ ਆਪਣੀ ਅਪਣੱਤ ਵਿੱਚ ਹਲਕਾ ਜਿਹਾ ਸਿਰ ਹਿਲਾ ਗਈ।
”ਕਪੂਰਥਲਾ ਦਰਬਾਰ ਤੇਰੀ ਇਕ ਬੈਠਕ ਦਾ ਇੰਤਜ਼ਾਰ ਕਰ ਰਿਹਾ ਹੈ?”
”ਹਮ ਏਕ ਕੋ ਹੀ ਸਲਾਮ ਕਰਤੇ ਹੈਂ।” ਉਸ ਨੇ ਬੇ-ਪਰਵਾਹੀ ਨਾਲ ਤੋੜ ਕੇ ਜਵਾਬ ਦੇ ਦਿੱਤਾ।
ਮਹਾਰਾਜਾ ਬਾਈ ਦੇ ਖ਼ੁਸ਼ਕ ਜਵਾਬ ਨਾਲ ਹੌਲਾ ਤੇ ਹੋਰ ਰਾਜਿਆਂ ਵਿੱਚ ਕੱਖਾਂ ਦਾ ਹੋ ਕੇ ਰਹਿ ਗਆ। ਧੁਰ ਅੰਦਰ ਗਹਿਰਾ ਜ਼ਖ਼ਮ ਬਹਿ ਗਿਆ; ਪਰ ਉਸ ਪੀੜ ਤੇ ਹਉਕਾ ਥਾਏਂ ਘੁੱਟ ਲਏ। ਇਸ਼ਕ ਦੀ ਚੜ੍ਹਦੀ ਕਲਾ, ਖ਼ਾਮੋਸ਼ ਜ਼ਿਦ ਵਿੱਚ ਬਦਲ ਗਈ। ਮਹਾਰਾਜ ਚਲਦੀ ਗਰਮ ਮਹਿਫ਼ਲ ਵਿੱਚੋਂ ਭੁਲੇਖਾ ਦੇ ਕੇ ਖਿਸਕ ਆਇਆ। ਪਰ ਗੌਹਰ ਜਾਨ ਦਿਲ ਵਿੱਚੋਂ ਨਿਕਲਦੀ ਨਹੀਂ ਸੀ। ਉਹਦੀ ਨਾਂਹ-ਕਟਾਰੀ ਦਿਲ ਵਿੱਚ ਖੁੰਢੀ ਆਰੀ ਬਣ ਕੇ ਚਲ ਰਹੀ ਸੀ। ਭਰੀ ਮਹਿਫ਼ਲ ਵਿੱਚ ਹੋਈ ਹੱਤਕ ਨੇ ਉਸ ਨੂੰ ਬੇਹਾਲ ਕਰ ਮਾਰਿਆ। ਚੁੱਪ ਦੀ ਪੀਡੀ ਜਕੜ ਵਿੱਚ ਉਸ ਨੂੰ ਹੱਸਣਾ ਭੁੱਲ ਗਿਆ ਅਤੇ ਉਦਾਸੀ ਨੇ ਲੰਮਾ ਘੇਰਾ ਪਾ ਲਿਆ।
ਕਪੂਰਥਲੇ ਦਾ ਇਕ ਸਰਦਾਰ ਦਿਲ ਦਾ ਜਾਨੀ ਯਾਰ ਸੀ। ਜਿਹੜਾ ਉਸ ਨਾਲ ਬਚਪਨ ਤੋਂ ਖੇਡਿਆ ਤੇ ਨਾਲ ਪੜ੍ਹਿਆ ਸੀ। ਸਰਕਾਰ ਨੇ ਉਸ ਨੂੰ ਆਪਣਾ ਨਿਕਟਵਰਤੀ ਵਜ਼ੀਰ ਥਾਪ ਲਿਆ ਸੀ। ਉਹ ਸੋਚਣ ਲੱਗਾ, ਯਾਰ ਨੂੰ ਕਿਹੜੇ ਚੁੱਪ ਜਿੰਨ ਨੇ ਫੜ ਲਿਆ; ਜਿਸ ਕਾਰਨ ਹੱਸਣਾ, ਖੇਡਣਾ, ਰਾਗ ਰੰਗ ਤੇ ਸ਼ਿਕਾਰ ਤੱਕ ਵਿਸਰ ਕੇ ਰਹਿ ਗਏ। ਉਸ ਅੱਗਾ ਵਲਿਆ,
”ਯਾਰਾ, ਕੀ ਗੱਲ? ਕਿਹੜੇ ਗ਼ਮਾਂ ਨੇ ਘੇਰ ਲਿਆ?”
”ਬਸ ਠੀਕ ਐ।” ਰੁੱਖਾ ਉੱਤਰ ਮੋੜਦਿਆਂ ਮਹਾਰਾਜੇ ਦਾ ਨਾਲ ਹੀ ਹਉਕਾ ਨਿਕਲ ਗਿਆ।
”ਗਹਿਰੀ ਚੋਟ। ਤੁਸਾਂ ਪਹਿਲਾਂ ਤਾਂ ਕਦੇ ਕੁਝ ਲੁਕਾਇਆ ਨਹੀਂ। ਆਖ਼ਰ ਲੰਮੀ ਚੁੱਪ ਦਾ ਕਾਰਨ ਕੀ ਐ?”
”ਕਾਰਨ ਤਾਂ ਹੈ, ਪਰ ਇਲਾਜ ਕੋਈ ਨਹੀਂ।”
”ਹਰ ਰੋਗ ਦੀ ਦਾਰੂ ਭਾਲੀ ਜਾ ਸਕਦੀ ਐ, ਤੁਸੀਂ ਬੀਮਾਰੀ ਤਾਂ ਦੱਸੋ?”
”ਕਿਵੇਂ ਦੱਸਾਂ, ਨਾ-ਮੁਮਕਿਨ ਮੁਮਕਿਨ ਨਹੀਂ ਬਣ ਸਕਦੀ।” ਉਹ ਨਾਲ ਹੀ ਸਿਰ ਫੇਰ ਗਿਆ।
”ਮੇਰੇ ਕੋਲੋਂ ਮਿੱਤਰਾ ਕਾਹਦਾ ਲੁਕਾਅ। ਇਕੱਠੇ ਖੇਡੇ, ਜਵਾਨ ਹੋਏ, ਇਕ ਰੂਹ ਦੋ ਕਲਬੂਤ। ਤੁਸੀਂ ਦੱਸੋ ਤਾਂ ਜਾਨ ਵਾਰ ਕੇ ਵੀ ਪੂਰੀ ਲਾਹਾਂਗਾ।” ਸਰਦਾਰ ਸਮਝ ਗਿਆ, ਗੱਲ ਖਾਸੀ ਗੰਭੀਰ ਐ।
ਸਰਕਾਰ ਨੇ ਦੋਸਤ ਦੀ ਦ੍ਰਿੜ੍ਹਤਾ ਵੇਖ ਕੇ, ਗਵਾਲੀਅਰ ਵਾਲੀ ਸਾਰੀ ਘਟਨਾ-ਕਥਾ ਉਸ ਅੱਗੇ ਰੱਖ ਦਿੱਤੀ। ਸੁਣਨ ਵਾਲਾ ਹੋਰ ਸੰਜੀਦਾ ਹੋ ਗਿਆ।
”ਮਹਾਰਾਜਾ ਸਾਹਿਬ! ਉਦਾਸੀ ਗੰਢੇ ਦੀ ਛਿੱਲ ਵਾਂਗ ਲਾਹ ਦੇਵੋ; ਕੁੱਝ ਕਰਾਂਗੇ ਜ਼ਰੂਰ।”
ਮਹਾਰਾਜਾ ਥੋੜ੍ਹਾ ਵਿਅੰਗ ਨਾਲ ਮੁਸਕ੍ਰਾ ਪਿਆ।
”ਸਿਆਣੇ ਇਸੀ ਤਰ੍ਹਾਂ ਹੀ ਬੱਚਿਆਂ ਨੂੰ ਦਿਲਬਰੀ ਦਿਆ ਕਰਦੇ ਐ।”
”ਜੇ ਗੌਹਰ ਜਾਨ ਸਰਕਾਰ ਲਈ ਵਕਾਰ ਦਾ ਸਵਾਲ ਬਣ ਗਈ ਐ; ਉਸ ਨੂੰ ਲਿਆਉਣਾ ਸਾਡੇ ਲਈ ਵੀ ਚੈਲੰਜ ਹੈ।”
ਸਰਦਾਰ ਸੰਜੀਦਗੀ ਨਾਲ ਸੁਚੇਤ ਹੋ ਗਿਆ। ਜਿਹੜੀ ਤਵਾਇਫ਼ ਹੀਰੇ ਦੀ ਮੁੰਦਰੀ ਮੋੜ ਸਕਦੀ ਐ; ਉਹ ਆਣ ਅਣਖ ਵਾਲੀ ਜਨਾਨੀ ਐ। ਜ਼ਾਹਰ ਹੈ, ਉਹ ਕੀਮਤੀ ਤੋਹਫ਼ਿਆਂ ਅਥਵਾ ਦੌਲਤ ਨਾਲ ਨਹੀਂ ਜਿੱਤੀ ਜਾ ਸਕਦੀ। ਉਹਦੇ ਵਰਗੀ ਕਲਾ ਦਾ ਜਾਦੂ ਟੂਣਾ ਹੀ ਉਸ ਨੂੰ ਹਲੂਣ ਸਕਦਾ ਹੈ। ਉਸ ਸੋਚ ਸੋਚ ਖਹਿਰਾ ਮੱਝਾ ਦੇ ਮਸ਼ਹੂਰ ਸਾਰੰਗੀ ਨਿਵਾਜ਼ ਰੂੜੇ ਖਾਂ ਦਾ ਮੋਢਾ ਆ ਫੜਿਆ।
“ਰੂੜਿਆ ਦਿਨ ਮਾੜੇ ਆ ਗਏ, ਸਮਝ ਵਖਤਾਂ ਘੇਰੇ ਪਾ ਲਏ।”
”ਕਿਉਂ ਕਿਉਂ? ਹੋਇਆ ਕੀ ਜਜਮਾਨ; ਸੁਖ ਤਾਂ ਹੈ?” ਸਰਦਾਰ ਦੀ ਲਿੱਸੀ ਗੱਲ ਸੁਣ ਕੇ ਰੂੜੇ ਮਰਾਸੀ ਦੇ ਤੌਰ ਭੌਂ ਗਏ।
”ਆਪਣੇ ਮਹਾਰਾਜ ਨੂੰ ਇਕ ਗੌਣ ਵਾਲੀ ਨੇ ਕਤਲ ਕਰ ਸੁੱਟਿਆ। ਅਸਲੋਂ ਚੁੱਪ ਵਿੱਚ ਘਾਊਂ ਮਾਊਂ। ਜੇ ਹਾਲਤ ਇਉਂ ਰਹੀ, ਉਹਨਾਂ ਬਚਣਾ ਨਹੀਂ।”
”ਗਾਉਣ ਵਾਲੀ ਨੇ ਕਤਲ ਕਰ ਸੁੱਟਿਆ? ਉਹ ਕਿਹੜੀ ਐ?” ਉਹ ਪੱਕੇ ਰਾਗਾਂ ਦੀ ਗਾਇਕੀ ਦਾ ਉਸਤਾਦ ਮੰਨਿਆ ਜਾਂਦਾ ਸੀ। ਪੰਜਾਬ ਦੇ ਸਾਰੇ ਘਰਾਣੇ ਉਸ ਤੋਂ ਕੰਨ ਭੰਨਦੇ ਸਨ।
”ਉਹ ਹੈ ਕਲਕੱਤੇ ਵਾਲੀ ਗੌਹਰ ਜਾਨ।”
”ਹੱਛਾ ਗੌਹਰ ਜਾਨ ਜਗਰਾਵਾਂ ਵਾਲੀ ਇਲਾਹੀ ਜਾਨ ਦੀ ਬੇਟੀ।” ਰੂੜੇ ਖਾਂ ਦੇ ਪੈਰਾਂ ਦੀ ਮਿੱਟੀ ਨਿਕਲ ਗਈ।
”ਉਹ ਤਾਂ ਪਟਾਕਾ ਹੀ ਨਹੀਂ, ਟੀਸੀ ਦਾ ਬੇਰ ਵੀ ਐ।”
”ਬਸ ਉਹ ਪਟਾਕਾ ਹੀ ਪੱਟਣਾ ਏ। ਵੇਖ ਮੀਰ, ਤੇਰੇ ਬਿਨਾਂ ਇਹ ਮੋਰਚਾ ਸਰ ਨਹੀਂ ਹੋਣਾ। ਆਪਾਂ ਸਰਕਾਰ ਦਾ ਲੂਣ ਖਾਧਾ ਏ। ਹੁਣ ਹੱਕ-ਹਲਾਲ ਕਰਨ ਦਾ ਸਮਾਂ ਆ ਗਿਆ ਹੈ। ਉਸ ਦੀ ਦਰਿਆ-ਦਿਲੀ ਨੇ ਮੈਨੂੰ ਵਜ਼ੀਰ ਤੇ ਤੈਨੂੰ ਦਰਬਾਰੀ ਗਵੱਈਆ ਬਣਾ ਕੇ ਰੱਖਿਆ ਏ। ਉਸ ਨੂੰ ਰੂਪਵਤੀ ਦਾ ਚੜ੍ਹ ਗਿਆ ਜਨੂੰਨ। ਅਜਿਹੀ ਚੁੱਪ ਧਾਰ ਲਈ, ਕੁਝ ਵੀ ਹੋ ਸਕਦਾ ਏ। ਜੇ ਗੌਹਰ ਜਾਨ ਲਿਆ ਕੇ ਉਸ ਨੂੰ ਮਿਲਾ ਨਹੀਂ ਸਕਦੇ, ਅਸੀਂ ਉਸ ਦੇ ਯਾਰ ਨਹੀਂ, ਵਫ਼ਾਦਾਰ ਨਹੀਂ; ਕੇਵਲ ਟੁਕੜ-ਬੋਚ ਆਂ।” ਸਰਦਾਰ ਨੇ ਰੂੜੇ ਖਾਂ ਨੂੰ ਤਿੱਖੀ ਪਾਣ ਚਾੜ੍ਹ ਦਿੱਤੀ।
”ਆਖਦਾ ਤਾਂ ਸਰਦਾਰ ਤੂੰ ਠੀਕ ਏ; ਪਰ ਮੁਸ਼ਕਲ ਪਹਾੜ ਢਾਹੁਣ ਵਰਗੀ ਐ।” ਗੌਹਰ ਜਾਨ ਦਾ ਨਾਂ ਸੁਣ ਕੇ ਰੂੜੇ ਖਾਂ ਦਾ ਅੰਦਰ ਲਰਜ਼ਾ ਖਾ ਗਿਆ। ਉਹਦਾ ਦਿਲ ਸ਼ਾਹਦੀ ਨਹੀਂ ਭਰਦਾ ਸੀ।
”ਇਕ ਕਲਾਕਾਰ ਹੀ ਇਕ ਕਲਾਕਾਰ ਨੂੰ ਖਿੱਚ ਸਕਦਾ ਏ। ਓਥੇ ਸੋਨੇ ਚਾਂਦੀ ਨੇ ਕਾਟ ਨਹੀਂ ਕੀਤੀ।” ਸਰਦਾਰ ਨੇ ਰੂੜੇ ਦਾ ਢਿੱਲਾ ਪੈਂਦਾ ਮਨ ਤਾੜ ਕੇ ਹੋਰ ਤੀਖਾ ਚਾੜ੍ਹਿਆ। ”ਵੇਖ ਲੈ, ਸਰਦਾਰ ਨੇ ਸਾਨੂੰ ਦਰਬਾਰੀ ਘਟ ਤੇ ਯਾਰ ਵਧ ਬਣਾ ਕੇ ਰੱਖਿਆ ਏ।” ਉਸ ਮੀਰ ਦੇ ਦਿਲ ਲੂਣ ਹਲਾਲ ਵਾਲੀ ਗੱਲ ਸਾਂਗ ਬਣਾ ਕੇ ਗੱਡ ਦਿੱਤੀ।
”ਜੇ ਇਹ ਗੱਲ ਐ, ਤਾਂ ਸਰਦਾਰਾ, ਮੈਂ ਜਾਊਂਗਾ। ਬਸ, ਮੇਰੇ ਘਰ ਦੀ ਰੋਟੀ ਤੁਰਦੀ ਰਖੀਂ। ਬਾਕੀ ਮੈਂ ਜਾਣਾਂ, ਮੇਰਾ ਖ਼ੁਦਾ।” ਉਸ ਨੂੰ ਸਰਦਾਰ ਦੀ ਰੜਕਾਈ ਕਾਨੀ ਖਾ ਗਈ ਸੀ।
ਤੇ ਰੂੜਾ ਕਲਕੱਤੇ ਨੂੰ ਗੱਡੀ ਚੜ੍ਹ ਗਿਆ। ਉਹ ਵਧੀਆ ਸਾਰੰਗੀ ਨਵਾਜ਼ ਤੇ ਗਵੱਈਆ ਸੀ। ਪਟਿਆਲਾ ਘਰਾਣਾ ਉਸ ਤੋਂ ਤਰਿੰਹਦਾ ਸੀ।
ਉਹ ਆਪਣੇ ਵਧੀਆ ਗੁਣਾਂ ਨਾਲ ਬੇਪਰਵਾਹ ਅਲਮਸਤ ਵੀ ਸੀ। ਇਕ ਵਾਰ ਹੋਲੀ ਦੇ ਤਿਉਹਾਰ ਉੱਤੇ ਅੰਮ੍ਰਿਤਸਰ ਰਾਗ ਦਰਬਾਰ ਹੋਇਆ। ਨਾਮੀ ਗਵੱਈਏ ਓਥੇ ਆ ਕੇ ਆਪਣੀ ਕਲਾ ਦਾ ਪਰਦਰਸ਼ਨ ਕਰਿਆ ਕਰਦੇ ਸਨ। ਰੂੜਾ ਵੀ ਆਪਣੀ ਸਾਰੰਗੀ ਲੈ ਕੇ ਪਹੁੰਚ ਗਿਆ। ਸਟੇਜ ਸੈਕਟਰੀ ਨੂੰ ਆਖਣ ਲੱਗਾ : ”ਬਾਬੂ ਜੀ, ਮੈਨੂੰ ਵੀ ਮੌਕਾ ਦਿੱਤਾ ਜਾਵੇ?”
ਸਟੇਜ ਸੈਕਟਰੀ ਨੇ ਪਹਿਲੋਂ ਉਸ ਦੀ ਐਸੀ ਵੈਸੀ ਸ਼ਕਲ ਵੇਖੀ। ਇਕ ਮੋਢੇ ਖੱਦਰ ਦੀ ਚਾਦਰ ਤੇ ਦੂਜੇ ਸਾਰੰਗੀ।
”ਤੇਰੇ ਵਰਗਿਆਂ ਲਈ ਏਥੇ ਕੋਈ ਟਾਈਮ ਨਹੀਂ।”
”ਜਨਾਬ ਜੀ, ਦਸ ਪੰਦਰਾਂ ਮਿੰਟ ਹੀ ਕਾਫੀ ਐ?” ਮੀਰ ਨੇ ਸਲਾਮ ਵਜੋਂ ਹੱਥ ਸਿਰ ਨੂੰ ਲਾਇਆ।
”ਨਹੀਂ, ਏਥੇ ਗੰਧਰਵਾਂ ਨੇ ਗਾਉਣਾ ਐ। ਤੂੰ ਆਪਣੀ ਟੁੱਟੀ ਜਿਹੀ ਸਾਰੰਗੀ ਲੈ ਜਾਹ ਏਥੋਂ।”
”ਵੇਖ ਬਾਬੂ, ਤੂੰ ਫੇਰ ਗਾਉਣ ਲਈ ਤਰਲੇ ਪਾਉਣੇ ਐ ਤੇ ਮੈਂ ਗਾਉਣਾ ਨਹੀਂ।”
”ਜਾਹ ਜਾਹ, ਤੇਰੇ ਵਰਗੇ ਸੌ ਤੁਰੇ ਫਿਰਦੇ ਐ ਸੜਕਾਂ ਉੱਤੇ।”
ਸੈਕਟਰੀ ਦੇ ਕਟੂ ਬੋਲਾਂ ਤੋਂ ਰੂੜਾ ਵੱਟ ਖਾ ਗਿਆ। ਸਮਾਗਮ ਦੇ ਰਾਹ ਮੋੜ ਉਤੇ ਉਹ ਆਪਣੀ ਚਾਦਰ ਵਿਛਾ ਕੇ ਬਹਿ ਗਿਆ ਅਤੇ ਸਾਰੰਗੀ ਦੀਆਂ ਮਧੁਰ ਸੁਰਾਂ ਛੇੜ ਲਈਆਂ। ਮਹਿਫਲ ਵਿੱਚ ਜਾਣ ਵਾਲੇ ਪੱਕੇ ਰਾਗਾਂ ਦੇ ਸਰੋਤੇ, ਪੈਰ ਗੱਡ ਕੇ ਖਲੋ ਗਏ। ਮਿੱਠੀਆਂ ਸੁਰਾਂ ਨੇ ਸਰੋਤਿਆਂ ਦੇ ਮਨਾਂ ਨੂੰ ਕੀਲ ਲਿਆ। ਉਸ ਦੇ ਦੁਆਲੇ ਭੀੜ ਵਧਦੀ ਗਈ। ਉਹਦੀ ਚਾਦਰ ਉਤੇ ਮੀਂਹ ਵਾਂਗ ਰੁਪਈਏ ਡਿੱਗਣ ਲੱਗੇ। ਪਰ ਰੂੜਾ ਆਪਣੇ ਵਜਦ ਵਿੱਚ ਬੇਪਰਵਾਹ ਗਾਈ ਜਾ ਰਿਹਾ ਸੀ। ਸਮਾਗਮ ਦਾ ਅੱਧਿਓਂ ਬਹੁਤਾ ਇਕੱਠ ਮੀਰ ਦੁਆਲੇ ਜੁੜ ਗਿਆ। ਸਟੇਜ ਦੇ ਪ੍ਰਬੰਧਕਾਂ ਦੇ ਹਵਾਸ ਉਡ ਗਏ। ਇਹ ਕੇਹੀ ਬਿੱਜ ਆ ਪਈ, ਜਿਸ ਸਾਰਾ ਪੰਡਾਲ ਆਪਣੇ ਦੁਆਲੇ ਖਿੱਚ ਲਿਆ। ਸਟੇਜ ਸੈਕਟਰੀ ਹੀ ਆ ਕੇ ਬੇਨਤੀ ਕਰਨ ਲੱਗਾ :
”ਬਾਵਾ ਜੀ ਮੇਰੀ ਭੁੱਲ ਮਾਫ਼ ਕਰ ਦਿਓ, ਮੈਂ ਗੋਦੜੀ ਦੇ ਲਾਲ ਦੀ ਪਛਾਣ ਨਹੀਂ ਕਰ ਸਕਿਆ। ਤੁਸੀਂ ਸਟੇਜ ਤੇ ਚਲ ਕੇ ਗਾਓ। ਤੁਹਾਡੀ ਸਾਡੀ ਸ਼ੋਭਾ ਵਧੇਗੀ।”
”ਵੇਖ ਬਈ, ਮੇਰੇ ਵਰਗੇ ਤਾਂ ਸੜਕਾਂ ਉਤੇ ਤੁਰੇ ਫਿਰਦੇ ਐ।” ਰੂੜੇ ਨੇ ਘਰੋੜ ਨਾਲ ਵਿਅੰਗ ਮਾਰਿਆ।
”ਨਾ ਬਾਵਾ ਜੀ, ਤੁਹਾਡੇ ਵਰਗੇ ਤੁਸੀਂ ਹੀ ਹੋ; ਮੇਰੀ ਮਿੰਨਤ, ਸਟੇਜ ਤੇ ਚਲੋ?”
ਓਦੋਂ ਤਕ ਮੀਰ ਦੀ ਚਾਦਰ ਰੁਪਈਆਂ ਨਾਲ ਢੱਕੀ ਜਾ ਚੁੱਕੀ ਸੀ। ਸੈਂਕੜੇ ਰੁਪਈਏ ਸਮੇਟ ਕੇ ਉਹ ਰਾਮ ਬਾਗ਼ ਦੇ ਰਾਹ ਪੈ ਗਿਆ। ਪ੍ਰਬੰਧਕਾਂ ਦੇ ਘੇਰਨ ਉੱਤੇ ਵੀ ਸਮਾਗਮ ਵਿੱਚ ਨਾ ਗਿਆ। ਆਪਣੀ ਦੋਸਤ ਸੁਲਤਾਨਾ ਬਾਈ ਦੇ ਜਾ ਡੇਰਾ ਲਾਇਆ। ਉਹ ਗਾਉਂਦੀ ਰਹੀ, ਰੂੜਾ ਨੋਟ ਵਾਰਦਾ ਰਿਹਾ।
”ਉਸਤਾਦ ਜੀ ਤੁਹਾਡੇ ਰੁਪਈਏ ਕਿਹੜੇ ਮੂੰਹ ਲਾਵਾਂ?” ਬਾਈ ਨੇ ਆਜਜ਼ੀ ਵਖਾਈ।
”ਨਹੀਂ ਸੁਲਤਾਨਾ ਮਾਲਕੋਂਸ ਤੋਂ ਦਰਬਾਰੀ ਉਤੇ ਆ ਜਾਹ?” ਉਸ ਫਰਮਾਇਸ਼ ਕਰ ਮਾਰੀ। ”ਸਾਲੇ ਰਾਗ ਆਪਣੀ ਜਾਗੀਰ ਸਮਝਦੇ ਐ।” ਸਮਾਗਮ ਵਾਲੀ ਵਿਹੁ ਅਚਾਨਕ ਉਸ ਅੰਦਰੋਂ ਜਾਗ ਪਈ ਸੀ।
”ਮੇਰੇ ਮਿਹਰਬਾਨ, ਸੱਪ ਅੱਗੇ ਦੀਵਾ ਕਿਵੇਂ ਜਗੇਗਾ। ਦਰਬਾਰੀ ਬਾਗੇਸ਼ਰੀ ਦੀ ਤਾਂ ਕੋਈ ਗੱਲ ਨਹੀਂ।” ਸੁਲਤਾਨਾ ਉਸਤਾਦ ਨੂੰ ਅਜ਼ੀਮ ਮੰਨਦੀ ਸੀ।
”ਤੇਰੀ ਕਲਾ ਤੋਂ ਕੁਰਬਾਨ ਅਦਾ ਤੋਂ ਸਦਕੇ। ਤੂੰ ਬਸ ਗਾਈ ਜਾਹ।” ਉਸ ਰੁਪਈਆਂ ਦਾ ਇਕ ਪੂਰਾ ਬੁੱਕ ਬਾਈ ਤੋਂ ਵਾਰ ਦਿੱਤਾ। ਉਸ ਨੂੰ ਲਗਦਾ ਸੀ, ਸੁਲਤਾਨਾ ਮੇਰੇ ਜ਼ਖ਼ਮ ਉਤੇ ਸ਼ਹਿਦ ਚੋ ਰਹੀ ਹੈ।
ਰਾਤ ਅੱਧੋਂ ਵੱਧ ਟੱਪ ਗਈ। ਮੀਰ ਨੇ ਲੰਮਾ ਸਾਰਾ ਹਾਉਕਾ ਲਿਆ। ਆਪਣੀ ਸਾਰੀ ਬਚਦੀ ਪੂੰਜੀ ਸੁਲਤਾਨਾ ਦੇ ਸਿਰ ਤੋਂ ਵਾਰ ਕੇ ਉਸ ਦੀ ਗੋਦ ਵਿੱਚ ਡਿੱਗ ਪਿਆ। ਜਿਵੇਂ ਬੱਚਾ ਮਾਂ ਤੋਂ ਸੁਖ ਆਰਾਮ ਭਾਲਦਾ ਹੈ। ਸਵੇਰੇ ਓਹੀ ਸ਼ਾਹੀ ਮਲੰਗ ਕਪੂਰਥਲੇ ਜਾਣ ਲਈ ਆਪਣੀ ਸਾਰੰਗੀ ਵੇਚ ਕੇ ਕਿਰਾਇਆ ਭਾਲ ਰਿਹਾ ਸੀ। ਸਾਰੰਗੀ ਦਾ ਹੋਕਾ ਸੁਣ ਕੇ ਸਟੇਜ ਸਕੱਤਰ ਹੈਰਾਨ ਹੀ ਰਹਿ ਗਿਆ। ਕਿਆ ਬੇਪਰਵਾਹ ਅਲਮਸਤ ਐ; ਬਾਦਸ਼ਾਹੀ ਲੁਟਾਈ, ਫ਼ਕੀਰੀ ਅਪਣਾਈ। ਪਰ ਹੁਣ ਰੂੜੇ ਦੀ ਬੇਪਰਵਾਹੀ ਸੋਚਾਂ ਵਿੱਚ ਡੁੱਬੀ ਕਲਕੱਤੇ ਨੂੰ ਭੱਜੀ ਜਾ ਰਹੀ ਸੀ।
ਉਹ ਸੋਚ ਰਿਹਾ ਸੀ; ਮਰਾਸੀਆ ਤੂੰ ਨਿਰਾ ਨੰਗ-ਮੁਲੰਗ; ਗੌਹਰ ਜਾਨ ਛੱਤੀਆਂ ਪੱਤਣਾਂ ਦੀ ਤਾਰੂ, ਮਹਾਰਾਜਿਆਂ ਨਾਲ ਉਹਦੀ ਸੰਘਣੀ। ਤੈਨੂੰ ਉਸ ਕਦੋਂ ਲਵੇ ਲੱਗਣ ਦਿੱਤਾ। ਤੇਰੀ ਦਾਲ ਕਿਵੇਂ ਗਲੇਗੀ? ਉਹ ਸਾਉਣ ਦੀ ਮੱਛਰੀ ਨਾਗਣ; ਜੇ ਤੇਰੀ ਬੀਨ ਦਾ ਜਾਦੂ ਫਿੱਕਾ ਪੈ ਗਿਆ, ਸਭ ਕੁਝ ਫਨਾਹ ਫਿੱਲਾ ਹੋ ਜਾਵੇਗਾ। ਰੂੜਿਆ, ਕਹਿਰ ਤੇ ਕਰਾਮਾਤ ਵਿੱਚ ਗਲ ਅੜ ਖਲੋਤੀ ਐ। ਜੇ ਫਿਹਲ ਹੋ ਗਿਆ, ਮੁੜ ਕਪੂਰਥਲੇ ਕਿਵੇਂ ਵੜੇਂਗਾ। ਬੰਦਿਆ, ਹੁਣ ਰੱਬ ਉਤੇ ਡੋਰੀ ਰੱਖ ਤੇ ਬੇੜੀ ਤੂਫਾਨ ਵਿੱਚ ਠੇਲ੍ਹ ਦੇ। ਕਿਨਾਰਾ ਨਾ ਮਿਲਿਆ, ਘੁੰਮਣ-ਘੇਰ ਤਾਂ ਕਿਧਰੇ ਗਈ ਨਹੀਂ। ਸਵਾਲ ਐ ਸਾਹਮਣੇ ਵਫ਼ਾਦਾਰੀ ਪਾਲਣ ਦਾ। ਕੁੱਝ ਵੀ ਹੋਵੇ, ਮੈਂ ਕੁਰਬਾਨੀ ਦਿਆਂਗਾ। ਆਸ਼ਾ ਨਿਰਾਸ਼ਾ, ਦੋ-ਚਿੱਤੀਆਂ ਵਿੱਚ ਘਿਰਿਆ ਉਹ ਤੀਜੇ ਦਿਨ ਕਲਕੱਤੇ ਪਹੁੰਚ ਗਿਆ।
ਪੁੱਛਦਾ ਪੁੱਛਦਾ ਸ਼ਾਮ ਪੈਂਦੀ ਨੂੰ ਉਹ ਗੌਹਰ ਜਾਨ ਦੇ ਚੁਬਾਰੇ ਹੇਠਾਂ ਆ ਗਿਆ। ਲਾਗੇ ਹੀ ਪੌੜੀਆਂ ਉਤਾਂਹ ਚੜ੍ਹਦੀਆਂ ਸਨ। ਚੁਬਾਰੇ ਦੀਆਂ ਦੋ ਬਾਰੀਆਂ ਸੜਕ ਵਾਲੇ ਪਾਸੇ ਖੁਲ੍ਹਦੀਆਂ ਸਨ। ਉਸ ਬਾਰੀਆਂ ਹੇਠਾਂ ਚਾਦਰ ਵਿਛਾਈ ਅਤੇ ਸਾਰੰਗੀ ਸਰ ਕਰਨ ਲਗ ਪਿਆ। ਸ਼ਾਮ ਦੇ ਮਾਲਕੋਂਸ ਦੀ ਥਾਂ, ਸ਼ੁੱਧ ਭੈਰਵੀ ਵਜਾਉਣੀ ਸ਼ੁਰੂ ਕਰ ਦਿੱਤੀ। ਉਹ ਆਪਣੀ ਵਜਾਈ ਵਿੱਚ ਪੈਰ ਪੈਰ ਗਹਿਰਾ ਉਤਰਦਾ ਗਿਆ। ਗੌਹਰ ਜਾਨ ਨੇ ਕੁਵੇਲੇ ਦਾ ਰਾਗ ਸੁਣਿਆ ਤਾਂ ਇਕਦਮ ਫੁੰਕਾਰਦੀ ਭੜਕ ਪਈ।
”ਕੌਣ ਨਾ-ਮਅਕੂਲ ਕਵੇਲੇ ਭੈਰਵੀ ਵਜਾ ਰਿਹਾ ਹੈ?”
ਸੇਵਕਾਂ ਨੇ ਬਾਰੀ ਰਾਹ ਹੇਠਾਂ ਵੇਖ ਕੇ ਆਖਿਆ।
”ਬਾਈ ਜੀ ਕੋਈ ਮਲੰਗ ਸਾ ਫਕੀਰ ਲਗਦਾ ਹੈ।”
”ਉਸ ਕੋ ਕਹੋ, ਬੰਦ ਕਰੇ। ਯਿਹ ਰਾਗ ਕਾ ਅਪਮਾਨ ਹੈ।”
”ਬੰਦ ਕਰੋ ਆਪਣੀ ਭੈਰਵੀ, ਮੇਰੀ ਬੇਗ਼ਮ ਬੇਹਾਲ ਹੋ ਰਹੀ ਹੈ?”
ਰੂੜੇ ਨੇ ਸਾਰੰਗੀ ਬੰਦ ਕਰ ਦਿੱਤੀ। ਪਰ ਸੇਵਕਾਂ ਦੇ ਉਤੇ ਜਾਣ ਸਾਰ, ਮੁੜ ਓਹੀ ਸੁਰਾਂ ਵਜਾਉਣ ਲੱਗ ਪਿਆ। ਮਸਤੀ ਦੀ ਲਹਿਰ ਵਿੱਚ ਉਹ ਹੁਲਾਰੇ ਵੀ ਲੈ ਰਿਹਾ ਸੀ।
”ਵੋਹ ਕਿਉਂ ਬੰਦ ਨਹੀਂ ਕਰਤਾ?” ਕੰਨਾਂ ਉੱਤੇ ਹੱਥ ਰੱਖਦਿਆਂ ਗੌਹਰ ਜਾਨ ਨੇ ਆਪਣੀ ਨੌਕਰਾਣੀ ਨੂੰ ਘੂਰਿਆ।
”ਬੇਗ਼ਮ ਹਜ਼ੂਰ, ਕੋਈ ਦੀਵਾਨਾ ਲਗਤਾ ਹੈ।”
ਰੂੜੇ ਨੇ ਹੇਠੋਂ ਅਜਿਹਾ ਤਾਨ ਪਲਟਾ ਮਾਰਿਆ। ਗੌਹਰ ਜਾਨ ਖਲੋਤੀ ਖਲੋਤੀ ਥੱਰਾ ਗਈ।
”ਨਹੀਂ ਦੀਵਾਨਾ ਨਹੀਂ ਹੋ ਸਕਤਾ।”
ਉਹ ਨਾਂਹ ਵਿੱਚ ਸਿਰ ਮਾਰਦੀ ਆਪ ਹੇਠਾਂ ਉਤਰ ਆਈ। ਮੀਰ ਅੱਖਾਂ ਮੀਟੀ ਗਜ਼ ਖਿੱਚੀ ਜਾ ਰਿਹਾ ਸੀ। ਮੁੱਠ ਦੇ ਘੁੰਗਰੂ ਸ਼ਰਸਾਰ ਠਹਿਕੀ ਜਾ ਰਹੇ ਸਨ। ਰਾਗ ਦੀ ਰੂਹ ਬਾਈ ਦੇ ਅੰਦਰ ਲਹਿਰ ਲਹਿਰ ਹਿਲੌਰਾਂ ਖਾਣ ਲੱਗੀ। ਉਸ ਰੂੜੇ ਖਾਂ ਦੀ ਗਜ਼ ਫੇਰਦੀ ਬਾਂਹ ਉੱਤੇ ਕੰਬੀ ਜਾ ਰਿਹਾ ਕੋਮਲ ਹੱਥ ਰੱਖ ਦਿੱਤਾ।
”ਖ਼ੁਦਾ ਨਿਵਾਜ਼! ਉਠੋ, ਔਰ ਉੱਪਰ ਚੱਲੋ?”
”ਸਲਾਮ ਬਾਈ ਜੀ!” ਉਹ ਗਜ਼ ਵਾਲਾ ਹੱਥ ਮੱਥੇ ਨੂੰ ਲੈ ਗਿਆ। ”ਤੁਹਾਡੀ ਸ਼ੁਹਰਤ ਸੁਣੀ, ਪੰਜਾਬ ਤੋਂ ਦੀਦਾਰ ਕਰਨ ਆ ਗਿਆ।”
”ਜਹੇ ਨਸੀਬ! ਫਿਰ ਯਹਾਂ ਕਿਉਂ ਬੈਠ ਗਏ?”
”ਉਸ ਤਰ੍ਹਾਂ ਸ਼ਾਇਦ ਦੁਰਕਾਰ ਦਿੱਤਾ ਜਾਂਦਾ। ਮੈਂ ਕਿਹਾ ਹੇਕ ਲਾ ਕੇ ਵੇਖਦਾ ਆਂ।”
”ਵਾਹ ਵਾਹ, ਤੇਰੀ ਹੇਕ ਦੇ ਸਦਕੇ, ਆਫ਼ਰੀਨ। ਉਸਤਾਦ ਲਗਤੇ ਹੋ।” ਗੌਹਰ ਜਾਨ ਨੇ ਮੀਰ ਨੂੰ ਬਾਂਹ ਤੋਂ ਫੜ ਕੇ ਉਠਾ ਲਿਆ ਅਤੇ ਚੁਬਾਰੇ ਵਿੱਚ ਸਤਿਕਾਰ ਨਾਲ ਲਿਆ ਬਹਾਇਆ : ਪੁੱਛਿਆ, ”ਦਿਲ ਸੇ ਬਤਾਓ, ਕਿਆ ਖਿਦਮਤ ਕਰੂੰ?” ਉਹ ਸਾਰੀ ਮਿਹਰਬਾਨ ਜਾਪਦੀ ਸੀ।
ਰੂੜੇ ਨੂੰ ਆਸ ਨਹੀਂ ਸੀ, ਰੱਬ ਐਨਾ ਦਿਆਲੂ ਹੋ ਜਾਵੇਗਾ।
”ਬਰਬਾਦ ਹੈਂ ਆਬਾਦ ਹੋ ਸਕਤੇ ਹੈਂ ਆਪ ਕੀ ਦੁਆ ਸੇ।” ਮੀਰ ਨੇ ਪੰਜਾਬੀ ਵਿੱਚ ਉਰਦੂ ਦੀ ਮਿੱਸ ਪਾਉਣੀ ਸ਼ੁਰੂ ਕਰ ਦਿੱਤੀ।
ਗੌਹਰ ਜਾਨ ਦੀ ਵਿਅੰਗ ਬਣੀ ਹਾਸੀ, ਦਿਲਕਸ਼ੀ ਵਿੱਚ ਬਦਲ ਗਈ।
”ਸਾਹਬੇ ਕਮਾਲ ਯਹਾਂ ਆਬਾਦ ਆਤੇ ਹੈਂ, ਔਰ ਬਰਬਾਦ ਜਾਤੇ ਹੈਂ।”
”ਬਰਬਾਦੀਆਂ ਹੀ ਮਲੰਗਾਂ ਦੀ ਮੀਰਾਸ ਹੁੰਦੀਆਂ ਹਨ। ਮੇਰਾ ਕੀ ਬਰਬਾਦ ਹੋ ਜਾਵੇਗਾ, ਇੱਕ ਚਾਦਰ, ਇੱਕ ਸਾਰੰਗੀ ਤੇ ਰੂਹ ਯਾਰਾਂ ਮਿੱਤਰਾਂ ਦੀ ਅਮਾਨਤ।”
ਬਾਈ ਮੀਰ ਦੇ ਉੱਤਰ ਨਾਲ ਅੰਦਰੋਂ ਪੰਘਰਦੀ ਹੋ ਗਈ। ਉਸ ਆਪਣੇ ਸਾਜਿੰਦੇ ਸੱਦ ਲਏ ਅਤੇ ਦੋਵੇਂ ਬਾਹਾਂ ਫੈਲਾ ਕੇ ਆਗਿਆ ਮੰਗੀ। ਰੂੜੇ ਦੇ ਅਰਸ਼ਾਦ ਆਖਣ ਉੱਤੇ ਉਸ ਦਰਬਾਰੀ ਦਾ ਅਲਾਪ ਲੈ ਲਿਆ : ਅਰੋਹੀ ਸੁਰਾਂ ਚੁੱਕਦੀ ਵਜਦ ਵਿੱਚ ਲਹਿਰਾ ਗਈ। ਉਹ ਪੰਜਾਬ ਦੇ ਉਸਤਾਦ ਨੂੰ ਖ਼ੁਸ਼ ਕਰ ਲੈਣਾ ਚਾਹੁੰਦੀ ਸੀ। ਪਹਿਲੀ ਸੁਰ ਉਤੇ ਹੀ ਮੀਰ ਦਾ ਅੰਦਰ ਖੀਵਾ ਹੁੰਦਾ ਝੂਮ ਗਿਆ।
”ਵਾਹ ਜਾਨੋ, ਜੀਓ, ਖ਼ੁਦਾ ਪ੍ਰਵਾਨ।” ਉਹਦਾ ਚੜ੍ਹਿਆ ਸਾਹ ਉਤਰਨਾ ਭੁੱਲ ਗਿਆ। ”ਜਹਾਨ ਐਵੇਂ ਨਹੀਂ ਸਦਾਈ ਹੋਇਆ ਫਿਰਦਾ।”
ਸਾਹਮਣੇ ਉਸਤਾਦ ਸਰੋਤਾ ਵੇਖ ਕੇ ਬਾਈ ਨੂੰ ਕੋਈ ਲੋਹੜ ਹੀ ਚੜ੍ਹ ਪਿਆ। ਰਾਗ ਰੰਗ ਤੇ ਉਸ ਦੇ ਰੂਪ ਨੇ ਅੰਗੜਾਈਆਂ ਦੀ ਹੱਦ ਪਾਰ ਕਰ ਲਈ।
”ਵਾਹ ਤੇਰੀਆਂ ਕਰਾਮਾਤਾਂ ਜਾਨੋ, ਬਲਿਹਾਰੇ!” ਉਸ ਤੋਂ ਰਹਿ ਨਾ ਹੋਇਆ ਤੇ ਸਾਰੰਗੀ ਲੈ ਕੇ ਬਰਾਬਰ ਸੰਗਤ ਵਿੱਚ ਆ ਬੈਠਾ।
ਉਸ ਨੇ ਤਾਨ ਪਲੋਸਦਿਆਂ, ਸਾਜਿੰਦਿਆਂ ਦੇ ਮੂੰਹ ਤੋਂ ਹਵਾਈਆਂ ਉਡਾ ਸੁੱਟੀਆਂ। ਗੌਹਰ ਜਾਨ ਦੀਆਂ ਕਮਾਈਆਂ ਰਗਾਂ ਨੂੰ ਸਾਰੰਗੀ ਦੀਆਂ ਚੋਟਾਂ ਝੰਜੋੜਨ ਲੱਗੀਆਂ। ਬੇਗ਼ਮ ਤੇ ਰੂੜੇ ਦੀਆਂ ਗਤਾਂ ਬਿਨਾਂ ਸਾਰੇ ਝੜ ਕੇ ਰਹਿ ਗਏ। ਬਾਈ ਦਰਬਾਰੀ ਤੋਂ ਬਾਗੇਸ਼ਰੀ ‘ਤੇ ਆ ਗਈ। ਰੂੜੇ ਨੇ ਆਪਣੇ ਰਿਆਜ਼ ਨੂੰ ਇਕ ਤਰ੍ਹਾਂ ਲਲਕਾਰਿਆ। ਦੋਹਾਂ ਵਿਚਕਾਰ ਕਲਾਬਾਜ਼ੀ ਦੇ ਤੀਰ ਚਲਦੇ ਰਹੇ। ਰੂੜੇ ਦਾ ਅੰਦਰ ਹੁੰਗਾਰ ਪਿਆ : ਅੱਜ ਤੂੰ ਹੈ ਨਹੀਂ, ਜਾਂ ਮੈਂ ਹੈ ਨਹੀਂ। ਪਰਖ ਦਾ ਇਮਤਿਹਾਨ ਦੋਹਾਂ ਵਿਚਕਾਰ ਅੜ ਖੜੋਤਾ ਸੀ। ਗੌਹਰ ਜਾਨ ਨੇ ਅਸਥਾਈ ਪੂਰੀ ਕਰਦਿਆਂ ਰੂੜੇ ਦੇ ਪੈਰ ਫੜ ਲਏ।
”ਮੇਰੇ ਮੁਰਸ਼ਦ ਕੁਰਬਾਨ ਜਾਊਂ।” ਉਸ ਝੂੰਮਦਾ ਸਿਰ ਪੂਰੀ ਅਕੀਦਿਤ ਨਾਲ ਉਸਤਾਦ ਅੱਗੇ ਝੁਕਾ ਦਿੱਤਾ। ”ਮੇਰੇ ਮਿਹਰਬਾਨ, ਦਿਲ ਕੀ ਖ਼ਾਹਸ਼ ਕਰੋ?”
”ਦੀਦਾਰ ਈ ਕਾਫੀ ਐ ਸੱਜਣਾਂ ਦਾ।”
”ਨਹੀਂ, ਕੁੱਝ ਵੀ ਕਹੋ, ਪੂਰਾ ਹੋਵੇਗਾ।” ਉਹ ਹਾਲੇ ਵੀ ਵਜਦ ਵਿੱਚ ਮੇਲ੍ਹੀ ਜਾ ਰਹੀ ਸੀ।
”ਪੰਜਾਬ ਵਿੱਚ ਇਕ ਮਹਿਫ਼ਲ, ਤੁਹਾਡੀ ਮਿਹਰਬਾਨੀ ਮੰਗਦੀ ਐ।” “ਬਸ ਇਕ ਮਹਿਫ਼ਲ? ਜ਼ਿੰਦਗੀ ਹੀ ਮਹਿਫ਼ਲ ਕਿਉਂ ਨਾ ਹੋ ਜਾਏ।” ਬਾਈ ਦਾ ਨਸ਼ਿਆਇਆ ਦਿਲ ਫਰਾਂਟਿਆ ‘ਤੇ ਆਇਆ ਹੋਇਆ ਸੀ। ਉਸ ਚੁਟਕੀ ਮਾਰ ਕੇ ਸਭ ਨੂੰ ਉਠਦੇ ਕਰ ਦਿੱਤਾ। ਮੁੜ ਆਵੇਸ਼ ਵਿੱਚ ਆਈ ਬੋਲੀ, ”ਯਾਰ ਉਸਤਾਦ, ਏਕ ਮਹਿਫ਼ਲ ਕਿਉਂ, ਤਮਾਮ ਜ਼ਿੰਦਗੀ ਕਿਉਂ ਨਾ ਮਾਂਗੀ?”
”ਮਿਹਰਾਂ, ਮੇਰੀ ਘਸੀ ਚਾਦਰ ਤੇਰੇ ਮੋਤੀਆਂ ਦਾ ਭਾਰ ਕਿਵੇਂ ਚੁੱਕਦੀ।” ਮੀਰ ਨੂੰ ਆਪਣੀ ਗ਼ਰੀਬੀ ਅਤੇ ਘਰਵਾਲੀ ਧੰਨੀ ਯਾਦ ਆ ਗਈਆਂ। ”ਲਾਲ ਮਹਿਲਾਂ ਵਿੱਚ ਹੀ ਸੁੰਹਦੇ ਐ, ਝੁੱਗੀਆਂ ਵਿੱਚ ਨਹੀਂ।”
”ਅੱਲਾ ਬੇਲੀ, ਸ਼ਾਇਦ ਆਪ ਠੀਕ ਫ਼ਰਮਾਤੇ ਹੈਂ।” ਉਹ ਨਾਲ ਹੀ ਹਉਕਾ ਭਰ ਗਈ। ਉਸ ਦਾ ਭਾਵ ਸੀ, ਅੱਲ੍ਹਾ ਕਿੰਨਾ ਕੰਜੂਸ ਐ, ਹੁਨਰ ਤਾਂ ਦਿੰਦਾ ਹੈ, ਹਾਣ ਨਹੀਂ ਦਿੰਦਾ, ਜ਼ਿੰਦਗੀ ਦਿੰਦਾ ਹੈ, ਮਾਣ ਨਹੀਂ ਦਿੰਦਾ।
ਗੌਹਰ ਜਾਨ ਨੇ ਰੂੜੇ ਖਾਂ ਨੂੰ ਨੁਹਾਇਆ, ਧੁਆਇਆ; ਕਈ ਦਿਨ ਰੱਖ ਕੇ ਕਲਕੱਤੇ ਘੁੰਮਾਇਆ। ਭਰਪੂਰ ਖ਼ਾਤਰਦਾਰੀ ਪਿੱਛੋਂ ਉਹ ਪੰਜਾਬ ਦੀ ਮਹਿਫ਼ਲ ਲਈ ਤਿਆਰ ਹੋ ਪਈ। ਮੀਰ ਸੱਜਣਾਂ ਦੇ ਸ਼ਹੁ-ਸਾਗਰ ਡੁੱਬ ਡੁੱਬ ਉਭਰਦਾ ਸੀ। ਬਾਈ ਨੇ ਨਾਲ ਲੈ ਜਾਣ ਲਈ ਆਪਣੇ ਸਾਜ਼ਿੰਦੇ ਤਿਆਰ ਕਰਨੇ ਚਾਹੇ।
”ਰੰਗੀਲੀ ਬਾਈ, ਰੂੜੇ ਦੀ ਸਾਰੰਗੀ ਦੇ ਹੁੰਦਿਆਂ ਹੋਰ ਭਾਰ ਚੁੱਕਣ ਦੀ ਕੀ ਲੋੜ।” ਉਹ ਗੌਹਰ ਜਾਨ ਦਾ ਇਕੱਲਿਆਂ ਸਾਥ ਮਾਨਣਾ ਚਾਹੁੰਦਾ ਸੀ।
”ਮੰਨਿਆ ਮਿੱਤਰ ਪਿਆਰਿਆ।” ਉਸ ਦੀਆਂ ਮੁਸਕਾਣਾਂ ਵਿੱਚ ਮੀਰ ਚੁੰਧਿਆ ਕੇ ਰਹਿ ਗਿਆ। ਬਾਈ ਦੇ ਪੰਜਾਬੀ ਸ਼ਬਦਾਂ ਵਿੱਚ ਸ਼ਹਿਦ ਘੁਲਿਆ ਹੋਇਆ ਸੀ। ਬਚਪਨ ਵਿੱਚ ਜਗਰਾਵਾਂ ਦਾ ਪਾਣੀ ਜੋ ਪੀਤਾ ਸੀ।
ਆਖ਼ਰ ਉਹ ਜੋੜੀ ਪੰਜਾਬ ਨੂੰ ਠਿੱਲ੍ਹ ਪਈ। ਕੁੱਝ ਸੋਚ ਕੇ ਰੂੜੇ ਨੇ ਆਪਣੇ ਗਲਮੇ ਵਿੱਚ ਮੂੰਹ ਪਾ ਲਿਆ। ਜੇ ਇਹਨੂੰ ਦੱਸਿਆ, ਤੈਨੂੰ ਮਹਾਰਾਜਾ ਕਪੂਰਥਲੇ ਦੇ ਲੈ ਕੇ ਚਲਿਆ ਹਾਂ; ਇਹ ਏਥੇ ਹੀ ਵਿਹਰ ਕੇ ਲਹਿ ਪਵੇਗੀ। ਉਸਨੂੰ ਵਜ਼ੀਰ ਸਰਦਾਰ ਨੇ ਗਵਾਲੀਅਰ ਵਾਲੀ ਟੱਕਰ ਦੀ ਕਹਾਣੀ ਦੱਸੀ ਹੋਈ ਸੀ। ਕੁਦਰਤੀ ਡਰ ਕਾਰਨ ਉਸ ਦਾ ਦਿਲ ਧੜਕਣਾਂ ਦੇ ਚੱਕਰਾਂ ਵਿੱਚ ਆਇਆ ਹੋਇਆ ਸੀ।
”ਉਸਤਾਦ ਜੀ! ਮੈਂ ਸਦਕੇ, ਸੋਚਾ ਹੀ ਨਾ ਥਾ, ਖ਼ੁਦਾ ਇਤਨਾ ਮਿਹਰਬਾਨ ਕਿ ਕਾਲਾ ਮੋਤੀ ਮੇਰੀ ਗਰਦਨ ਦਾ ਸ਼ਿੰਗਾਰ ਹੋ ਜਾਏਗਾ।” ਅਚਾਨਕ ਗੌਹਰ ਜਾਨ ਕਹਿ ਗਈ।
”ਬਾਈ ਜਾਨ, ਮੈਂ ਕਿਆ, ਮਰਾਸੀ ਦੀ ਔਕਾਤ ਕਿਆ।” ਚੜ੍ਹਾਈ ਦੀ ਚੋਟੀ ਤੋਂ ਉਹ ਰਿੜਦਾ ਹੋ ਤੁਰਿਆ। ਉਹ ਜ਼ਬਤ ਦੇ ਇਕ ਖ਼ਾਸ ਘੇਰੇ ਵਿੱਚ ਹੱਦਬੰਦ ਰਹਿਣਾ ਚਾਹੁੰਦਾ ਸੀ। ਕਿਉਂਕਿ ਉਹ ਗੌਹਰ ਜਾਨ ਨੂੰ ਮਹਾਰਾਜ ਦੀ ਅਮਾਨਤ ਸਮਝਦਾ ਸੀ। ਪਰ ਉਹ ਦਿਲ ਦੇ ਮੂੰਹ ਜ਼ੋਰ ਰੋੜ੍ਹ ਵਿੱਚ ਉਲਰੀ ਆ ਰਹੀ ਸੀ।
”ਸੱਜਣਾ ਪਹਿਲੇ ਆਪ ਨੇ ਗ਼ਰੀਬੀ ਕੀ ਬਾਤ ਪਾਈ, ਅਬ ਜ਼ਾਤ ਕੀ। ਯਿਹ ਮੇਰੇ ਇਸ਼ਕ ਕੀ ਤੌਹੀਨ ਹੈ। ਇਸ਼ਕ ਅੱਲ੍ਹਾ ਦੀ ਜ਼ਾਤ, ਰਾਗ ਉਸ ਦਾ ਲਿਬਾਸ। ਲਗਤਾ ਹੈ, ਆਪ ਕਲਕੱਤੇ ਵਾਲੇ ਕਰਾਮਾਤੀ ਫ਼ਕੀਰ ਨਹੀਂ ਰਹੇ।”
”ਆਪ ਬਹੁਤ ਕੁਝ ਠੀਕ ਕਹਿਤੇ ਹੈਂ। ਸਮੇਂ ਦੀ ਗੱਡੀ ਸਾਨੂੰ ਸੱਚ ਵੱਲ ਖਿੱਚੀ ਲਈ ਜਾ ਰਹੀ ਹੈ।” ਰੂੜੇ ਨੇ ਗੱਲ ਨੂੰ ਟਾਲਾ ਮਾਰਨਾ ਚਾਹਿਆ।
”ਕਿਆ ਇਸ਼ਕ ਮੁਕੰਮਲ ਸੱਚ ਨਹੀਂ ਹੋਤਾ?” ਬਾਈ ਅੱਗੇ ਅਸਚਰਜ ਬਾਹਾਂ ਅੱਡ ਖਲੋਤਾ।
”ਇਸ਼ਕ ਨਿਰਾ ਸੱਚ, ਪਰ ਰਾਹ ਦੀਆਂ ਔਕੜਾਂ?”
”ਮੈਨੇ ਤੋ ਸੁਣਾ ਥਾ, ਆਸ਼ਕ ਪਹਾੜ ਤੋੜਤੇ ਹੈਂ।”
”ਵੋਹ ਸਦੀਆਂ ਪੁਰਾਣੇ ਜ਼ਮਾਨੇ ਕੀ ਬਾਤ ਥੀ।”
”ਕਿਆ ਅਬ ਇਸ਼ਕ ਮਰ ਗਿਆ ਹੈ ਯਾ ਮਰਦ?”
ਰੂੜੇ ਖਾਂ ਦੀ ਜਾਨ ਕੜਿੱਕੀ ਵਿੱਚ ਆਈ ਹੋਈ ਸੀ।
”ਮਰੇ ਤਾਂ ਨਹੀਂ, ਪਰ ਮਾਰ ਦੀਏ ਜਾਤੇ ਹੈਂ। ਸ਼ਾਇਦ ਜਲੰਧਰ ਆਉਣ ਵਾਲਾ ਹੈ।” ਉਸ ਜਾਣ ਕੇ ਸਮਾਨ ਸਮੇਟਣਾ ਸ਼ੁਰੂ ਕਰ ਦਿੱਤਾ।
”ਕਿਆ ਜਲੰਧਰ ਉਤਰਨਾ ਹੈ? ਮੈਂ ਤੋਂ ਅੰਮ੍ਰਿਤਸਰ ਸੋਚਦੀ ਥੀ।”
”ਹਾਂ ਜਲੰਧਰ ਉਤਰਨਾ ਹੈ? ਅੱਗੇ ਖ਼ੁਦਾ ਜਿੱਥੇ ਲੈ ਜਾਵੇ।” ਉਹ ਆਪੇ ਵਿੱਚ ਸੁਕੜਦਾ ਜਾ ਰਿਹਾ ਸੀ।
”ਆਪ ਕੇ ਜਲੰਧਰ ਕਾ ਸਹਿਗਲ ਅੱਛਾ ਗਾਤਾ ਹੈ, ਆਵਾਜ਼ ਮੇਂ ਮੀਠਾ ਸੋਜ਼ ਹੈ। ਮਗਰ ਸ਼ਰਾਬ ਉਸੇ ਜਲਦੀ ਮਾਰ ਦੇਗੀ। ਜਿਨਹੇ ਇਸ਼ਕ ਨਾਜ਼ਲ ਹੋਤਾ ਹੈ, ਪਿਆਰ ਨਹੀਂ ਮਿਲਤਾ, ਵੋਹ ਜੂੰਹੀ ਬਰਬਾਦ ਹੋ ਜਾਤੇ ਹੈਂ।” ਗੌਹਰ ਜਾਨ ਸੁਭਾਵਕ ਹੀ ਕਹਿੰਦੀ ਗਈ। ਜਿਵੇਂ ਗੱਡੀ ਫਟਾਫਟ ਦਰੱਖ਼ਤਾਂ, ਖੇਤਾਂ ਵਿਚਲੇ ਵਿਰਲੇ ਮਕਾਨਾਂ ਨੂੰ ਪਿਛਾਂਹ ਛੱਡੀ ਜਾ ਰਹੀ ਸੀ, ਕੁੱਝ ਇਸ ਤਰ੍ਹਾਂ ਹੀ ਬਾਈ ਦੇ ਜ਼ਿਹਨ ਵਿੱਚੋਂ ਬੜਾ ਕੁੱਝ ਲੰਘੀ ਜਾ ਰਿਹਾ ਸੀ।
ਜਲੰਧਰ ਆ ਗਿਆ। ਉਹਨਾਂ ਸਾਮਾਨ ਲਾਹ ਲਿਆ। ਸਟੇਸ਼ਨ ਤੋਂ ਬਾਹਰ ਨਿਕਲ ਕੇ ਰੂੜੇ ਨੇ ਆਪਣੇ ਪਿੰਡ ਦੇ ਅਮਲੀ ਦਾ ਤਾਂਗਾ ਸਾਲਮ ਕਰ ਲਿਆ। ਤਾਂਗੇ ਵਾਲਾ ਅਮਲੀ ਪਰੀ ਜਾਨ ਨੂੰ ਵੇਖ ਕੇ ਹੈਰਾਨ ਡੌਰ ਭੌਰ: ਰੂੜਾ ਇਹਨੂੰ ਕਿੱਥੋਂ ਲੁੱਟ ਲੈ ਆਇਆ। ਧੰਨੀ ਤਾਂ ਇਹਦੀ ਗਰਦਨ ਮਰੋੜ ਦੇਵੇਗੀ। ਤਾਂਗਾ ਕਪੂਰਥਲੇ ਨੂੰ ਸਿੱਧਾ ਹੋ ਤੁਰਿਆ। ਰੂੜੇ ਦੇ ਪਿੰਡ ਬਰਾਬਰ ਅੱਧ ਵਿੱਚ ਖੂਹੀ ਪੈਂਦੀ ਸੀ। ਅਮਲੀ ਨੇ ਤਾਂਗਾ ਰੋਕ ਕੇ ਘੋੜੇ ਨੂੰ ਪਾਣੀ ਪਿਲਾਇਆ। ਕੋਲ ਖਲੋਤੀ ਸਵਾਰੀ ਨੇ ਪੁੱਛ ਲਿਆ।
”ਅਮਲੀਆ! ਮੈਨੂੰ ਕਪੂਰਥਲੇ ਤੱਕ ਲੈ ਚਲੇਂਗਾ?”
”ਨਹੀਂ ਬਈ, ਸਾਲਮ ਐ।” ਅਮਲੀ ਨੇ ਮੀਰ ਨਾਲ ਸੈਨਤ ਮਿਲਾ ਲਈ ਸੀ।
”ਕਿਆ?” ਗੌਹਰ ਜਾਨ ਅਬੜਵਾਹ ਗਈ। ”ਹਮ ਕਪੂਰਥਲੇ ਜਾ ਰਹੇ ਹੈਂ?” ਉਹਦੀਆਂ ਅੱਖਾਂ ਵਿੱਚ ਡਰ ਤੇ ਖ਼ਤਰਾ ਬਰਾਬਰ ਉਭਰ ਆਏ।
ਉਹ ਪੁਕਾਰ ਪਈ। ”ਭਾਈ ਅਮਲੀਆ, ਤਾਂਗਾ ਰੋਕ ਦੇ?”
”ਹਾਂਅ, ਅਸੀਂ ਕਪੂਰਥਲੇ ਹੀ ਜਾ ਰਹੇ ਆਂ।” ਮੀਰ ਨੇ ਸੋਚਿਆ ਸਿਆਪਾ ਤਾਂ ਪੈ ਗਿਆ ਪਰ, ਸੱਚ ਕਿੰਨਾ ਕੁ ਚਿਰ ਲੁਕਾ ਕੇ ਰੱਖਾਂਗਾ।
”ਕਿਆ ਮਹਿਫ਼ਲ ਵਹਾਂ…….?” ਹੈਰਾਨੀ ਵਿੱਚ ਬਾਈ ਚਕਰਾ ਗਈ। ਬਾਕੀ ਗੱਲ ਉਸ ਤੋਂ ਪੂਰੀ ਨਾ ਹੋ ਸਕੀ। ਗਵਾਲੀਅਰ ਵਿੱਚ ਮਹਾਰਾਜੇ ਨੂੰ ਦਿੱਤਾ ਕੋਰਾ ਜਵਾਬ ਉਸ ਨੂੰ ਯਾਦ ਆ ਗਿਆ। ”ਉਸਤਾਦ ਬਤਾਓ ਅਸਲ ਬਾਤ ਕਿਆ ਹੈ?” ਉਹਦਾ ਅੰਦਰ ਕਹਿਰਵਾਨ ਸੀ।
”ਜਦੋਂ ਤੂੰ ਜਾਣ ਹੀ ਗਈ ਏਂ, ਪੁੱਛਣ ਦਾ ਕੀ ਫ਼ਾਇਦਾ।” ਰੂੜਾ ਹਉਕੇ ਵਿੱਚ ਅਸਲੋਂ ਗਰਕ ਹੋ ਕੇ ਰਹਿ ਗਿਆ।
”ਮੇਰੇ ਅੱਲ੍ਹਾ! ਇਤਨਾ ਬੜਾ ਧੋਕਾ।” ਉਸ ਪਨਾਹ ਲਈ ਦੋਵੇਂ ਹੱਥ ਫੈਲਾਅ ਦਿੱਤੇ। ”ਅਰੇ ਯਾਰ ਮਹਾਰਾਜਿਆਂ ਦੀ ਸ਼ਾਹੀ ਛੋਡ ਕੇ ਮੈਨੇ ਤੋਂ ਤੇਰੀ ਫ਼ਕੀਰੀ ਕੀ ਬੈਅਤ ਕੀ ਥੀ। ਕਲਾ, ਕਲਾ ਤੋਂ ਕੁਰਬਾਨ ਹੋਈ ਸੀ। ਮੈਂ ਤੋ ਹਮੇਸ਼ਾ ਕੇ ਲੀਏ ਤੇਰੀ ਹੋ ਗਈ ਥੀ। ਤੂਨੇ ਜੂਏ ਮੇਂ ਗੌਹਰ ਕੋ ਹਾਰ ਦੀਆ? ਯਾਰ ਐਸਾ ਕਿਉਂ ਕੀਆ, ਕਿਉਂ ਕੀਆ?” ਉਸ ਦੋਹੱਥੜ ਆਪਣੀ ਛਾਤੀ ਤੇ ਮਾਰਿਆ। ਉਸ ਦੀਆਂ ਅੱਖਾਂ ਛਲਕ ਤੁਰੀਆਂ।
”ਗੌਹਰ ਬਾਈ ਤੂੰ ਨਹੀਂ ਜਾਣਦੀ, ਗਰੀਬੀ ਇਸ਼ਕ ਦੀ ਕਾਤਲ ਰਹੀ ਹੈ। ਤੇਰੇ ਸ਼ਾਹੀ ਰਹਿਣ ਨੂੰ ਮੇਰਾ ਕੱਚਾ ਕੋਠਾ ਕਿਵੇਂ ਝੱਲਦਾ, ਜਿਸ ਉੱਤੇ ਘਾਹ ਉਗ ਆਇਆ ਹੈ। ਮੇਰੀ ਕੋਠੇ ਜਿੱਡੀ ਧੰਨੀ………।” ਉਸ ਦੀ ਲਾਚਾਰੀ ਵੇਖਣ ਵਾਲੀ ਸੀ। ”ਰੇਸ਼ਮ ਪੱਟ ਵਿੱਚ ਸੁਖਾਂਦੀ ਗੋਰੀ, ਮੋਟਾ ਖੱਦਰ ਕਿਵੇਂ ਹੰਢਾਵੇਗੀ?”
”ਤੂੰ ਸੱਸੀ ਨੂੰ ਤੱਤੇ ਥਲਾਂ ਵਿੱਚ ਸੜਦੀ ਨਹੀਂ ਵੇਖਿਆ ਹੋਣਾ।” ਕੋਸੇ ਹੰਝੂਆਂ ਨਾਲ ਉਹ ਦਿਲ ਦੀ ਅੱਗ ਬੁਝਾ ਰਹੀ ਸੀ।
ਘੋੜਾ ਪੂਛਲ ਮਾਰ-ਮਾਰ ਮੱਖ ਉਡਾ ਰਿਹਾ ਸੀ। ਅਸਚਰਜ ਵਿੱਚ ਆਇਆ ਅਮਲੀ ਆਪਣੇ ਟੁੱਟੇ ਛਿੱਤਰਾਂ ਦੀ ਮਿੱਟੀ ਝਾੜਨ ਲੱਗਾ।
”ਗੌਹਰ ਜਾਨ, ਜ਼ਖ਼ਮ ਪਹਿਲਾਂ ਹੀ ਬਹੁਤ ਡੂੰਘੇ ਐ; ਤੂੰ ਲੂਣ ਵਾਲੇ ਪਾਣੀ ਦੀ ਟਕੋਰ ਨਾ ਕਰੇਂ ਤਾਂ ਚੰਗਾ ਹੈ।”
”ਰੂੜੇ ਖਾਂ, ਤੂੰ ਨੇ ਮੇਰੇ ਇਸ਼ਕ ਦੀ ਤੌਹੀਨ ਹੀ ਨਹੀਂ ਕੀ, ਮੇਰਾ ਈਮਾਨ ਵੀ ਤੋੜਿਆ ਹੈ। ਖ਼ੁਦਾ ਖ਼ੈਰ ਕਰੇ।” ਉਸ ਦਾ ਕਣ ਕਣ ਵਿਖਰ ਚੁੱਕਾ ਸੀ। ”ਮੰਨਿਆ, ਤੁਆਇਫ ਕਿਸੀ ਕੀ ਨਹੀਂ ਹੋਤੀ, ਪੈਸੇ ਕੇ ਲੀਏ ਮਰਤੀ ਹੈ। ਪਰ ਔਰਤ ਨੇ ਸਿਦਕ ਵਫਾ ਨੂੰ ਹਮੇਸ਼ਾਂ ਵੰਗਾਰਿਆ ਹੈ। ਤੂੰ ਮੇਰੇ ਦਿਲ ਦਾ ਥੋੜ੍ਹਾ ਜਿੰਨਾ ਹੀ ਅਹਿਸਾਸ ਕੀਤਾ ਹੁੰਦਾ।”
”ਗੌਹਰ ਬਾਈ ਤੂੰ ਗ਼ਰੀਬੀ ਨਹੀਂ ਵੇਖੀ, ਭੁੱਖ ਨਹੀਂ ਕੱਟੀ। ਜ਼ਿੰਦਗੀ ਦੇ ਕੰਡਿਆਲੇ ਰਾਹ ਪੈ ਕੇ ਨਹੀਂ ਤੁਰੀ। ਇਹ ਇਸ਼ਕ ਦੇ ਅਵੱਲੇ ਰਾਹ ਤੋਂ ਵੀ ਦੁਖਿਆਰਾ ਹੈ। ਮੇਰੀ ਮਜਬੂਰੀ ਸੀ, ਮੈਂ ਮਹਾਰਾਜੇ ਦੇ ਦਰਬਾਰ ਸਲਾਮ ਜਾ ਕੀਤੀ। ਮੈਂ ਉਸ ਦਾ ਲੂਣ ਖਾਧਾ। ਹੁਣ ਵਫ਼ਾਦਾਰੀ ਨਿਬਾਹੁਣਾ ਮੇਰਾ ਈਮਾਨ ਹੈ। ਜ਼ਿੰਦਗੀ ਤੇ ਸਮਾਜ ਦੀਆਂ ਤਲਖ਼ੀਆਂ ਤੋਂ ਭੱਜ ਕੇ ਬੰਦਾ ਕਿਤੇ ਨਹੀਂ ਜਾ ਸਕਦਾ।” ਉਹ ਮਜਬੂਰੀ ਤੇ ਸ਼ਰਮਿੰਦਗੀ ਵਿਚਕਾਰ ਜ਼ਿਬਾਹ ਹੋਇਆ ਪਿਆ ਸੀ। ”ਯਾ ਮੇਰੇ ਮੌਲਾ, ਮੈਨੂੰ ਏਥੇ ਈ ਗਰਕ ਕਰ ਦੇ, ਹੁਣੇ ਕਿਆਮਤ ਵਰਤਾ ਦੇ।”
ਬਾਈ ਨੇ ਲੰਮਾ ਹਉਕਾ ਲੈ ਕੇ ਅੱਖਾਂ ਮੀਟ ਲਈਆਂ। ਜ਼ਹਿਰ ਦੀ ਆਖਰੀ ਘੁੱਟ ਵੀ ਡਕਾਰ ਲਈ : ਸੋਚਾ ਨਾ ਥਾ, ਕਿਆ ਹੋ ਗਿਆ।
”ਅਮਲੀ ਭਾਈ, ਤਾਂਗਾ ਚਲਾਓ?” ਉਹ ਅੰਦਰਲੀਆਂ ਪੀੜਾਂ ਦੀ ਤਹਿ ਖਾ ਕੇ ਹਉਕਾ ਭਰ ਗਈ : ”ਯਾਰਾ ਤੇਰੇ ਲੀਏ ਰੋਜ਼ ਜ਼ਿਬਾਹ ਹੋਇਆ ਕਰਾਂਗੀ। ਯਹਿ ਨਾਂ ਥੀਂ ਹਮਾਰੀ ਕਿਸਮਤ।”
”ਮੈਨੂੰ ਮੇਰੀ ਵਫਾਦਾਰੀ ਨੇ ਮਾਰ ਸੁੱਟਿਆ। ਵਾਸਤਾ ਖ਼ੁਦਾ ਦਾ ਮੇਰੀ ਰੂਹ ਜਿਉਂਦੀ ਰੱਖ ਲੈ।” ਉਹ ਬਾਈ ਅੱਗੇ ਸਿਰ ਨੀਵਾਂ ਕਰ ਗਿਆ।
ਗੌਹਰ ਜਾਨ ਬਿਨਾ ਏਧਰ ਓਧਰ ਵੇਖੇ ਆਪਣੇ ਅੰਦਰ ਉਤਰੀ ਰਹੀ। ਮੁੜ ਉਹ ਮਹਾਰਾਜੇ ਦੇ ਮਹਿਲ ਆ ਜਾਣ ਤੱਕ ਉਕਾ ਈ ਨਾ ਕੂਈ।
ਰੂਹ ਦੇ ਜ਼ਖ਼ਮਾਂ ਨੂੰ ਸਹਿਲਾਉਂਦੀ ਰਹੀ। ਰੂੜਾ ਸਹਿਜ ਨਾਲ ਤਾਂਗੇ ਵਿੱਚੋਂ ਉਤਰਿਆ। ਯਾਰ ਸਰਦਾਰ ਕੁਦਰਤੀ ਵਰਾਂਡੇ ਵਿੱਚ ਬੈਠਾ ਸੀ। ਰੂੜੇ ਤੇ ਗੌਹਰ ਜਾਨ ਨੂੰ ਵੇਖ ਕੇ ਉਸ ਕਿਲਕਾਰੀ ਮਾਰੀ ਅਤੇ ਮਹਾਰਾਜੇ ਨੂੰ ਭੱਜ ਕੇ ਜਾ ਖ਼ਬਰ ਕੀਤੀ। ਉਹ ਖ਼ੁਸ਼ੀ ਵਿੱਚ ਮੁਸਕਾਂਦਾ ਬਾਹਰ ਆ ਗਿਆ।
”ਜਹੇ ਨਸੀਬ ਗੌਹਰ ਜਾਨ! ਤੂੰ ਆਈ, ਸਾਡੇ ਵਿਹੜੇ ਦੇ ਧੰਨਭਾਗ।” ਮਹਾਰਾਜਾ ਹੱਥ ਜੋੜੀ ਬਾਹਾਂ ਹਿੱਕ ਤੋਂ ਉਤਾਂਹ ਤੱਕ ਲੈ ਗਿਆ। ਉਸ ਦੀ ਖੁਸ਼ੀ ਹੱਦਾਂ ਬੰਨੇ ਟੱਪ ਗਈ ਸੀ।
”ਮਹਾਰਾਜਾ ਸਾਹਿਬ! ਬੰਦੀ ਸਲਾਮ ਅਰਜ਼ ਕਰਦੀ ਹੈ।” ਉਹ ਹੱਥ ਮੱਥੇ ਨੂੰ ਲਾਉਂਦੀ ਥੋੜਾ ਸਿਰ ਝੁਕਾ ਗਈ ”ਕਰ ਲੇਤੀ ਹੈ ਸ਼ਾਹੀ ਬਹੁਤ ਕੁਝ, ਨਗ਼ਮੇ ਕੀ ਗ਼ੈਰਤ ਕੁਝ ਭੀ ਨਹੀਂ।” ਉਹ ਮੂੰਹ ਪਾੜ ਕੇ ਆਖਣਾ ਚਾਹੁੰਦੀ ਸੀ ਇਸ ਉਸਤਾਦ ਦੀ ਖ਼ਾਤਰ ਹੀਣੀ ਹੋਈ ਆਂ। ਇਕ ਕਾਂ ਇਸ਼ਕ ਦੀ ਠੱਗੀ ਮਾਰ ਕੇ ਹੰਸਣੀ ਨੂੰ ਕਾਇਲ ਕਰ ਲੈ ਆਇਆ। ਤੂੰ ਕੀ ਜਾਣੇ ਘੋਗਨਾਥਾ ਕਿਵੇਂ ਆ ਗਈ।
ਰੂੜੇ ਖਾਂ ਮਨ ਵਿੱਚ ਆਖ ਗਿਆ। ਜੇ ਜ਼ਮਾਨੇ ਦੇ ਧੱਕੇ ਖਾਧੇ ਹੁੰਦੇ, ਇਉਂ ਕਦੇ ਨਾ ਆਖਦੀ, ਨਾ ਹੀ ਸੋਚਦੀ। ਉਹ ਆਪਣੀ ਸ਼ਰਮ ਤੇ ਧੋਖਾਦੇਹੀ ਨਾਲ ਅੱਧਾ ਮਰ ਚੁੱਕਾ ਸੀ। ਤਾਂਗੇ ਤੋਂ ਸਾਰਾ ਸਾਮਾਨ ਲੱਥ ਗਿਆ। ਮਹਾਰਾਜੇ ਨੇ ਅਮਲੀ ਨੂੰ ਸੌ ਦਾ ਨੋਟ ਦੇ ਕੇ ਨਿਹਾਲ ਕਰ ਦਿੱਤਾ। ਸਾਰੇ ਦੀਵਾਨਖਾਨੇ ਆ ਬੈਠੇ। ਬਾਈ ਨੇ ਸਾੜ੍ਹੀ ਦੇ ਪੱਲੇ ਨਾਲ ਆਪਣਾ ਮੂੰਹ ਸਾਫ ਕੀਤਾ। ਸਭ ਨੇ ਸ਼ਰਬਤ ਦੇ ਗਲਾਸ ਫੜ ਲਏ। ਚਪੜਾਸੀ ਬਾਹਰ ਬੈਠਾ ਪੱਖਾ ਖਿੱਚ ਰਿਹਾ ਸੀ। ਮਹਾਰਾਜੇ ਨੇ ਮਹਿਸੂਸ ਕੀਤਾ, ਗੌਹਰ ਜਾਨ ਉਦਾਸ ਹੈ।
”ਬੇਗ਼ਮ ਬਾਈ ਥੱਕੇ ਹੋਵੋਗੇ, ਆਓ ਆਰਾਮ ਕਰ ਲਵੋ। ਉਦਾਸ ਲਗਤੇ ਹੋ?”
”ਆਪ ਠੀਕ ਫ਼ਰਮਾਤੇ ਹੋ।”
”ਯਹਿ ਸਭ ਆਪ ਕਾ ਹੈ।” ਰਾਜੇ ਨੇ ਹੱਥ ਦੇ ਇਸ਼ਾਰੇ ਨਾਲ ਮਹਿਲ ਉਸ ਦੇ ਹਵਾਲੇ ਕਰ ਦਿੱਤਾ। ”ਬੰਦਾ ਵੀ ਆਪ ਕਾ ਹੈ।” ਉਸ ਹਿੱਕ ਨੂੰ ਹੱਥ ਲਾ ਕੇ ਉਦਾਰਤਾ ਵਖਾਈ।
”ਕਹਿਣਾ ਨਹੀਂ ਚਾਹੀਏ ਰਾਜਾ ਸਾਹਿਬ। ਫ਼ਕੀਰੀ ਕੇ ਅਗੇ ਯਹਿ ਕਿਆ ਹੈ।”
ਕਰਾਰੀ ਚੋਟ ਰੂੜੇ ਖਾਂ ਨੂੰ ਖਾ ਗਈ। ਉਹ ਸਹਿਜ ਨਾਲ ਉਠ ਕੇ ਬਾਹਰ ਹੋ ਗਿਆ। ਸਰਦਾਰ ਨੇ ਵੀ ਬਾਈ ਤੇ ਮਹਾਰਾਜੇ ਨੂੰ ਇਕੱਲਿਆਂ ਕਰ ਦਿੱਤਾ।
”ਤੇਰਾ ਸੰਗੀਤ ਮਹਾਨ ਰੂਪ ਖ਼ੁਦਾਈ ਜਲਵਾ, ਤੇਰੀ ਫ਼ਕੀਰੀ ਤੋਂ ਸ਼ਾਹੀ ਕੁਰਬਾਨ। ਤੇਰੇ ਦੀਦਾਰ ਅੱਗੇ ਸਭ ਕੁਝ ਹੀ ਛੋਟਾ ਹੈ।” ਮਹਾਰਾਜੇ ਨੇ ਗੌਹਰ ਜਾਨ ਦਾ ਦਿਲ ਜਿੱਤਣ ਲਈ ਸਿਫਤਾਂ ਦੇ ਪੁਲ੍ਹ ਬੰਨ੍ਹਣੇ ਸ਼ੁਰੂ ਕਰ ਦਿੱਤੇ।
”ਰਾਜਾ ਸਾਹਿਬ! ਸਿਫ਼ਤ ਸਫਾਤ ਛੋੜੀਏ ਮੈਨੇ ਆਪਣੀ ਹਾਰ ਕੋ ਜੀਤ ਸਮਝ ਕਰ ਗਲੇ ਲਗਾ ਲੀਆ ਹੈ।” ਉਹ ਮਨ ਨਾਲ ਸਮਝੌਤਾ ਕਰ ਚੁੱਕੀ ਸੀ। ”ਅਬ ਮੈਂ ਕਹੀ ਜਾਨੇ ਸੇ ਰਹੀ। ਮੇਰੀ ਕਬਰ ਕਪੂਰਥਲੇ ਮੇਂ ਹੀ ਬਣੇਗੀ।”
ਕਪੂਰਥਲੇ ਦਾ ਦਿਲ ਖ਼ੁਸ਼ੀ ਵਿੱਚ ਉਛਲ ਪਿਆ। ਉਸ ਉਠ ਕੇ ਗੌਹਰ ਜਾਨ ਦਾ ਹੱਥ ਫੜ ਲਿਆ। ਗੋਡਾ ਟੇਕ ਕੇ ਬੋਲਿਆ:
”ਮੇਰੇ ਮਹਿਬੂਬ! ਮੇਰੀ ਸ਼ਾਹੀ ਤੇਰੀ ਫ਼ਕੀਰੀ ਨੂੰ ਸਲਾਮ ਕਰਦੀ ਹੈ। ਬਸ ਹੁਣ ਪ੍ਰਵਾਨ ਕਰ ਲੈ।”
”ਸਾਹਿਬ ਜੀ, ਜਬ ਕਹੀਂ ਜਾਨਾ ਹੀ ਨਹੀਂ, ਪਰਵਾਨ ਤੋ ਕਰਨਾ ਹੀ ਪੜੇਗਾ। ਮਗਰ ਏਕ ਬਾਤ, ਮਰਦ ਕੇ ਈਮਾਨ ਸੇ ਸ਼ੈਤਾਨ ਬੜਾ ਹੋਤਾ ਹੈ। ਕਿਸੀ ਨਾ ਕਿਸੀ ਤਰ੍ਹਾਂ ਠੱਗੀ ਮਾਰ ਹੀ ਲੇਤਾ ਹੈ।”
”ਮੇਰੇ ਯਾਰਾ ਸਿੱਧੀ ਉਂਗਲ ਨਾਲ ਘਿਉਂ ਨਹੀਂ ਨਿਕਲਦਾ।” ਉਹ ਏਨੀ ਕਹਿ ਕੇ ਹਲਕਾ ਜਿਹਾ ਹੱਸ ਪਿਆ।
”ਹਾਂ ਬਈ ਨਿਕਾਲੋ, ਜੈਸੇ ਵੀ ਨਿਕਲਤਾ ਹੈ। ਆਪ ਨੇ ਜੈਸੇ ਵੀ ਬੁਲਾਇਆ, ਹਾਜ਼ਰ ਹੋ ਗਏ।” ਗੌਹਰ ਨੇ ਰਾਜੇ ਦਾ ਹੱਥ ਫੜ ਕੇ ਮੱਥੇ ਨੂੰ ਲਾ ਲਿਆ। ”ਖੁਦਾਇਆ, ਜੀਨਾ ਵੀ ਮੁਸ਼ਕਲ, ਮਰਨਾ ਮੁਹਾਲ।”
”ਬੇਗ਼ਮ ਬਾਈ ਹੁਣ ਤਾਂ ਗੁੱਸਾ ਛੱਡ ਦਿਓ। ਮੈਂ ਚਰਨਾਂ ਵਿੱਚ ਆ ਬੈਠਾ ਆਂ। ਗੁੱਸਾ ਰੰਗ ਕਾਲਾ ਕਰ ਦੇਂਦਾ ਹੈ।” ਉਸ ਬਾਈ ਨੂੰ ਹਸਾਉਣਾ ਚਾਹਿਆ।
ਉਹ ਝਟ ਉਠ ਖਲੋਤੀ।
”ਕਾਲਾ ਗੋਰਾ ਅਬ ਆਪ ਕੀ ਅਮਾਨਤ ਹੈ। ਏਕ ਅਰਜ਼, ਆਜ ਮੁਝੇ ਗਾਨੇ ਕੋ ਨਾ ਕਹਿਣਾ।”
”ਨਹੀਂ ਆਖਾਂਗਾ। ਤੂੰ ਆਪਣੀ ਰੂਹ ਤਾਜ਼ੀ ਕਰਕੇ ਗਾਵੇਂਗੀ। ਚਲ ਉਠ, ਹੁਣ ਆਰਾਮ ਕਰ ਲੈ।” ਮਹਾਰਾਜਾ ਗੌਹਰ ਜਾਨ ਨੂੰ ਪਾਸੇ ਲਾ ਕੇ ਮਹਿਮਾਨ ਖਾਨੇ ਲੈ ਲਿਆ।
ਬਾਹਰ ਸਰਦਾਰ ਵਜ਼ੀਰ ਰੂੜੇ ਖਾਂ ਨੂੰ ਥਾਪੀਆਂ ਤੇ ਵਧਾਈਆਂ ਦੇ ਰਿਹਾ ਸੀ।
”ਯਾਰਾ, ਤੈਨੂੰ ਬਹੁਤ ਵੱਡਾ ਇਨਾਮ ਮਿਲਣ ਵਾਲਾ ਹੈ; ਕਮਾਲ ਕਰ ਦਿੱਤੀ।”
”ਖੂਹ ਵਿੱਚ ਸੁੱਟ ਇਨਾਮ ਨੂੰ, ਮੈਨੂੰ ਤਾਂ ਬੇਵਫ਼ਾਈ ਨੇ ਦੇਸ ਨਿਕਾਲਾ ਦੇ ਛੱਡਿਆ ਏ।” ਉਹ ਦੋਸਤ ਦਾ ਹੱਥ ਛੱਡ ਕੇ ਮਹਿਲਾਂ ਤੋਂ ਬਾਹਰ ਹੋ ਗਿਆ। ਹਉਕਾ ਲੈਂਦਿਆਂ ਮਨ ਨੂੰ ਆਖਣ ਲੱਗਾ; ਵਾਹ ਮੇਰੇ ਇਸ਼ਕਾ, ਤੇਰੀਆਂ ਯਾਰੀਆਂ ਵੀ ਮਨਜ਼ੂਰ, ਤੇਰੀਆਂ ਖੁਆਰੀਆਂ ਵੀ ਪਰਵਾਨ। ਰੂੜਿਆ, ਤੂੰ ਇਕ ਸਿਦਕਵਾਨ ਰੂਹ ਕਤਲ ਕੀਤੀ ਐ। ਕਿਆਮਤ ਤੈਨੂੰ ਬਖਸ਼ੇਗੀ ਨਹੀਂ। ਹੋਅ, ਮੇਰਿਆ ਰੱਬਾ ਗੁਨਾਹਗਾਰ ਨੂੰ ਬਖ਼ਸ਼ੀਂ ਨਾ।
ਨੋਟ : ਗੌਹਰ ਜਾਨ ਮਰਨੀਂ ਮਰ ਗਈ, ਉਸ ਕਪੂਰਥਲਾ ਨਹੀਂ ਛੱਡਿਆ। ਇਲਾਹੀ ਜਾਨ ਮਾਂ ਦੇ ਸੁਨੇਹੇ ਆਉਣ ‘ਤੇ ਵੀ ਪਾਕਿਸਤਾਨ ਨਹੀਂ ਗਈ। ਇਕ ਗ਼ੈਰਤ ਰੱਖ ਵਖਾਈ, ਉਸ ਰੂੜੇ ਦੀ ਸੰਗਤ ਲੈ ਕੇ ਮੁੜ ਗਾਇਆ ਨਹੀਂ।
ਜਸਵੰਤ ਸਿੰਘ ਕੰਵਲ