ਜੜਾਂ ਨੂੰ ਹੋਰ ਡੂੰਗਾ ਜਾਣ ਦਿਓ

by admin

ਮਿਲਿਟਰੀ ਅਫਸਰ ਅਤੇ ਬੈੰਕ ਅਫਸਰ ਨੇ ਰਿਟਾਇਰਮੈਂਟ ਮਗਰੋਂ ਨਾਲ ਨਾਲ ਘਰ ਬਣਾ ਲਏ..
ਫੁੱਲ ਬੂਟੇ ਲਾਉਣ ਦਾ ਦੋਹਾਂ ਨੂੰ ਹੀ ਬਹੁਤ ਸ਼ੌਕ ਸੀ..ਪਰ ਰੱਖ ਰਖਾਓ ਦੀਆਂ ਵਿਧੀਆਂ ਦੋਹਾਂ ਦੀਆਂ ਵੱਖੋ ਵੱਖ..
ਮਿਲਿਟਰੀ ਅਫਸਰ ਬੂਟਿਆਂ ਨੂੰ ਥੋੜਾ ਜਿਹਾ ਪਾਣੀ ਪਾਇਆ ਕਰਦਾ ਤੇ ਬੈੰਕ ਵਾਲਾ ਹਮੇਸ਼ਾਂ ਹੀ ਹੱਦੋਂ ਵੱਧ ਖਾਦ ਪਾਣੀ ਲਾਈ ਰੱਖਦਾ!
ਇੱਕ ਰਾਤ ਭਾਰੀ ਮੀਂਹ ਹਨੇਰੀ ਤੇ ਝੱਖੜ ਝੁੱਲਣ ਲੱਗਾ..
ਸੁਵੇਰੇ ਮਿਲਿਟਰੀ ਵਾਲੇ ਅੰਕਲ ਦੇ ਲਾਏ ਬੂਟੇ ਓਦਾਂ ਹੀ ਖੜੇ ਸਨ ਤੇ ਦੂਜੇ ਬੂਟੇ ਜੜੋਂ ਉਖੜ ਦੂਰ ਜਾ ਚੁਕੇ ਸਨ!
ਬੈੰਕ ਵਾਲਾ ਅੰਕਲ ਹੈਰਾਨ ਪ੍ਰੇਸ਼ਾਨ ਹੋਇਆ ਫੌਜੀ ਨੂੰ ਆਖਣ ਲੱਗਾ..ਦੋਸਤਾ ਮੇਰੀ ਖਾਦ..ਪਾਣੀ ਅਤੇ ਰੱਖ ਰਖਾਵ ਤੇਰੇ ਨਾਲੋਂ ਕਿਤੇ ਵਧੀਆ ਪਰ ਬੂਟੇ ਮੇਰੇ ਉਖੜ ਗਏ..ਇਹ ਕਿਦਾਂ ਹੋ ਗਿਆ?
ਮਿਲਿਟਰੀ ਵਾਲੇ ਅੰਕਲ ਆਖਣ ਲੱਗੇ ਕੇ ਮਿਸਟਰ ਮੈਂ ਬੂਟਿਆਂ ਨੂੰ ਓਨਾ ਕੂ ਪਾਣੀ ਹੀ ਪਾਇਆ ਕਰਦਾ ਸੀ ਕੇ ਜਿੰਨਾ ਓਹਨਾ ਦੀ ਮੁਢਲੀ ਲੋੜ ਹੀ ਪੂਰੀ ਕਰ ਸਕਦਾ..ਬਾਕੀ ਦੀਆਂ ਲੋੜਾਂ ਅਤੇ ਹੋਰ ਪਾਣੀ ਲਈ ਓਹਨਾ ਦੀਆਂ ਜੜਾਂ ਨੂੰ ਹੋਰ ਡੂੰਗਾ ਜਾਣ ਲਈ ਮਜਬੂਰ ਹੋਣਾ ਪਿਆ ਤੇ ਉਹਨਾ ਦੀ ਪਕੜ ਮਜਬੂਤ ਹੁੰਦੀ ਗਈ..
ਤੇਰੇ ਬੂਟਿਆਂ ਦੀਆਂ ਜੜਾਂ ਨੂੰ ਸਭ ਕੁਝ ਬਿਨਾ ਕੁਝ ਕੀਤੀਆਂ ਹੀ ਮਿਲੀ ਗਿਆ ਤੇ ਓਹਨਾ ਨੂੰ ਹੋਰ ਡੂੰਗਾ ਜਾਣ ਦੀ ਲੋੜ ਹੀ ਮਹਿਸੂਸ ਹੀ ਨਹੀਂ ਹੋਈ ਤੇ ਤੂਫ਼ਾਨ ਦੇ ਪਹਿਲੇ ਹੱਲੇ ਵਿਚ ਹੀ ਧਰਤੀ ਤੇ ਵਿੱਛ ਗਏ..

ਦੋਸਤੋ ਇਹ ਕਹਾਣੀ ਜ਼ਿਹਨ ਵਿਚ ਓਦੋਂ ਆਈ ਜਦੋ ਇੱਕ ਐਸੇ ਇਨਸਾਨ ਦੇ ਦਰਸ਼ਨ ਮੇਲੇ ਹੋਏ ਜਿਸਦੀ ਜਿੰਦਗੀ ਪੰਜਾਬ ਵਿਚ ਬੇਹੱਦ ਸੰਘਰਸ਼ਮਈ ਸੀ ਤੇ ਜਦੋਂ ਉਹ ਕਨੇਡਾ ਪਹੁੰਚਿਆਂ ਤੇ ਓਦੋਂ ਵੀ ਉਸ ਦੀ ਮੰਜਿਲ-ਏ-ਮਕਸੂਦ ਨੂੰ ਜਾਂਦਾ ਪੈਂਡਾ ਕੋਈ ਏਡਾ ਸੌਖਾ ਨਹੀ ਸੀ..
ਪਰ ਅਗਲੇ ਦੀ ਹਿੰਮਤ ਦੀ ਦਾਤ ਦੇਣੀ ਬਣਦੀ ਏ..ਨਿੱਕੇ ਨਿੱਕੇ ਨਿਆਣਿਆਂ ਦੀ ਦੇਖ ਭਾਲ ਅਤੇ ਹੋਰ ਕਬੀਲਦਾਰੀਆਂ ਦਾ ਬੋਝ ਚੁੱਕਦਾ ਹੋਇਆ ਤਿੰਨ ਨੌਕਰੀਆਂ ਵੀ ਕਰਿਆ ਕਰਦਾ ਸੀ..! ਹਿੰਮਤ ਨਹੀਂ ਹਾਰਿਆ ਤੇ ਅੱਜ ਆਪਣੀ ਜਿੰਦਗੀ ਦੀ ਗੱਡੀ ਵੀ ਲਾਈਨ ਤੇ ਹੈ ਤੇ ਅੱਗੋਂ ਬੱਚੇ ਵੀ ਪੂਰੀ ਤਰਾਂ ਸੈੱਟ..!

ਮੁੱਕਦੀ ਗੱਲ ਇਹ ਹੈ ਕੇ ਆਪਣੇ ਵੇਹੜੇ ਉੱਗਦੇ ਫੁਲ ਬੂਟਿਆਂ ਨੂੰ ਸਿਰਫ ਏਨਾ ਕੂ ਪਾਣੀ ਹੀ ਦਿਓ ਕੇ ਓਹਨਾ ਵਿਚ ਸੰਘਰਸ਼ ਵਾਲਾ ਜਜਬਾ ਜਿਉਂਦਾ ਰਹਿ ਸਕੇ..ਬਾਕੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਹ ਖੁਦ ਦੀਆਂ ਜੜਾਂ ਆਪਣੇ ਆਪ ਹੀ ਏਨੀਆਂ ਡੂੰਗੀਆਂ ਕਰ ਲੈਣਗੇ ਕੇ ਦੁਨੀਆ ਦੀ ਕੋਈ ਹਨੇਰੀ ਮੀਂਹ ਅਤੇ ਝੱਖੜ ਓਹਨਾ ਦੇ ਤਣੇ ਨੂੰ ਜੜੋਂ ਨਹੀਂ ਪੁੱਟ ਸਕਦਾ!

ਇੱਕ ਜਾਣਕਾਰ ਅਕਸਰ ਹੀ ਆਖਿਆ ਕਰਦੇ ਸਨ ਕੇ ਜੇ ਚਾਹੁੰਦੇ ਹੋ ਕੇ ਅਗਲੀ ਪੀੜੀ ਲੀਹੋਂ ਹੇਠਾਂ ਨਾ ਉੱਤਰੇ ਤਾਂ ਓਹਨਾ ਨੂੰ ਕਦੀ ਇਸ ਚੀਜ ਦਾ ਇਹਸਾਸ ਨਾ ਹੋਣ ਦਿਓ ਕੇ ਤੁਹਾਡੇ ਬਟੂਏ ਅਤੇ ਅਕਾਊਂਟ ਵਿਚ ਕਿੰਨੇ ਨੋਟ ਹਨ ਸਗੋਂ ਹੋ ਸਕੇ ਤਾਂ ਇਹ ਗੱਲ ਦੱਸੋ ਕੇ ਕੰਮਾਂ-ਕਾਰਾਂ ਤੇ ਮਸ਼ੀਨਰੀ ਨਾਲ ਸੰਘਰਸ਼ ਕਰਦਿਆਂ ਤੁਹਾਡੇ ਨਹੁੰਆਂ ਵਿਚ ਮਿੱਟੀ ਕਿੰਨੀ ਕੂ ਫਸਦੀ ਏ!

Unknown

You may also like