ਹਰ ਬੰਦਾ ਸਿਰਫ ਰਾਖੀ ਹੀ ਕਰਦਾ ਰਹਿੰਦਾ ਏ

by admin

ਚਿਰਾਂ ਮਗਰੋਂ ਸੋਸਾਇਟੀ ਵੱਲ ਗਏ ਨੇ ਕੋਠੀ ਅੰਦਰ ਝਾਤੀ ਮਾਰੀ..
ਅੰਦਰ ਕਿੰਨੇ ਸਾਰੇ ਨਿਆਣੇ ਖੇਡ ਰਹੇ ਸਨ..ਪਰ ਮਾਤਾ ਜੀ ਕਿਧਰੇ ਵੀ ਨਾ ਦਿੱਸੀ..
ਰਾਮੂ ਨੇ ਮਗਰੋਂ ਦੱਸਿਆ ਕੇ ਮਾਤਾ ਜੀ ਨੂੰ ਚੜਾਈ ਕੀਤਿਆਂ ਤਾਂ ਚਾਰ ਮਹੀਨੇ ਹੋ ਗਏ ਸਨ..ਹੁਣ ਮੇਰਾ ਟੱਬਰ ਇਸ ਕੋਠੀ ਵਿਚ ਰਹਿੰਦਾ..!ਸੁਰਤ ਅਤੀਤ ਵੱਲ ਪਰਤ ਗਈ..ਉਹ ਅਕਸਰ ਆਖਿਆ ਕਰਦੀ..ਵੇ ਪੁੱਤਰ ਬਾਹਰ ਇਸ ਲਈ ਨਹੀਂ ਜਾਂਦੀ ਕੇ ਕੋਈ ਖਾਲੀ ਵੇਖ ਕਬਜਾ ਹੀ ਨਾ ਕਰ ਲਵੇ..
ਪੁੱਤ ਬਾਹਰੋਂ ਇਸ ਲਈ ਨਹੀਂ ਆਉਂਦਾ ਕੇ ਓਥੋਂ ਵਾਲੇ ਤੇ ਬੈੰਕ ਕਬਜਾ ਨਾ ਕਰ ਲਵੇ!ਰਾਮੂ ਦੱਸਣ ਲੱਗਾ ਕੇ ਨਿੱਕਾ ਸਾਬ ਜੀ ਸੰਸਕਾਰ ਮਗਰੋਂ ਕੁਝ ਦਿਨ ਇਥੇ ਰਹਿ ਕੇ ਵਾਪਿਸ ਚਲਾ ਗਿਆ ਸੀ..!ਜਾਣ ਲੱਗਾ ਆਖ ਗਿਆ ਕੇ ਰਾਮੂ ਹੁਣ ਤੂੰ ਹੀ ਇਥੇ ਰਹੀ ਜਾ..ਓਨੀ ਦੇਰ ਤੱਕ ਜਿੰਨੀ ਦੇਰ ਤੱਕ ਮੈਂ ਰਿਟਾਇਰ ਹੋ ਕੇ ਵਾਪਿਸ ਨਹੀਂ ਪਰਤ ਆਉਂਦਾ..
ਪਰ ਮੈਨੂੰ ਪੱਕਾ ਪਤਾ ਇੱਕ ਵੇਰ ਬਾਹਰ ਗਏ ਵਾਪਿਸ ਕਿਥੇ ਪਰਤਦੇ ਨੇ..!ਲੋਕ ਨਿੱਕੇ ਸਾਬ ਜੀ ਨੂੰ ਬੜਾ ਡਰਾਉਂਦੇ ਸਨ..ਅਖ਼ੇ ਰਾਮੂੰ ਨੇ ਪੱਕਾ ਕਬਜਾ ਕਰ ਲੈਣਾ..
ਪਰ ਮੈਂ ਆਖਿਆ ਫਿਕਰ ਨਾ ਕਰ ਸਾਬ ਜੀ..ਮੈਂ ਕਿਹੜਾ ਕੋਠੀ ਸਿਰ ਤੇ ਚੁੱਕ ਕੇ ਲੈ ਜਾਣੀ..ਮੈਂ ਤੇ ਸਿਰਫ ਇਸਦੀ ਰਾਖੀ ਹੀ ਕਰਨੀ ਏ!ਵਾਪਿਸ ਪਰਤਦਿਆਂ ਰਾਮੂੰ ਦੇ ਆਖੇ ਬੋਲ ਮੇਰੇ ਕੰਨਾਂ ਵਿਚ ਗੂੰਝ ਰਹੇ ਸਨ..”ਮੈਂ ਤੇ ਸਿਰਫ ਰਾਖੀ ਹੀ ਕਰਨੀ ਏ”

ਖਿਆਲ ਆਇਆ ਕੇ ਇਸ ਦੁਨੀਆ ਵਿਚ ਰਾਮੂੰ ਹੀ ਨਹੀਂ ਸਗੋਂ ਹਰ ਬੰਦਾ ਸਿਰਫ ਰਾਖੀ ਹੀ ਕਰਦਾ ਰਹਿੰਦਾ ਏ..ਕੋਠੀਆਂ ਕਾਰਾਂ ਕਿੱਲਿਆਂ ਜਮੀਨ ਜਾਇਦਾਤਾਂ ਦੀ..ਮਨ ਨੂੰ ਹਰ ਵੇਲੇ ਇਹ ਝੂਠੀ ਤਸੱਲੀ ਦਿੰਦਾ ਹੋਇਆ ਕੇ ਮੈਂ ਹੀ ਇਸਦਾ ਮਾਲਕ ਹਾਂ..!ਫੇਰ ਇੱਕ ਦਿਨ ਇਸੇ ਤਰਾਂ ਚੋਂਕੀਦਾਰੀ ਕਰਦਾ ਹੋਇਆ ਚੁੱਪ ਚੁਪੀਤੇ ਜਹਾਨ ਵਿਚੋਂ ਕੂਚ ਕਰ ਜਾਂਦਾ ਏ..ਜੇ ਸਚੀ ਮੁਚੀ ਮਾਲਕ ਹੋਵੇ ਤਾਂ ਸਭ ਕੁਝ ਨਾਲ ਕਿਓਂ ਨਾ ਲੈ ਜਾਵੇ..!ਬਸ ਫੜਾਂ ਮਾਰਦੇ ਹੋਏ ਦੇ ਸਾਹ ਪੂਰੇ ਹੋ ਜਾਂਦੇ..ਮਗਰੋਂ ਕਚਹਿਰੀਆਂ ਵਕੀਲਾਂ ਦੀਆਂ ਫਾਈਲਾਂ ਵਿਚ ਦਸਤਖਤਾਂ ਦੀ ਸੁਨਾਮੀ ਆ ਜਾਂਦੀ ਤੇ ਫਰਦਾਂ ਵਿਚ ਨਾਮ ਬਦਲ ਦਿੱਤੇ ਜਾਂਦੇ..ਬਾਹਰ ਲੱਗੀਆਂ ਨੇਮ ਪਲੇਟਾਂ ਤੇ ਸਿੱਧੂ ਦੀ ਥਾਂ ਰੰਧਾਵਾ ਲਿਖ ਲਿਆ ਜਾਂਦਾ..!ਪੂਰਾਣੀ ਕਹਾਵਤ ਏ..ਮੂਰਖ ਮਕਾਨ ਬਣਾਉਂਦਾ ਏ ਤੇ ਬੁੱਧੀਮਾਨ ਇਸ ਵਿਚ ਰਹਿੰਦਾ ਏ..!

ਦੋਸਤੋ ਆਓ ਵੱਡੇ ਮਕਾਨ ਦੀ ਮਲਕੀਅਤ ਦੀ ਫੜ ਮਾਰਨ ਨਾਲੋਂ ਇਸ ਵਿਚ ਰਹਿਣਾ ਸਿਖੀਏ..!ਇੱਕ ਨੇੜੇ ਦੀ ਰਿਸ਼ਤੇਦਾਰ..ਪੰਜਾਬ ਅੱਠਾਂ ਕਮਰਿਆਂ ਵਾਲੀ ਕੋਠੀ ਬਣਾਈ..
ਕੁਲ ਜਹਾਨ ਬੜੀ ਫੜ ਵੱਜੀ..ਏਨੇ ਕਮਰੇ ਤਾਂ ਸਿਰਫ ਨੌਕਰਾਂ ਦੇ ਹੀ ਨੇ..ਫਰਨੀਚਰ ਸ਼ਿਮਲੇ ਦਾ..ਕ੍ਰੋਕਰੀ ਸਿੰਗਾਪੁਰ ਦੀ..ਪੇਂਟਿੰਗ ਇਟਲੀ ਦੀ..ਮਾਰਬਲ ਰਾਜਿਸਥਾਨ ਤੋਂ..ਸੀਮੇਂਟ ਕਰਨਾਟਕ ਤੋਂ!

ਅੱਜ ਪੂਰੀ ਦੀ ਪੂਰੀ ਖਾਲੀ ਪਈ ਏ..ਅੱਗੜ-ਪਿੱਛੜ ਸਭ ਤੁਰ ਗਏ..ਮਹਲ ਨਿਸੱਖਣ ਰਹਿ ਗਏ..ਵਾਸਾ ਆਇਆ ਤਲ!ਦੱਸਦੇ ਰਾਤ ਨੂੰ ਦੂਰ ਜੰਗਲ ਦੀ ਝੋਪੜੀ ਵਿਚ ਅਜੇ ਉਸ ਨੇ ਦੀਵਾ ਬੁਝਾਇਆ ਹੀ ਸੀ ਕੇ ਚਮਕਦੇ ਚੰਨ ਦੀ ਚਾਨਣੀ ਦੀਆਂ ਸੈਂਕੜੇ ਕਿਰਨਾਂ ਅੰਦਰ ਆ ਵੜੀਆਂ ਤੇ ਝੋਪੜੀ ਦਾ ਹਰ ਕੋਨਾ ਰੁਸ਼ਨਾ ਉਠਿਆ..ਹੈਰਾਨ ਹੋਇਆ ਕੇ ਇੱਕ ਨਿੱਕੇ ਜਿਹੇ ਦੀਵੇ ਨੇ ਕਿੰਨੀ ਦੇਰ ਦਾ ਏਨਾ ਸਾਰਾ ਚਾਨਣ ਬਾਹਰ ਹੀ ਡੱਕ ਕੇ ਰਖਿਆ ਹੋਇਆ ਸੀ..!ਹਰ ਇਨਸਾਨ ਦੇ ਅੰਦਰ ਵੀ ਇੱਕ ਦੀਵਾ ਜਗਦਾ ਏ..
ਸਭ ਤੋਂ ਵੱਧ ਅਮੀਰ ਹੋਣ ਦਾ..ਵੱਡੇ ਘਰ ਦੀ ਮਲਕੀਅਤ ਦਾ..ਮੋਟੀ ਸਾਰੀ ਤਨਖਾਹ ਅਤੇ ਉਚੇ ਰੁਤਬੇ ਦਾ..ਸਭ ਤੋਂ ਖੂਬਸੂਰਤ ਹੋਣ ਦਾ..ਹਜਾਰਾਂ ਏਕੜ ਜਮੀਨ ਦੀ ਰਜਿਸਟਰੀ ਦਾ..ਸਾਰੇ ਜਹਾਨ ਤੋਂ ਤਾਕਤ ਵਰ ਹੋਣ ਦਾ..!ਮਨ ਨੂੰ ਤਕੜਾ ਕਰ ਇਸ ਵਕਤੀ ਹੰਕਾਰ ਦਾ ਦੀਵਾ ਜਰਾ ਬੁਝਾ ਕੇ ਤਾਂ ਵੇਖੋ..
ਰੱਬੀ ਰਹਿਮਤਾਂ ਦੇ ਅਨੇਕਾਂ ਸਮੁੰਦਰ ਤੁਹਾਡੇ ਵਜੂਦ ਅੰਦਰ ਕਿੱਦਾਂ ਠਾਠਾਂ ਮਾਰਨ ਲੱਗਣਗੇ..ਤੁਹਾਨੂੰ ਖੁਦ ਨੂੰ ਵੀ ਇਤਬਾਰ ਨਹੀਂ ਹੋਵੇਗਾ!

ਹਰਪ੍ਰੀਤ ਸਿੰਘ ਜਵੰਦਾ

You may also like