ਜਦ ਟਾਲਸਟਾਏ (ਮਸ਼ਹੂਰ ਰੂਸੀ ਸਾਹਿਤਕਾਰ, ਜੰਗ ਤੇ ਅਮਨ, ਅੰਨਾ ਕੈਰੇਨਿਨਾ, ਮੋਇਆਂ ਦੀ ਜਾਗ ਵਰਗੇ ਸ਼ਾਹਕਾਰ ਨਾਵਲਾਂ ਦਾ ਰਚੇਤਾ) 15 ਸਾਲ ਦਾ ਹੋਇਆ ਤਾਂ ਇੱਕ ਦਿਨ ਉਸਦੇ ਪਿਤਾ ਨੇ ਉਸਨੂੰ ਆਪਣੇ ਕਮਰੇ ਵਿੱਚ ਸੱਦ ਕੇ ਕਿਹਾ, “ਹੁਣ ਤੂੰ ਬਾਲਗ ਹੋ ਗਿਆ ਹੈਂ, ਅੱਜ ਤੋਂ ਆਪਾਂ ਦੋਵੇਂ ਦੋਸਤ ਹਾਂ, ਤੂੰ ਆਪਣੀ ਮਰਜ਼ੀ ਨਾਲ਼ ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਲਈ ਅਜ਼ਾਦ ਹੈਂ, ਤੂੰ ਜੋ ਕਰਨਾ ਏ ਕਰ, ਜੋ ਬਣਨਾ ਏ ਬਣ, ਮੈਂ ਕਦੇ ਤੇਰੀ ਨਿੱਜੀ ਜ਼ਿੰਦਗੀ ਵਿੱਚ ਦਖਲ ਨਹੀਂ ਦੇਵਾਂਗਾ, ਹਾਂ ਜੇਕਰ ਦੋਸਤਾਨਾ ਸਲਾਹ ਦੀ ਲੋੜ ਸਮਝੇਂ ਤਾਂ ਮੈਂ ਦੇ ਦੇਵਾਂਗਾ।”
ਇਹ ਗੱਲ ਲਗਪਗ 1843 ਦੇ ਆਸ-ਪਾਸ ਦੀ ਹੈ। ਪਰ ਜੇਕਰ ਸਾਡੇ ਸਮਾਜ ਦੀ ਗੱਲ ਕਰੀਏ ਤਾਂ ਇੱਥੇ ਆਧੁਨਿਕਤਾ ਦੇ ਇਸ ਸਮੇਂ ’ਚ ਵੀ ਪਿੱਤਰਸੱਤਾ ਦਾ ਭਿਅੰਕਰ ਦਾਬਾ ਬਣਿਆ ਹੋਇਆ ਹੈ, ਜਿਸਦੀ ਇੱਕ ਪ੍ਰਮੁੱਖ ਮਿਸਾਲ ਇਹ ਹੈ ਕਿ ਸਾਡੇ ਦੇਸ਼ ’ਚ 18 ਸਾਲ ਦੇ ਨੌਜਵਾਨ (ਮੁੰਡਾ ਜਾਂ ਕੁੜੀ) ਨੂੂੰ ਮੁੱਖ-ਮੰਤਰੀ ਜਾਂ ਪ੍ਰਧਾਨ ਮੰਤਰੀ ਚੁਣਨ ਦਾ ਤਾਂ ਹੱਕ ਹੈ ਪਰ ਜੇਕਰ ਉਸਨੇ ਆਪਣਾ ਜੀਵਨ ਸਾਥੀ ਚੁਣਨਾ ਹੋਵੇ ਤਾਂ ਇਹ ਗੱਲ ਇੱਕ ਬੇਹੱਦ ਭੱਦੇ ਸੌਦੇ ਦੇ ਰੂਪ ਵਜੋਂ ਉਸਦੇ ਮਾਤਾ-ਪਿਤਾ ਤੈਅ ਕਰਦੇ ਹਨ ਜਿੱਥੇ ਨੌਜਵਾਨਾਂ ਦੀਆਂ ਸਧਰਾਂ, ਆਸਾਂ ਨੂੰ ਪੈਸੇ ਦੀ ਤੱਕੜੀ ਤੋਲਿਆ ਜਾਂਦਾ ਹੈ। ਇਸ ਤੋਂ ਬਿਨਾਂ ਨਿੱਕੇ-ਨਿੱਕੇ ਫੈਸਲੇ ਜਿਵੇਂ ਪੜ੍ਹਾਈ ’ਚ ਵਿਸ਼ਿਆਂ ਦੀ ਚੋਣ, ਰਹਿਣ-ਸਹਿਣ ਦਾ ਢੰਗ, ਕਿਸ ਪੰਥ ਨੂੰ ਮੰਨਣਾ ਜਾਂ ਕਿਸਨੂੰ ਨਹੀਂ ਮੰਨਣਾ, ਕੀ ਪੜ੍ਹਣਾ ਤੇ ਕੀ ਨਹੀਂ, ਕਿੱਥੇ ਜਾਣਾ ਤੇ ਕਿੱਥੇ ਨਹੀਂ, ਇੱਥੋਂ ਤੱਕ ਕਿ ਵਾਲਾਂ ਦੀ ਕਟਿੰਗ ਕਿਵੇਂ ਕਰਵਾਉਂਣੀ ਏ, ਕਰਵਾਉਣੀ ਏ ਜਾਂ ਨਹੀਂ ਆਦਿ ਹਰ ਗੱਲ ’ਚ ਨੌਜਵਾਨਾਂ ਨੂੰ ਵੱਡਿਆਂ ਦੀ “ਸਲਾਹ” ਅਨੁਸਾਰ ਚੱਲਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਸਾਡੇ ਸਮਾਜ ’ਚ ਪਿੱਤਰਸੱਤਾਤਮਕ ਕਦਰਾਂ ਇਸ ਕਦਰ ਡੂੰਘੀਆਂ ਧਸੀਆਂ ਹੋਈਆਂ ਹਨ ਜਿਹਨਾਂ ਦੇ ਪ੍ਰਗਟਾਵੇ ਕਈ ਵਾਰ ਸਿੱਧੇ-ਸਿੱਧੇ ਅਤੇ ਕਈ ਵਾਰ ਬਹੁਤ ਬਰੀਕੀ ’ਚ ਹੁੰਦੇ ਹਨ।
ਇਸੇ ਕਰਕੇ ਸਾਡੇ ਨੌਜਵਾਨਾਂ ਦਾ ਚੰਗਾ ਸਰੀਰਕ ਤੇ ਮਾਨਸਿਕ ਵਿਕਾਸ ਨਹੀਂ ਹੋ ਪਾਉਂਦਾ। ਉਹ ਅਜ਼ਾਦੀ ਨਾਲ਼ ਬੇਖ਼ੌਫ਼ੳਮਪ; ਹੋ ਕੇ ਫੈਸਲੇ ਨਹੀਂ ਲੈ ਪਾਉਂਦੇ। ਹਰ ਗੱਲ ਲਈ ਵੱਡਿਆਂ ਤੋਂ ਆਸ ਰੱਖਦੇ ਹਨ। ਸਾਡੇ ਨੌਜਵਾਨਾਂ ਦਾ ਵਿਅਕਤੀਤਵ ਬੌਣਾ ਹੈ। ਪਿੱਤਰਸੱਤਾ ਦੇ ਇਸ ਦਾਬਾ ਵਿਰੁੱਧ ਵੀ ਲੜਾਈ ਅੱਜ ਦੇ ਨੌਜਵਾਨਾਂ ਤੋਂ ਸਾਹਸ ਦੀ ਮੰਗ ਕਰਦੀ ਹੈ। ਪਰ ਸਾਡਾ ਮਤਲਬ ਇਹ ਨਹੀਂ ਕਿ ਵੱਡਿਆਂ ਨੂੰ ਬੇਇੱਜ਼ਤ ਕਰਨਾ ਚਾਹੀਦਾ ਹੈ। ਸਾਡਾ ਕੇਵਲ ਇੰਨਾ ਭਾਵ ਹੈ ਕਿ ਹਰ ਇਨਸਾਨ ਨੂੰ ਇੰਨਾ ਕੁ ਤਾਂ ਜਮਹੂਰੀ ਹੱਕ ਜਰੂਰ ਮਿਲਣਾ ਚਾਹੀਦਾ ਹੈ ਕਿ ਉਹ ਆਪਣੀ ਸ਼ਖ਼ਸ਼ੀਅਤ ਦਾ ਅਜ਼ਾਦਾਨਾ ਵਿਕਾਸ ਕਰ ਸਕੇ। ਜਮਹੂਰੀਅਤ ਦਾ ਤਕਾਤਜ਼ਾ ਹੈ ਕਿ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਆਪਣੇ ਵਿਚਾਰਾਂ ਦੇ ਹਿਸਾਬ ਨਾਲ਼ ਜਿਉਣੀ ਚਾਹੀਦੀ ਹੈ, ਉਸ ’ਚ ਕਿਸ ਦੂਜੇ ਦੁਆਰਾ ਘੁਸਪੈਠ ਕਰਨੀ ਗ਼ੈਰ-ਜਮਹੂਰੀ, ਪਿੱਤਰਸੱਤਾਤਮਕ ਤੇ ਜਗੀਰੂ ਯੁੱਗ ਦੀ ਰਹਿੰਦ-ਖੂੰਹਦ ਦੇ ਗਲੇ-ਸੜੇ ਪ੍ਰਗਟਾਵੇ ਹਨ।