ਸੀਰਤ ਨੇ ਚਾਈਂ ਚਾਈਂ ਆਪਣੀ ਪਲੇਠੀ ਕਿਤਾਬ ਆਪਣੇ ਸਹੁਰਾ ਸਾਬ ਜੋਕਿ ਇੱਕ ਰਿਟਾਇਰਡ ਸਰਕਾਰੀ ਅਫਸਰ ਸਨ, ਸਰਦਾਰ ਮਹਿੰਦਰ ਸਿੰਘ ਨੂੰ ਫੜਾਉਂਦਿਆਂ ਆਖਿਆ
“ਦੇਖੋ ਪਾਪਾ ਮੇਰੀ ਕਿਤਾਬ ਛਪ ਕੇ ਆ ਗਈ ਹੈ”।
ਸੀਰਤ ਦੇ ਹੱਥੋਂ ਕਿਤਾਬ ਫੜਕੇ ਉਸਦੇ ਸਿਰ ਤੇ ਹੱਥ ਰੱਖਦਿਆਂ ਬੋਲਿਆ
“ਮੈਂਨੂੰ ਤੇਰੇ ਤੇ ਮਾਣ ਐ ਧੀਏ ਤੂੰ ਸਾਡੇ ਖਾਨਦਾਨ ਦੇ ਨਾਂ ਨੂੰ ਚਾਰ ਚੰਨ ਲਾਏ ਨੇ;ਮੈਂ ਹੁਣ ਔਰਤ ਦਿਵਸ ਸੰਬੰਧੀ ਹੋ ਰਹੇ ਸਮਾਗਮ ਤੇ ਚੱਲਿਆ ਹਾਂ,ਫੁਰਸਤ ਚ ਜ਼ਰੂਰ ਪੜਾਂਗਾਂ”।
ਜਿਵੇਂ ਈ ਕਿਤਾਬ ਬੰਦ ਕਰ ਕੇ ਸੀਰਤ ਨੂੰ ਫੜਾਉਣ ਲੱਗਦਾ ਹੈ ਉਸਦੀ ਨਜ਼ਰ ਕਵਰ ਪੇਜ਼ ਤੇ ਸੀਰਤ ਦੇ ਨਾਂ ਲਿਖੇ ੳਸਦੇ ਪੇਕਿਆਂ ਦੇ ਗੋਤ ਤੇ ਪੈਂਦੀ ਹੈ…”ਆਹ ਕੀ?ਹੁਣ ਤੁਹਾਨੂੰ ਆਪਣਾ ਸਹੁਰਿਆਂ ਵਾਲਾ ਸਰਨੇਮ ਲਿਖਣਾ ਚਾਹੀਦਾ ਹੈ ਬੇਟਾ ਜੀ,ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗ ਸਕੇ”।
“ਨਹੀਂ ਪਾਪਾ ਜੀ,ਮੈਨੂੰ ਜੋ ਵੀ ਸਿੱਖਿਆ ਜਾਂ ਗਿਆਨ ਮਿਲਿਆ ਹੈ ਉਹ ਮੇਰੇ ਫਾਦਰ ਸਾਬ ਦੀ ਬਦੌਲਤ ਹੀ ਮਿਲਿਆ ਹੈ,ਹੁਣ ਮੇਰਾ ਵੀ ਇਹ ਫਰਜ਼ ਬਣਦਾ ਹੈ ਕਿ ਮੈਂ ਉਹਨਾਂ ਦੇ ਨਾਮ ਨੂੰ ਅੱਗੇ ਲੈਕੇ ਜਾਵਾਂ …ਨਾਲੇ ਐਡੀ ਕਿਹੜੀ ਗੱਲ ਹੈ,ਮੈਂ ਇਹ ਨਹੀਂ ਕਰ ਸਕਦੀ, ਸੌਰੀ”।
ਸੀਰਤ ਦਾ ਜਵਾਬ ਸੁਣ ਮਹਿੰਦਰ ਸਿੰਘ ਨਿਰਉੱਤਰ ਹੋ ਗਿਆ।
ਹਰਿੰਦਰ ਕੌਰ ਸਿੱਧੂੂ
Harinder Kaur Sidhu