ਗਿਰਝ

by admin

ਚੈਨਲ ਦੇ ਦਫਤਰ ਵਿੱਚ ਬਾਸ ਪੱਤਰਕਾਰਾਂ ਉਪਰ ਗਰਜ ਰਿਹਾ ਸੀ ,”ਚੈਨਲ ਦੀ ਟੀ ਆਰ ਪੀ ਲਗਾਤਾਰ ਹੇਠਾਂ ਜਾ ਰਹੀ ਹੈ ।ਤੁਸੀਂ ਕੀ ਕਰ ਰਹੇ ਹੋ ਕੋਈ ਵੀ ਸਨਸਨੀਖੇਜ਼ ਖ਼ਬਰ ਹਾਲੇ ਤੱਕ ਨਹੀਂ ਆਈ।” ਇਸ ਤੇ ਚੀਫ ਰਿਪੋਰਟਰ ਬੋਲਿਆ,” ਸਰ ਵੋਟਾਂ ਖਤਮ ਹੋ ਗਈਆਂ ,ਲੋਕਾਂ ਨੂੰ ਹੁਣ ਵੋਟਾਂ ਵਰਗਾ ਸੁਆਦ ਕਿੱਥੋਂ ਲਿਆ ਕੇ ਦੇਈਏ।”ਸਾਰਿਆ ਨੇ ਸਿਰ ਹਿੱਲਾ ਕੇ ਹਾਮੀ ਭਰੀ।ਦੂਜੇ ਪੱਤਰਕਾਰ ਨੇ ਨਾਲ ਗੱਲ ਜੋੜੀ,” ਹੁਣ ਤਾਂ ਖਬਰਾਂ ਬੱਸ ਇਹੀ ਹੈ ਕਿ ਕਾਰ ਗੱਡੇ ਵਿੱਚ ਵੱਜੀ,ਢੱਠਾ ਖੂਹ ਵਿੱਚ ਡਿੱਗ ਪਿਆ ।”
ਬਾਸ ਉਹਨਾਂ ਦੀਆਂ ਗੱਲਾਂ ਤੋ ਜਿਆਦਾ ਪ੍ਰਭਾਵਿਤ ਨਜਰ ਨਹੀਂ ਆ ਰਿਹਾ ਸੀ।ਉਹ ਨਾਖੁਸ਼ੀ ਨਾਲ ਬੋਲਿਆ,”ਲੋਕਾਂ ਨੂੰ ਸਨਸਨੀ ਵਾਲੀਆਂ ਖ਼ਬਰਾਂ ਚਾਹੀਦੀਆ ਹਨ,ਕਿਸੇ ਨੇਤਾ ਦਾ ਸੈਕਸ ਸਕੈਂਡਲ ਲੈ ਕੇ ਆਓ ,ਕੋਈ ਦਲਾਲੀ ਦੀ ਖ਼ਬਰ ਲੈ ਆਓ ,ਕੋਈ ਫੜਕਦੀ ਖ਼ਬਰ ਹੋਵੇ ਜੀਹਦੇ ਨਾਲ ਲੋਕਾਂ ਦੇ ਲੂੰ ਕੰਡੇ ਖੜ੍ਹੇ ਹੋ ਜਾਣ, ਮੈਨੂੰ ਦਾ ਬੱਸ ਟੀ ਆਰ ਪੀ ਵਧਣੀ ਚਾਹੀਦੀ ਹੈ,ਇਸ ਤਰਾਂ ਤਾ ਇਸ਼ਤਿਹਾਰ ਤੋਂ ਆਮਦਨ ਘੱਟ ਜਾਉ।”ਸਾਰੇ ਜਾਣੇ ਆਪਣੇ ਸੋਚਾਂ ਦੇ ਘੋੜੇ ਭਜਾਉਣ ਲੱਗੇ।ਟੀ ਆਰ ਪੀ ,ਟੀ ਆਰ ਪੀ ਉਹਨਾਂ ਦੇ ਕੰਨਾਂ ਵਿੱਚ ਹਥੌੜੇ ਵਾਂਗ ਗੂੰਜ ਰਹੀ ਸੀ।
ਇਨ੍ਹੇ ਵਿਚ ਬਾਸ ਦੇ ਫ਼ੋਨ ਦੀ ਘੰਟੀ ਵੱਜ ਗਈ।ਬਾਸ ਫੋਨ ਤੇ ਰੁਝ ਗਿਆ।ਅਚਾਨਕ ਉੱਚੀ ਆਵਾਜ਼ ਵਿੱਚ ਬੋਲਿਆ,”ਅੱਛਾ ਬਹੁਤ ਵਧੀਆ, ਗੁੱਡ ਗੁੱਡ ਤੋਂ ਉੱਥੇ ਹੀ ਰਹਿ ਤੇ ਪੂਰੀ ਕਵਰੇਜ਼ ਕਰੀ ਚੱਲ ।”ਉਸ ਦੇ ਚਿਹਰੇ ਤੇ ਰੌਣਕ ਆ ਗਈ ਸੀ। ਸਾਰੇ ਉਸ ਵੱਲ ਹੈਰਾਨੀ ਨਾਲ ਦੇਖ ਰਹੇ ਸੀ ।ਬਾਸ ਨੇ ਚੀਫ ਰਿਪੋਰਟਰ ਨੂੰ ਹੁਕਮ ਦਿੱਤਾ ,”ਹੁਣੇ ਗੱਡੀ ਲੈ ਜਾਓ ਤੇ ਉੱਚੇ ਪਿੰਡ ਪਹੁੰਚੋ ,ਉੱਥੇ ਇੱਕ ਬੱਚਾ ਬੋਰ ਵਿੱਚ ਡਿੱਗ ਪਿਆ ,ਆਪਣਾ ਲੋਕਲ ਰਿਪੋਟਰ ਉਥੇ ਹੈ,ਮੈਂਨੂੰ ਹਰ ਮਿੰਟ ਦੀ ਲਾਈਵ ਚਾਹੀਦੀ ਹੈ।”ਫੇਰ ਉਸਨੇ ਜਿਵੇਂ ਆਪਣੇ ਆਪ ਨੂੰ ਕਿਹਾ ਹੋਵੇ,” ਲੱਗਦਾ ਤਿੰਨ ਚਾਰ ਦਿਨ ਤਾਂ ਚੰਗੇ ਲੰਘਣਗੇ ।”
ਉਸਨੇ ਨਿਊਜ਼ ਰੀਡਰਾ ਨੂੰ ਹੁਕਮ ਚਾੜਿਆ,”ਲਗਾਤਾਰ ਖ਼ਬਰਾਂ ਦਿੰਦੇ ਰਹੋ, ਪੰਜ ਸੱਤ ਵਿਦਵਾਨ ਬਿਠਾ ਕੇ ਉਨ੍ਹਾਂ ਦੀ ਰਾਏ ਲਓ ,ਇਲਾਕੇ ਦੇ ਲੀਡਰਾਂ ਨੂੰ ਸਵਾਲ ਪੁੱਛੋ।” ਹੁਣ ਉਹ ਸੋਚ ਰਿਹਾ ਸੀ,ਕਿ ਟੀਆਰਪੀ ਉੱਪਰ ਆ ਹੀ ਜਾਵੇਗੀ।ਇਸੇ ਖੁਸ਼ੀ ਵਿਚ ਉਸ ਦੇ ਹੱਥ ਤਬਲੇ ਵਾਂਗ ਮੇਜ ਤੇ ਵੱਜ ਰਹੇ ਸਨ।ਦਫਤਰ ਦਾ ਸੇਵਾਦਾਰ ਜਿਹੜਾ ਸਭ ਕੁਝ ਦੇਖ ਸੁਣ ਰਿਹਾ ਸੀ ,ਬਿਨਾਂ ਹੁਕਮ ਤੋਂ ਹੀ ਪਾਣੀ ਦਾ ਗਿਲਾਸ ਲੈ ਕੇ ਸਾਹਿਬ ਕੋਲ ਆ ਗਿਆ।ਉਸਦੇ ਚਿਹਰੇ ਉਪਰ ਚਿੰਤਾ ਦੇ ਭਾਵ ਸਨ।ਉਸਨੇ ਨੀਵੀ ਪਾ ਕੇ ਹੌਲੀ ਜਿਹੇ ਪੁਛਿਆ,”ਸਾਹਿਬ ਜੀ ,ਬੱਚਾ ਜਿਉਂਦਾ ਨਿੱਕਲ ਤਾ ਆਉ?’ਸਾਹਿਬ ਦੇ ਲਾਪਰਵਾਹੀ ਭਰੇ ਬੋਲ ਉਸ ਦੇ ਕੰਨਾਂ ਵਿੱਚ ਗੂੰਜੇ,”ਉਹ ਨਿਕਲੇ ਜਾ ਨਾ ਨਿਕਲੇ ,ਮਰੇ ਜਾ ਜੀਵੇ ,ਬਸ ਇਹੋ ਜਿਹਾ ਕੁਝ ਵਾਪਰਦਾ ਰਹੇ ਤੇ ਵਧੀ ਟੀ ਆਰ ਪੀ ਮੀਂਹ ਵਾਂਗੂੰ ਵਰ੍ਹਦੀ ਲਕਸ਼ਮੀ ਦੇ ਦਰਸ਼ਨ ਕਰਵਾਉਦੀ ਰਹੇ।”ਸੇਵਾਦਾਰ ਉਸ ਵੱਲ ਘਬਰਾ ਕੇ ਝਾਕਿਆ,ਉਸ ਨੂੰ ਲੱਗਿਆ ਕੁਰਸੀ ਤੇ ਸਾਹਿਬ ਨਾ ਹੋ ਕੇ ਖੰਭ ਫੈਲਾਈ ਗਿਰਝ ਬੈਠੀ ਹੋਵੇ।

ਭੁਪਿੰਦਰ ਸਿੰਘ ਮਾਨ

Bhupinder Singh Maan

You may also like