ਕਹਿੰਦੇ ਇਕ ਵਾਰੀ ਪਿੰਡ ਵਿੱਚ ਕੋਈ ਫਕੀਰ ਆਇਆ ਤੇ ਸਾਰੇ ਲੋਕ ਆਪਣੇ ਆਪਣੇ ਦੁੱਖ ਲੈ ਕੇ ਉਹਦੇ ਕੋਲ ਗਏ ਕਿ ਅਸੀਂ ਬਹੁਤ ਦੁਖੀ ਹਾਂ । ਉਸ ਫਕੀਰ ਨੇ ਉਨਾਂ ਸਾਰੇ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਦੇ ਆਪਦੇ ਦੁੱਖ ਲਿਖ ਕੇ ਟੋਕਰੇ ਵਿੱਚ ਪਾ ਦਿਉ ਤੇ ਦੂਜੇ ਦਿਨ ਉਹਨੇ ਸਾਰਿਆਂ ਨੂੰ ਸੱਦ ਕੇ ਕਿਹਾ ਕਿ ਤੁਹਾਨੂੰ ਜਿਹੜਾ ਦੁੱਖ ਛੋਟਾ ਲਗਦਾ ਉਹ ਚੁੱਕ ਕੇ ਲੈ ਜਾਉ । ਕਹਿੰਦੇ ਸਾਰੇ ਹੀ ਮੁੜ ਆਪਦਾ ਆਪਦਾ ਦੁੱਖ ਚੁੱਕ ਕੇ ਲੈ ਗਏ ਕਿਉਂਕਿ ਉਨਾਂ ਕੋਲ ਦੂਜੇ ਦੇ ਦੁੱਖ ਨਾਲ ਲਿਪਟਣ ਜਿੰਨੀ ਤਾਕਤ ਹੈ ਨਹੀਂ ਸੀ । ਸਾਨੂੰ ਦੂਜੇ ਦਾ ਦੁੱਖ ਉਨਾਂ ਚਿਰ ਛੋਟਾ ਲਗਦਾ ਜਿੰਨਾ ਚਿਰ ਉਹੀ ਦੁੱਖ ਆਪ ਨੂੰ ਨਾ ਆ ਪਵੇ ।
ਜਦੋਂ ਕਦੀ ਸਾਡੇ ਸਰੀਰ ਤੇ ਕੋਈ ਚੂੰਡੀ ਭਰੇ ਸਾਡੇ ਸਰੀਰ ਨੂੰ ਦੁੱਖ ਲਗਦਾ । ਕਦੀ ਸਾਡੇ ਸਰੀਰ ਨੂੰ ਕੋਈ ਮਰੋੜੇ ਦੁੱਖ ਲਗਦਾ । ਜ਼ੋਰ ਜ਼ਿਆਦਾ ਲਾ ਦੇਈਏ ਦੁੱਖ ਲਗਦਾ । ਸਾਡੇ ਹਰ ਨਰਵਜ ਵਿੱਚ ਦੁੱਖ ਵਾਲੇ ਸੈਨਸਰ ਲੱਗੇ ਹੋਏ ਹਨ ਜਿਵੇਂ ਬਹੁਤਿਆਂ ਦੀ ਰੀੜ ਦੀ ਹੱਡੀ ਦੁਖਦੀ ਰਹਿੰਦੀ ਹੈ ਕਿਸੇ ਦਾ ਸਿਰ ਦੁਖਦਾ ਰਹਿੰਦਾ । ਉਹ ਇਸ ਗੱਲ ਤੋਂ ਦੁਖੀ ਹਨ । ਪਰ ਇਹ ਦੁੱਖ ਅੰਦਰਲੇ ਸਿਸਟਮ ਦੀ ਅਵਾਜ਼ ਹੈ ਕਿ ਤੇਰੇ ਸਰੀਰ ਵਿੱਚ ਕੁਝ ਗਲਤ ਹੋ ਰਿਹਾ । ਇਹਦੇ ਤੇ ਧਿਆਨ ਦੇ । ਮੇਰੀ ਮੱਦਦ ਕਰ । ਜਿਵੇਂ ਸਾਹ ਵਾਲੀ ਨਾਲੀ ਵਿੱਚ ਕੁਝ ਰੇਸ਼ਾ ਹੋਵੇ ਸਾਨੂੰ ਖੰਘ ਆਉੰਦੀ ਹੈ । ਖੰਘ ਦੁੱਖ ਹੈ ਪਰ ਉਹ ਸਾਹ ਵਾਲੀ ਨਾਲੀ ਨੂੰ ਸਾਫ਼ ਕਰਨ ਦਾ ਸਰੀਰ ਦਾ ਤਰੀਕਾ ਹੈ । ਖਾਜ ਹੁੰਦੀ ਹੈ ਉਹ ਚਮੜੀ ਦੱਸ ਰਹੀ ਹੁੰਦੀ ਹੈ ਕਿ ਤੇਰੇ ਅੰਦਰ ਪਾਣੀ ਦੀ ਘਾਟ ਹੈ । ਹਰ ਦੁੱਖ ਪਿੱਛੇ ਤੁਹਾਡੀ ਭਲਾਈ ਦਾ ਸੁਨੇਹਾ ਹੈ
ਲੋੜ ਹੈ ਦੁੱਖ ਨੂੰ ਸਮਝਣ ਦੀ ਤੇ ਸਰੀਰ ਦੀ ਅਵਾਜ਼ ਨੂੰ ਸੁਣਨ ਦੀ ਫੇਰ ਦੁੱਖ ਦਾਰੂ ਬਣ ਜਾਂਦਾ ।
ਦੁਖੁ ਦਾਰੂ ਸੁਖੁ ਰੋਗੁ ਭਇਆ ।
ਇਵੇਂ ਸਾਡੇ ਮਾਨਸਿਕ ਦੁੱਖ ਹਨ ਜੋ ਭਾਵੇਂ ਸਰੀਰ ਕਰਕੇ ਹੋਣ ਗਰੀਬੀ ਕਰਕੇ ਹੋਣ ਜਾਂ ਕਿਸੇ ਰਿਸ਼ਤੇ ਪਿਆਰ ਕਰਕੇ ਹੋਣ । ਮੌਤ ਕਰਕੇ ਜਾਂ ਵਿਛੋੜੇ ਕਰਕੇ ਹੋਣ । ਸਾਰੇ ਦੁੱਖ ਸਾਨੂੰ ਦੁਖੀ ਕਰਦੇ ਹਨ । ਇਹ ਦੁੱਖ ਸਰੀਰ ਵਿੱਚ ਨਹੀਂ ਸਗੋਂ ਮਨ ਦੇ ਖਿਆਲ ਕਰਕੇ ਹੁੰਦੇ ਹਨ । ਉਹੀ ਦੁੱਖ ਇਕ ਮਨੁੱਖ ਹੱਸ ਕੇ ਜਰ ਲੈਂਦਾ ਦੂਜਾ ਮਨੁੱਖ ਮਾਨਸਿਕ ਰੋਗੀ ਹੋ ਜਾਂਦਾ ਜਾਂ ਆਤਮਹੱਤਿਆ ਕਰ ਲੈਂਦਾ । ਲੋੜ ਹੈ ਦੁੱਖ ਨੂੰ ਸਮਝਣ ਦੀ ।
ਇਕ ਦਿਨ ਇਕ ਬੱਚਾ ਜਿਹਦੇ ਹੱਥ ਦੀਆਂ ਵਿਚਕਾਰ ਵਾਲ਼ੀਆਂ ਤਿੰਨ ਉਂਗਲਾਂ ਬਚਪਨ ਵਿੱਚ ਕੱਟੀਆਂ ਗਈਆਂ ਸੀ ਉਹ ਹੱਥ ਵਿੱਚ ਕੈਂਚੀ ਲਈ ਆਪ ਦਾ ਅੰਗੂਠਾ ਤੇ ਚੀਚੀ ਨੂੰ ਕੱਟਣ ਲੱਗਾ ਤੇ ਉਹਦੀ ਮਾਂ ਨੇ ਦੇਖ ਲਿਆ ਕਿ ਇਹ ਤੂੰ ਕੀ ਕਰਨ ਲਗਾਂ ? ਉਹ ਰੋਣ ਲੱਗ ਪਿਆ ਕਿ ਮੈਨੂੰ ਸਕੂਲ ਵਿੱਚ ਬੱਚੇ ਬਹੁਤ ਤੰਗ ਕਰਦੇ ਹਨ ਤੇ ਮੈ ਇਹ ਕੱਟ ਦੇਣੀਆਂ । ਬੱਚਾ ਸੀ । ਸਮਝ ਨਹੀਂ ਸੀ । ਪਰ ਮਾਂ ਨੇ ਜੋ ਕਿਹਾ ਉਹ ਬੱਚੇ ਦੇ ਅੰਦਰ ਸਮਾ ਗਿਆ ਤੇ ਉਹ ਮੁੜ ਸਕੂਲ ਵਿੱਚ ਬਿਨਾ ਕਿਸੇ ਦੀ ਪ੍ਰਵਾਹ ਕੀਤੇ ਇੰਜਨੀਰਿੰਗ ਕਰ ਕੇ ਬਹੁਤ ਵੱਡੀ ਪੋਜੀਸ਼ਨ ਨੂੰ ਹਾਸਲ ਕੀਤਾ । ਉਹ ਲਿਖਦਾ ਕਿ ਮੈ ਆਪਣੀ ਮਾਂ ਦੇ ਕਹੇ ਹੋਏ ਬੋਲ ਸਾਰੀ ਉਮਰ ਨਾਲ ਲੈ ਕੇ ਚਲਿਆਂ ਮੁੜ ਜ਼ਿੰਦਗੀ ਨਾਲ ਕਦੀ ਸ਼ਿਕਵਾ ਨਹੀਂ ਹੋਇਆ ।
ਉਹ ਬੋਲ ਸੀ
ਪੁਤਰਾ ਕਦੀ ਵੀ ਉਸ ਗੱਲ ਦਾ ਦੁੱਖ ਨਹੀਂ ਮੰਨਾਉਣਾ ਜੋ ਕੋਲ ਨਹੀਂ ਸਗੋਂ ਉਸ ਗੱਲ ਦੇ ਸ਼ੁਕਰ ਵਿੱਚ ਰਹਿਣਾ ਜੋ ਕੋਲ ਹੈ ।
ਅਸੀਂ ਸਾਰੇ ਸਾਰਾ ਦਿਨ ਕੋਈ ਨ ਕੋਈ ਸ਼ਿਕਵਾ ਲੈ ਕੇ ਦੁਖੀ ਹੁੰਦੇ ਰਹਿੰਦੇ ਹਾਂ ਕਿ ਮੇਰੇ ਕੋਲ ਆਹ ਹੈ ਨਹੀਂ ਆਹ ਹੈ ਨਹੀਂ ਜਾਂ ਹਾਇ ਮੇਰਾ ਆਹ ਜਾਂਦਾ ਲੱਗਿਆ
ਪਰ ਇਹ ਦੁੱਖ ਸਾਨੂੰ ਮਾਨਸਿਕ ਤੌਰ ਤੇ ਤਕੜੇ ਕਰਨ ਵਾਸਤੇ ਹੁੰਦੇ ਹਨ ।
ਸਾਡੇ ਪਿੰਡ ਇਕ ਦੀ ਬਾਂਹ ਹੈ ਨਹੀਂ ਸੀ ਪਰ ਉਹ ਕਵੀਸ਼ਰ ਬਣਿਆਂ । ਸਾਡੀ ਰਿਸ਼ਤੇਦਾਰੀ ਵਿੱਚ ਇਕ ਸੂਰਮਾ ( ਨੇਤਰਹੀਣ ) ਸੀ ਉਹ ਕੀਰਤਨੀਆ ਸੀ ।
ਹੋਰ ਪਤਾ ਨਹੀਂ ਕਿੰਨੇ ਨੇ ਜਿਨਾ ਦੇ ਔਲਾਦ ਨਹੀਂ ਕਿਸੇ ਕੋਲ ਪੈਸਾ ਨਹੀਂ ਕਿਸੇ ਕੋਲ ਜ਼ਮੀਨ ਨਹੀਂ ਕਿਸੇ ਕੋਲ ਨੌਕਰੀ ਨਹੀਂ ਕਿਸੇ ਕੋਲ ਪਰਿਵਾਰ ਨਹੀਂ । ਪਰ ਹਰ ਕੋਲ ਜ਼ਿੰਦਗੀ ਹੈ ਤੇ ਜ਼ਿੰਦਗੀ ਕਦੀ ਵੀ ਦੂਜੇ ਨਾਲ਼ੋਂ ਵੱਖਰੀ ਨਹੀਂ ਹੁੰਦੀ । ਦੁੱਖ ਹਰ ਇਕ ਨੂੰ ਹੁੰਦਾ ਬੱਸ ਦਿਖਾਈ ਨਹੀਂ ਦਿੰਦਾ । ਆਹ ਜਿਹੜੇ ਅਮੀਰ ਦੇਖਦੇ ਹੋ ਇਹ ਸਾਰੇ ਕੈਦੀ ਨੇ । ਕੋਈ ਮਹਿਲਾਂ ਅੰਦਰ ਤੇ ਕੋਈ ਆਪਦੇ ਸਕਰਿਉਟੀ ਵਾਲ਼ਿਆਂ ਵਿਚਕਾਰ । ਐਵੇਂ ਲਗਦਾ ਕਿ ਉਹ ਸੁਖੀ ਹਨ ।
ਦੁੱਖ ਤੋਂ ਬਚਿਆ ਨਹੀਂ ਜਾ ਸਕਦਾ ਪਰ ਉਹਦੇ ਨਾਲ ਲੜਿਆ ਜਾ ਸਕਦਾ ਤੇ ਲੜਨ ਵਾਸਤੇ ਇਕ ਖਿਆਲ ਚਾਹੀਦਾ ਹੁੰਦਾ । ਜੇ ਉਹ ਖਿਆਲ ਆਪ ਕੋਲ ਨ ਹੋਵੇ ਤਾਂ ਉਹ ਗੁਰੂ ਕੋਲੋਂ ਲੈ ਲੈਣਾ ਚਾਹੀਦਾ
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੀ ਏਕੈ ਨੇਤੈ ।
ਆਤਮਹੱਤਿਆ ਕਰਕੇ ਮਰਨ ਵਾਲਾ ਵੀ ਖਿਆਲ ਦੇ ਹੱਥੋਂ ਦੁਖੀ ਹੁੰਦਾ ਜੋ ਆਪ ਦੇ ਖਿਆਲ ਹੱਥੋਂ ਹਾਰ ਗਿਆ ਵਰਨਾ ਦੁਨੀਆ ਚਲੀ ਜਾ ਰਹੀ ਹੈ । ਹਰ ਸ਼ੈਅ ਮੌਜੂਦ ਹੈ । ਜਿਨਾ ਕੋਲ ਇਕ ਵਖਤ ਦੀ ਰੋਟੀ ਨਹੀਂ ਉਹ ਜੀਅ ਰਹੇ ਹਨ । ਫਰਕ ਸਿਰਫ ਏਨਾ ਹੈ ਉਨਾ ਕੋਲ ਜੋ ਵੀ ਹੈ ਉਹ ਇਸੇ ਗੱਲ ਵਿੱਚ ਖੁਸ਼ ਨੇ ਤੇ ਮਰਨ ਵਾਲਾ ਇਸੇ ਦੁੱਖ ਕਰਕੇ ਮਰ ਜਾਂਦਾ ਕਿ ਮੇਰੇ ਕੋਲ ਆਹ ਹੈ ਨਹੀਂ ।
ਕਾਸ਼ ਅਸੀਂ ਉਸ ਮਾਂ ਦੀ ਗੱਲ ਯਾਦ ਰੱਖ ਸਕੀਏ ਜੋ ਕਹਿੰਦੀ ਸੀ ਕਿ ਪੁੱਤ ਉਹ ਗੱਲ ਦਾ ਕਦੀ ਦੁੱਖ ਨਹੀਂ ਮੰਨਾਉਣਾ ਜੋ ਕੋਲ ਨਹੀਂ ਹੈ ਸਗੋਂ ਇਸ ਗੱਲ ਦਾ ਸ਼ੁਕਰ ਕਰਨਾ ਜੋ ਕੋਲ ਹੈ ।
ਜਦੋਂ ਵੀ ਮਨ ਡਿਗਣ ਲੱਗੇ ਇੱਕੋ ਗੱਲ ਯਾਦ ਰੱਖੋ ਤੇ ਕਹੋ ਕਿ ਮੈ ਇਹਤੋ ਉੱਪਰ ਉਠਣਾ ਕਿਉਂਕਿ ਮੈ ਕਰ ਸਕਦਾਂ