887
“ਨਰਮੇ ਦੇ ਫੁੱਟ ਵਰਗੀ , ਜੱਟੀ ਜੱਟ ਤੋਂ ਚੁਗਾਵੇ ਨਰਮਾ….”
ਅੱਖਾਂ ਵਿੱਚ ਹੱਸਦਿਆਂ ਧਰਮੇ ਨੇ ਸੀਬੋ ਵੱਲ ਵੇਖਕੇ ਖੰਘੂਰਾ ਜਿਹਾ ਮਾਰਿਆ ।
“ਮਸਾਂ ਮਸਾਂ ਸਾਕ ਹੋਇਆ ਕੁਝ ਕਹਿ ਵੀ ਨੀਂ ਸਕਦਾ ਧਰਮਾ…”
ਓਹਦੀ ਗੱਲ ਦਾ ਜਵਾਬ ਦੇ ਕੇ ਸੀਬੋ ਜ਼ੋਰ ਦੀ ਹੱਸੀ …. ਧਰਮੇ ਦੀ ਮਸ਼ਕਰੀ ਆਲੀ ਹਾਸੀ ਕਿਧਰੇ ਉੱਡ ਗਈ ਤੇ ਓਹ ਕੱਚਾ ਜਿਹਾ ਹੋ ਗਿਆ ।
“ਕੁੜੇ ਬਹੂ…. ਤੂੰ ਤਾਂ ਵਿਚਾਰੇ ਦੇ ਹੱਡ ‘ਤੇ ਈ ਮਾਰੀ …”
ਦਿਹਾੜੀ ‘ਤੇ ਟੀਂਡਿੰਆਂ ਆਲਾ ਨਰਮਾ ਚੁਗਾਉਣ ਆਈ ਹਰਨਾਮੀ ਟੋਕਰੇ ‘ਚ ਨਰਮਾ ਪਾਉਂਦੀ ਆਪਣੀ ਹਾਸੀ ਰੋਕਦੀ ਬੋਲੀ ….
“ਹੋਰ ਕੀ ਅੰਮਾਂ ….ਹੱਟਦਾ ਈ ਨੀਂ….ਵੱਡਾ ਕਲਦੀਪ ਮਾਣਕ “
ਕਹਿੰਦਿਆਂ ਸੀਬੋ ਫੇਰ ਹੱਸਣ ਲੱਗ ਪਈ ….ਤੇ ਬੋਰ ਆਲੀ ਪੁਰਾਣੀ ਪਾਈਪ ‘ਤੇ ਬੈਠਾ ਧਰਮਾ ਟੀਂਡੇ ਨੇੜੇ ਕਰਦਾ ਬੋਲਿਆ ….
“ਮਸਾਂ ਮੁਸਾਂ ਕੋਈ ਨੀਂ ….. ਜੱਟ ਨੂੰ ਪੰਜ ਕਿੱਲੇ ਔਂਦੇ ਆ ਝੋਟੇ ਦੇ ਸਿਰ ਅਰਗੇ….ਸਾਕਾਂ ਆਲੇ ਤਾਂ ਮਗਰ ਮੂਹਰੇ ਫਿਰਦੇ ਸੀ “
“ਵੇ ਰੈਂਣਦੇ ਬੱਸ ਕਰ…..ਪੰਜ ਕਿੱਲਿਆਂ ਆਲੇ ਨੂੰ ਅੱਠ ਵਾਰੀ ਦੇਖਣ ਆਏ ਮੁੜਗੇ…..ਸ਼ੁਕਰ ਮਨਾ ਮੇਰੇ ਬਾਪੂ ਦਾ , ਜੀਹਨੂੰ ਤੇਰੇ ‘ਤੇ ਤਰਸ ਆ ਗਿਆ ….ਤੇ ਮੇਰਾ ਸਾਕ ਦੇਤਾ….ਜੇ ਦੋ ਸਾਲ ਹੋਰ ਲੰਘ ਜਾਂਦੇ , ਕੋਈ ਭਈਆ ਰਾਣੀ ਲਿਔਣੀ ਪੈਂਦੀ ਤੈਨੂੰ ਮੁੱਲਦੀ ….” ਕਹਿਕੇ ਸੀਬੋ ਫੇਰ ਹੱਸ ਪਈ ।
“ਔਹ ਬਾਪੂ ਔਦੈ….ਚੁੱਪ ਕਰਕੇ ਨਰਮਾ ਚੁਗਲੈ…. ਸੌਹਰੇ ਘਰ ਆਏਂ ਹਿਰੜ ਹਿਰੜ ਕਰਕੇ ਨੀ ਹੱਸੀਦਾ …..ਫੇਰ ਕਹੇਂਗੀ ਥੋਡਾ ਬੁੜਾ ਕੱਬਾ ਬੋਲਦੈ….ਸਿਆਣੀ ਬਹੂ ਬਣਕੇ ਰਹਿ….”
“ਓਏ ਕਿਹੜੀ ਬਹੂ ਤੋਂ ਨਰਮਾ ਚੁਗਾਈ ਜਾਨੈ….?” ਧਰਮੇ ਦੇ ਪਿਓ ਨੇ ਖੇਤ ਭੂੰਜੇ ਹੀ ਸੁੱਤੇ ਪਏ ਦੇ ਓਹਦੇ ਵੱਖੀ ‘ਚ ਪੈਰ ਦੀ ਠੁੱਡ ਮਾਰੀ …. ਓਹ ਅੱਖਾਂ ਮਲਦਾ ਬੈਠਾ ਹੋ ਗਿਆ ਤੇ ਡੌਰ ਭੌਰ ‘ਜਾ ਹੋਇਆ ਏਧਰ ਓਧਰ ਝਾਕਣ ਲੱਗਿਆ …..
“ਜੀਰੀ ‘ਚ ਟਟੀਹਰੀਆਂ ਬੋਲੀ ਜਾਂਦੀਆਂ ….ਮਸਾਂ ਅੱਜ ਨਹਿਰ ਆਈ ਆ…. ਸੁੱਤੇ ਪਏ ਨੇ ਅੱਧੀ ਵਾਰੀ ਲੰਘਾਤੀ….” ਚਾਹ ਵਾਲਾ ਡੋਲੂ ਡੇਕ ਹੇਠ ਰੱਖਦਾ ਓਹਦਾ ਬਾਪੂ ਫੇਰ ਬੋਲਿਆ ….
ਧਰਮਾ ਉਸੇ ਥਾਂ ‘ਤੇ ਹੀ ਬੈਠਾ , ਉੱਪਰ ਆਸਮਾਨ ਵੱਲ ਝਾਕਿਆ ਤੇ ਇੱਕ ਹੌਂਕਾ ‘ਜਾ ਲੈ ਕੇ ਮਨ ਵਿੱਚ ਹੀ ਬੋਲਿਆ ….
“ਸਾਲਾ ਅੱਜ ਵੀ ਸੁਪਨਾ ਈ ਸੀ ….” ਤੇ ਫੇਰ ….
“ਵਾਹ ਓਏ ਰੱਬਾ …. ਲੋਕਾਂ ਦੇ ਦੋ ਦੋ ਵੀ ਕਰਾਈ ਜਾਨੈ….ਏਥੇ ਸਾਲਾ ਇੱਕ ਵੀ ਨੀਂ ….” ਕਹਿੰਦਾ ਹੋਇਆ ਕਹੀ ਚੁੱਕ ਕੇ ਕੱਚੇ ਖਾਲ ਦੀ ਵੱਟ ਪੈ ਗਿਆ ।
ਰਜਿੰਦਰ