ਦੀਵੇ ਥੱਲੇ ਹਨੇਰਾ

by admin

ਮਲੋਟ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਅੱਜ ਮੁੱਖ-ਮੰਤਰੀ ਦਾ ਸੰਗਤ ਦਰਸ਼ਨ ਪ੍ਰੋਗਰਾਮ ਚੱਲ ਰਿਹਾ ਹੈ। ਹਰ ਵਾਰਡ ਵਿਚ ਸਕੂਲ, ਵਾਟਰ ਵਰਕਸ, ਸੀਵਰੇਜ਼ ਲਈ ਮੁੱਖ-ਮੰਤਰੀ ਲੱਖਾਂ ਦੇ ਚੈੱਕ ਦੇ ਰਹੇ ਹਨ।

ਪੰਡਿਤ ਕੇਦਾਰ ਨਾਥ ਆਪਣੀ ਕਾਰ ਜੀ.ਟੀ. ਰੋਡ ਦੀ ਕਿਸੇ ਵਰਕਸ਼ਾਪ ਵਿਚ ਠੀਕ ਕਰਵਾ ਰਿਹਾ ਹੈ। ਇਕ ਅੰਬੈਡਸਰ ਸਰਕਾਰੀ ਕਾਰ ਲਾਲ ਬੱਤੀ ਸਮੇਤ ਆ ਕੇ ਉਸ ਵਰਕਸ਼ਾਪ ਦੇ ਕੋਲੇ ਖੜਦੀ ਹੈ। ਸਰਕਾਰੀ ਡਰਾਈਵਰ ਮਕੈਨਿਕ ਨਾਲ ਕੋਈ ਗਿਟ-ਮਿਟ ਕਰਦਾ ਹੈ। ਪੂਰਨ ਮਿਸਤਰੀ ਪੰਡਿਤ ਕੇਦਾਰ ਨੂੰ ਪੁੱਛਦਾ ਹੈ, “ਪੰਡਿਤ ਜੀ ਸਸਤਾ ਪੈਟਰੋਲ ਲੈਣਾ ਹੈ? ਸਿਰਫ਼ 30 ਰੁਪਏ ਲੀਟਰ ਹੈ। ਪੰਡਿਤ ਕੇਦਾਰਨਾਥ ਹੈਰਾਨ ਹੈ, ਮੁੱਖ-ਮੰਤਰੀ ਸਮੇਤ ਸਾਰੇ ਪੰਜਾਬ ਦੇ ਅਫ਼ਸਰ ਸਰ ਇਥੇ ਫਿਰ ਰਹੇ ਹਨ ਤੇ ਡਰਾਈਵਰ ਸਰਕਾਰੀ ਤੇਲ ਵੇਚਣ ਦਾ ਸੌਦਾ ਕਰ ਰਿਹਾ ਹੈ।

ਉਹ ਡਰਾਈਵਰ ਨੂੰ ਕਹਿੰਦਾ ਹੈ, “ਉਏ ਤੈਨੂੰ ਡਰ ਨਹੀਂ ਲਗਦਾ ਮੁੱਖ-ਮੰਤਰੀ ਤੇ ਅਫ਼ਸਰਾਂ ਤੋਂ?” “ਬਾਬੂ ਜੀ ਡਰ ਕਾਹਦਾ ਵੱਡੇ ਲੋਕ ਵੱਡੀ ਠੱਗੀ ਕਰਦੇ ਹਨ, ਅਸੀਂ ਤਾਂ ਸ਼ਾਮ ਨੂੰ ਖਾਣ ਪੀਣ ਜੋਗਾ ਹੀ ਬਣਾਉਣਾ ਹੈ। ਪੰਡਿਤ ਕੇਦਾਰ ਦੇ ਮਨ ਵਿਚ ਭ੍ਰਿਸ਼ਟ-ਪ੍ਰਣਾਲੀ ਦੇ ਖ਼ਿਲਾਫ਼ ਬਗਾਵਤ ਭੜਕਦੀ ਹੈ। ਉਹ ਇਕ ਦੋ ਬੰਦੇ ਹੋਰ ਨਾਲ ਲੈ ਕੇ ਡਰਾਈਵਰ ਵਾਲੀ ਗੱਲ ਮੁੱਖਮੰਤਰੀ ਤਕ ਪਹੁੰਚਾਉਣਾ ਚਾਹੁੰਦਾ ਹੈ। ਕਾਰ ਤਾਂ ਖ਼ਰਾਬ ਹੈ, ਉਹ ਰਿਕਸ਼ੇ ਵਗੈਰਾ ਲੈ ਕੇ ਮੁੱਖ-ਮੰਤਰੀ ਦੇ ਕਾਫ਼ਲੇ ਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ।

ਪੰਡਿਤ ਕੇਦਾਰ ਨਾਥ ਤੇ ਉਸ ਦੇ ਸਾਥੀ ਸੰਗਤ ਦਰਸ਼ਨਾਂ ਕੋਲ ਪਹੁੰਚ , ਤਾਂ ਜਾਂਦੇ ਹਨ। ਉਹ ਤਿੰਨ ਵਾਰਡਾਂ ਵਿਚ ਮੁੱਖ-ਮੰਤਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਜੱਡ ਸ਼੍ਰੇਣੀ ਦੀ ਸੁਰੱਖਿਆ ਕਾਰਨ ਆਮ ਆਦਮੀ ਦਾ ਮੁੱਖ ਮੰਤਰੀ ਨੂੰ ਮਿਲਣਾ ਬੜਾ ਔਖਾ ਹੈ। ਉਹ ਨਿਰਾਸ਼ ਹੋ ਕੇ ਵਾਪਸ ਮੁੜ ਆਉਂਦੇ ਹਨ।

ਪੂਰਨ ਮਿਸਤਰੀ ਬੋਲਿਆ, ‘‘ਤੁਸੀਂ ਕਿੱਧਰ ਚਲੇ ਗਏ ਸੀ ਜੀ, 20 ਲੀਟਰ ਪੈਟਰੋਲ 600 ਵਿਚ ਹੀ ਇਨ੍ਹਾਂ ਸਰਦਾਰ ਜੀ ਨੂੰ ਦਵਾ ਦਿੱਤਾ।

You may also like