ਸਵਰਗੀ ਮਾਮਾ ਗੱਲ ਸੁਣਾਇਆ ਕਰਦਾ ਸੀ । ਇੱਕ ਵਿਗੜੈਲ਼ ਮੁੰਡਾ ਤੀਜੇ ਕੁ ਦਿਨ ਕੋਠੇ ਤੇ ਚੜ੍ਹਕੇ ਪਿਓ ਨੂੰ ਧਮਕਾਇਆ ਕਰੇ , ਅਖੇ ਮੈਂ ਲੱਗਾਂ ਛਾਲ਼ ਮਾਰਨ , ਮੈਂ ਲੱਗਾਂ ਮਰਨ ।
ਬਾਪ ਵਿਚਾਰਾ ਹੱਥ ਬੰਨ੍ਹ ਕੇ ਮਿੰਨਤਾਂ ਕਰਿਆ ਕਰੇ ਕਿ ਨਾ ਮੇਰਾ ਛਿੰਦਾ , ਨਾ ਮੇਰਾ ਹੀਰਾ , ਇੰਜ ਨਾ ਕਰੀਂ !
ਇੱਕ ਦਿਨ ਏਹੀ ਨੌਟੰਕੀ ਚੱਲ ਰਹੀ ਸੀ ਕਿ ਮਾਮੇ ਦੀ ਨਿਗਾ ਪੈ ਗਈ , ਕਹਿੰਦਾ ਮੈਂ ਜਾ ਕੇ ਓਹਦੇ ਪਿਓ ਨੂੰ ਕਿਹਾ ਕਿ ਤੂੰ ਫੱਟੀਆਂ ਦਾ ਇੰਤਜ਼ਾਮ ਕਰ , ਮੈੰ ਏਹਨੂੰ ਕੋਠੇ ਤੇ ਚੜ੍ਹਕੇ ਧੱਕਾ ਦੇਨਾ , ਫਿਰ ਆਪਾਂ ਏਹਦੀਆਂ ਲੱਤਾਂ ਬਾਹਾਂ ਬੰਨ੍ਹਾਂਗੇ , ਟੁੱਟਣੀਆਂ ਤਾਂ ਹੈ ਈ ਨੇ ।
ਏਹ ਸੁਣਕੇ ਮੁੰਡਾ ਬੋਲਿਆ ਕਿ ਜਾਹ ਭਾਊ , ਸਾਡੀ ਪਿਓ ਪੁੱਤਾਂ ਦੀ ਗੱਲ ਏ , ਤੂੰ ਆਪਣਾ ਕੰਮ ਕਰ , ਤੈਨੂੰ ਕਿਸੇ ਨਹੀਂ ਬੁਲਾਇਆ !
ਮਾਮਾ ਬੋਲਿਆ ਕਿ ਤੇਰਾ ਨਿੱਤ ਦਾ ਡਰਾਮਾ ਵੇਖਕੇ ਅੱਕਿਆ ਪਿਆਂ , ਪਿਓ ਤੇਰਾ ਭਲਾ ਆਦਮੀ ਏ , ਤੰਗ ਨਾ ਕਰ ਜੇ ਹੁਣ ਏਹ ਕੁਝ ਕੀਤਾ ਤਾਂ ਫੜ੍ਹਕੇ ਖੂਹ ਚ ਲਮਕਾਊਂ !
ਓਸ ਦਿਨ ਤੋਂ ਬਾਦ ਓਹ ਸੀਨ ਫਿਰ ਨਹੀਂ ਦਿਸਿਆ ।
ਮੇਰਾ ਇੱਕ ਮਿੱਤਰ ਏ , ਹੁਣ ਇੰਸਪੈਕਟਰ ਏ ਪੁਲਸ ਚ। ਓਦੋਂ ਛੋਟਾ ਥਾਣੇਦਾਰ ਸੀ , ਕਿਸੇ ਰਿਸ਼ਤੇ ਦਾਰ ਦੇ ਪੈਸੇ ਕਢਵਾਉਣ ਲਈ ਕਿਸੇ ਬੰਦੇ ਨੂੰ ਵਰਦੀ ਪਾ ਕੇ ਦਬਕਾ ਮਾਰਨ ਚਲਾ ਗਿਆ । ਅੱਗੋਂ ਬੰਦਾ ਵੀ ਖਰਲ ਕੀਤਾ ਹੋਇਆ । ਕਹਿੰਦਾ ਦੱਸੋ ਸਰਦਾਰ ਜੀ, ਕੀ ਹੁਕਮ ਆ !
ਦੋਸਤ ਕਹਿੰਦਾ ਕਿ ਤੂੰ ਪੈਸੇ ਦੇ ਦੇ , ਨਹੀਂ ਤੇ ਥਾਣੇ ਚੱਲ। ਬੰਦਾ ਕਹਿੰਦਾ ਪੈਸਾ ਤੇ ਜ਼ਹਿਰ ਖਾਣ ਨੂੰ ਵੀ ਹੈਨੀ ਸਰਦਾਰਾ , ਤੂੰ ਮੈਨੂੰ ਥਾਣੇ ਈ ਲੈ ਚੱਲ । ਥਾਣੇਦਾਰ ਕਹਿੰਦਾ ਕਿ ਮੈਂ ਫਿਰ ਆਊਂ , ਤੂੰ ਪੈਸੇ ਦਾ ਇੰਤਜ਼ਾਮ ਕਰ ਲਾ । ਬੰਦਾ ਬਾਹਲ਼ਾ ਢੀਠ ਹੋ ਗਿਆ ਕਿ ਪੈਸੇ ਨਾ ਅੱਜ ਤੇ ਨਾ ਬਾਦ ਚ , ਤੂੰ ਜਿੱਥੇ ਬੰਦ ਕਰਨਾ ਕਰ ਲਾ । ਏਨਾ ਕਹਿ ਕੇ ਘੜੀ ਤੇ ਬਟੂਆ ਘਰਵਾਲ਼ੀ ਨੂੰ ਫੜਾ ਤਾ ਕਿ ਮੈਂ ਚੱਲਿਆ ਥਾਣੇ , ਸਰਦਾਰ ਸਾਹਬ ਲੈਣ ਆਏ ਆ । ਪਰਨਾ ਬੰਨ੍ਹ ਕੇ ਬਦੋ ਬਦੀ ਮੋਟਰ ਸੈਕਲ ਤੇ ਬਹਿੰਦਾ ਜਾਵੇ ਕਿ ਮੈਂ ਤਾਂ ਬਸ ਥਾਣੇ ਈ ਜਾਣਾ ਹੁਣ । ਅਖੀਰ ਦੀ ਬਾਕੀ , ਥਾਣੇਦਾਰ ਨੂੰ ਹੱਥ ਜੋੜ ਕੇ ਖਹਿੜਾ ਛੁਡਾਉਣਾ ਪਿਆ ਕਿ ਗਲ਼ੋਂ ਲੱਥ ਯਾਰ , ਮੈਂ ਨਹੀਂ ਕਿਸੇ ਗੱਲ-ਬਾਤ ਚ ਆਉਂਦਾ ।
ਦੁਨੀਆਂ ਭੱਜਦੇ ਨੂੰ ਭਜਾਉਂਦੀ ਏ ,ਡਰਦੇ ਨੂੰ ਡਰਾਉਂਦੀ ਏ, ਰੋਂਦੇ ਨੂੰ ਰੁਔਂਦੀ ਏ , ਝੁਕਦੇ ਨੂੰ ਝੁਕੌਂਦੀ ਏ । ਜੇ ਕੋਈ ਜਰਕਦਾ ਏ ਤਾਂ ਜਰਕਾਉਂਦੀ ਏ , ਪੈਰ ਗੱਡ ਕੇ ਖੜ ਜਾਓ ਤਾਂ ਆਪ ਜਰਕਦੀ ਏ ।ਅਵਾਰਾ ਕੁੱਤੇ ਚੱਲਦੀ ਗੱਡੀ ਮਗਰ ਦੌੜ ਕੇ ਡਰਾਉਣ ਦਾ ਭਰਮ ਪਾਲ਼ ਲੈਂਦੇ ਨੇ , ਪਰ ਰੁਕ ਜਾਓ ਤਾਂ ਛਿੱਥੇ ਜਿਹੇ ਪੈ ਕੇ ਮੁੜ ਜਾਂਦੇ ਨੇ ।
ਮੁਸ਼ਕਲਾਂ ਵੀ ਇਵੇਂ ਈ ਵਰਤਾਉ ਕਰਦੀਆਂ ਨੇ ਇਨਸਾਨ ਨਾਲ, ਜੇਕਰ ਢਹਿ ਗਿਆ ਤਾਂ ਮਾਰ ਸੁੱਟਦੀਆਂ ਨੇ , ਜੇ ਡਟ ਗਿਆ ਤਾਂ ਮੂੰਹ ਮੋੜ ਲੈਂਦੀਆਂ ਨੇ ਆਖਰ ਨੂੰ , ਕਿ ਕਿਸ ਢੀਠ ਨਾਲ ਪਾਲ਼ਾ ਪੈ ਗਿਆ ।
✍️ਦਵਿੰਦਰ ਜੌਹਲ