ਬੀਬੀ ਆਲਮਾ

by admin

ਬੀਬੀ ਆਲਮਾ ਸਾਡੇ ਪਿੰਡ ਹਰਪੁਰਾ ਦੀ ਉਹ ਮੁਸਲਮ ਔਰਤ ਸੀ ਜਿਸਨੂੰ ਸਾਰੇ ਹੀ ਪਿੰਡ ਵਾਲੇ ਬੇਹੱਦ ਪਿਆਰ ਤੇ ਸਤਿਕਾਰ ਦਿੰਦੇ ਸਨ। ਹਾਲਾਂਕਿ ਬੀਬੀ ਆਲਮਾ ਦਾ ਅਸਲੀ ਨਾਮ ਨਬਾਬ ਬੀਬੀ ਸੀ ਪਰ ਪਿੰਡ ਦੇ ਲੋਕ ਅਤੇ ਉਸਦੇ ਪਰਵਿਾਰ ਵਾਲੇ ਸਾਰੇ ਹੀ ਉਸ ਨੂੰ ਬੀਬੀ ਆਲਮਾ ਕਹਿੰਦੇ ਸਨ। ਬੀਬੀ ਆਲਮਾ ਪਿੰਡ ਵਿੱਚ ਦਾਈ ਦਾ ਕੰਮ ਕਰਦੀ ਸੀ। ਮੇਰੇ ਸਮੇਤ ਮੇਰੇ ਸਾਰੇ ਹਾਣੀਆਂ ਜਾਂ ਸਾਥੋਂ ਵੱਡਿਆਂ ਦੇ ਜਨਮ ਸਮੇਂ ਬੀਬੀ ਆਲਮਾ ਨੇ ਹੀ ਦਾਈ ਮਾਂ ਵਜੋਂ ਸੇਵਾਵਾਂ ਨਿਭਾਈਆਂ ਸਨ। ਕਹਿੰਦੇ ਹਨ ਕਿ ਜਨਮ ਦੇਣ ਵਾਲੀ ਮਾਂ ਵਾਂਗ ਦਾਈ ਮਾਂ ਦਾ ਵੀ ਬਹੁਤ ਉੱਚਾ ਸਥਾਨ ਹੁੰਦਾ ਹੈ ਅਤੇ ਦਾਈ ਨੂੰ ਵੀ ਮਾਂ ਵਾਂਗ ਹੀ ਸਤਿਕਾਰਿਆ ਜਾਂਦਾ ਹੈ। ਸੋ ਮੇਰੇ ਦਿਲ ਵਿੱਚ ਬੀਬੀ ਆਲਮਾ ਪ੍ਰਤੀ ਸਤਿਕਾਰ ਹੋਣਾ ਸੁਭਾਵਿਕ ਹੈ।

ਬੀਬੀ ਆਲਮਾ ਹਰ ਕਿਸੇ ਦਾ ਸੁੱਖ ਮੰਗਦੀ ਅਤੇ ਆਪਣੇ ਹੱਥੀਂ ਪਿੰਡ ਦੇ ਜੰਮੇ ਬਾਲ-ਬਾਲੜੀਆਂ ਦਾ ਉਹ ਪੂਰਾ ਮੋਹ ਕਰਦੀ। ਬੀਬੀ ਆਲਮਾ ਦਾ ਚਿਹਰਾ ਮੈਨੂੰ ਅੱਜ ਵੀ ਯਾਦ ਹੈ, ਜਦੋਂ ਉਹ ਸਾਡੇ ਘਰ ਆਉਂਦੀ ਤਾਂ ਮੇਰੀ ਦਾਦੀ ਨੇ ਉਸਦੀ ਬੜੀ ਦੀਦ ਕਰਨੀ। ਬੀਬੀ ਆਲਮਾ ਨੇ ਮੈਨੂੰ ਅਤੇ ਮੇਰੇ ਭਰਾਵਾਂ ਨੂੰ ਕੁੱਛੜ ਚੁੱਕ ਲੈਣਾ ਅਤੇ ਬੜੇ ਲਾਡ ਲਡਾਉਣੇ। ਮੈਂ ਪੰਜ ਕੁ ਸਾਲ ਦਾ ਹੋਵਾਂਗਾ ਜਦੋਂ ਉਹ ਬਜ਼ੁਰਗ ਬੀਬੀ ਆਲਮਾ ਇਸ ਜਹਾਨ ਤੋਂ ਰੁਖ਼ਸਤ ਹੋ ਗਈ ਸੀ। ਭਾਂਵੇ ਮੈਂ ਉਸ ਸਮੇਂ ਛੋਟਾ ਸੀ ਪਰ ਬੀਬੀ ਆਲਮਾ ਦਾ ਉਹ ਪਿਆਰਾ ਜਿਹਾ ਚਿਹਰਾ ਅਤੇ ਉਸਦਾ ਪਿਆਰ ਮੈਨੂੰ ਅੱਜ ਵੀ ਯਾਦ ਹੈ। ਬੀਬੀ ਆਲਮਾ ਕਾਹਰੇ ਜਿਹੇ ਸਰੀਰ ਦੀ ਬਜ਼ੁਰਗ ਔਰਤ ਸੀ, ਜਿਸਦੇ ਚਿਹਰੇ ’ਤੇ ਮੁਸਕਾਨ ਤੇ ਪ੍ਰਸੰਨਤਾ ਹਰ ਸਮੇਂ ਬਣੀ ਰਹਿੰਦੀ ਸੀ। ਹਰ ਕਿਸੇ ਨੂੰ ਦੁਆਵਾਂ ਦੇਣੀਆਂ ਅਤੇ ਖੈਰ ਮੰਗਣੀ ਉਸਦੇ ਸੁਭਾਅ ਦਾ ਹਿੱਸਾ ਸੀ।

ਬੀਬੀ ਆਲਮਾ ਦੇ ਖਾਵੰਦ ਦਾ ਨਾਮ ਨਬੀ ਬਖ਼ਸ਼ ਉਰਫ਼ ਨੱਬੋ ਸੀ। ਨਬੀ ਬਖਸ਼ ਜਾਤ ਦਾ ਮੁਸਲਿਮ ਜੁਲਾਹਾ ਸੀ। ਉਸਦੇ ਤਿੰਨ ਪੁੱਤਰ ਨਸੀਬ ਅਲੀ ਉਰਫ਼ ਪੰਨਾ, ਰੂੜ ਮੁਹੰਮਦ (ਰੂੜਾ), ਬਸ਼ੀਰ ਮੁਹੰਮਦ (ਛੀਰਾ) ਸਨ ਅਤੇ ਤਿੰਨ ਧੀਆਂ ਸਨ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਨਬੀ ਬਖਸ਼ ਅੱਖਾਂ ਤੋਂ ਅੰਨਾ ਸੀ ਅਤੇ ਉਹ ਪਿੰਡ ਵਿੱਚ ਹੀ ਆਪਣੀ ਖੱਡੀ ਉੱਪਰ ਦਰੀਆਂ, ਚਾਦਰਾਂ ਦੀ ਬੁਣਤੀ ਕਰਦਾ ਸੀ। ਪਿੰਡ ਦੇ ਲੋਕਾਂ ਨਾਲ ਉਸਦਾ ਅੰਤਾਂ ਦਾ ਮੋਹ ਸੀ।

ਸੰਨ 1947 ਤੋਂ ਪਹਿਲਾਂ ਸਾਡੇ ਪਿੰਡ ਹਰਪੁਰਾ ਵਿੱਚ ਬਹੁਤ ਸਾਰੇ ਮੁਸਲਿਮ ਪਰਿਵਾਰ ਰਹਿੰਦੇ ਸਨ। ਪਿੰਡ ਦੀ ਇੱਕ ਪੱਤੀ ਮੀਆਂਵਾਲ ਵਿੱਚ ਬਹੁ-ਗਿਣਤੀ ਮੁਸਲਿਮ ਵਸੋਂ ਦੀ ਹੁੰਦੀ ਸੀ। ਅੱਜ ਵੀ ਇਸ ਪੱਤੀ ਦਾ ਨਾਮ ਮੀਆਂਵਾਲ ਹੀ ਚੱਲ ਰਿਹਾ ਹੈ। ਜਦੋਂ ਸੰਨ 1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਹੋਈ ਤਾਂ ਸਾਡੇ ਪਿੰਡ ਦੇ ਸਾਰੇ ਮੁਸਲਮਾਨ ਪਾਕਿਸਤਾਨ ਨੂੰ ਹਿਜ਼ਰਤ ਕਰ ਗਏ। ਪਿੰਡ ਵਿੱਚ ਨਬੀ ਬਖ਼ਸ਼ ਅਤੇ ਬੀਬੀ ਆਲਮਾ ਦਾ ਇੱਕੋ ਇੱਕ ਮੁਸਲਿਮ ਪਰਿਵਾਰ ਹੀ ਪਿੱਛੇ ਰਹਿ ਗਿਆ। ਨਬੀ ਬਖਸ਼ ਦੇ ਭਰਾ ਵੀ ਪਾਕਿਸਤਾਨ ਚਲੇ ਗਏ। ਹਾਲਾਂਕਿ ਉਨ੍ਹਾਂ ਨਬੀ ਬਖਸ਼ ਨੂੰ ਬਥੇਰਾ ਜੋਰ ਲਗਾਇਆ ਕਿ ਉਹ ਵੀ ਉਨ੍ਹਾਂ ਨਾਲ ਪਾਕਿਸਤਾਨ ਨੂੰ ਚਲਾ ਜਾਵੇ। ਨਬੀ ਬਖਸ਼ ਜੋ ਅੱਖੋਂ ਅੰਨਾ ਸੀ ਆਖਰ ਏਨੀ ਵੱਡ-ਫੱਟ ਅਤੇ ਕਹਿਰ ਵਿੱਚ ਕਿਵੇਂ ਪਾਕਿਸਤਾਨ ਜਾਂਦਾ। ਖੈਰ ਪਿੰਡ ਦੇ ਕੁਝ ਸਿੱਖ ਪਰਿਵਾਰਾਂ ਨੇ ਨਬੀ ਬਖਸ਼ ਨੂੰ ਕਿਹਾ ਕਿ ਉਹ ਪਾਕਿਸਤਾਨ ਨਾ ਜਾਵੇ ਪਿੰਡ ਵਾਲੇ ਉਸਦੀ ਅਤੇ ਉਸਦੇ ਪਰਿਵਾਰ ਦੀ ਪੂਰੀ ਹਿਫ਼ਾਜ਼ਤ ਕਰਨਗੇ। ਪਿੰਡ ਦੇ ਸਾਰੇ ਲੋਕਾਂ ਨੇ ਨਬੀ ਬਖ਼ਸ਼ ਦਾ ਪੂਰਾ ਸਾਥ ਦਿੱਤਾ ਅਤੇ ਉਹ ਆਪਣੇ ਪਿੰਡ ਹਰਪੁਰੇ ਹੀ ਰਿਹਾ ਅਤੇ ਅੱਜ ਵੀ ਉਸਦਾ ਪਰਿਵਾਰ ਇਸ ਪਿੰਡ ਵਿੱਚ ਅਬਾਦ ਹੈ। ਨਬੀ ਬਖ਼ਸ਼ ਅਤੇ ਬੀਬੀ ਆਲਮਾ ਭਾਂਵੇ ਮੁਸਲਮਾਨ ਸਨ ਪਰ ਸਾਡੇ ਪਿੰਡ ਵਾਲਿਆਂ ਨੇ ਕਦੀ ਉਨ੍ਹਾਂ ਨਾਲ ਦੂਜ-ਦਵੈਸ਼ ਨਹੀਂ ਕੀਤਾ।

ਸੰਨ 1947 ਦੇ ਬਟਵਾਰੇ ਤੋਂ ਬਾਅਦ ਨਬੀ ਬਖਸ਼ ਅਤੇ ਬੀਬੀ ਆਲਮਾ ਆਪਣੇ ਜੀਆ-ਜੰਤ ਨਾਲ ਪਿੰਡ ਹਰਪੁਰਾ ਹੀ ਰਹਿਣ ਲੱਗ ਪਏ। ਬੀਬੀ ਆਲਮਾ ਨੇ ਦਾਈਪੁਣੇ ਦਾ ਕੰਮ ਸਿੱਖਿਆ ਹੋਇਆ ਸੀ ਅਤੇ ਉਸ ਸਮੇਂ ਡਾਕਟਰਾਂ ਦੀ ਘਾਟ ਹੋਣ ਕਾਰਨ ਜਦੋਂ ਕਿਸੇ ਦੇ ਘਰ ਬੱਚੇ ਨੇ ਜਨਮ ਲੈਣਾ ਤਾਂ ਉਸ ਸਮੇਂ ਬੀਬੀ ਆਲਮਾ ਹੀ ਸਭ ਕੁਝ ਹੁੰਦੀ ਸੀ। ਬੀਬੀ ਆਲਮਾ ਭਾਂਵੇ ਗਰੀਬ ਸੀ ਪਰ ਉਹ ਰੂਹ ਦੀ ਪੂਰੀ ਰੱਜ਼ੀ ਹੋਈ ਸੀ। ਜਦੋਂ ਬੀਬੀ ਆਲਮਾ ਨੇ ਕਿਸੇ ਬੱਚੇ ਦੇ ਜਨਮ ਵੇਲੇ ਦਾਈ ਵਜੋਂ ਆਪਣੀਆਂ ਸੇਵਾਵਾਂ ਦੇਣੀਆਂ ਤਾਂ ਉਸਨੇ ਮੂੰਹੋਂ ਕੋਈ ਪੈਸਾ ਨਾ ਮੰਗਣਾ, ਜੋ ਕਿਸੇ ਨੇ ਸਰਦਾ ਬਣਦਾ ਦੇਣਾ ਬੀਬੀ ਆਲਮਾ ਨੇ ਖੁਸ਼ੀ-ਖੁਸ਼ੀ ਲੈ ਲੈਣਾ। ਬੀਬੀ ਆਲਮਾ ਨੇ ਪੂਰਾ ਸਵਾ ਮਹੀਨਾਂ ਉਸ ਘਰ ਵਿੱਚ ਜੱਚੇ-ਬੱਚੇ ਦੀ ਪੂਰੀ ਸੇਵਾ ਕਰਨੀ ਅਤੇ ਬਦਲੇ ਵਿੱਚ ਕੁਝ ਵੀ ਵਿਸ਼ੇਸ਼ ਨਾ ਮੰਗਣਾ। ਪਿੰਡ ਦੀਆਂ ਔਰਤਾਂ ਵਿੱਚ ਬੀਬੀ ਆਲਮਾ ਦਾ ਬਹੁਤ ਸਤਿਕਾਰ ਦੀ ਅਤੇ ਸਾਰੇ ਹੀ ਲੋਕ ਉਸਨੂੰ ਆਪਣੇ ਪਰਿਵਾਰ ਦਾ ਅੰਗ ਸਮਝਦੇ ਸਨ।

ਭਾਂਵੇ ਕਿ ਅੱਜ ਦੇ ਸਾਇੰਸ ਯੁੱਗ ਵਿੱਚ ਸਾਰੇ ਹੀ ਬੱਚੇ ਛੋਟੇ ਹਸਪਤਾਲਾਂ ਤੋਂ ਲੈ ਕੇ ਵੱਡੇ-ਵੱਡੇ ਸੁਪਰ-ਸਪੈਸ਼ਲਿਟੀ ਹਸਪਤਾਲਾਂ ਵਿੱਚ ਪੈਦਾ ਹੁੰਦੇ ਹਨ ਜੋ ਕਿ ਇੱਕ ਲਿਹਾਜ ਨਾਲ ਚੰਗਾ ਵੀ ਹੈ। ਪਰ ਅੱਜ ਦੇ ਡਾਕਟਰ ਤੇ ਟਰੇਂਡ ਦਾਈਆਂ ਦੀ ਫੀਸ ਇੱਕ ਵਾਰ ਤਾਂ ਦੰਦਾਂ ਹੇਠ ਉਂਗਲ ਦਬਾਉਣ ਨੂੰ ਮਜ਼ਬੂਰ ਕਰ ਦਿੰਦੀ ਹੈ। ਮੈਂ ਜਦੋਂ ਆਪਣੀ ਦਾਈ ਮਾਂ ਬੀਬੀ ਆਲਮਾ ਬਾਰੇ ਸੋਚਦਾ ਹਾਂ ਸਿਰ ਸਤਿਕਾਰ ਨਾਲ ਝੁਕ ਜਾਂਦਾ ਹੈ ਕਿ ਕਈ ਦਰਵੇਸ਼ੀ ਰੂਹਾਂ ਧੁਰੋਂ ਹੀ ਕਿੰਨੀਆਂ ਸੰਤੋਖੀਆਂ ਹੁੰਦੀਆਂ ਹਨ। ਭਾਂਵੇ ਕਿ ਬੀਬੀ ਆਲਮਾ ਦੇ ਖਾਵੰਦ ਨਬੀ ਬਖਸ਼ ਨੂੰ ਅੱਖਾਂ ਤੋਂ ਨਹੀਂ ਸੀ ਦਿਸਦਾ ਅਤੇ ਖੱਡੀ ਉੱਪਰ ਕੰਮ ਕਰਨਾ ਤਾਂ ਉਸ ਲਈ ਸਿਰਫ਼ ਡੰਗ ਟਪਾਉਣ ਦਾ ਸਾਧਨ ਸੀ। ਬੀਬੀ ਆਲਮਾ ਨੇ ਬੇਹੱਦ ਗੁਰਬਤ ਵਾਲਾ ਜੀਵਨ ਬਤੀਤ ਕੀਤਾ ਅਤੇ ਆਪਣੀ ਮਿਹਨਤ ਨਾਲ ਆਪਣੇ 6 ਧੀਆਂ ਪੁੱਤਰਾਂ ਦਾ ਪਾਲਣ-ਪੋਸਣ ਕੀਤਾ, ਪਰ ਉਸਨੇ ਕਦੀ ਵੀ ਕਿਸੇ ਅੱਗੇ ਹੱਥ ਨਹੀਂ ਸੀ ਅੱਡਿਆ।

ਭਾਂਵੇ ਕਿ ਬੀਬੀ ਆਲਮਾ ਨੂੰ ਜਹਾਨ ਤੋਂ ਰੁਖਸਤ ਹੋਇਆਂ 3 ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਮੇਰਿਆਂ ਚੇਤਿਆਂ ਵਿੱਚ ਅੱਜ ਵੀ ਬੀਬੀ ਆਲਮਾ ਉਵੇਂ ਹੀ ਵੱਸੀ ਹੋਈ ਹੈ। ਅੱਜ ਵੀ ਜਦੋਂ ਆਪਣੇ ਪਿੰਡ ਹਰਪੁਰੇ ਬੀਬੀ ਆਲਮਾ ਦੇ ਘਰ ਅੱਗੋਂ ਲੰਗਦਾ ਹਾਂ ਤਾਂ ਇਵੇਂ ਲੱਗਦਾ ਹੈ ਕਿ ਹੁਣੇ ਹੀ ਬੀਬੀ ਆਲਮਾ ਆ ਮਿਲੇਗੀ ਅਤੇ ਲਾਡ ਲਡਾਉਂਦੀ ਹੋਈ ਢੇਰ ਸਾਰੀਆਂ ਅਸੀਸਾਂ ਅਤੇ ਦੁਵਾਵਾਂ ਨਾਲ ਝੋਲੀ ਭਰ ਦੇਵੇਗੀ।

– ਇੰਦਰਜੀਤ ਸਿੰਘ ਬਾਜਵਾ,
ਪਿੰਡ – ਹਰਪੁਰਾ,
ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ।
98155-77574

Inderjit Singh Bajwa

You may also like