ਇੱਕ ਵਾਰ ਦੀ ਗੱਲ ਆ ਕਿ ਇੱਕ ਬੰਦੇ ਦਾ ਵਿਆਹ ਹੋ ਜਾਂਦਾ ਤੇ ਉਸ ਪਿੱਛੋਂ ਇੱਕ ਇੱਕ ਕਰ ਕੇ ਉਸ ਦੇ ਘਰ 2 ਬੱਚੀਆਂ ਜਨਮ ਲੈਂਦੀਆਂ ਜਦ ਛੋਟੀ ਕੁੜੀ 4 ਸਾਲ ਦੀ ਅਤੇ
ਵੱਡੀ 6 ਕੁ ਸਾਲ ਦੀ ਹੁੰਦੀ ਹੈ ਤਾਂ ਅਚਾਨਕ ਕਿਸੇ ਬਿਮਾਰੀ ਕਾਰਨ ਉਹਨਾਂ ਦੀ ਮੰਮੀ ਦਾ ਦੇਂਹਾਤ ਹੋ ਜਾਂਦਾ ਹੈ, ਉਸ ਪਿੱਛੋਂ ਲੋਕਾਂ ਦੀ ਸਲਾਹ ਨਾਲ ਉਹ ਬੰਦਾ ਆਪਣਾ ਦੂਜਾ ਵਿਆਹ ਕਰ ਲੈਂਦਾ ਹੈ। ਥੋੜਾ ਸਮਾਂ ਤਾਂ ਠੀਕ ਰਹਿੰਦਾ ਹੈ ਤੇ ਹੌਲੀ ਹੌਲੀ ਮਤਰੇਈ ਮਾਂ ਉਹਨਾਂ ਨਾਲ
ਬੁਰਾ ਸਲੂਕ ਕਰਨ ਲੱਗ ਜਾਂਦੀ ਹੈ। ਨਿੱਕੇ ਨਿੱਕੇ ਹੱਥਾਂ ਤੋਂ ਘਰ ਦਾ ਕੰਮ ਕਰਵਾਉਂਦੀ ਹੈ ਉਹਨਾਂ ਦਾ ਖੇਡਣ ਦਾ ਸਮਾਂ ਰਸੋਈ ਦੇ ਕੰਮਾ ਵਿੱਚ ਲੰਘਾ ਦਿੰਦੀ ਹੈ।ਪਿਉ ਨੂੰ ਇਹਨਾਂ ਗੱਲਾਂ ਦਾ ਧਿਆਨ ਨਹੀਂ ਸੀ ਕਿ ਉਸ ਦੀਆਂ ਬੱਚੀਆਂ ਨਾਲ ਇਹ ਸਲੂਕ ਹੋ ਰਿਹਾ ਹੈ। ਤੇ ਇੱਕ ਦਿਨ ਉਸ ਦੀ ਘਰ ਵਾਲੀ ਰੁੱਸ ਕੇ ਪੈ ਜਾਂਦੀ ਹੈ ਉਹ ਉਸ ਤੋਂ ਕਾਰਨ ਪੁੱਛਦਾ ਹੈ ਤਾਂ ਉਹ ਕਹਿੰਦੀ ਹੈ ਕਿ ਕੁੜੀਆਂ ਨੂੰ ਕਿਧਰੇ ਛੱਡ ਆਵੇ, ਉਹ ਉਸ ਦੀ ਨੀਅਤ ਨਹੀਂ ਸਮਝਦਾ ਤੇ ਆਪਣੀ ਪਹਿਲੀ ਬਹੁਟੀ ਦੀ ਭੇਣ ਕੋਲ ਕੁਝ ਦਿਨ ਲਈ ਛੱਡ ਆਉਂਦਾ ਹੈ, ਤੇ 20-25 ਦਿਨ ਮਗਰੋਂ ਜਦ ਉਹਨਾਂ ਨੂੰ ਵਾਪਿਸ ਲਿਆਉਂਦਾ ਹੈ ਤਾਂ ਓਹੀ ਕੰਮ ਫਿਰ ਸੁਰੂ ਹੋ ਜਾਂਦਾ ਹੈ। ਅਜੇ ਦਸ ਕੁ ਦਿਨ ਹੀ ਲੰਘੇ ਸਨ ਕਿ ਉਹ ਫਿਰ ਰੁਸ ਕੇ ਪੈ ਜਾਂਦੀ ਹੈ ਤੇ ਉਸ ਦੇ ਕਾਰਨ ਪੁੱਛਣ ਤੇ ਫਿਰ ਕਹਿੰਦੀ ਹੈ ਕਿ ਕੁੜੀਆਂ ਨੂੰ ਕਿਧਰੇ ਪੱਕੇ ਤੌਰ ਤੇ ਛੱਡ ਆਵੇ, ਉਸ ਨੇ ਆਪਣੀ ਪਤਨੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਓਹ ਨਾਂ ਮੰਨੀ ਤੇਕਿਹਾ ਕਿ ਜਾਂ ਇਹਨਾਂ ਨੂੰ ਰੱਖ ਲਵੇ ਜਾਂ ਮੈਨੂੰ, ਤਾਂ ਉਹ ਅਜਿਹਾ ਕਰਨ ਲਈ ਤਿਆਰ ਹੋ ਗਿਆ। ਅਗਲੇ ਦਿਨ ਉਸ ਨੇ ਕੁੜੀਆਂ ਨੂੰ ਨਾਲ ਵਾਲੇ ਪਿੰਡ ਮੇਲਾ ਦਿਖਾਉਣ ਲੈ ਕੇ ਜਾਣ ਬਾਰੇ ਦੱਸਿਆ, ਤੇ ਉਹ ਬਹੁਤ ਖੁਸ਼
ਹੋਈਆਂ, ਉਹਨਾਂ ਨੂੰ ਉਹਨਾਂ ਦੀ ਮਾਂ ਨੇ ਖੁਦ ਤਿਆਰ ਕੀਤਾ ਉਹਨਾਂ ਦੇ ਵਾਲ ਵਾਹੇ ਨਵੇਂ ਕੱਪੜੇ ਪਾਏ, ਉਹ ਖੁਦ ਹੈਰਾਨ ਸਨ ਕਿ ਅੱਜ ਸਾਡੀ ਮਾਂ ਇੰਨੀ ਚੰਗੀ ਕਿਵੇਂ ਬਣ ਗਈ। ਉਸ ਪਿੱਛੋਂ ਉਹ ਮੇਲਾ ਦੇਖਣ ਲਈ ਦੋਵਾਂ ਕੁੜੀਆਂ ਨੂੰ ਸਾਇਕਲ ਤੇ ਬਿਠਾ ਕੇ ਆਪਣੇ ਨਾਲ ਟਿੱਬਿਆਂ ਦੇ ਰਾਸਤੇ ਵਿੱਚੋਂ ਨਿੱਕਲ ਪਿਆ।
ਘਰ ਤੋਂ ਕਾਫੀ ਦੂਰ ਜਾ ਕੇ ਉਹ ਥੱਕ ਗਿਆ ਤੇ ਆਰਾਮ ਕਰਨ ਦੀ ਗੱਲ ਕੀਤੀ ਉਦੋਂ ਤੱਕ ਦੁਪਹਿਰ ਢਲ ਚੁੱਕੀ ਸੀ ਤੇ ਬੱਚੀਆਂ ਨੂੰ ਭੁੱਖ ਲੱਗੀ, ਉਹਨਾਂ ਨੇ ਆਲੇ ਦੁਆਲੇ ਕੁਝ ਲੱਭਣਾ ਸੁਰੂ ਕੀਤਾ, ਪਰ ਕੁਝ ਵੀ ਦਿਖਾਈ ਨਾ ਦਿੱਤਾ, ਉਹਨਾਂ ਦਾ ਬਾਪ ਇੱਕ ਰੁੱਖ ਹੇਠਾਂ ਪਰਨਾ ਵਿਛਾ ਕੇ ਲੇਟ ਗਿਆ ਤੇ ਇੱਕ ਕੱਪੜਾ ਉਸ ਨੇ ਉੱਪਰ ਲੈ ਲਿਆ, ਬੱਚੀਆਂ ਦੀ ਭੁੱਖ ਵਧੀ ਤਾਂ ਅਚਾਨਕ ਦੂਰ ਇੱਕ ਬੇਰੀ ਦਿਖਾਈ ਦਿੱਤੀ, ਉਹਨਾਂ ਨੇ ਆਪਣੇ ਪਿਤਾ ਨੂੰ ਪੁੱਛ ਕੇ ਬੇਰੀ ਕੋਲ ਜਾਣ ਦੀ ਇਜ਼ਾਜਤ ਮੰਗੀ ਤਾਂ ਉਹ ਨਾ ਬੋਲਿਆ ਜਿੱਦਾਂ ਸੌਂ ਗਿਆ ਹੋਵੇ। ਤੇ ਉਹ ਹੌਲੀ ਹੌਲੀ ਉਸ ਵੱਲ ਵੇਖਦੀਆਂ ਬੇਰੀ ਕੋਲ ਚਲੀਆਂ ਜਾਂਦੀਆਂ ਤੇ ਹੇਠਾਂ ਡਿੱਗੇ ਬੇਰ ਚੁੱਕ ਕੇ ਖਾਂਦੀਆਂ ਤੇ ਨਾਲ ਆਪਣੇ ਪਿਤਾ ਵੱਲ ਵੇਖਦੀਆਂ, ਉਹਨਾਂ ਨੂੰ ਸੁੱਤਾ ਪਿਆ ਨਜ਼ਰ ਆ ਰਿਹਾ ਸੀ, ਉਹਨਾਂ ਨੇ ਪੱਥਰਾਂ ਨਾਲ ਕੁਝ ਬੇਰ ਝਾੜੇ ਤੇ ਖਾ ਕੇ ਕੁਝ ਆਰਾਮ ਮਿਲਿਆ, ਜਦ ਤੱਕ ਸੂਰਜ ਡੁੱਬ ਚੁੱਕਿਆ ਸੀ, ਉਹ ਆਪਣੇ ਪਿਤਾ ਵਾਲੀ ਜਗਾ ਕੋਲ ਆਈਆਂ ਤਾਂ ਦੇਖਿਆ ਉੱਥੇ ਸਿਰਫ ਜੋਰ ਪਰਨਾ ਉਹ ਉਤੇ ਲੈ ਕੇ ਸੁੱਤਾ ਸੀ ਸਿਰਫ ਉਹੀ ਵਿਛਿਆ ਹੋਇਆ ਸੀ ਤੇ ਪਿਤਾ ਉਥੇ ਨਹੀਂ ਸੀ, ਉਹ ਉੱਚੀ ਉੱਚੀ ਵਾਜਾਂ ਮਾਰਦੀਆਂ, ਰੋਂਦੀਆਂ ਕੁਰਲਾਉਦੀਆਂ, ਇੰਨੇ ਨੂੰ ਹਨੇਰਾ ਹੋ ਜਾਂਦਾ ਹੈ ਉਹ ਡਰ ਮਾਰੇ ਇੱਕ ਦੂਜੀ ਦੀ ਬਾਂਹ ਨਹੀਂ ਛੱਡਦੀਆਂ ਇੱਕ ਦੂਜੇ ਦੇ ਨਾਲ ਲੱਗ ਲੱਗ ਕੇ ਤੁਰਦੀਆਂ ਲੱਭਦੀਆਂ ਪਰ ਉਥੇ ਕੋਈ ਵੀ ਇਨਸਾਨ ਦਿਖਾਈ ਨਹੀਂ ਦਿੰਦਾ, ਤੇ ਆਖਰ ਉਹ ਉਸੇ ਬੇਰੀ ਹੇਠਾਂ ਜਾ ਕੇ ਬੇਰੀ ਦੀ ਜੜ ਵਿੱਚ ਬੇਰੀ ਦੇ ਨਾਲ ਲੱਗ ਕੇ ਬੈਠ ਜਾਂਦੀਆਂ ਹਨ ਤੇ ਥੱਕੇ ਹੋਣ ਕਾਰਨ ਉਹਨਾਂ ਨੂੰ ਰੋਂਦੇ ਰੋਂਦੇ ਨੀਂਦ ਆ ਜਾਂਦੀ ਹੈ।
ਸਵੇਰ ਹੁੰਦੀ ਹੈ ਤਾਂ ਫਿਰ ਸੁੰਨ ਸਾਨ ਸਮਝ ਨਹੀਂ ਆਉਂਦੀ ਕਿੱਥੇ ਜਾਣ, ਸਵੇਰ ਨੂੰ 5 ਕੁ ਵਜੇ ਉਹਨਾਂ ਦੀ ਜਾਗ ਰੋਜ਼ ਵਾਂਗਰਾਂ ਖੁੱਲ੍ਹਦੀ ਹੈ ਤਾਂ ਇੱਕ ਦੂਜੀ ਦੇ ਨਾਲ ਲੱਗ ਕੇ ਪਈਆਂ ਹੋਈਆਂ ਸਨ ਤੇ ਬੇਰੀ ਦਾ ਸਹਾਰਾ ਉਹਨਾਂ ਨੂੰ ਕਿਸੇ ਇਨਸਾਨ ਦੇ ਸਹਾਰੇ ਨਾਲੌਂ ਘੱਟ ਨਹੀਂ ਸੀ। ਜਾਗਣ ਉਪਰੰਤ ਉਹਨਾਂ ਨੂੰ ਬਹੁਤ ਭੁੱਖ ਲੱਗਦੀ ਹੈ ਤਾਂ ਅਚਾਨਕ ਬੇਰੀ ਦੇ ਅੰਦਰੋਂ ਆਵਾਜ਼ ਆਉਂਦੀ ਹੈ ਤੇ ਕਹਿੰਦੀ ਹੈ ਕਿ ਬੇਟਾ ਤੁਹਾਨੂੰ ਭੂੱਖ ਲੱਗੀ ਹੈ ਤਾਂ ਉਹਨਾਂ ਨੇ ਹਾਂ ਦਾ ਜਬਾਬ ਦਿੱਤਾ ਤਾਂ ਅਵਾਜ਼ ਆਈ ਤੁਸੀਂ ਨਾਲ ਦੇ ਤਲਾਬ ਵਿੱਚੋਂ ਕੁਝ ਮਿੱਟੀ ਕੱਢ ਕਿ ਪੱਤਿਆਂ ਦੀਆਂ ਬਣੀਆਂ ਥਾਲੀਆਂ ਵਿੱਚ ਪਾ ਕੇ ਉਪਰੋਂਪੱਤਿਆਂ ਨਾਲ ਢਕ ਕੇ ਇੱਥੇ ਲੈ ਕੇ ਆਓ ਉਹਨਾਂ ਨੇ ਉੱਦਾਂ ਕੀਤਾ ਤਾਂ ਜਦ ਬੇਰੀ ਕੋਲ ਲਿਆ ਕੇ ਪੱਤੇ ਨੂੰ ਉੱਪਰ ਚੁੱਕਿਆ ਤਾਂ ਉਸ ਵਿੱਚ ਖਾਣਾ ਸੀ, ਤਾਂ ਉਹਨਾਂ ਨੇ ਪਹਿਲੀ ਵਾਰ ਢਿੱਡ ਭਰ ਕੇ ਖਾਣਾ ਖਾਥਾ. ਕਈ ਦਿਨ ਗੁਜ਼ਰ ਗਏ ਉਹਨਾਂ ਨੂੰ ਬੇਰੀ ਵਿੱਚੋਂ ਆਵਾਜ਼ ਆਉਣੀ ਤੇ ਉਹਨਾਂ ਨੇ ਉਝ ਹੀ ਕਰ ਕੇ ਖਾਣਾ ਲੈ ਆਉਣਾਂ ਤੇ ਉਹਨਾਂ ਨੇ ਡੱਕਿਆਂ ਦਾ ਝਾੜੂ ਬਣਾ ਕੇ ਬੇਰੀ ਥੱਲੇ ਸਫਾਈ ਕੀਤੀ,ਤਲਾਬ ਦੇ ਪਾਣੀ ਨਾਲ ਬੇਰੀ ਨੂੰ ਪਾਣੀ ਦਿੱਤਾ ਤੇ ਉਹ ਉਸ ਨੂੰ ਬਹੁਤ ਪਿਆਰ ਕਰਨ ਲੱਗ ਪਈਆਂ। ਇੱਕ ਦਿਨ ਉਹ ਬੇਰੀ ਦੇ ਨਾਲ ਲੱਗ ਕੇ ਸੁੱਤੀਆਂ ਪਈਆਂ ਸਨ ਤਾਂ ਉਹਨਾਂ ਨੂੰ ਆਪਣੀਆਂ ਗਰਦਨਾਂ ਥੱਲੇ ਕਿਸੇ ਦੀਆਂ ਬਾਹਾਂ ਹੋਣ ਦਾ ਅਹਿਸਾਸ ਹੋਇਆ ਉਹਨਾਂ ਨੂੰ ਇੰਝ ਪਹਿਲਾਂ ਵੀ ਕਈ ਵਾਰ ਲੱਗਿਆ ਪਰ ਗੌਲਿਆ ਨਹੀਂ ਉਹਨਾਂ ਨੇ ਉੱਠ ਕੇ ਬੈਠ ਗਈਆਂ ਤੇ ਪੁੱਛਿਆ ਕੌਣ ਹੈ, ਤਾਂ ਉੱਤਰ ਮਿਲਿਆ ਮੈਂ ਬੇਰੀ, ਪਰ ਸਾਡੀਆਂ ਗਰਦਨਾਂ ਥੱਲੇ ਬਾਹਾਂ ਕਿੱਦਾਂ, ਬੇਰੀ ਨੇ ਕਿਹਾ ਕੁਝ ਨਹੀਂ ਤੁਹਾਨੂੰ ਐਵੇਂ ਲੱਗ ਰਿਹਾ ਹੈ, ਉਹ ਜਿਦ ਪੈ ਗਈਆਂ ਦੱਸੋ ਅਸੀ ਤੁਹਾਨੂੰ ਕੀ ਕਹੀਏ, ਤਾਂ ਵੱਡੀ ਕੁੜੀ ਨੇ ਆਪੇ ਕਿਹਾ ਕੀ ਅਸੀਂ ਤੁਹਾਨੂੰ “ਬੇਰੀ ਮਾਂ” ਕਹਿ ਸਕਦੀਆਂ ਹਾਂ, ਤਾਂ ਬੇਰੀ ਨੇ ਕਿਹਾ ਜਰੂਰ, ਤੇ ਫਿਰ ਅਗਲੀ ਰਾਤ ਉਹ ਜਿਦ ਕਰਨ ਲੱਗੀਆਂ ਦੱਸੋ ਤੁਸੀਂ ਕੌਣ ਹੌ ਤੇ ਸਾਨੂੰ ਇੰਨਾਂ ਪਿਆਰ ਕਿਉਂ ਕਰਦੇ ਹੋ ਤਾਂ ਬੇਰੀ ਨੇ ਰੋ ਕੇ ਕਿਹਾ ਪੁੱਤ ਮੈਂ ਤੁਹਾਡੀ ਮਾਂ ਹਾਂ ਜੋ ਮਰ ਚੁੱਕੀ ਸੀ ਤੇ ਮੈਨੂੰ ਅਗਲਾ ਜਨਮ ਬੇਰੀ ਦਾ ਮਿਲਿਆ, ਤੁਹਾਡੇ ਨਾਲ ਹੁੰਦੇ ਸਲੂਕ ਨੂੰ ਦੇਖ ਕੇ ਮੈਂ ਹੀ ਪਰਮਾਤਮਾ ਨੂੰ ਪ੍ਰਾਥਨਾਂ ਕਰਕੇ ਆਪਣੇ ਕੋਲ ਬੁਲਾਇਆ ਹੈ, ਹੁਣ ਤੁਹਾਨੂੰ ਕਦੀ ਵੀ ਆਪਣੇ ਤੋਂ ਜੁਦਾ ਨਹੀਂ ਕਰਾਂਗੀ।
ਇਹ ਸੁਣ ਕੇ ਦੋਵੇਂ ਕੁੜੀਆਂ ਬੇਰੀ ਨੂੰ
ਜੱਫੀ ਪਾ ਕੇ ਭੁੱਬਾਂ ਮਾਰ ਕੇ ਰੋ ਪਈਆਂ।…
Jass Gill