ਅਚਾਨਕ ਰੇਡੀਓ ਤੇ ਬਲਰਾਜ ਸਾਹਨੀ ਯਾਰ ਦੀ ਮੌਤ ਦੀ ਖਬਰ ਸੁਣੀ, ਦਿਲ ਨੂੰ ਬੜਾ ਧੱਕਾ ਲੱਗਾ। ਦਿਲ ਦਾ ਜਾਨੀ ਸੀ, ਸਦਮਾ ਪਹੁੰਚਣਾ ਕੁਦਰਤੀ ਸੀ। ਕੁਦਰਤੀ ਉਹ ਚਾਦਰਾ ਮੇਰੇ ਉੱਤੇ ਸੀ, ਜਿਹੜਾ ਚਾਦਰਾ ਲੱਕ ਬੰਨ੍ਹ ਕੇ, ਬਲਰਾਜ ਨਾਲ ਤਲਵੰਡੀ ਸਾਬ੍ਹੋ ਦੀ ਵਿਸਾਖੀ ਵੇਖਣ ਗਿਆ ਸੀ। ਬਲਰਾਜ ਦੀ ਖ਼ਾਹਿਸ਼ ਸੀ, ਤਲਵੰਡੀ ਦੀ ਵਿਸਾਖੀ ਜ਼ਰੂਰ ਵੇਖਣੀ ਐ।
”ਤੈਨੂੰ ਫ਼ਿਲਮੀ ਐਕਟਰ ਜਾਣ ਕੇ ਮਲਵਈ ਜੱਟ ਚੁੰਬੜ ਜਾਣਗੇ।” ਮੈਂ ਉਸਨੂੰ ਡਰਾਇਆ।
”ਆਪਾਂ ਕੱਪੜੇ ਹੀ ਮਲਵਈਆਂ ਵਾਲੇ ਪਾ ਕੇ ਚੱਲਾਂਗੇ ਮੇਰੇ ਕੋਲ ਕਲੀਆਂ ਵਾਲਾ ਕੁਰਤਾ ਹੈ।”
”ਚਾਦਰਾ ਤੈਨੂੰ ਮੈਂ ਸੁਆ ਦਿਆਂਗਾ, ਮੂੰਹ ਪੱਗ ਦੇ ਲੜ ਨਾਲ ਢਕ ਲਵੀਂ।” ਮੈਂ ਉਹਦਾ ਦਿਲ ਧਰਾਇਆ।
”ਫੇਰ ਤਾਂ ਮਲਵਈ ਬਣਿਆ ਈ ਪਿਆ ਆਂ, ਬੱਲੇ ਬੱਲੇ ਹੋ ਜਾਵੇਗੀ।” ਉਸ ਮਲਵਈ ਵਿਚ ਹੀ ਜਵਾਬ ਮੋੜਿਆ। ”ਲਓ ਜੀ, ਅਸੀਂ ਬਲਰਾਜ ਦੀ ਗੱਡੀ ਤੇ ਤਲਵੰਡੀ ਨੂੰ ਛੂਟਾਂ ਵੱਟ ਲਈਆਂ। ਪਹਿਲਾ ਹਮਲਾ ਅਸਾਂ ਪ੍ਰੋ. ਗੁਰਬਚਨ ਸਿੰਘ ਭੁੱਲਰ ‘ਤੇ ਜਾ ਕੀਤਾ। ਉਦੋਂ ਉਹ ਖ਼ਾਲਸਾ ਕਾਲਜ ਤਲਵੰਡੀ ਵਿਚ ਪੜ੍ਹਾਉਂਦਾ ਸੀ। ਗੱਡੀਓਂ ਉਤਰਦਿਆਂ ਨੂੰ ਉਸ ਚੋਟ ਰੜਕਾਈ।
”ਕਿਵੇਂ ਗਰੀਬ ‘ਤੇ ਚੜ ਆਏ ਓ?” ਉਹ ਸਜਰੇ ਪ੍ਰਾਹੁਣੇ ਤੋਰ ਕੇ ਵਿਹਲਾ ਹੋਇਆ ਹੀ ਸੀ ਤੇ ਸਿਰੋਂ ਨੰਗਾ, ਜਿਵੇਂ ਕਿਸੇ ਪਾਸੇ ਨੂੰ ਭੱਜਣ ਲਈ ਤਿਆਰ ਖਲੋਤਾ ਹੋਵੇ।
”ਰੋਟੀਆਂ ਖੁਣੋਂ ਭੁੱਖੇ ਨਹੀਂ ਮਰਦੇ, ਗੁਰੂ ਦਾ ਅਤੁੱਟ ਲੰਗਰ ਵਰਤਦਾ ਏ। ਤੂੰ ਸਾਲਿਆ ਚਾਹ ਵੀ ਨਹੀਂ ਪਿਆ ਸਕਦਾ।” ਮੈਂ ਵੀ ਅੱਗੋਂ ਦਬਣ ਵਾਲਾ ਨਹੀਂ ਸੀ।
”ਚਾਹ ਨਾਲ ਤਾਂ ਸਾਰਿਆਂ ਨੂੰ ਨਹਾ ਦੇਊਂ, ਜਿਹੜੇ ਮੇਲੇ ਦੀ ਲਗੌੜ ਇਹਦੇ ਨਾਲ ਇਕੱਠੀ ਹੋ ਕੇ ਘਰ ਆ ਵੜਨੀ ਏ, ਉਹਦਾ ਕੀ ਇਲਾਜ ਕਰੂੰ?” ਉਹ ਬਲਰਾਜ ਵੱਲ ਮੁਸਕੜੀਏ ਹੱਸ ਰਿਹਾ ਸੀ।
ਗੁਰਬਚਨ ਦੀ ਗੱਲ ਸੁਣ ਕੇ ਬਲਰਾਜ ਦਾ ਹਾਸਾ ਪਾਟ ਪਿਆ।
”ਬਈ ਤੇਰਾ ਮਾਲਵਾ ਕਮਾਲ ਐ।” ਉਸ ਗੁਰਬਚਨ ਨੂੰ ਗਲਵਕੜੀ ਵਿਚ ਲੈ ਲਿਆ।
”ਯਾਰੀਆਂ ਊਠਾਂ ਵਾਲਿਆਂ ਨਾਲ ਤੇ ਬਾਰ ਭੀੜੇ?” ਮੈਂ ਹੋਰ ਰਗੜਾ ਦੇ ਮਾਰਿਆ।
”ਜਦੋਂ ਆਪਣਾ ਘਰ ਬਣਾਇਆ, ਭਾਵੇਂ ਟਰੱਕ ਵਾੜ ਲਈਂ, ਤਖਤੇ ਵੀ ਨਹੀਂ ਹੋਣਗੇ।”
ਗੁਰਬਚਨ ਨੇ ਬਾਹਾਂ ਖੋਲ੍ਹ ਦਿੱਤੀਆਂ।
”ਨਹੀਂ, ਤੂੰ ਤਖਤੇ ਵੀ ਲੁਆ ਲਈਂ, ਅਸੀਂ ਚੂਥੀਆਂ ਪੱਟਣ ਵੀ ਜਾਣਦੇ ਆਂ।” ਮੈਂ ਪੂਰੇ ਹਕਵਾ ਵਿਚ ਕਹਿ ਗਿਆ।
”ਹੁਣ ਤਾਈਂ ਪੱਟੇ ਈ ਐ, ਕਿਸੇ ਦਾ ਘਰ ਵਸਾਇਆ ਵੀ ਏ?” ਗੁਰਬਚਨ ਗਤਕੇਬਾਜ਼ਾਂ ਵਾਂਗ ਵਾਰ ਰੋਕ ਕੇ ਠੋਕ ਗਿਆ।
”ਰੋਟੀ ਲਾਹੁਣ ਵਾਲੀ ਚਾਹੀਦੀ ਐ ਤਾਂ ਦੱਸ?” ਬਲਰਾਜ ਸਾਡੀਆਂ ਚੋਟਾਂ ਨਾਲ ਲੋਟਪੋਟ ਹੋ ਰਿਹਾ ਸੀ।
”ਤੂੰ ਮੇਰੀ ਪਹਿਲੀ ਵੀ ਨਾ ਭਜਾ ਦੇਵੀਂ, ਚਾਹ ਪੀ ਕੇ ਮੇਲਾ ਵੇਖੋ।” ਉਸ ਮੇਲੇ ਵੱਲ ਹੱਥ ਦਾ ਇਸ਼ਾਰਾ ਦਿੱਤਾ।
ਸਾਡੀ ਝੜਪ ਵਿਚ ਬਲਰਾਜ ਦਾ ਹਾਸਾ ਨਹੀਂ ਰੁਕਿਆ ਸੀ। ਆਖਣ ਲੱਗਾ, ”ਯਾਰ ਤੁਹਾਡਾ ਮਾਲਵਾ ਬਹੁਤ ਮਿਲਾਪੀ ਹੈ, ਕੱਚੇ ਦੁੱਧ ਵਰਗਾ।”
”ਮਿਲਾਪੀ ਤਾਂ ਬੇਥਾਹ ਐ, ਪਰ ਬੰਦਾ ਵੱਢਣ ਲੱਗਾ ਵੀ ਝਟ ਲਾਉਂਦਾ ਏ। ਵਿਗੜਿਆ ਰਿੱਛ ਵੀ ਐ।” ਗੁਰਬਚਨ ਨੇ ਸਿਫ਼ਤ ਕਰਦਿਆਂ ਜੱਟ ਕਰੈਕਟਰ ਵੀ ਨਾਲ ਖੜ੍ਹਾ ਕਰ ਦਿੱਤਾ।
”ਇਹ ਗੱਲ ਬਹੁਤ ਮਾੜੀ ਐ।” ਬਲਰਾਜ ਦਾ ਚਿਹਰਾ ਦਹਿਸ਼ਤ ਵਿਚ ਆਇਆ ਹੋਇਆ ਸੀ।
“ਮਾਖਿਓ ਨਾਲ ਵੱਢ ਖਾਣੀ ਵੀ ਹੁੰਦੀ ਐ।”
ਗੁਰਬਚਨ ਬਲਰਾਜ ਨੂੰ ਚਾਲੂ ਕਰਕੇ ਹੱਸ ਰਿਹਾ ਸੀ।
ਠੰਢੀਆਂ-ਤੱਤੀਆਂ ਚਲਦੀਆਂ ਵਿਚ ਚਾਹ ਆ ਗਈ। ਕੱਲ੍ਹ ਹੀ ਕਲੀ ਕੀਤੇ ਪਿੱਤਲ ਦੇ ਗਿਲਾਸ ਗੁਰਬਚਨ ਵਾਂਗ ਹੱਥ ਨਾ ਲੱਗਣ ਦੇਣ। ਮਸਾਂ ਕਪੜੇ ਦੇ ਲੜ ਨਾਲ ਫੜ ਕੇ ਫੂਕਾਂ ਮਾਰ-ਮਾਰ ਚਾਹ ਮੁਕਾਈ। ਮੈਂ ਗਿਲਾਸ ਰੱਖ ਕੇ ਗੁਰਬਚਨ ਸਫ਼ਰ ਜ਼ਿੰਦਗੀ ਦਾ ਨੂੰ ਪੁੱਛਿਆ- ”ਤੂੰ ਸਾਡੇ ਨਾਲ ਚੱਲਣਾ ਏ ਕਿ ਨਹੀਂ?”
”ਮੈਂ ਬਥੇਰੇ ਧੱਕੇ ਖਾ ਆਇਆਂ ਤੇ ਤੁਹਾਡੇ ਗੋਚਰੇ ਛੱਡ ਆਇਆਂ। ਜੇਬਾਂ ਸਾਂਭ ਕੇ ਰਖਿਓ। ਵਾਪਸ ਜਾਣ ਦਾ ਕਿਰਾਇਆ ਮੇਰੇ ਕੋਲੋਂ ਨਾ ਮੰਗਿਓ।”
ਉਸ ਚੱਜ ਨਾਲ ਸਾਨੂੰ ਖ਼ਬਰਦਾਰ ਕਰ ਦਿੱਤਾ। ਜਦੋਂ ਅਸੀਂ ਪ੍ਰੋਫੈਸਰ ਦੇ ਕੁਆਰਟਰ ਵਿਚੋਂ ਨਿਕਲ ਕੇ ਧੱਕੇ ਦੇਂਦੀ ਬੇਥਾਹ ਭੀੜ ਵਿਚ ਆਏ,
ਮੈਂ ਬਲਰਾਜ ਨੂੰ ਆਖਿਆ, ”ਕਿਉਂ ਆਇਆ ਸੁਆਦ ਵਿਸਾਖੀ ਦੇਖਣ ਦਾ?”
”ਵਾਕਈ ਭੀੜ ਦੀ ਤਾਂ ਹੱਦ ਹੋ ਗਈ।”
ਉਸ ਬਾਹਾਂ ਉਗਾਸੀਆਂ।” ”ਭੀੜ ਲਗਾਤਾਰ ਵਧਦੀ ਗਈ, ਧੱਕੇ ਹੋਰ ਪੈਂਦੇ ਰਹੇ। ਪਰ ਅਸੀਂ ਸ੍ਰੀ ਦਰਬਾਰ ਸਾਹਿਬ ਵੱਲ ਪੈਰ-ਪੈਰ ਵਧਦੇ ਗਏ ਅਤੇ ਧੱਕੇ-ਧੌਲਾਂ ਵੀ ਬਰਾਬਰ ਖਾਂਦੇ ਗਏ। ਸਾਡੇ ਚਾਰ ਖਾਨੇ ਦੇ ਚਾਦਰੇ ਇਕੋ ਥਾਨ ਨਾਲੋਂ ਪਾੜ ਕੇ ਬਣਵਾਏ ਸਨ। ਮੈਂ ਬੇਪ੍ਰਵਾਹ ਸਾਂ, ਪਰ ਉਸ ਪਛਾਣੇ ਜਾਣ ਦੇ ਡਰੋਂ, ਕੰਨ ਕੋਲ ਛੱਡਿਆ ਪੂੰਝਾ ਨੱਕ ਉੱਤੋਂ ਦੀ ਪੱਗ ਵਿਚ ਹੀ ਟੰਗਿਆ ਹੋਇਆ ਸੀ।
ਇਕ ਗੱਭਰੂ ਸਾਨੂੰ ਦੋਹਾਂ ਨੂੰ ਤਾੜਦਾ ਅਗਾਂਹ ਲੰਘ ਗਿਆ। ਪਰ ਉਹ ਚਾਰ ਕਦਮਾਂ ਜਾ ਕੇ ਮੁੜ ਆਇਆ। ਸਾਥੋਂ ਅਗਾਂਹ ਲੰਘ ਕੇ ਬਲਰਾਜ ਅੱਗੇ ਖਲੋ ਗਿਆ। ਅਸਾਂ ਵੀ ਪੈਰ ਮਲ੍ਹ ਲਏ। ਉਹ ਕੁਝ ਨਾ ਬੋਲਿਆ। ਉਸ ਚੁੱਪਚਾਪ ਬਲਰਾਜ ਦੀ ਪੱਗ ਦਾ ਲੜ ਖੋਲ੍ਹ ਕੇ ਮੂੰਹ ਨੰਗਾ ਕਰ ਲਿਆ। ਬਲਰਾਜ ਨੇ ਉਸ ਦਾ ਹੱਥ ਨਾ ਫੜਿਆ ਤੇ ਮੁਸਕਰਾ ਪਿਆ।
ਨੌਜਵਾਨ ਬਲਰਾਜ ਨੂੰ ਅੱਖ ਮਾਰ ਕੇ ਬੋਲਿਆ,
”ਤੂੰ ਓਹੀ ਏ ਨਾਅ?”
ਬਲਰਾਜ ਨੇ ਹਾਂ ਵਿਚ ਸਿਰ ਹਿਲਾਇਆ।
ਉਸ ਭਲੇ ਲੋਕ ਨੇ ਪੂੰਝਾ ਥਾਏਂ ਬੱਝੀ ਪੱਗ ਵਿਚ ਟੰਗ ਦਿੱਤਾ। ਤੇ ‘ਜਿਉਂਦਾ ਵਸਦਾ ਰਹੁ’ ਆਖਦਾ ਭੀੜ ਵਿਚ ਗਵਾਚ ਗਿਆ।
”ਤੇਰੇ ਮਾਲਵੇ ਦੇ ਲੋਕ ਕਿੰਨੇ ਪਿਆਰੇ ਤੇ ਦਿਲਚਸਪ ਐ। ਇਨ੍ਹਾਂ ਦੀ ਨਸ਼ੰਗਤਾ ਤੇ ਬੇਪ੍ਰਵਾਹੀ, ਛੱਡ ਗੱਲ ਦੇ। ਨਸ਼ੰਗ ਕੋਈ ਯਾਰ, ਹੱਥ ਦੀ ਛਾਪ ਲਾਹ ਲਵੇ, ਹੱਸ ਪੈਣਗੇ, ਮੰਗਣਗੇ ਨਹੀਂ।” ਮੈਂ ਥੋੜ੍ਹਾ ਠਹਿਰ ਕੇ ਕਿਹਾ, “ਇਨ੍ਹਾਂ ਨੂੰ ਤਾਂ ਸਾਦਗੀ ਤੇ ਪਿਆਰ ਦੀ ਬੇਪ੍ਰਵਾਹੀ ਨੇ ਹੀ ਲੁੱਟ ਖੋਹ ਲਿਆ।”
”ਐਨੇ ਅਵੇਸਲੇ ਕਿਉਂ ਬਈ?”
”ਮਾਲਵੇ ਵਿਚ ਹਾਲੇ ਵੀ ਅਜਿਹੇ ਸ਼ੇਰਦਿਲ ਮਿਲ ਜਾਣਗੇ, ਜਿਹੜੇ ਦਿਲ ਦੇਂਦੇ, ਨਾਲ ਸਿਰ ਵੀ ਪੇਸ਼ ਕਰ ਦੇਣਗੇ।” ਮੈਂ ਮਲਵਈ ਮਾਣ ਵਿਚ ਭਰਿਆ ਪਿਆ ਸਾਂ। ”ਯਾਰ ਪਿਆਰਾ ਰੱਬ, ਜਿੰਦ ਪਿਆਰੀ ਨਾਂਹ।”
”ਬਈ ਵਾਹ, ਪੰਜਾਬ ਦੇ ਇਸ ਜਜ਼ਬੇ ਨੇ ਤਰੀਖਾਂ ਦੀਆਂ ਹੱਦਾਂ ਟੱਪ ਘੱਤੀਆਂ।” ਬਲਰਾਜ ਨੇ ਮੇਰੀ ਆਖੀ ਗੱਲ ਦੀ ਪ੍ਰੋੜ੍ਹਤਾ ਵਿਚ ਸਿਰ ਹਿਲਾਇਆ।
”ਬਲਰਾਜ! ਇਸ ਕੰਗਾਲੀ ਨੇ ਯਾਰਾਂ ਦੀ ਯਾਰੀ ਨੂੰ ਲੀਕ ਲਾ ਦਿੱਤੀ। ਦਿਨ ਮਾੜੇ ਹੀ ਮਾੜੇ ਇਕ-ਦੂਜੇ ਦੇ ਉਤੋਂ ਦੀ ਚੜ੍ਹੇ ਆ ਰਹੇ ਐ।” ਮੈਂ ਪੰਜਾਬ ਦੀ ਰੁੜ੍ਹਦੀ-ਖੁਰਦੀ ਆਰਥਿਕ ਜਵਾਨੀ ਦਾ ਗਿਲਾ ਜਤਾਇਆ। ਕਿਸੇ ਵੀ ਸਰਕਾਰ ਨੂੰ ਹੋਸ਼ ਨਹੀਂ ਆਈ, ਹੀਰਿਆਂ ਦੀ ਖਾਨ ਪੰਜਾਬ ਠੀਕਰੀਆਂ-ਰੋੜ ਹੋ ਰਿਹਾ ਏ।”
”ਯਾਰ, ਸਰਕਾਰਾਂ ਲਾਲਚੀ ਤੇ ਪੜ੍ਹੇ-ਲਿਖੇ ਸਮਗਲਰਾਂ ਦੇ ਹੱਥ ਆ ਗਈਆਂ। ਮਾੜੀ ਕਿਸਮਤ ਵਾਰਸ ਸ਼ਾਹ ਦੇ ਪੰਜਾਬ ਦੀ।” ਬਲਰਾਜ ਝੂਰ ਕੇ ਰਹਿ ਗਿਆ।
”ਸਾਧ ਬਣੇ ਡਾਕੂਆਂ ਤਾਂ ਰੱਤ ਚੂਸ ਲਈ ਤੇ ਲੋਕਾਂ ਦੇ ਹੱਡ ਖੜਕਣ ਲਾ ਦਿੱਤੇ। ਸਾਲੇ ਅੰਧ ਵਿਸ਼ਵਾਸ ਨੇ ਸੁੱਚੇ ਧਰਮ ਉਤੇ ਵੀ ਚੱਜ ਨਾਲ ਹੀ ਕਾਠੀ ਪਾ ਲਈ। ਮੈਂ ਮੰਨਣ ਵਿਚ ਵਿਸ਼ਵਾਸ ਰੱਖਦਾ ਆਂ, ਪਰ ਜੇ ਇਸ ਨਾਲੋਂ ਗਿਆਨ ਨੂੰ ਤੋੜ ਦਿੱਤਾ ਜਾਵੇ, ਸਭ ਕੁਝ ਹੀ ਨਰਕ ਦਾ ਅਖਾੜਾ ਬਣ ਜਾਂਦਾ ਹੈ।”
ਅਸੀਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਬਾਹਰ ਨਿਵੇਕਲੇ ਨਿਕਲ ਆਏ। ”ਮੱਥਾ ਟੇਕਣਾ ਸ਼ਰਧਾ ਤੇ ਨਿਰਮਾਣਤਾ ਤਾਂ ਦੇਂਦਾ ਹੈ, ਪਰ ਜੰਜਾਲਾਂ ਤੋਂ ਪਾਰ ਮੁਕਤੀ ਤਾਂ ਗਿਆਨ ਨੇ ਹੀ ਦੇਣੀ ਹੁੰਦੀ ਐ।” ਮੈਂ ਥੋੜ੍ਹੀ ਵਿਆਖਿਆ ਵਿਚ ਪੈ ਗਿਆ।
”ਪਰ ਗਿਆਨ ਵੀ ਹਰ ਬੁੱਧੀ ਦੇ ਵਸ ਦਾ ਰੋਗ ਨਹੀਂ। ਪਹਿਲੋਂ ਬ੍ਰਹਮ ਗਿਆਨ ਆਪਣੀ ਮਲਕੀਅਤ ਬਣਾ ਕੇ ਪੰਡਿਤਾਂ ਦੱਬੀ ਰਖਿਆ। ਬਾਬੇ ਨਾਨਕ ਨੇ ਇਸ ਗਿਆਨ ਦੀ ਬੁੱਕਲ ਖੋਲ੍ਹੀ ਤਾਂ ਪੰਡਿਤ ਉਸ ਨੂੰ ਸਿਰ ਫਿਰਿਆ ਆਖਣ ਲੱਗ ਪਏ। ‘ਅੰਨ੍ਹੀ ਰਈਅਤ ਗਿਆਨ ਵਹੂਣੀ’।
ਗਿਆਨ ਬਿਨਾ ਚੰਚਲ ਮਨ ਨੂੰ ਕਿਤੇ ਠਾਹਰ ਨਹੀਂ। ਪੂਜਾ ਅਥਵਾ ਮਾਇਆ ਸੁੱਚੇ ਗਿਆਨ ਧਰਮ ਉੱਤੇ ਕਾਠੀ ਪਾਈ ਪ੍ਰਧਾਨ ਬਣੀ ਬੈਠੀ ਐ।” ਹੈਰਾਨ ਹੋਇਆ ਬਲਰਾਜ ਅਸਚਰਜ ਨਾਲ ਮੇਰੇ ਮੂੰਹ ਵੱਲ ਵੇਖਣ ਲੱਗ ਪਿਆ, ਜਿਵੇਂ ਕੋਈ ਹੋਰ ਬੋਲ ਰਿਹਾ ਸੀ।
”ਮੈਨੂੰ ਤਾਂ ਹੁਣ ਪਤਾ ਲੱਗਾ, ਤੂੰ ਤਾਂ ‘ਬ੍ਰਹਮ’ ਤੱਕ ਪਹੁੰਚਿਆ ਰਿਸ਼ੀਆਂ ਵਰਗਾ ਏ। ਤੂੰ ਇਹ ਸਭ ਕੁਝ ਯਾਰ ਕਿੱਥੋਂ ਤੇ ਕਿਵੇਂ ਪਾਇਆ? ਮੈਨੂੰ ਵੀ ਦੱਸ?” ਬਲਰਾਜ ਚਾਅ ਵਿਚ ਬੁੱਲ੍ਹਾਂ ‘ਤੇ ਜੀਭ ਫੇਰ ਗਿਆ।
ਕੋਈ ਪੋਨੇ ਗੰਨੇ ਵੇਚ ਰਿਹਾ ਸੀ। ਤੇਰੇ ਵਰਗੇ ਨੇ ਆਨਾ ਦੇ ਕੇ ਗੰਨਾ ਮੰਗ ਲਿਆ। ਉਸ ਆਗ ਵਾਲੇ ਪਾਸਿਓਂ ਅੱਧਾ ਵੱਢ ਕੇ ਹੱਥ ਫੜਾ ਦਿੱਤਾ। ”ਓਏ ਇਹ ਕੀ, ਐਨਾ ਹੀ?” ਗੰਨੇ ਵੇਚਣ ਵਾਲੇ ਨੇ ਜਵਾਬ ਦਿੱਤਾ, ”ਏਨੇ ਦਾ ਐਨਾ ਈ ਆਉਂਦਾ ਏ।”
”ਬਲਰਾਜ! ਜੇ ਤੇਰਾ ਈਮਾਨ ਬੰਬਈ ਨੇ ਲੁੱਟ ਲਿਆ, ਇਸ ਵਿਚ ਮੇਰਾ ਕੀ ਦੋਸ਼। ਹਾਂ, ਫ਼ਿਲਮੀ ਦੁਨੀਆਂ ਨੂੰ ਸਲਾਮ ਕਰਕੇ ਆ ਜਾਵੀਂ। ਭਰੇ ਭਾਂਡੇ ਨੂੰ ਖ਼ਾਲੀ ਕਰੇ ਬਿਨਾ ਉਸ ਵਿਚ ਕੁਝ ਹੋਰ ਨਹੀਂ ਪਾਇਆ ਜਾ ਸਕਦਾ। ਗੋਰਖ ਦੇ ਟਿੱਲਿਓਂ ਹੋਰ ਕੁਝ ਮਿਲੇ, ਨਾ ਮਿਲੇ, ਮਨ ਦੀ ਸ਼ਾਂਤੀ ਵਾਲੀਆਂ ਮੁੰਦਰਾਂ ਜ਼ਰੂਰ ਮਿਲ ਜਾਂਦੀਆਂ ਹਨ।” ਮੈਂ ਉਸ ਦਾ ਸਾਰਾ ਅੰਦਰ ਹਲੂਣ ਸੁੱਟਿਆ।
”ਆਪ ਤਾਂ ਤੂੰ ਥਾਂ-ਥਾਂ ਭੱਜਾ ਫਿਰਦਾ ਏਂ, ਮੈਨੂੰ ਕੀ ਠਾਹਰ ਦੇਵੇਂਗਾ?” ਉਸ ਤਾਹਨਾ ਦੇ ਮਾਰਿਆ।
”ਜੇ ਤੇਰੀ ਸ਼ਰਧਾ ਈ ਕਮਜ਼ੋਰ ਐ, ਫੇਰ ਤੈਨੂੰ ਬ੍ਰਹਮਾਨੰਦ ਵੀ ਕੀ ਕਰ ਸਕਦਾ ਏ।” ਉਹ ਮੁਸਕੜੀਆਂ ਤੋਂ ਬਾਛਾਂ ਖੋਲ੍ਹ ਕੇ ਹੱਸ ਪਿਆ। ”ਇਕ ਹੋਰ ਘਟਨਾ ਸੁਣ-ਵੱਡੀ ਘਲਾਂ ਵਾਲਾ ਪੂਰਾਨੰਦ ਸਾਧ ਮੇਰਾ ਯਾਰ ਸੀ। ਪਿੰਡ ਤੋਂ ਬਾਹਰ ਪਰੇ ਤੇ ਆਪਣੇ ਕਬੂਤਰਾਂ ਨਾਲ ਰਹਿੰਦਾ ਸੀ। ਉਹਦੀ ਖੂਹੀ ਤੋਂ ਰਾਹੀ ਪਾਂਧੀ ਆਮ ਈ ਪਾਣੀ ਪੀ ਕੇ ਲੰਘਦੇ ਸਨ। ਇਕ ਰਾਹੀ ਨੇ ਪਾਣੀ ਪੀ ਕੇ ਪੁੱਛਿਆ, ‘ਬਾਵਾ ਜੀ ਇਸ ਬੰਦ ਕੋਠੜੀ ਵਿਚ ਕੀ ਐ?’
‘ਮਹਾਰਾਜ ਐ।’ ਬਾਵੇ ਨੇ ਉੱਤਰ ਮੋੜਿਆ।
ਰਾਹੀ ਨੇ ਸਰਦਲ ਉਤੇ ਰੁਪਈਆ ਰੱਖ ਕੇ ਮੱਥਾ ਟੇਕ ਦਿੱਤਾ ਅਤੇ ਆਪਣੇ ਰਾਹ ਪੈ ਗਿਆ। ਉਹਦੇ ਜਾਣ ਪਿੱਛੋਂ ਬਾਵੇ ਨੇ ਰੁਪਈਆ ਚੁੱਕ ਕੇ ਜੇਬ ਵਿਚ ਪਾ ਲਿਆ। ਸ਼ਾਮ ਪੈਂਦੀ ਨੂੰ ਉਹ ਰਾਹੀ ਪਾਣੀ ਪੀਣ ਦੇ ਬਹਾਨੇ ਬਾਵੇ ਦੀ ਵਾੜੀ ਫਿਰ ਰੁਕ ਗਿਆ। ਉਸ ਦੇਖਿਆ, ਬਾਵਾ ਚਾਲੀ ਪੰਜਾਹ ਕਬੂਤਰਾਂ ਨੂੰ ਮਹਾਰਾਜ ਵਾਲੀ ਕੋਠੜੀ ਵਿਚ ਬਾਜਰੇ ਦੀਆਂ ਮੁੱਠਾਂ ਖਿਲਾਰ ਰਿਹਾ ਏ। ਰਾਹੀ ਨੂੰ ਬੜਾ ਅਸਚਰਜ ਲੱਗਾ ਤੇ ਬੋਲਿਆ, ‘ਬਾਵਾ ਜੀ, ਤੁਸੀਂ ਤਾਂ ਆਖਦੇ ਸੀ, ਇਸ ਕੋਠੜੀ ਵਿਚ ਮਹਾਰਾਜ ਐ, ਐਨਾ ਝੂਠ ਕਾਹਤੋਂ ਮਾਰਿਆ?’
‘ਦੇਖ ਬਈ ਭਗਤਾ, ਜੇ ਤੇਰੀ ਸ਼ਰਧਾ ਕਮਜ਼ੋਰ ਐ, ਆਹ ਆਪਣਾ ਰੁਪਈਆ ਲੈ ਜਾਹ, ਨਹੀਂ ਕਬੂਤਰ ‘ਸਤਿਗੁਰ ਸਤਿਗੁਰ’ ਕਰਦੇ ਸੁਣ ਲੈ।’ ਬਾਵੇ ਦੀ ਦਲੀਲ ਅੱਗੇ ਰਾਹੀ ਅਵਾਕ ਹੋ ਕੇ ਰਹਿ ਗਿਆ।” ਤੇ ਬਲਰਾਜ ਦਾ ਹਾਸਾ ਬੰਦ ਹੋਣ ਵਿਚ ਨਾ ਆਵੇ।
”ਹੁਣ ਬਲਰਾਜ ਤੇਰੀ ਸ਼ਰਧਾ ਨੂੰ ਕੀ ਆਖਾਂ। ਤੇਰਾ ਫ਼ਿਲਮੀ ਸੰਸਾਰ ਤੇ ਨਰਕ ਸੰਸਾਰ ਸਕੇ ਭਰਾ ਹਨ। ਮੈਂ ਤੈਨੂੰ ਬ੍ਰਹਮਗਿਆਨ ਵੱਲ ਧੂੰਹਦਾ ਆਂ ਤੂੰ ਮੈਨੂੰ ਆਪਣੇ ਨਰਕਸਤਾਨ ਵੱਲ ਖਿਚਦਾ ਏ।” ਮੈਂ ਇਕ ਲੋਲ੍ਹੜ ਜੱਟ ਦੀ ਕਥਾ ਨਾਲ ਬਲਰਾਜ ਨੂੰ ਠਾਰ ਦਿੱਤਾ।
”ਤੇਰੇ ਕੋਲੋਂ ਬ੍ਰਹਮਗਿਆਨ ਲੈ ਕੇ ਮੈਂ ਭੁੱਖਾਂ ਨਹੀਂ ਮਰਨਾ ਈਮਾਨਦਾਰੀ ਨਾਲ ਮੈਂ ਆਪਣੇ ਕਿਤੇ ਵਿਚ ਮਸਤ ਆਂ। ਮੈਨੂੰ ਫ਼ਿਲਮ ਲਾਈਨ ਵਿਚੋਂ ਨਾ ਉਖਾੜ। ਬਸ ਆਪਣੀ ਯਾਰੀ ਇਸ ਤਰ੍ਹਾਂ ਹੀ ਚੱਲੀ ਜਾਣ ਦੇ। ਊਂ ਅੱਜ ਤਲਵੰਡੀ ਦੀ ਵਿਸਾਖੀ ਵੇਖਣ ਦਾ ਸੁਆਦ ਆ ਗਿਆ।” ਉਹ ਬਹੁਤ ਖੁਸ਼ ਸੀ।
ਤਲਵੰਡੀ ਦੀ ਵਿਸਾਖੀ ਵੇਖ ਕੇ ਬਲਰਾਜ ਬੰਬਈ ਪਹੁੰਚਿਆ ਤਾਂ ਨਵਾਂ ਪੁਆੜਾ ਖੜ੍ਹਾ ਹੋ ਗਿਆ। ਸਮਝੋ ਬਲਰਾਜ ਦੇ ਮਾੜੇ ਦਿਨ ਆ ਗਏ। ਪ੍ਰੀਕਸ਼ਤ ਪਹਿਲਾਂ ਹੀ ਘਰ ਛੱਡ ਕੇ ਚਲਾ ਗਿਆ ਸੀ। ਸਨੋਬਰ ਲੜਕੀ ਦਾ ਵਿਆਹ ਪੂਰੀ ਆਨ ਸ਼ਾਨ ਨਾਲ ਕੀਤਾ ਸੀ। ਪਰ ਕੁੜਮਾਂ ਦੀ ਲਾਲਚੀ ਭੁੱਖ ਪੂਰੀ ਨਾ ਹੋਈ। ਕੁੜੀ ਨਾਲ ਕਾਟੋ ਕਲੇਸ਼ ਇੰਤਹਾ ਨੂੰ ਪਹੁੰਚ ਗਿਆ। ਉਨ੍ਹਾਂ ਸਨੋਬਰ ਨੂੰ ਮੂੰਹ ਪਾੜ ਕੇ ਕਹਿ ਦਿੱਤਾ ”ਤੇਰੇ ਬਾਪ ਕੋਲ ਬੰਬਈ ਦੇ ਅੰਦਰ-ਬਾਹਰ ਐਨੀ ਜਾਇਦਾਦ ਏ, ਉਹ ਸਾਨੂੰ ਰਹਿਣ ਲਈ ਇਕ ਮਕਾਨ ਵੀ ਨਹੀਂ ਦੇ ਸਕਦਾ?”
ਕੁੜੀ ਬਹੁਤ ਹੀ ਸੋਹਲ ਤੇ ਨਾਜ਼ੁਕ ਵਿਚਾਰਾਂ ਦੀ ਸੀ। ਪੇਕੇ ‘ਇਕ ਰਾਮ’ ਘਰ ਵਾਪਸ ਆ ਗਈ। ਮਾਨਸਿਕ ਪੀੜ ਐਨੀ ਵਧੀ, ਛੁਟਕਾਰੇ ਲਈ ਆਪੇ ਉੱਤੇ ਤੇਲ ਪਾ ਕੇ ਅੱਗ ਲਾ ਲਈ। ਅੱਧ ਸੜੀ ਸ਼ਾਵਰ ਹੇਠ ਹੋ ਗਈ। ਪੀੜ ਸਹਿ ਨਾ ਸਕੀ ਤਾਂ ‘ਹਾਇ ਬੂ” ਕਰਦੀ ਬਾਹਰ ਗਲੀ ਵਿਚ ਆ ਡਿੱਗੀ। ਲੋਕਾਂ ਸੰਭਾਲਾ ਦਿੱਤਾ। ਬਲਰਾਜ ਭੈੜੀ ਖ਼ਬਰ ਸੁਣ ਕੇ ਸ਼ੂਟਿੰਗ ਤੋਂ ਭੱਜਾ ਆਇਆ। ਕੁੜੀ ਨੂੰ ਹਸਪਤਾਲ ਲੈ ਗਏ। ਜਾਨ ਤਾਂ ਵਾਹਿਗੁਰੂ ਦੀ ਕ੍ਰਿਪਾ ਨਾਲ ਬਚ ਗਈ, ਪਰ ਸੜੇ ਅੰਗ ਥਾਂ ਪਰ ਥਾਂ ਜਾਮ ਹੋ ਗਏ। ਸਾਰਾ ਹਾਲ ਹਕੀਕਤ ਬਲਰਾਜ ਨੇ ਮੈਨੂੰ ਲਿਖ ਘੱਲਿਆ। ਮੈਂ ਉਸਨੂੰ ਸਲਾਹ ਦਿੱਤੀ। ਕੁੜੀ ਨੂੰ ਵੀ ਮੇਰੀ ਸਲਾਹ ਚੰਗੀ ਲੱਗੀ ਤੇ ਉਹ ਸਨੋਬਰ ਨੂੰ ਢੁਡੀਕੇ ਲੈ ਆਇਆ। ਮੇਰੀ ਬੇ ਜੀ ਨੂੰ ਜਦੋਂ ਸਾਰੀ ਹਾਲ ਹਕੀਕਤ ਦਾ ਪੱਤਾ ਲੱਗਾ, ਉਸ ਗੱਡੀਓਂ ਉਤਰਦੀ ਕੁੜੀ ਨੂੰ ਬਾਹਾਂ ਵਿਚ ਘੁੱਟ ਲਿਆ ਅਤੇ ਲੰਮਾ ਹਾਉਕਾ ਲੈ ਕੇ ਆਖਿਆ,
”ਹਾਇ! ਐਨੀ ਸੋਹਲ ਤੇ ਸੁੰਦਰ ਕੁੜੀ ਨੇ ਔਖੀ ਹੋ ਕੇ ਆਪੇ ਨੂੰ ਸਾੜ ਲਿਆ?” ਬੇ ਜੀ ਦੀ ਹੈਰਾਨੀ ਗਈ ਨਹੀਂ ਸੀ।
”ਉਹ ਸਹੁਰੇ ਕਿਹੋ ਜਿਹੇ ਜ਼ਾਲਮ ਹੋਣਗੇ, ਜਿਨ੍ਹਾਂ ਲਾਲਚਵਸ ਪਰੀਆਂ ਵਰਗੀ ਕੁੜੀ ਨੂੰ ਸੜਨ ਲਈ ਮਜ਼ਬੂਰ ਕਰ ਦਿੱਤਾ।” ਬੇਜੀ ਕੁੜੀ ਨੂੰ ਬੁਕਲ ਵਿਚ ਲਈ ਸਹੁਰਿਆਂ ਉੱਤੇ ਬੇਹੱਦ ਔਖੀ ਸੀ। ਮੈਂ ਬੈਠਕ ਦਾ ਬਾਰ ਖੋਲ੍ਹ ਦਿੱਤਾ। ਦਲਾਨ ਦੇ ਫ਼ਰਸ਼ ਤੋਂ ਬੈਠਕ ਇਕ ਫੁੱਟ ਉੱਚੀ ਸੀ। ਲੱਤ ਜੁੜੀ ਹੋਣ ਕਾਰਨ ਸਨੋਬਰ ਤੋਂ ਬੈਠਕ ਦੇ ਫ਼ਰਸ਼ ਉੱਤੇ ਪੈਰ ਰਖਿਆ ਨਹੀਂ ਜਾ ਰਿਹਾ ਸੀ। ਬਲਰਾਜ ਨੇ ਉਸ ਨੂੰ ਚੁੱਕ ਕੇ ਬੈਠਕ ਵਿਚ ਚੜ੍ਹਦੀ ਕੀਤਾ। ਪੱਖੇ ਹੇਠਾਂ ਕੁੜੀ ਨੂੰ ਥੋੜ੍ਹੀ ਸ਼ਾਂਤੀ ਆਈ ਤੇ ਬਲਰਾਜ ਨੂੰ ਆਖਣ ਲੱਗੀ, ”ਕੰਵਲ ਚਾਚਾ ਜੀ ਦੇ ਬੇ ਜੀ ਕਿੰਨੇ ਚੰਗੇ ਐ। ਉਨ੍ਹਾਂ ਦੀ ਬੁਕਲ ਵਿਚ ਮੈਨੂੰ ਮੇਰੀ ਮਾਂ ਦੀ ਯਾਦ ਆ ਗਈ।” ਕੁੜੀ ਦੀ ਭੁੱਬ ਨਿਕਲ ਗਈ।
”ਪਿੰਡਾਂ ਦੇ ਲੋਕ ਹਾਲੇ ਕੁਦਰਤੀ ਮੋਹ ਵਾਲਾ ਸੁਭਾਅ ਰਖਦੇ ਐ। ਪਰ ਬੰਬਈ ਤਾਂ ਲਾਲਚੀ ਚੋਰਾਂ ਦਾ ਸ਼ਹਿਰ ਐ। ਇਸੇ ਲਈ ਮੈਂ ਤੈਨੂੰ ਸ਼ਾਂਤੀ ਦੇਣ ਲਈ ਕੁਦਰਤ ਦੀ ਗੋਦ ਵਿਚ ਲੈ ਕੇ ਆਇਆ ਆ।” ਬਲਰਾਜ ਨੇ ਕੁੜੀ ਦੇ ਕੰਬਦੇ ਮੌਰਾਂ ਨੂੰ ਥਾਪੜਾ ਦਿੱਤਾ। ”ਤੂੰ ਪਿਛਲੀਆਂ ਸਾਰੀਆਂ ਤਲਖੀਆਂ ਨੂੰ ਭੁੱਲ ਜਾਹ।” ਬਲਰਾਜ ਧੀ ਨੂੰ ਦਿਲਾਸਾ ਦੇ ਰਿਹਾ ਸੀ।
”ਕੰਵਲ ਚਾਚੇ ਦੇ ਬੇ ਜੀ ਕਿੰਨੇ ਨਿੱਘੇ ਪਿਆਰ ਨਾਲ ਮਿਲੇ ਐ।” ਕੁੜੀ ਲਈ ਓਪਰੀ ਥਾਂ ਅਤੇ ਬੰਦੇ ਹੈਰਾਨੀ ਵਾਲੀ ਗੱਲ ਸੀ। “ਮਾਵਾਂ ਤਾਂ ਮੋਹ ਮਮਤਾ ਦੀ ਮੂਰਤ ਹੁੰਦੀਆਂ ਹਨ, ਪਰ ਸਾਡੀ ਇਹ ਨਵੀਂ ਮਾਂ…?” ਕੁੜੀ ਥਾਂਏ ਗੱਲ ਘੁੱਟ ਗਈ।
”ਇਹ ਘਰ ਨੂੰ ਤੂੰ ਆਪਣੀ ਦਮੋ ਮਾਂ ਦਾ ਹੀ ਘਰ ਸਮਝ। ਸੰਗਣ ਸੰਕੋਚਣ ਦੀ ਲੋੜ ਨਹੀਂ। ਤੈਨੂੰ ਕੁਦਰਤ ਦੀ ਬੁੱਕਲ ਵਿਚ ਲਿਆ ਕੇ ਬਿਠਾਇਆ ਏ।” ਬਲਰਾਜ ਕੁੜੀ ਦੇ ਦਿਲ ਬੈਠੇ ਹਰ ਤਰ੍ਹਾਂ ਦੇ ਡਰ-ਭੈ ਸਾਰੇ ਮੁਕਾਉਣਾ ਚਾਹੁੰਦਾ ਸੀ। ਮੇਰੀਆਂ ਵੱਡੀਆਂ ਦੋਵੇਂ ਕੁੜੀਆਂ ਸਨੋਬਰ ਨੂੰ ਅਤਿ ਸਨੇਹ ਨਾਲ ਬਾਹਾਂ ਭਰ ਕੇ ਮਿਲੀਆਂ। ਉਹ ਉਸ ਦੇ ਦੋਹੀਂ ਪਾਸੀਂ ਬੈਠੀਆਂ ਉਸਨੂੰ ਪਿਆਰ ਦਿਲਾਸੇ ਨਾਲ ਘੁੱਟ ਰਹੀਆਂ ਸਨ। ਸਾਡਾ ਸਾਰਾ ਟੱਬਰ ਇਸ ਗੱਲੋਂ ਔਖਾ ਤੇ ਪ੍ਰੇਸ਼ਾਨ ਸੀ ਕਿ ਐਨੀ ਸੁੰਦਰ ਨੂਰੀ ਕੁੜੀ ਨੂੰ ਸਹੁਰਿਆਂ ਦੇ ਲਾਲਚ ਨੇ ਸਾੜ ਕੇ ਰੱਖ ਦਿੱਤਾ? ”ਆਪਾਂ ਇਕੱਠੀਆਂ ਰੋਟੀ ਖਾਵਾਂਗੀਆਂ।” ਮੇਰੀ ਵੱਡੀ ਲੜਕੀ ਨੇ ਉਸ ਦੇ ਗਲ, ਉੱਤੋਂ ਦੀ ਹੱਥ ਵਧਾ ਕੇ ਘੁੱਟਿਆ।
ਸਨੋਬਰ ਦੋਹਾਂ ਕੁੜੀਆਂ ਦੇ ਹੱਥ ਫੜੀ ਮੁਸਕਰਾਈ ਜਾ ਰਹੀ ਸੀ। ਬਲਰਾਜ ਦੁਖੀ ਧੀ ਦਾ ਗ਼ਮ ਗਲਤ ਹੁੰਦਾ ਦੇਖ ਕੇ ਬੜਾ ਪ੍ਰਸੰਨ ਹੋਇਆ। ਸਨੋਬਰ ਕੁੜੀਆਂ ਦੇ ਪਿਆਰ ਵਰਤਾਅ ਵਿੱਚ ਟਹਿਕ ਪਈ।
”ਪਾਪਾ ਤੇਰਾ ਦੋਸਤ ਕੰਵਲ ਚਾਚਾ ਜੀ ਤੇ ਉਸਦੇ ਘਰ ਦੇ ਲੋਕ ਕਿੰਨੇ ਚੰਗੇ ਹਨ।” ਕੁੜੀ ਆਪਣਾ ਸੱਜਾ ਹੱਥ ਸੁਭਾਵਿਕ ਹੀ ਖੋਲ੍ਹ ਗਈ।
”ਬਈ ਇਨ੍ਹਾਂ ਨੂੰ ਹਾਲੇ ਬੰਬਈ ਵਰਗੇ ਸ਼ਹਿਰ ਦੀ ਤੱਤੀ ‘ਵਾ ਨਹੀਂ ਲੱਗੀ।” ਬਲਰਾਜ ਕੁੜੀ ਨੂੰ ਹੌਂਸਲਾ ਦੇਂਦਾ ਹੱਸ ਪਿਆ।
”ਬੰਬਈ ਇਨ੍ਹਾਂ ਦੇ ਪਿੰਡ ਵਰਗੀ ਕਿਉਂ ਨਹੀਂ ਹੋ ਸਕਦੀ?” ਕਦੇ-ਕਦੇ ਕੁੜੀ ਦੀ ਚੇਤਨਾ ਜਾਗ ਪੈਂਦੀ ਸੀ। ਉਸਦਾ ਗਮ ਕਿੰਨਾ ਭਾਰਾ ਸੀ।
ਉਹ ਦੋਵੇਂ ਇਕ ਹਫ਼ਤਾ ਪਿੰਡ ਰਹੇ। ਸਨੋਬਰ ਮੇਰੀਆਂ ਕੁੜੀਆਂ ਨਾਲ ਤੀਆਂ ਵਰਗੇ ਦਿਨ ਮਹਿਸੂਸ ਕਰਦੀ ਰਹੀ ਸੀ। ਫਿਰ ਬਲਰਾਜ ਉਸਨੂੰ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਲੈ ਗਿਆ। ਉਹ ਉਸ ਅੰਦਰ ਜਾਮ ਹੋਏ ਦੁਖ-ਦਰਦ ਖੋਰ ਦੇਣਾ ਚਾਹੁੰਦਾ ਸੀ। ਸਨੋਬਰ ਪੰਜਾਬ ਵਿਚ ਕੁਝ ਦਿਨ ਹੋਰ ਗੁਜ਼ਾਰ ਕੇ ਬੰਬਈ ਚਲੀ ਗਈ। ਸਨੋਬਰ ਦੀ ਮਾਨਸਿਕਤਾ ਉਥੇ ਜਾ ਕੇ ਮੁੜ ਖ਼ਰਾਬ ਹੋ ਗਈ। ਉਹ ਵਾਰ-ਵਾਰ ਆਖਦੀ ਸੀ, ਮਾਂ ਮੈਨੂੰ ਆਵਾਜ਼ਾਂ ਮਾਰ ਰਹੀ ਐ।
”ਤੂੰ ਆ ਜਾਹ, ਤੈਨੂੰ ਏਥੇ ਖਾ ਜਾਣਗੇ।”
ਥੋੜ੍ਹੇ ਦਿਨਾਂ ਪਿੱਛੋਂ ਹੀ ਦਰਦਾਂ ਦੀ ਸੀਮਾ ਨਾ ਸਹਾਰਦੀ, ਉਹ ਬੰਬਈ ਤੋਂ ਹਮੇਸ਼ਾ ਲਈ ਕੂਚ ਕਰ ਗਈ। ਬਲਰਾਜ ਦਾ ਅਥਾਹ ਦਰਦ ਭਰਿਆ ਖ਼ਤ ਪੜ੍ਹਿਆ ਨਹੀਂ ਜਾ ਰਿਹਾ ਸੀ। ਮੈਨੂੰ ਉਹਦੇ ਕੋਮਲ ਅਹਿਸਾਸ ਦਾ ਹਾਥ ਸੀ। ਝਟ ਹੌਂਸਲਾ ਦੇਣ ਲਈ ਬੰਬਈ ਪਹੁੰਚਿਆ। ਬਲਰਾਜ ਅੰਦਰੋਂ ਬਾਹਰੋਂ ਖਿਲਰਿਆ ਪਿਆ ਸੀ। ਨਾ ਉਸਦੇ ਦਰਦ ਨੂੰ ਕਿਸੇ ਸਮਝਿਆ, ਨਾ ਹੀ ਸੁਣਿਆ। ਓਪਰੀ ਹਾਲਤ ਵਿਚ ਹੀ ਸ਼ੁਰੂ ਹੋਈਆਂ ਫ਼ਿਲਮਾਂ ਦਾ ਨਿਪਟਾਰਾ ਕਰਦਾ ਰਿਹਾ। ਉਹਦੀ ਡਿਗਦੀ ਹਾਲਤ ਦੇਖ ਕੇ ਮੈਂ ਸਲਾਹ ਦਿੱਤੀ, ਮਾਹੌਲ ਬਦਲ, ਬੰਬਈ ਛੱਡ ਕੇ ਪੰਜਾਬ ਆ ਜਾਹ। ਬੰਬਈ ਨੇ ਤੇਰੇ ਗ਼ਮ ਦਾ ਖਹਿੜਾ ਨਹੀਂ ਛੱਡਣਾ। ਉਸ ਦਾ ਖ਼ਤ ਮਿਲਿਆ ਬਸ ਮੈਨੂੰ ਆਇਆ ਹੀ ਸਮਝ। ਉਸ ਦਾ ਮਨ ਸੀ, ਪੰਜਾਬ ਵਿਚ ਡਰਾਮੇ ਨੂੰ ਘੁੰਮਾਵਾਂਗੇ। ਫਿਰ ਥੋੜ੍ਹੇ ਦਿਨਾਂ ਪਿੱਛੋਂ ਹੀ ਮਨਹੂਸ ਖਬਰ ਰੇਡੀਓ ਤੋਂ ਆ ਗਈ, ”ਫ਼ਿਲਮ ਜਗਤ ਦਾ ਪ੍ਰਸਿੱਧ ਕਲਾਕਾਰ ਬਲਰਾਜ ਸਾਹਨੀ ਦਿਲ ਦੇ ਦੌਰੇ ਕਾਰਨ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ।”
ਉਸ ਦੀ ਮੌਤ ਤੋਂ ਚਾਰ ਦਿਨ ਪਿੱਛੋਂ ਬੰਬਈ ਪਹੁੰਚਿਆ। ‘ਇਕ ਰਾਮ’ ਘਰ ਸੁੰਨਾ ਪਿਆ ਸੀ। ਬਸ ਨੌਕਰ ਮੈਨੂੰ ਹੈਰਾਨੀ ਨਾਲ ਵੇਖ ਰਿਹਾ ਸੀ। ਬਲਰਾਜ ਦੇ ਲੜਕੇ ਪ੍ਰੀਕਸ਼ਤ ਨੂੰ ਭਾਲਿਆ, ਨਾ ਮਿਲਿਆ। ਉਹ ਕਈ ਸਾਲ ਪਹਿਲਾਂ ਘਰ ਛੱਡ ਕੇ ਚਲਾ ਗਿਆ ਸੀ। ਭਾਲਿਆ ਤਾਂ ਬੜੀ ਔਖ ਨਾਲ ਰੋਣ ਲੱਗ ਪਿਆ। ਪਰ ਦਰਦ ਗ਼ਮਾਂ ਦੀ ਬੱਝੀ ਪੰਡ ਨਾ ਖੋਲ੍ਹ ਸਕਿਆ। ਬਲਰਾਜ ਨਾਲ ਹੀਰੋਇਨ ਦਾ ਰੋਲ ਕਰਨ ਵਾਲੀ ਅਚਲਾ ਮਿਲੀ, ਮੈਂ ਗਿਲਾ ਕੀਤਾ।
”ਤੁਸੀਂ ਬੰਬਈ ਵਾਲਿਓ, ਇਕ ਹੀਰਾ ਖੋ ਦਿੱਤਾ। ਸਮੇਂ ਸਿਰ ਤੁਸੀਂ ਲੋਕ ਉਸਦਾ ਦਰਦ ਗ਼ਮ ਵੀ ਨਾ ਵੰਡਾ ਸਕੇ?”
”ਕਿੱਥੇ ਕੰਵਲ! ਉਸਨੇ ਦਿਲ ਦੇ ਗ਼ਮ ਦੀ ਗੰਢ ਹੋਰ ਪੀਚ ਲਈ। ਉਹ ਕੁਝ ਵੀ ਦੱਸਦਾ, ਅਸੀਂ ਕੁਰਬਾਨ ਜਾਣ ਵਾਲੇ ਹਾਜ਼ਰ ਸਾਂ।” ਉਹ ਰੋਣ ਹਾਕੀ ਹੋਈ ਪਈ ਸੀ। ਮੈਂ ਉਸਦਾ ਹੱਥ ਥਾਪੜਿਆ। ”ਬਸ ਏਵੇਂ ਹੋਣੀ ਸੀ, ਕੀ ਦੋਸ਼ ਨਣਦ ਨੂੰ ਦੇਣਾ।”
ਬਲਰਾਜ ਦੀ ਮਾਸੀ ਦੀ ਧੀ ਦੇ ਘਰ ਪ੍ਰੀਕਸ਼ਤ ਨੂੰ ਆ ਭਾਲਿਆ। ਭੁੱਬਾਂ ਮਾਰ ਕੇ ਰੋ ਪਿਆ। ਕੋਈ ਗੱਲ ਨਾ ਹੋ ਸਕੀ। ਸੰਤੋਸ਼ ਸਾਹਨੀ ਘਰ ਨਹੀਂ ਮਿਲੀ। ਉਹ ਬਲਰਾਜ ਦੀ ਜਾਇਦਾਦ ਉੱਤੇ ਕਬਜ਼ਾ ਕਰਨ ਲਈ ਸਫਰ ‘ਤੇ ਚੜੀ ਹੋਈ ਸੀ। ਮੈਂ ਗ਼ਮ ਨਾਲ ਭਰਿਆ ਵਾਪਸ ਆ ਗਿਆ। ਉਹਦੀ ਯਾਦ ਨੂੰ ਜਿਉਂਦੀ ਰੱਖਣ ਲਈ ਉਹਦੇ ਨਾਂ ਦਾ ਇਕ ਇਨਾਮ ਪੰਦਰਾਂ ਹਜ਼ਾਰ ਦਾ ਪੰਜਾਬੀ ਸਾਹਿਤ ਟਰੱਸਟ ਢੁਡੀਕੇ ਵੱਲੋਂ ਜਾਰੀ ਕਰ ਦਿੱਤਾ। ਉਹ ਸਾਰੇ ਪੰਜਾਬ ਦਾ ਨਿੱਗਰ ਯਾਰ ਸੀ। ਪਰ ਘਰ ਵਾਲਿਆਂ ਦਾ ਕੁਝ ਵੀ ਨਹੀਂ ਲੱਗਦਾ ਸੀ।
ਜਸਵੰਤ ਸਿੰਘ ਕੰਵਲ