ਬਗੀਚਾ

by admin

ਕਿਤੇ ਦੂਰ ਪਹਾੜਾਂ ਚ ਇਕ ਬਜ਼ੁਰਗ ਰਹਿੰਦਾ ਸੀ…ਜਿਸਦਾ ਨਾਮ ਕੋਈ ਨਹੀਂ ਸੀ ਜਾਣਦਾ….ਉਸਦਾ ਕੋਈ ਟਿਕਾਣਾ ਨਹੀਂ ਸੀ…ਜਿਥੇ ਉਸਨੂੰ ਨੀਂਦ ਆ ਜਾਂਦੀ ਉਥੇ ਸੋਂ ਜਾਂਦਾ….ਕਿਸੇ ਨੂੰ ਨਹੀਂ ਸੀ ਪਤਾ ਉਹ ਕੀ ਖਾਂਦਾ ਹੈ…ਕਿਵੇਂ ਜਿਉਂਦਾ ਹੈ…ਪਰ ਸਭ ਨੂੰ ਏਨਾ ਪਤਾ ਸੀ ਕਿ ਉਹ ਸਿਆਣਾ ਹੈ…ਉਸਦੇ ਕੋਲ ਸਭ ਸੁਆਲਾਂ ਦੇ ਜੁਆਬ ਹੁੰਦੇ ਨੇ…

ਉਸੇ ਪਹਾੜ ਦੇ ਦੂਜੇ ਪਾਸੇ ਵਸਦੇ ਇਕ ਪਿੰਡ ਵਿਚ ਦੋ ਨੌਜਵਾਨ ਰਹਿੰਦੇ ਸੀ…

ਕਵੀਰਾਜ ਨਾਮ ਦਾ ਮੁੰਡਾ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਸੀ….ਉਸਦੇ ਬਾਰੇ ਆਖਿਆ ਜਾਂਦਾ ਸੀ ਕਿ ਕੋਈ ਕਿਤਾਬ ਛਪਦੀ ਬਾਦ ਚ ਸੀ ਉਹ ਪੜ੍ਹ ਪਹਿਲਾਂ ਲੈਂਦਾ ਸੀ…

” ਮੈਂ ਦੁਨੀਆਂ ਨੂੰ ਜਾਨਣਾ ਚਾਹੰਦਾ ਹਾਂ….ਜ਼ਿੰਦਗੀ ਦਾ ਭੇਤ ਲੱਭਣ ਲਈ ਕਿਤਾਬਾਂ ਛਾਣਦਾ ਫਿਰਦਾ ਹਾਂ ” ਉਹ ਅਕਸਰ ਬੋਲਿਆ ਕਰਦਾ ਸੀ…

” ਮਿਲਿਆ ਫੇਰ ਭੇਤ ? ” ਲੋਕ ਉਸਨੂੰ ਸੁਆਲ ਕਰਦੇ….

ਉਸਦੇ ਕੋਲ ਕੋਈ ਜੁਆਬ ਨਹੀਂ ਸੀ ਹੁੰਦਾ….ਉਹ ਚੁੱਪ ਕਰਕੇ ਤੁਰ ਪੈਂਦਾ….ਤੇ ਫੇਰ ਕੋਈ ਨਵੀਂ ਕਿਤਾਬ ਫੜ੍ਹ ਲੈਂਦਾ….ਪਰ ਉਸਨੂੰ ਜ਼ਿੰਦਗੀ ਦਾ ਭੇਤ ਕਿਸੇ ਕਿਤਾਬ ਚ ਨਾ ਮਿਲਿਆ……

ਉਸੇ ਪਿੰਡ ਚ ਰਹਿੰਦੇ ਦੂਜੇ ਨੌਜਵਾਨ ਦਾ ਨਾਮ ਆਸ਼ਕ ਸੀ….ਉਸਨੂੰ ਅੱਜ ਤੱਕ ਬੜੀਆਂ ਕੁੜੀਆਂ ਨਾਲ ਪਿਆਰ ਹੋਇਆ ਸੀ…ਪਰ ਓਹ ਕਿਸੇ ਇਕ ਨਾਲ ਜੁੜਿਆ ਨਹੀਂ ਸੀ ਰਹਿ ਸਕਦਾ……

ਅੱਜ ਕਲ ਉਹ ਫੇਰ ਇਕ ਹਸੀਨਾ ਦੇ ਪਿਆਰ ਚ ਪਾਗਲ ਸੀ….ਉਸਦੇ ਲਈ ਗੀਤ ਬੋਲਦਾ ਸੀ…ਕਵਿਤਾ ਗੁਨਗੁਣਾਉਂਦਾ ਸੀ…

” ਤੇਰੇ ਚੇਹਰੇ ਤੇ ਉਗਦੇ ਹਾਸੇ ਮੈਨੂੰ ਮਾਰ ਦਿੰਦੇ ਨੇ…ਤੇਰਾ ਮੈਨੂੰ ਛੂਹਣਾ ਮੈਨੂੰ ਫੇਰ ਤੋਂ ਜਿਉਂਦਾ ਕਰ ਦਿੰਦਾ ਹੈ ”

ਉਸਦੀ ਪ੍ਰੇਮਿਕਾ ਉਸਦੇ ਵੱਲ ਅੱਖਾਂ ਚ ਢੇਰ ਸਾਰਾ ਪਿਆਰ ਭਰ ਕੇ ਵੇਖਦੀ ਸੀ…ਹੱਸਦੀ ਸੀ…

” ਇਹ ਕਿੰਨਾ ਘਟ ਬੋਲਦੀ ਹੈ…ਕਦੀ ਵੀ ਮੇਰੇ ਵਾਂਗ ਆਪਣੇ ਦਿਲ ਦੀ ਗੱਲ ਜ਼ੁਬਾਨ ਉਪਰ ਨਹੀਂ ਲੈ ਕੇ ਆਉਂਦੀ….ਪਤਾ ਨਹੀਂ ਇਸਦੇ ਦਿਲ ਵਿਚ ਕੀ ਹੈ…? ” ਆਸ਼ਕ ਅਕਸਰ ਸੋਚਦਾ ਰਹਿੰਦਾ ਸੀ…

” ਤੇਰੇ ਦਿਲ ਵਿਚ ਕੀ ਹੈ…ਤੂੰ ਦਸਦੀ ਹੀ ਨਹੀਂ…? ” ਇਕ ਦਿਨ ਉਸਨੇ ਪ੍ਰੇਮਿਕਾ ਨੂੰ ਪੁੱਛ ਹੀ ਲਿਆ…

” ਦਸਣ ਦੀ ਲੋੜ ਹੈ ? ” ਪ੍ਰੇਮਿਕਾ ਨੇ ਉਸਦੀਆਂ ਅੱਖਾਂ ਚ ਅੱਖਾਂ ਪਾ ਕੇ ਦੇਖਿਆ….

ਆਸ਼ਕ ਕੋਈ ਹੋਰ ਸੁਆਲ ਨਾ ਕਰ ਸਕਿਆ….ਪਰ ਉਸਦੇ ਦਿਲ ਨੇ ਆਖਿਆ ਕਿ ਇਕ ਵਾਰ ਪਤਾ ਤਾਂ ਲਗਣਾ ਚਾਹੀਦਾ ਹੈ ਕਿ ਉਸ ਕੁੜੀ ਦੇ ਮਨ ਵਿਚ ਉਸਦੇ ਲਈ ਕੀ ਹੈ….

ਆਪਣੇ ਸੁਆਲਾਂ ਦੇ ਜੁਆਬ ਤਲਾਸ਼ਦੇ ਕਵੀਰਾਜ ਅਤੇ ਆਸ਼ਕ ਨੂੰ ਕਿਸੇ ਨੇ ਪਹਾੜਾਂ ਚ ਰਹਿੰਦੇ ਬਜ਼ੁਰਗ ਦੀ ਦੱਸ ਪਾਈ…

” ਓਸ ਬੁੱਢੇ ਆਦਮੀ ਕੋਲ ਹਰ ਸੁਆਲ ਦਾ ਜੁਆਬ ਹੁੰਦਾ ਹੈ…ਉਹ ਜਰੂਰ ਹੀ ਤੁਹਾਡੇ ਦੋਨਾਂ ਦੇ ਸੁਆਲਾਂ ਦੇ ਜੁਆਬ ਵੀ ਤੁਹਾਨੂੰ ਦੇ ਸਕੇਗਾ ”

ਪਿੰਡ ਵਾਲਿਆਂ ਦੀਆਂ ਗੱਲਾਂ ਸੁਣ ਕੇ ਦੋਵਾਂ ਨੇ ਪਹਾੜ ਚ ਜਾ ਕੇ ਉਸ ਬੁੱਢੇ ਆਦਮੀ ਨੂੰ ਮਿਲਣ ਦਾ ਸੋਚਿਆ….ਤੇ ਆਖਰ ਦੋਵੇਂ ਜਣੇ ਇਕ ਸਵੇਰ ਇਕੱਠੇ ਪਹਾੜ ਵੱਲ ਤੁਰ ਪਏ….

ਦੋਵੇਂ ਤੁਰਦੇ ਰਹੇ…ਤੁਰਦੇ ਰਹੇ….ਤੇ ਸ਼ਾਮਾਂ ਹੋਣ ਤੱਕ ਪਹਾੜ ਉਪਰ ਜਾ ਪੁੱਜੇ….

ਘਣੇ ਜੰਗਲ ਵਿਚ ਉਹ ਬੇਸਬਰੀ ਨਾਲ ਬੁੱਢੇ ਆਦਮੀ ਨੂੰ ਲੱਭਣ ਲੱਗੇ….ਆਖਰ ਉਹ ਉਹਨਾਂ ਨੂੰ ਇਕ ਦਰਖਤ ਥੱਲੇ ਬੈਠਾ ਦਿਖਿਆ….

ਸਾਫ ਸੁਥਰੇ ਕੱਪੜੇ ਪਾਈ…ਲੰਮੇ ਚਿੱਟੇ ਕੇਸਾਂ ਵਾਲਾ ਉਹ ਬੁੱਢਾ ਅੱਖਾਂ ਮੀਟੀ ਬੈਠਾ ਸੀ…

” ਬਾਬਾ ਜੀ…ਓ ਬਾਬਾ ਜੀ ” ਕਵੀਰਾਜ ਨੇ ਆਵਾਜ਼ ਦਿੱਤੀ…

ਬਾਬੇ ਨੇ ਅੱਖਾਂ ਖੋਲੀਆਂ….

” ਬਾਬਾ ਜੀ…ਆਪਾਂ ਬੜੀ ਦੂਰੋਂ ਆਏ ਹਾਂ…ਆਪਣੇ ਕੁਛ ਸਵਾਲਾਂ ਦੇ ਜਵਾਬ ਲੱਭਣ…” ਆਸ਼ਕ ਬੇਸਬਰੀ ਨਾਲ ਬੋਲਿਆ…

” ਅਰਾਮ ਕਰੋ ਪੁੱਤਰੋ…ਹਨੇਰਾ ਹੋਣ ਵਾਲਾ ਹੈ…ਚਾਨਣ ਲੱਭਣ ਆਏ ਹੋ…ਸਵੇਰ ਦੀ ਉਡੀਕ ਕਰੋ…ਸਭ ਚਾਨਣ ਹੋ ਜਾਏਗਾ ” ਬੁੱਢੇ ਨੇ ਫੇਰ ਅੱਖਾਂ ਬੰਦ ਕਰ ਲਈਆਂ…

ਦੋਵੇਂ ਇਕ ਦੂਜੇ ਵੱਲ ਦੇਖਣ ਲੱਗੇ…ਉਹਨਾਂ ਕੋਲ ਹੋਰ ਚਾਰਾ ਵੀ ਕੀ ਸੀ…ਦੋਵੇਂ ਬੁਢੇ ਆਦਮੀ ਦੇ ਆਲੇ ਦੁਆਲੇ ਹੀ ਬੈਠ ਗਏ…

ਰਾਤ ਹੋਣੀ ਸ਼ੁਰੂ ਹੋ ਗਈ ਸੀ….ਦੋਵਾਂ ਨੇ ਉਥੇ ਹੀ ਸੋਣ ਦੀ ਤਿਆਰੀ ਸ਼ੁਰੂ ਕਰ ਲਈ…

….

ਅਗਲੀ ਸਵੇਰ ਦੋਵੇਂ ਨੌਜਵਾਨਾਂ ਨੇ ਫੇਰ ਬਜ਼ੁਰਗ ਨੂੰ ਆਪਣੇ ਸਵਾਲ ਦੱਸੇ…

” ਆਓ…ਲਾਗੇ ਹੀ ਇਕ ਬਗੀਚਾ ਹੈ…ਉਥੇ ਜਾ ਕੇ ਗੱਲ ਕਰਦੇ ਹਾਂ ”

ਦੋਵੇਂ ਜਣੇ ਬਜ਼ੁਰਗ ਦੀ ਗੱਲ ਮੰਨ ਕੇ ਉਸਦੇ ਮਗਰ ਤੁਰ ਪਏ…

ਬਗੀਚੇ ਚ ਪੁੱਜਦੇ ਹੀ ਦੋਨਾਂ ਨੂੰ ਸਭ ਕੁਛ ਭੁਲ ਗਿਆ….ਏਨਾ ਸੋਹਣਾ ਬਗੀਚਾ ਉਹਨਾਂ ਨੇ ਪਹਿਲੀ ਵਾਰ ਤੱਕਿਆ ਸੀ….ਭਾਂਤ ਭਾਂਤ ਦੇ ਫੁੱਲ…ਛਾਂ ਵੰਡਦੇ ਦਰੱਖਤ…

ਹਰਾ ਸੰਘਣਾ ਘਾਹ ਦੇਖ ਕੇ ਅੱਖਾਂ ਦੀ ਥਕਾਵਟ ਲਹਿੰਦੀ ਸੀ….

ਬਗੀਚੇ ਚ ਘੁੰਮਦਿਆਂ ਨੂੰ ਸ਼ਾਮਾਂ ਹੋ ਗਈਆਂ….

” ਬਾਬਾ ਜੀ…ਸਾਡੇ ਸੁਆਲਾਂ ਵੱਲ ਵੀ ਗੌਰ ਕਰੋ ” ਆਸ਼ਕ ਨੂੰ ਜਿਵੇਂ ਅਚਾਨਕ ਯਾਦ ਆਇਆ ਕਿ ਉਹ ਤਾਂ ਇਥੇ ਸੁਆਲਾਂ ਦੇ ਜੁਆਬ ਲੱਭਣ ਆਇਆ ਸੀ…

” ਮੈਂ ਤਾਂ ਅੱਜ ਥੱਕ ਗਿਆ ਹਾਂ…ਤੁਸੀਂ ਵੀ ਜਰੂਰ ਥੱਕ ਗਏ ਹੋਵੋਗੇ…ਆਪਾਂ ਕਲ੍ਹ ਇਸਦੇ ਬਾਰੇ ਗੱਲ ਕਰਾਂਗੇ…ਤੁਸੀਂ ਵੀ ਹੁਣ ਅਰਾਮ ਕਰੋ ”

ਬਜ਼ੁਰਗ ਏਨਾ ਬੋਲ ਕੇ ਬਿਨਾਂ ਉਹਨਾਂ ਵੱਲ ਦੇਖੇ ਤੁਰ ਪਿਆ….ਦੋਵੇਂ ਜਣੇ ਵੀ ਹੋਰ ਕੀ ਕਰ ਸਕਦੇ ਸੀ…ਉਹ ਵੀ ਉਸਦੇ ਮਗਰ ਤੁਰ ਆਏ…

….

ਅਗਲੇ ਦਿਨ ਉਹ ਫੇਰ ਉਸੇ ਬਗੀਚੇ ਚ ਆ ਪੁੱਜੇ….

ਆਸ਼ਕ ਅਤੇ ਕਵੀਰਾਜ ਇਕ ਵਾਰ ਫੇਰ ਬਗੀਚੇ ਚ ਆ ਕੇ ਖੁਸ਼ ਹੋ ਗਏ ਸੀ….ਪਰ ਅੱਜ ਉਹਨਾਂ ਨੂੰ ਕਲ੍ਹ ਜਿੰਨਾ ਮਜ਼ਾ ਨਹੀਂ ਸੀ ਆਇਆ….

ਪਰ ਬਜ਼ੁਰਗ ਬਾਬਾ ਬਗੀਚੇ ਚ ਏਦਾਂ ਚਾਅ ਨਾਲ ਘੁੰਮ ਰਿਹਾ ਸੀ ਜਿਵੇਂ ਉਹ ਏਥੇ ਪਹਿਲੀ ਵਾਰ ਆਇਆ ਹੋਵੇ…

” ਬਾਬਾ ਜੀ…ਤੁਸੀਂ ਲਗਦਾ ਸਾਡੇ ਸੁਆਲਾਂ ਨੂੰ ਭੁੱਲ ਹੀ ਗਏ ਹੋ ? ” ਕਵੀਰਾਜ ਨੇ ਹਿੰਮਤ ਕਰਕੇ ਆਖਿਆ…

” ਨਹੀਂ ਪੁੱਤਰੋ…ਮੈਨੂੰ ਯਾਦ ਨੇ ਤੁਹਾਡੇ ਸੁਆਲ…ਪਰ ਤੁਸੀਂ ਏਨੀ ਦੂਰ ਤੋਂ ਆਏ ਹੋ…ਤਾਂ ਮੇਰਾ ਦਿਲ ਕਰਦਾ ਸੀ ਤੁਹਾਨੂੰ ਕੁਦਰਤ ਦੇ ਅਨਮੋਲ ਨਜ਼ਾਰੇ ਦਿਖਾਵਾਂ…ਪਤਾ ਨਹੀਂ ਤੁਸੀਂ ਕਦੋਂ ਆਓਗੇ ਦੁਬਾਰਾ…ਇਸ ਕਰਕੇ ਜੀ ਭਰ ਕੇ ਇਹ ਸਭ ਦੇਖ ਲਵੋ…ਕਲ੍ਹ ਆਪਾਂ ਏਥੇ ਦੁਬਾਰਾ ਆਵਾਂਗੇ…ਤੇ ਤੁਹਾਡੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਵਾਂਗਾ…”

ਬਜ਼ੁਰਗ ਨੇ ਇਸ ਵਾਰ ਫੇਰ ਉਹਨਾਂ ਵੱਲ ਦੁਬਾਰਾ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ…ਤੇ ਬਗੀਚੇ ਵਿਚੋਂ ਬਾਹਰ ਨੂੰ ਤੁਰ ਪਿਆ…

ਆਸ਼ਕ ਅਤੇ ਕਵੀਰਾਜ ਦਾ ਦਿਲ ਤਾਂ ਹੋਇਆ ਸੀ ਕਿ ਵਾਪਸ ਪਿੰਡ ਮੁੜ ਜਾਣ…ਪਰ ਦੋਵਾਂ ਨੇ ਇਕ ਵਾਰ ਫੇਰ ਸਬਰ ਕਰ ਲਿਆ…

….

ਤੀਸਰੇ ਦਿਨ ਬਗੀਚੇ ਚ ਪੁੱਜਦੇ ਹੀ ਆਸ਼ਕ ਅਤੇ ਕਵੀਰਾਜ ਕਾਹਲੇ ਪੈ ਗਏ….

” ਏਨੇ ਸੋਹਣੇ ਬਗੀਚੇ ਨੂੰ ਘੁੰਮ ਤਾਂ ਲਵੋ…ਫੇਰ ਆਪਾਂ ਗੱਲਾਂ ਹੀ ਕਰਨੀਆਂ ਨੇ..” ਬਜ਼ੁਰਗ ਨੇ ਉਹਨਾਂ ਵੱਲ ਦੇਖਿਆ…

” ਨਹੀਂ ਬਾਬਾ ਜੀ…ਘੁੰਮ ਤਾਂ ਲਿਆ ਬਗੀਚਾ…ਹੁਣ ਦੁਬਾਰਾ ਦੁਬਾਰਾ ਕੀ ਦੇਖਣਾ…ਸਭ ਕੁਛ ਓਹੀ ਤਾਂ ਹੈ ਜੋ ਕਲ੍ਹ ਸੀ…ਪਰਸੋਂ ਸੀ…” ਕਵੀਰਾਜ ਨੇ ਖਿਝ ਕੇ ਆਖਿਆ…

” ਹੋਰ ਕੀ…ਮੈਂ ਤਾਂ ਕੱਲ੍ਹ ਹੀ ਅੱਕ ਗਿਆ ਸੀ…ਅੱਜ ਹੈਨੀਂ ਹੋਰ ਹਿੰਮਤ…ਬਸ ਬੈਠੀਏ…ਤੇ ਤੁਸੀਂ ਸਾਡੇ ਸੁਆਲਾਂ ਦੇ ਜੁਆਬ ਦਸੋ…ਜੇ ਹੈ ਨੇ ਤੁਹਾਡੇ ਕੋਲ ਤਾਂ…ਨਹੀਂ ਨੇ ਤਾਂ ਵੀ ਮਨ੍ਹਾ ਕਰਦੋ…ਆਪਾਂ ਵਾਪਸ ਜਾਣ ਵਾਲੇ ਬਣੀਏ…” ਆਸ਼ਕ ਵੀ ਬੋਲਿਆ…

ਬਜ਼ੁਰਗ ਉਹਨਾਂ ਦੋਨਾਂ ਵੱਲ ਵੇਖਦਾ ਰਿਹਾ…..ਉਸਦੇ ਚੇਹਰੇ ਉਪਰ ਪਹਿਲਾਂ ਵਾਂਗ ਹੀ ਸ਼ਾਂਤੀ ਸੀ…

” ਪੁਛੋ ਆਪਣੇ ਸੁਆਲ…” ਬਜ਼ੁਰਗ ਘਾਹ ਉਪਰ ਬੈਠਦਾ ਹੋਇਆ ਬੋਲਿਆ…

” ਮੈਂ ਕਿੰਨੀਆਂ ਕਿਤਾਬਾਂ ਪੜ੍ਹੀਆਂ ਨੇ…ਪਰ ਮੈਂ ਜ਼ਿੰਦਗੀ ਦਾ ਭੇਤ ਨਹੀਂ ਸਮਝ ਸਕਿਆ…ਮੈਂ ਸੋਚਦਾ ਹਾਂ ਮੈਂ ਜ਼ਿੰਦਗੀ ਨੂੰ ਬਸ ਜੀ ਰਿਹਾ ਹਾਂ…ਇਸਦਾ ਆਨੰਦ ਨਹੀਂ ਲੈ ਪਾ ਰਿਹਾ…” ਕਵੀਰਾਜ ਵੀ ਬਜ਼ੁਰਗ ਦੇ ਕੋਲ ਹੀ ਬੈਠ ਗਿਆ…

ਬਜ਼ੁਰਗ ਨੇ ਆਸ਼ਕ ਵੱਲ ਦੇਖਿਆ….

” ਬਾਬਾ ਜੀ…ਮੇਰੀ ਜ਼ਿੰਦਗੀ ਚ ਬੜੀਆਂ ਕੁੜੀਆਂ ਆਈਆਂ…ਮੈਂ ਕਿਸੇ ਨਾਲ ਦੇਰ ਤੱਕ ਨਿਭਾਅ ਨਹੀਂ ਪਾਉਂਦਾ…ਮੇਰਾ ਦਿਲ ਕਰਦਾ ਹੁੰਦਾ ਹੈ ਕਿ ਮੈਨੂੰ ਉਹਨਾਂ ਦੇ ਦਿਲ ਦੀ ਖਬਰ ਹੋਵੇ…ਮੈਨੂੰ ਪਤਾ ਹੋਵੇ ਕਿ ਉਹਨਾਂ ਦੇ ਦਿਲ ਚ ਕੀ ਹੈ…ਜਦੋਂ ਮੈਂ ਉਹਨਾਂ ਨੂੰ ਇਹ ਸਭ ਪੁੱਛਦਾ ਹਾਂ…ਤਾਂ ਉਹ ਕੋਈ ਜੁਆਬ ਨਹੀਂ ਦਿੰਦੀਆਂ…ਜੇ ਦੇਣ ਵੀ ਤਾਂ ਮੈਨੂੰ ਸੰਤੁਸ਼ਟੀ ਨਹੀਂ ਹੁੰਦੀ….ਮੈਨੂੰ ਦਸੋ ਕਿ ਮੈਂ ਕਿਵੇਂ ਸਭ ਦੇ ਦਿਲ ਦਾ ਜਾਣ ਸਕਾਂ ? ” ਆਸ਼ਕ ਨੇ ਵੀ ਆਪਣੀ ਸਮੱਸਿਆ ਦਸੀ…

ਬਜ਼ੁਰਗ ਨੇ ਗਰਦਨ ਝੁਕਾ ਲਈ…ਜਿਵੇਂ ਕੁਛ ਸੋਚਦਾ ਹੋਵੇ…

” ਤੁਹਾਡੇ ਦੋਵਾਂ ਦੇ ਸੁਆਲਾਂ ਦਾ ਜਵਾਬ ਇਕੋ ਹੈ…” ਬਜ਼ੁਰਗ ਬੋਲਿਆ…

” ਇਕੋ ਜਵਾਬ ਹੈ…ਕਿਵੇਂ…ਕੀ ਜੁਆਬ ਹੈ…ਸਾਨੂੰ ਦਸੋ ? ” ਦੋਵੇਂ ਬੇਸਬਰੀ ਨਾਲ ਬੋਲੇ…

” ਤੁਸੀਂ ਪਰਸੋਂ ਇਸ ਬਗੀਚੇ ਚ ਆਏ…ਖੁਸ਼ ਹੋਏ…ਅਗਲੇ ਦਿਨ ਫੇਰ ਆਏ…ਪਹਿਲੀ ਵਾਰ ਜਿੰਨੇ ਖੁਸ਼ ਨਹੀਂ ਸੀ ਤੁਸੀਂ…ਅੱਜ ਤੀਜੇ ਦਿਨ ਤਾਂ ਬਿਲਕੁਲ ਵੀ ਖੁਸ਼ ਨਹੀਂ ਹੋ ਏਥੇ ਆ ਕੇ…ਹੈ ਨਾ ? ” ਬਜ਼ੁਰਗ ਨੇ ਬੋਲ ਕੇ ਉਹਨਾਂ ਦੀਆਂ ਅੱਖਾਂ ਚ ਤੱਕਿਆ…

” ਹਾਂਜੀ…” ਕਵੀਰਾਜ ਬੋਲਿਆ..

” ਪਹਿਲੇ ਦਿਨ ਤੁਸੀਂ ਇਸ ਬਗੀਚੇ ਦੀ ਖੂਬਸੂਰਤੀ ਤੋਂ ਅਣਜਾਣ ਸੀ…ਪਹਿਲੀ ਵਾਰ ਤੁਸੀਂ ਐਸੀ ਖੂਬਸੂਰਤੀ ਦੇਖੀ ਸੀ…ਤੁਸੀਂ ਇਹ ਦੇਖ ਕੇ ਖੁਸ਼ ਹੋ ਗਏ…ਪਰ ਅਗਲੇ ਦਿਨ ਤੁਹਾਨੂੰ ਪਤਾ ਸੀ ਕਿ ਬਗੀਚੇ ਚ ਕੀ ਹੈ…ਤੁਸੀਂ ਇਸਨੂੰ ਦੇਖਣ ਲਈ ਉਤਸੁਕ ਨਹੀਂ ਸੀ…ਤੀਸਰੇ ਦਿਨ ਵੀ ਉਹੀ ਸਭ ਚੀਜ਼ਾਂ ਨੇ ਤੁਹਾਡੇ ਚ ਕੋਈ ਖਿੱਚ ਪੈਦਾ ਨਹੀਂ ਕੀਤੀ…” ਬਜ਼ੁਰਗ ਬੋਲਦੇ ਹੋਏ ਇਕ ਵਾਰ ਫੇਰ ਰੁੱਕਿਆ…

” ਪਰ ਇਸਦੇ ਨਾਲ ਸਾਡੇ ਸੁਆਲਾਂ ਦਾ ਸਬੰਧ ਕੀ ਹੈ ? ” ਆਸ਼ਕ ਬੋਲਿਆ…

” ਤੂੰ ਕਿਤਾਬਾਂ ਪੜ੍ਹਦਾ ਹੈਂ ਜਿੰਦਗੀ ਨੂੰ ਜਾਨਣ ਲਈ…ਜਦੋਂ ਸਭ ਜਾਣ ਲੈਂਦਾ ਹੈਂ…ਤਾਂ ਤੂੰ ਕੁਛ ਹੋਰ ਨਵੀਂ ਚੀਜ਼ ਲੱਭਣ ਲਈ ਹੋਰ ਨਵੀਂ ਕਿਤਾਬ ਪੜ੍ਹਨਾ ਸ਼ੁਰੂ ਕਰ ਲੈਂਦਾ ਹੈਂ…ਜਦੋਂ ਇਹ ਭੇਤ ਵੀ ਜਾਣ ਲੈਂਦਾ ਹੈਂ ਤਾਂ ਹੋਰ ਨਵੇਂ ਭੇਤ ਨੂੰ ਲੱਭਣ ਤੁਰ ਪੈਂਦਾ ਹੈਂ….ਫੇਰ ਇਕ ਸਮਾਂ ਆਇਆ ਜਦੋਂ ਤੈਨੂੰ ਲਗਿਆ ਕਿ ਤੂੰ ਸਭ ਕੁਛ ਜਾਣ ਲਿਆ…ਹੁਣ ਤੇਰੇ ਕੋਲ ਕਰਨ ਲਈ ਕੁਝ ਨਹੀਂ ਹੈ..ਜੀਵਨ ਚ ਕੋਈ ਉਤਸੁਕਤਾ ਨਹੀਂ ਰਹੀ..ਕਿਉਂਕਿ ਤੇਰੇ ਕੋਲ ਜਾਨਣ ਲਈ ਹੋਰ ਕੁਝ ਨਹੀਂ ਬਚਿਆ…ਜਿਹੜੀਆਂ ਕਿਤਾਬਾਂ ਆਨੰਦ ਦਿੰਦੀਆਂ ਸੀ ਸਭ ਤੂੰ ਪੜ੍ਹ ਚੁਕਾ ਹੈਂ…”

” ਪਰ ਇਸ ਚ ਖਰਾਬੀ ਕੀ ਹੈ…ਮੈਂ ਸਭ ਜਾਨਣ ਲਈ ਹੀ ਕਿਤਾਬਾਂ ਪੜ੍ਹਦਾ ਸੀ ” ਕਵੀਰਾਜ ਬੋਲਿਆ..

” ਅਣਜਾਣ ਹੋਣ ਚ ਆਨੰਦ ਹੈ…ਸਭ ਜਾਣ ਲੈਣਾ ਆਨੰਦ ਨਹੀਂ ਦੇ ਸਕਦਾ….ਜਿਵੇਂ ਇਸ ਬਗੀਚੇ ਚ ਉਦੋਂ ਤੱਕ ਆਨੰਦ ਸੀ ਜਦੋਂ ਤੱਕ ਤੁਸੀਂ ਇਸਦੇ ਸਭ ਕੋਨੇ ਨਹੀਂ ਦੇਖ ਲਏ…ਪਰ ਜਿਵੇਂ ਹੀ ਤੁਸੀਂ ਪੂਰਾ ਬਗੀਚਾ ਦੇਖ ਲਿਆ…ਤੁਹਾਡਾ ਸੁਆਦ ਮੁਕ ਗਿਆ…ਜ਼ਿੰਦਗੀ ਵੀ ਏਦਾਂ ਦਾ ਬਗੀਚਾ ਹੀ ਹੈ…ਤੁਸੀਂ ਕਿਉਂ ਇਸਦੇ ਭੇਤ ਪਾਉਣ ਤੁਰਦੇ ਹੋ…ਕਿਉਂ ਨਹੀਂ ਜ਼ਿੰਦਗੀ ਦਾ ਆਨੰਦ ਮਾਣਦੇ…” ਬਜ਼ੁਰਗ ਨੇ ਕਵੀਰਾਜ ਵੱਲ ਦੇਖਿਆ…

ਕਵੀਰਾਜ ਨੂੰ ਅੱਗੋਂ ਕੋਈ ਗੱਲ ਨਹੀਂ ਸੁਝੀ…

” ਪਰ ਮੇਰੇ ਸੁਆਲਾਂ ਦਾ ਕੀ ਜੁਆਬ ਹੋਇਆ..? ” ਆਸ਼ਕ ਬੋਲਿਆ…

” ਤੂੰ ਵੀ ਇਸ ਕਿਤਾਬਾਂ ਵਾਲੇ ਵਰਗਾ ਹੀ ਹੈਂ…ਤੂੰ ਆਪਣੀ ਜ਼ਿੰਦਗੀ ਚ ਆਈਆਂ ਕੁੜੀਆਂ ਨੂੰ ਪਿਆਰ ਕਰਨ…ਉਹਨਾਂ ਦਾ ਪਿਆਰ ਲੈਣ ਦੀ ਬਜਾਏ ਬਸ ਉਹਨਾਂ ਦੇ ਦਿਲਾਂ ਦੇ ਭੇਤ ਜਾਨਣ ਲਈ ਤੜਫਦਾ ਰਹਿੰਦਾ ਏਂ…ਤੂੰ ਵੀ ਆਨੰਦ ਨਹੀਂ ਮਾਨ ਰਿਹਾ…ਤੇਰੀ ਜ਼ਿੰਦਗੀ ਚ ਆਈ ਔਰਤ ਜੇ ਇਕੋ ਪਲ ਚ ਤੇਰੇ ਅੱਗੇ ਨੁਮਾਇਆਂ ਹੋ ਜਾਏਗੀ ਤਾਂ ਅੱਗੇ ਉਸਦੇ ਨਾਲ ਕਿਵੇਂ ਆਨੰਦ ਲਵੇਂਗਾ….ਜੋ ਮਜ਼ਾ ਹੋਲੀ ਹੋਲੀ ਆਪਣੇ ਆਪ ਇਕ ਦੂਜੇ ਨੂੰ ਜਾਨਣ ਚ ਹੈ ਉਹ ਕਿਸੇ ਨੂੰ ਜ਼ਬਰਦਸਤੀ ਪੜ੍ਹਨ ਚ ਨਹੀਂ ਹੈ..” ਬਜ਼ੁਰਗ ਬੋਲਿਆ…

ਆਸ਼ਕ ਅਤੇ ਕਵੀਰਾਜ ਕੁਝ ਨਾ ਬੋਲੇ…ਬਸ ਸੁਣਦੇ ਰਹੇ…

” ਤੁਸੀਂ ਦੋਵੇਂ ਇਕ ਦੂਜੇ ਤੋਂ ਉਲਟ ਹੋ…ਪਰ ਇਕੋ ਵਰਗੇ ਹੋ…ਇਕ ਨੇ ਸਭ ਕੁਛ ਪੜ੍ਹ ਲਿਆ…ਪਰ ਓਹ ਹੋਰ ਅੱਗੇ ਭੇਤ ਜਾਨਣ ਲਈ ਪ੍ਰੇਸ਼ਾਨ ਹੈ…ਉਸਨੇ ਕਿਤਾਬਾਂ ਨੂੰ ਆਨੰਦ ਲੈਣ ਲਈ ਨਹੀਂ ਪੜ੍ਹਿਆ…ਕੁਛ ਭੇਤ ਲੈਣ ਲਈ ਪੜ੍ਹਿਆ…ਜਦੋਂ ਭੇਤ ਜਾਣਿਆ ਇਕ ਕਿਤਾਬ ਦਾ…ਤਾਂ ਇਹ ਅਗਲੀ ਕਿਤਾਬ ਵੱਲ ਤੁਰ ਪਿਆ…

ਤੇ ਦੂਜਾ….ਆਪਣੀ ਜ਼ਿੰਦਗੀ ਚ ਆਈਆਂ ਕੁੜੀਆਂ ਨੂੰ ਕਿਤਾਬਾਂ ਵਾਂਗ ਪੜ੍ਹਨ ਦੀ ਕੋਸ਼ਿਸ਼ ਚ ਹੈ…ਇਹ ਵੀ ਸਭ ਜਾਣ ਲੈਣ ਦਾ ਇੱਛੁਕ ਹੈ…

ਜਦੋਂ ਕਿ ਅਣਜਾਣ ਹੋਣਾ ਮਜ਼ੇਦਾਰ ਹੈ…ਸਭ ਜਾਣ ਲੈਣਾ ਮੁੱਕ ਜਾਣਾ ਹੈ…”

ਬਜ਼ੁਰਗ ਏਨਾ ਬੋਲ ਕੇ ਉਠ ਖੜਾ ਹੋਇਆ….

ਦੋਵੇਂ ਜਣੇ ਵੀ ਨਾਲ ਹੀ ਉਠ ਖੜੇ ਹੋਏ….

” ਹੋਰ ਕੋਈ ਸੁਆਲ…? ” ਬਜ਼ੁਰਗ ਨੇ ਦੋਨਾਂ ਵੱਲ ਦੇਖਿਆ…

” ਤੁਸੀਂ ਇਕੱਲੇ ਅੱਕ ਨਹੀਂ ਜਾਂਦੇ….? ” ਆਸ਼ਕ ਬੋਲਿਆ…

” ਨਹੀਂ…ਕਿਉਂਕਿ ਮੈਂ ਕਿਸੇ ਤਲਾਸ਼ ਚ ਨਹੀਂ ਹਾਂ…ਮੈਂ ਬਸ ਜਿਉਂਦੇ ਹੋਣ ਦੀ ਖੁਸ਼ੀ ਮਨਾਉਂਦਾ ਹਾਂ ”

ਬਜ਼ੁਰਗ ਹਮੇਸ਼ਾਂ ਵਾਂਗ ਇਸ ਵਾਰ ਵੀ ਉਹਨਾਂ ਵੱਲ ਦੇਖੇ ਬਿਨਾਂ ਬਾਹਰ ਨੂੰ ਤੁਰ ਪਿਆ…

ਦੋਵੇਂ ਜਣੇ ਚੁਪਚਾਪ ਉਸਨੂੰ ਜਾਂਦੇ ਹੋਏ ਨੂੰ ਦੇਖਦੇ ਰਹੇ…

( ਖਤਮ ) – ਹਰਪਾਲ ਸਿੰਘ

Harpal Singh

You may also like