ਪੇਕਿਆਂ ਦੇ ਪਿੰਡ ਕੋਲ ਰੇਲਵੇ ਸਟੇਸ਼ਨ ਤੇ ਗੱਡਿਓਂ ਉੱਤਰਦਿਆਂ ਹੀ ਨਜਰ ਆਸੇ ਪਾਸੇ ਦੌੜਾਈ..
ਨਾਲ ਹੀ ਹੇਠਾਂ ਉੱਤਰੀ ਇੱਕ ਹੋਰ ਸਵਾਰੀ ਓਸੇ ਵੇਲੇ ਹੀ ਡੰਡੀਓਂ-ਡੰਡੀ ਆਪਣੇ ਰਾਹ ਪੈ ਗਈ…
ਮੇਰੇ ਕੋਲ ਦੋ ਅਟੈਚੀ ਅਤੇ ਦੋ ਵੱਡੇ ਬੈਗ ਸਨ..ਮੈਨੂੰ ਦੇਖ ਅਲੂਣੀ ਜਿਹੀ ਉਮਰ ਦਾ ਮੁੰਡਾ ਕੋਲ ਭੱਜਾ ਆਇਆ
ਮੋਢੇ ਟੰਗੇ ਪਰਨੇ ਨਾਲ ਮੂੰਹ ਪੂੰਝਦਾ ਹੋਇਆ ਅਪਣੱਤ ਜਿਹੀ ਨਾਲ ਬੋਲਿਆ “ਬੀਬੀ ਜੀ ਸਤਿ ਸ੍ਰੀ ਅਕਾਲ”
ਅਤੇ ਨਾਲ ਹੀ ਝੱਕਦਾ ਝੱਕਦਾ ਆਖਣ ਲੱਗਾ ਪੰਜਾਹ ਰੁਪਈਏ ਦੇ ਦਿਓ ਜੀ..ਪਿੰਡ ਤੱਕ ਛੱਡ ਆਵਾਂਗੇ
ਮਨ ਵਿਚ ਖਿਆਲ ਆਇਆ”ਸਿਰਫ ਪੰਜਾਹ”..ਓਸੇ ਵੇਲੇਂ ਹਾਂ ਕਰ ਦਿੱਤੀ…
ਤੇ ਨਾਲ ਹੀ ਉਸਨੇ ਪਰਾਂ ਰੁੱਖ ਹੇਠ ਬੈਠੇ ਹੋਏ ਇੱਕ ਹੋਰ ਬਜ਼ੁਰਗ ਨੂੰ ਵੀ ਵਾਜ ਮਾਰ ਕੋਲ ਸੱਦ ਲਿਆ
ਆਖਣ ਲੱਗਾ ਚਾਚਾ ਇਹ ਦੋ ਬੈਗ ਤੂੰ ਚੁੱਕ ਲੈ..
ਉਸਦੀ ਇਹ ਹਰਕਤ ਮੈਨੂੰ ਬਹੁਤ ਭੈੜੀ ਲੱਗੀ ਤੇ ਮੈਂ ਆਪਮੁਹਾਰੇ ਹੀ ਆਖ ਉਠੀ..ਆਹ ਕੀ ਗੱਲ ਹੋਈ..ਗੱਲ ਤੇਰੇ ਨਾਲ ਹੋਈ ਸੀ ਤੇ ਤੂੰ ਦੂਜੇ ਨੂੰ ਵੀ ਵਾਜ ਮਾਰ ਲਈ…ਏਦਾਂ ਮੈਂ ਤੇ ਨੀ ਦੇਣੇ ਵੱਖਰੇ ਪੈਸੇ…!
ਮੇਰੀ ਗੱਲ ਵਿੱਚੇ ਹੀ ਟੋਕਦਾ ਹੋਇਆ ਆਖਣ ਲੱਗਾ ਬੀਬੀ ਜੀ ਗਲਤ ਨਾ ਸਮਝਿਓ..ਤੁਹਾਥੋਂ ਪੰਜਾਹ ਹੀ ਲਵਾਂਗੇ ਪਰ ਆਪਸ ਵਿਚ ਅੱਧੇ ਅੱਧੇ ਵੰਡ ਲਵਾਂਗੇ
ਮੈਂ ਤੇ ਰਿਹਾ ਛੜਾ ਸ਼ਟਾਂਗ..ਇੱਕ ਦਿਨ ਭੁੱਖਾ ਵੀ ਰਹਿ ਲਊਂ ਤੇ ਕਿਹੜਾ ਫਰਕ ਪੈ ਜਾਣਾ ਪਰ ਚਾਚੇ ਦਾ ਵੱਡਾ ਸਾਰਾ ਆਰ ਪਰਿਵਾਰ,ਤਿੰਨ ਚਾਰ ਤੇ ਦੋਹਤੇ ਪੋਤਰੀਆਂ ਈ ਨੇ… ਨਿਆਣਿਆਂ ਕੋਲੋਂ ਭੁੱਖ ਕਿਥੇ ਜਰੀ ਜਾਂਦੀ ਏ..ਨਾਲੇ ਹਾਅ ਉਮਰ ਕੰਮ ਕਰਨ ਦੀ ਥੋੜੀ ਏ ਬੀਬੀ ਜੀ..
ਪਹਿਲੀਆਂ ਦੋ ਗੱਡੀਆਂ ਲੰਘ ਗਈਆਂ..ਕੋਈ ਸਵਾਰੀ ਨੀ ਉੱਤਰੀ..ਦਿਲ ਛੱਡੀ ਬੈਠਾ ਸੀ..ਅਖੇ ਅੱਜ ਤੇ ਆਟਾ ਵੀ ਹੈਨੀ ਆਥਣੇ ਪਕਾਉਣ ਨੂੰ…
ਉਹ ਲਗਾਤਾਰ ਬੋਲਦਾ ਜਾ ਰਿਹਾ ਸੀ ਤੇ ਮੈਨੂੰ ਪਰਲ ਪਰਲ ਵਗਦੇ ਹੋਏ ਹੰਜੂ ਲੁਕਾਉਂਦੀ ਹੋਈ ਨੂੰ ਅੱਜ ਪਹਿਲੀ ਵਾਰ ਆਪਣੇ ਪਿੰਡ ਦੀ ਤੀਹ ਵਰੇ ਪਹਿਲਾਂ ਵਾਲੀ ਓਹੀ ਬੈਕਵਰਡ ਸੋਚ ਤੇ ਮਾਣ ਮਹਿਸੂਸ ਹੋ ਰਿਹਾ ਸੀ..!