ਅੱਜ ਬੱਸ ਵਿੱਚ ਚੜਿਆ ਤਾਂ ਸ਼ਹਿਰ ਤੋਂ ਪਿੰਡ ਦਾ ਸਫਰ ਭਾਵੇਂ ਇਕ ਘੰਟੇ ਦਾ ਸੀ..ਪਰ ਜੋ ਅੱਜ ਆਪਣੇ ਨਾਲ ਲੈ ਕੇ ਜਾ ਰਿਹਾ ਸੀ ਉਸਨੂੰ ਸੋਲ੍ਹਾਂ ਵਰ੍ਹੇ ਛੇ ਮਹੀਨੇ ਲੱਗ ਗਏ। ਕੰਡਕਟਰ ਤੋਂ ਆਪਣੀ ਟਿਕਟ ਲੈ ਕੇ ਦੋ ਵਾਲੀ ਸੀਟ ‘ਤੇ ਇਕੱਲਾ ਹੀ ਜਾ ਬੈਠਿਆ ਅਤੇ ਨਾਲ ਵਾਲੀ ਸੀਟ ‘ਤੇ ਤੋਹਫਿਆਂ ਭਰਿਆ ਲਿਫਾਫਾ ਰੱਖ ਦਿੱਤਾ। ਖਿੜਕੀ ਰਾਹੀਂ ਜਦੋਂ ਬਾਹਰ ਵੱਲ ਤੱਕਿਆ ਤਾਂ ਇਉਂ ਜਾਪਿਆ ਜਿਸ ਤਰ੍ਹਾਂ ਕੁਦਰਤ ਵੀ ਮੇਰੇ ਨਾਲ ਗੱਲਾਂ ਕਰ ਰਹੀ ਹੋਵੇ ..ਖੁਸ਼ੀ ਹੀ ਇੰਨੀ ਸੀ। ਅੱਜ ਮੌਸਮ ਦਾ ਮਿਜਾਜ਼ ਵੀ ਮੇਰੇ ਮਨ ਵਰਗਾ ਹੀ ਸੀ ..ਹਲਕੀਆਂ ਹਲਕੀਆਂ ਮੀਂਹ ਦੀਆਂ ਬੂੰਦਾਂ ਜਦੋਂ ਮੇਰੇ ਮੂੰਹ’ਤੇ ਆਣ ਡਿੱਗੀਆਂ ..ਅਤੇ ਜਦੋਂ ਮੈਂ ਉਨ੍ਹਾਂ ਬੂੰਦਾਂ ਨੂੰ ਆਪਣੇ ਹੱਥਾਂ ਉਤੇ ਲਿਆ ..ਤਾਂ ਇਉਂ ਮਹਿਸੂਸ ਹੋਇਆ ਕਿ ਇੰਨੇ ਸਾਲਾਂ ਬਾਅਦ ਅੱਜ ਮੇਰੇ ਹੰਝੂ ਪੂੰਝੇ ਗਏ ਹੋਣ। ਛੋਟਿਆਂ ਹੁੰਦਿਆਂ ਬਸ ਮਾਂ ਨੂੰ ਹੀ ਰੱਬ ਮੰਨਿਆ ਸੀ…ਬਾਪੂ ਤਾਂ ਜਦੋਂ ਮੈਂ ਤਿੰਨ ਸਾਲਾਂ ਦਾ ਸਾਂ ਉਦੋਂ ਹੀ ਰੱਬ ਕੋਲ ਕੱਟੀ ਕਰਕੇ ਤੁਰ ਗਿਆ ..ਸ਼ਾਇਦ ਮੈਨੂੰ ਪਿਆਰ ਹੀ ਨਹੀਂ ਕਰਦਾ ਸੀ ..ਅਕਸਰ ਛੋਟਿਆਂ ਹੁੰਦਿਆਂ ਇਹੀ ਗੱਲਾਂ ਕਰ ਮੈਂ ਮਾਂ ਨਾਲ ਲੜ ਪੈਣਾ। ਪਰ ਮਾਂ ਵੀ ਤਾਂ ਮਾਂ ਸੀ ਝੱਟ ਮੈਨੂੰ ਆਪਣੀ ਬੁੱਕਲ ਵਿੱਚ ਲੈ ਕੇ ਮਨਾਂ ਲੈਂਦੀ .. ਉਹ ਜੋ ਕਹਿੰਦੀ ਮੇਰੇ ਲਈ ਸੱਚ ਹੁੰਦਾ ਅਤੇ ਬਾਕੀ ਸਭ ਕੁਝ ਝੂਠ। ਮੈਂ ਅਤੇ ਮਾਂ ਅਸੀਂ ਇਕ ਦੂਜੇ ਦੀ ਦੁਨੀਆਂ ਬਣ ਗਏ…ਮਾਂ ਲੋਕਾਂ ਦੇ ਘਰ ਨਿੱਕੇ ਮੋਟੇ ਕੰਮ ਕਰਕੇ.. ਪੈਸੇ ਕਮਾਉਂਦੀ ਅਤੇ ਆਪਣਾ ਅਤੇ ਮੇਰਾ ਢਿੱਡ ਭਰਦੀ। ਮੈਨੂੰ ਤਾਂ ਬਿਲਕੁਲ ਨਹੀਂ ਪਤਾ ਸੀ..ਕਿ ਰੋਟੀ ਤਿੰਨ ਟਾਈਮ ਖਾਂਦੇ ਨੇ ਸਾਰੇ ..ਕਿਉਂਕਿ ਸਾਡੇ ਘਰ ਤਾਂ ਦੋ ਵਕਤ ਦੀ ਰੋਟੀ ਇੰਤਜ਼ਾਮ ਮਸਾਂ ਹੁੰਦਾ ਸੀ। ਕਦੇ ਕਦੇ ਤਾਂ ਦੁਪਹਿਰ ਨੂੰ ਭੁੱਖ ਲੱਗ ਜਾਣੀ ..ਪਰ ਮਾਂ ਨੂੰ ਕਦੇ ਨਾ ਦੱਸਣਾ..ਅਤੇ ਜੇ ਕਦੇ ਰਾਤ ਨੂੰ ਜਿਆਦਾ ਭੁੱਖ ਲੱਗ ਜਾਂਦੀ ਤਾਂ ਮਾਂ ਨੇ ਆਪਣੀ ਥਾਲੀ ਮੇਰੇ ਅੱਗੇ ਇਹ ਆਖਦੇ ਹੋਏ ਕਰ ਦੇਣੀ ਕਿ ਅੱਜ ਮੇਰਾ ਢਿੱਡ ਭਰ ਗਿਆ …ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਪਾਣੀ ਨਾਲ ਭਰੇ ਹੋਏ ਢਿੱਡ ਦੀ ਗੱਲ ਕਰ ਰਹੀ ਹੈ। ਮੈਂ ਵੀ ਸੱਚ ਮੰਨ ਲੈਂਦਾ ..ਸ਼ਾਇਦ ਨਾਸਮਝੀ ਸੀ ਉਸ ਸਮੇਂ ਬਚਪਨ ਦੀ। ਫਿਰ ਪਿੰਡ ਵਾਲੇ ਸਕੂਲ ਵਿਚ ਦਾਖਲਾ ਮਿਲਿਆ ਤਾਂ ਜਿਆਦਾ ਤਾਂ ਮੈਂ ਉਥੇ ਆਪਣੀ ਭੁੱਖ ਕਰਕੇ ਹੀ ਜਾਣਾ..ਦੁਪਹਿਰ ਦਾ ਖਾਣਾ ਮੁਫਤ ਹੀ ਮਿਲ ਜਾਣਾ..ਅਤੇ ਥੋੜ੍ਹਾ ਜਿਹਾ ਪੜ੍ਹ ਵੀ ਆਉਣਾ। ਜਿੰਦਗੀ ਨੇ ਤਾਂ ਉਸ ਦਿਨ ਅਸਲੀ ਮੋੜ ਲਿਆ ..ਜਦੋਂ ਪਿੰਡ ਵਾਲੇ ਬੱਚਿਆਂ ਨੂੰ ਵੇਖ ਕੇ ਉਹਨਾਂ ਨਾਲ ਖੇਡਣ ਦੀ ਜਿੱਦ ਜਾਹਿਰ ਕੀਤੀ ..ਸਾਡੇ ਨਾਲ ਦੇ ਗੁਆਂਢੀਆਂ ਦੇ ਮੁੰਡੇ ਜੈਲੇ ਨੇ ਸਾਰਿਆਂ ਸਾਹਮਣੇ ਆਖਿਆ,” ਕਿ ਤੇਰੀ ‘ਔਕਾਤ’ ਕਿਥੇ ਹੈ ਸਾਡੇ ਨਾਲ ਖੇਡਣ ਦੀ”। ਇਹ ਸੁਣਦੇ ਸਾਰ ਹੀ ਸਾਰੇ ਬੱਚੇ ਹੱਸ ਪਏ ਅਤੇ ਮੇਰੇ ਵਰਗੇ ਨੂੰ ਤਾਂ ਉਸ ਸ਼ਬਦ ਦਾ ਮਤਲਬ ਹੀ ਨਹੀਂ ਪਤਾ ਸੀ..। ਮੈਂ ਬਸ ਰੋਂਦਾ ਹੋਇਆ ਆਪਣੇ ਘਰ ਵੱਲ ਨੂੰ ਦੌੜਨ ਲੱਗ ਪਿਆ। ਘਰ ਪਹੁੰਚਿਆ ਤਾਂ ਮਾਂ ਨੂੰ ਸੀਨੇ ਨਾਲ ਲਾ ਕੇ ਪੁੱਛਿਆ ਕਿ,” ‘ਔਕਾਤ’ ਕੀ ਹੁੰਦੀ ਹੈ ..ਸਾਡੇ ਕੋਲ ਹੈ ਨਹੀਂ ..ਕਿਥੋਂ ਮਿਲਦੀ ਹੈ …ਇਹ ਵੀ ਰੋਟੀ ਵਾਂਗੂ ਮਹਿੰਗੀ ਹੁੰਦੀ ਹੈ?” ਜਦੋਂ ਸਾਰੀ ਗੱਲ ਮਾਂ ਨੂੰ ਦੱਸੀ ਤਾਂ ਮਾਂ ਨੇ ਮੈਨੂੰ ਫਿਰ ਉਹੀ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਲੈ ਲਿਆ ਅਤੇ ਮੈਂ ਵੀ ਇਕ ਸਮੇਂ ਲਈ ਸਭ ਕੁਝ ਭੁੱਲ ਗਿਆ । ਪਰ ਰਾਤ ਨੂੰ ਸੁਪਨੇ ਵਿੱਚ ਉਹੀ ਗੁਆਂਢੀਆਂ ਦੇ ਮੁੰਡੇ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਗੂੰਜਦੀਆਂ ਰਹੀਆਂ। ਸਵੇਰੇ ਜਾ ਕੇ ਇਕ ਅਧਿਆਪਕ ਤੋਂ ਇਸਦਾ ਅਰਥ ਪੁੱਛਿਆ ਤਾਂ ਮੈ ਬਹੁਤ ਦੁਖੀ ਹੋਇਆ ਤੇ ਜਦੋ ਆਪਣੇ ਆਪ ਨੂੰ ਬਦਕਿਸਮਤ ਸਮਝਣ ਲੱਗ ਪਿਆ .. ਤਾਂ ਉਹਨਾਂ ਦੱਸਿਆ ਕਿ ਪੁੱਤਰ ਇਹ ਮਿਹਨਤ ਨਾਲ ਕਮਾਈ ਜਾ ਸਕਦੀ ਹੈ।ਉਸ ਦਿਨ ਤੋਂ ਬਾਅਦ ਮੇਰੇ ਸਕੂਲ ਜਾਣ ਦਾ ਕਾਰਨ ਮੇਰੇ ਪੇਟ ਦੀ ਭੁੱਖ ਨਾਲੋਂ ..ਮੇਰੀ ਵਿਦਿਆ ਦੀ ਭੁੱਖ ਸੀ। ਪੜ੍ਹਦਿਆਂ ਪੜ੍ਹਦਿਆਂ ਮੇਰੇ ਜਿੰਦਗੀ ਦੇ ਸਾਰੇ ਰਸਤੇ ਖੁੱਲਦੇ ਗਏ ਅਤੇ ਉਚੇਰੀ ਵਿੱਦਿਆ ਲਈ ਸ਼ਹਿਰ ਪਹੁੰਚ ਗਿਆ। ਅੱਜ ਜਦੋਂ ਸਰਕਾਰੀ ਅਹੁਦੇ ਉਪਰ ਬੈਠਦਿਆਂ .. ਰਾਹ ਜਾਂਦੇ ਲੋਕ ਸਲਾਮ ਕਰਦੇ ਨੇ ਤਾਂ ਔਕਾਤ ਦਾ ਤਾਂ ਪਤਾ ਨਹੀਂ ਪਰ ਉਹ ਜਿੰਦਗੀ ਜਿਉਣ ਦਾ ਮੌਕਾ ਮਿਲਿਆ ਜਿਸਨੂੰ ਮੈਂ ਇਕ ਸੁਪਨਾ ਹੀ ਸਮਝਦਾ ਸੀ। ਆਪਣੇ ਆਪ ਨਾਲ ਗੱਲਾਂ ਕਰਦਿਆਂ ਮੇਰਾ ਪਿੰਡ ਕਦੋਂ ਆ ਗਿਆ ..ਮੈਨੂੰ ਹੀ ਨਾ ਪਤਾ ਲੱਗਾ। ਆਪਣਾ ਲਿਫਾਫਾ ਚੁੱਕ ਕੇ ਮੈਂ ਬੱਸ ਤੋਂ ਉਤਰ ਗਿਆ। ਪਿੰਡ ਵਿੱਚ ਪੈਰ ਰੱਖਦੇ ਹੋਏ ਹੀ ..ਪਹਿਲਾਂ ਮੈਂ ਮਿੱਟੀ ਨੂੰ ਚੁੰਮਿਆ । ਸਾਹਮਣੇ ਬੈਠੇ ਮੈਂ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ..ਤਾਂ ਸਾਰੇ ਮੈਨੂੰ ਹੈਰਾਨੀ ਨਾਲ ਤੱਕ ਰਹੇ ਸੀ..ਕਿ ਮੈਂ ਕੋਣ ਹਾਂ?? ਸਾਡੇ ਪਿੰਡ ਵਿੱਚ ਇਕ ਬੰਦਾ ਸੀ ਬਹਾਦਰ ਸਿੰਘ ..ਮੈਂ ਉਹਨਾਂ ਨੂੰ ਪਿਆਰ ਨਾਲ ਤਾਇਆ ਆਖਣਾ..ਉਹ ਬੇਸਣ ਦੇ ਲੱਡੂ ਬਹੁਤ ਸਵਾਦ ਬਣਾਇਆ ਕਰਦੇ ਸੀ ਉਹਨਾਂ ਨੇ ਸਾਰਿਆਂ ਨੂੰ ਆਖਣਾ ਕਿ ਇਕ ਇਕ ਹੀ ਲੱਡੂ ਮਿਲਣੇ ਨੇ..ਪਰ ਮੈਂ ਹਰ ਵਾਰ ਆਖ ਦੇਣਾ ਕਿ ਮੈਂ ਤਾਂ ਦੋ ਲਵਾਂਗਾ..ਤਾਂ ਉਹ ਹੱਸ ਪੈਂਦੇ ।ਅੱਜ ਇੰਨੇ ਸਾਲਾਂ ਬਾਅਦ ਜਦੋਂ ਮੇਰੇ ਮੂੰਹ ਤੋਂ ਇਹ ਲਫਜ਼ ਸੁਣੇ ਤਾਂ ਉਹਨਾਂ ਘੁੱਟ ਕੇ ਸੀਨੇ ਨਾਲ ਲਾ ਲਿਆ ਅਤੇ ਆਖਦੇ ਸ਼ਿੰਦੇ ਤੂੰ ਕਿੰਨਾ ਵੱਡਾ ਹੋ ਗਿਆ ਏ। ਸਾਰਿਆਂ ਨਾਲ ਗੱਲਾਂ ਕਰਦਿਆਂ ਕਿੰਨਾ ਹੀ ਸਮਾਂ ਬੀਤ ਗਿਆ । ਹੁਣ ਮੈਂ ਜੈਲੇ ਦੇ ਘਰ ਵੱਲ ਨੂੰ ਤੁਰ ਪਿਆ।ਬੂਹਾ ਖੜਕਾਇਆ ਤਾਂ ਜੈਲਾ ਵਿਹੜੇ ਵਿਚ ਹੀ ਸੀ ਅਤੇ ਨਾਲ ਹੀ ਚਾਚੀ ਬੈਠੀ ਹੋਈ ਸੀ। ਮੈਨੂੰ ਵੇਖ ਕੇ ਉਹ ਪਹਿਚਾਣ ਨਹੀਂ ਪਾਇਆ ..ਤਾਂ ਮੈਂ ਉਸਨੂੰ ਆਖਿਆ ਕਿ,” ਵੀਰੇ ਅੱਜ ਔਕਾਤ ਕਮਾ ਕੇ ਆਇਆ ਸ਼ਿੰਦਾ।” ਉਸ ਨੇ ਵੀ ਘੁੱਟ ਕੇ ਸੀਨੇ ਨਾਲ ਲਾ ਲਿਆ ਅਤੇ ਆਖਿਆ ਮਾਫ ਕਰੀ ਸ਼ਿੰਦੇ ਉਸ ਸਮੇਂ ਮੈਂ ਬੇਸਮਝ ਸੀ…ਮੇਰੇ ਉਹਨਾਂ ਕਹੇ ਬੋਲਾਂ ਨੂੰ ਅਕਸਰ ਯਾਦ ਕਰ ਮੈਂ ਆਪ ਹੀ ਦੁਖੀ ਹੋ ਜਾਂਦਾ ਹਾਂ।ਇਹ ਸੁਣ ਮੈਂ ਮੁਸਕਰਾ ਪਿਆ ਅਤੇ ਆਖਿਆ ਕਿ ਮੈਂ ਤਾਂ ਧੰਨਵਾਦ ਕਰਦਾ ਹਾਂ ਤੇਰਾ ਕਿ ਤੂੰ ਮੈਨੂੰ ਮੇਰੀ ਜਿੰਦਗੀ ਦਾ ਅਸਲੀ ਅਰਥ ਸਮਝਾ ਦਿੱਤਾ.. ਮੈਨੂੰ ਜਿਉਣ ਦਾ ਅਸਲੀ ਮਕਸਦ ਮਿਲ ਗਿਆ। ਇਹ ਤੋਹਫੇ ਮੈਂ ਤੇਰੇ ਲਈ ਲੈ ਕੇ ਆਇਆ। ਦੂਰੋਂ ਵੇਖਦੀ ਚਾਚੀ ਦੀਆਂ ਸਾਨੂੰ ਦੋਹਾਂ ਨੂੰ ਗਲਵਕੜੀ ਪਾਉਂਦੇ ਵੇਖਕੇ ਅੱਖਾਂ ਨਮ ਹੋ ਗਈਆਂ ਅਤੇ ਮੇਰੇ ਕੋਲ ਆ ਕੇ ਕੰਨ ਮਰੋੜ ਕੇ ਪੁੱਛਦੇ ਕਿ ਤੂੰ ਮਾਂ ਨੂੰ ਵੀ ਨਾਲ ਲੈ ਕੇ ਆਉਂਦਾ ..ਫਿਰ ਮੈਂ ਅਗਲੀ ਵਾਰ ਦਾ ਵਾਅਦਾ ਕਰ ਆਪਣਾ ਕੰਨ ਛੁਡਵਾਇਆ ਅਤੇ ਇਉਂ ਜਾਪਿਆ ਕਿ ਅੱਜ ਜਿਵੇਂ ਕੋਈ ਸਿਰ ਉੱਤੇ ਚੜਿਆ ਹੋਇਆ ਭਾਰ ਲੈ ਗਿਆ ਹੋਵੇ ।
ਜਿੰਦਗੀ ਦੇ ਕੁਝ ਮੋੜ ਬਹੁਤ ਅਹਿਮ ਹੁੰਦੇ ਨੇ ਅਤੇ ਸਾਨੂੰ ਸਾਡੀ ਮੰਜ਼ਿਲ ਵੱਲ ਪ੍ਰੇਰਿਤ ਕਰਦੇ ਹਨ ਹੁਣ ਇਹ ਸਾਡੇ ਉਪਰ ਨਿਰਭਰ ਕਰਦਾ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ.. ਜਿੰਦਗੀ ਵਿੱਚ ਆਈਆਂ ਉਹਨਾਂ ਔਕੜਾਂ ਸਾਹਮਣੇ ਝੁਕ ਜਾਣਾ ਚਾਹੁੰਦੇ ਹਾਂ ਜਾਂ ਫਿਰ ਉਹਨਾਂ ਨਾਲ ਲੜਦੇ ਹੋਏ ਜਿੰਦਗੀ ਨੂੰ ਜਿੱਤਣਾ ।
~ਗੁਰਦੀਪ ਕੌਰ