ਅੱਗ ! ਅੱਗ ਬੜੀ ਸੁੰਦਰ ਹੈ । ਪਰ ਸਾੜਨ ਲੱਗੀ ਕਦੀ ਮਿੱਤਰਤਾ ਨਹੀਂ ਕਰਦੀ । ਮੈਨੂੰ ਯਾਦ ਹੈ ਕਿਵੇਂ ਮੈਂ ਅੱਗ ਨਾਲ ਖੇਡਦੇ ਨੇ ਘਰ ਵਿੱਚ ਪਿੰਜੇ ਹੋਏ ਰੂੰ ਦੇ ਢੇਰ ਨੂੰ ਅੱਗ ਲਾ ਦਿੱਤੀ ਸੀ । ਇਹੋ ਜਿਹਾ ਹੀ ਹਾਲ ਇਕ ਜੌਹਨ ਨਾਮ ਦੇ ਬੱਚੇ ਨਾਲ ਹੋਇਆ । ਬਾਹਰ ਕੁਝ ਬੱਚੇ ਫ਼ੁੱਟ-ਪਾਥ ਤੇ ਥੋੜਾ ਥੋੜਾ ਲਾਈਨ ਵਿੱਚ ਪੈਟਰੋਲ ਛਿੜਕ ਕੇ ਬਾਅਦ ਵਿੱਚ ਅੱਗ ਲਾ ਦਿੰਦੇ ਸੀ । ਕਿੰਨਾ ਸੋਹਣਾ ਦ੍ਰਿਸ਼ ਲਗਦਾ ਸੀ । ਜੌਹਨ ਜਦੋਂ ਘਰੇ ਪਹੁੰਚਾ ਇਕੱਲਾ ਚੁਪਚਾਪ ਗੈਰਾਜ ਵਿੱਚ ਗਿਆ ਤੇ ਪੈਟਰੋਲ ਦੀ ਕੈਨੀ ਚੁੱਕੀ ਤੇ ਵਿੱਚ ਕਾਗ਼ਜ਼ ਨਾਲ ਅੱਗ ਲਾ ਦਿੱਤੀ । ਬੰਬ ਦੀ ਤਰਾਂ ਧਮਾਕਾ ਹੋਇਆ ਤੇ ਬੱਚੇ ਨੂੰ ਚੁੱਕ ਕੇ ਕੰਧ ਨਾਲ ਮਾਰਿਆ । ਸਾਰੇ ਪਾਸੇ ਅੱਗ ਦੇ ਭਾਂਬੜ ਮੱਚ ਰਹੇ ਸੀ ਤੇ ਡਰ ਕੇ ਘਰ ਅੰਦਰ ਨੂੰ ਭੱਜਿਆ ਤੇ ਅੰਦਰ ਆਉਣ ਤੱਕ ਸਾਰਾ ਸੜ ਚੁੱਕਾ ਸੀ ।
ਹਸਪਤਾਲ ਵਿੱਚ ਇਕ ਜੈਕ ਸਮਿਥ ਨਾਮ ਵਾਲਾ ਰਿਪੋਰਟਰ ਬੱਚੇ ਦੀ ਰਿਪੋਰਟ ਲਿਖਣ ਲਈ ਆਇਆ ਤੇ ਡਾਕਟਰ ਨੇ ਕਿਹਾ ਕਿ ਇਹਦਾ ਅੰਤ ਆ ਚੁੱਕਾ ਇਹ ਨਹੀਂ ਬਚਦਾ । ਜੈਕ ਘਰੇ ਗਿਆ ਰਿਪੋਰਟ ਲਿਖੀ ਅਰਦਾਸ ਕੀਤੀ ਤੇ ਦੂਜੇ ਦਿਨ ਹਸਪਤਾਲ ਗਿਆ ਤੇ ਬੱਚੇ ਦੇ ਕੋਲ ਜਾ ਕੇ ਕਹਿਣ ਲੱਗਾ ਕਿ ਜੌਹਨ । ਤੂੰ ਜੀਵੇਂਗਾ । ਤੂੰ ਉਠ । ਤੂੰ ਜੀਣ ਵਾਸਤੇ ਲੜ । ਅੰਦਰ ਵਿਸ਼ਵਾਸ ਧਾਰ ਕਿ ਤੂੰ ਜੀਵੇਂਗਾ । ਫੇਰ ਉਹ ਮਹੀਨੇ ਕੁ ਬਾਅਦ ਆਇਆ ਤੇ ਇਕ ਬੇਸਵਾਲ ਦੀ ਗੇਂਦ ਉਹਨੂੰ ਦੇ ਕੇ ਗਿਆ ਜਿਸ ਉੱਪਰ ਉਸ ਸਮੇਂ ਦੇ ਸਟਾਰ ਖਿਡਾਰੀ ਓਜੀ ਸਮਿਥ ਨੇ ਦਸਤਖ਼ਤ ਕੀਤੇ ਹੋਏ ਸਨ । ਜੈਕ ਨੇ ਚਿੱਠੀ ਲਿਖੀ ਕਿ ਐ ਬੱਚੇ ਜੇ ਤੂੰ ਇਹੋ ਜਿਹਾ ਹੋਰ ਗੇਂਦਬਾਲ ਲੈਣਾ ਤਾਂ ਤੈਨੂੰ ਖ਼ੁਦ ਓਜੀ ਦਾ ਧੰਨਵਾਦ ਕਰਨ ਲਈ ਚਿੱਠੀ ਲਿਖਣੀ ਪਵੇਗੀ । ਉਹ ਬੱਚਾ ਜਿਸ ਦੇ ਹੱਥ ਪੈਰ ਸੜ ਚੁੱਕੇ ਹਨ ਦੇ ਅੰਦਰ ਇਕ ਹੋਰ ਬਾਲ ਲੈਣ ਦੀ ਰੀਝ ਜਾਗੀ ਤੇ ਉਹਨੇ ਪੜਨ ਵਾਸਤੇ ਅੰਦਰ ਤਾਕਤ ਕੱਠੀ ਕਰਨੀ ਸ਼ੁਰੂ ਕੀਤੀ ।
ਜਦੋਂ ਉਹਨੇ ਚਿੱਠੀ ਲਿਖੀ ਤਾਂ ਹਰ ਵਾਰੀ ਜੈਕ ਉਹਨੂੰ ਇਕ ਨਵਾਂ ਚੈਲਿੰਜ ਕਰ ਦਿੰਦਾ । ਉਹ ਬਾਲ ਜਿੱਤਦਾ ਗਿਆ ਤੇ ਜਿਸ ਦਿਨ ਉਹ ਯੂਨੀਵਰਸਿਟੀ ਵਿੱਚ ਡਿਗਰੀ ਲੈ ਰਿਹਾ ਸੀ ਉਸ ਦਿਨ ਜੈਕ ਉਹਦੇ ਵਾਸਤੇ ਉਹ ਬਾਲ ਲੈ ਕੇ ਆਇਆ ਜਿਸ ਨਾਲ ਓਜੀ ਸਮਿਥ ਨੇ ਚੈਪੀਅਨਸ਼ਿਪ ਜਿੱਤੀ ਸੀ ।
ਜੌਹਨ ਦੇ ਦੱਸਣ ਅਨੁਸਾਰ ਉਹਨੂੰ ਮੌਤ ਦੇ ਦਰਵਾਜ਼ੇ ਤੋਂ ਮੋੜਨ ਵਾਲੇ ਉਸ ਰਿਪੋਰਟਰ ਜੈਕ ਸਮਿਥ ਦੇ ਬੋਲ ਸਨ ਕਿ ਤੂੰ ਉਠ । ਜੀਉਣ ਲਈ ਅੰਦਰ ਤਾਕਤ ਤੇ ਵਿਸ਼ਵਾਸ ਬਣਾ ।
ਇਹ ਹੁੰਦੀ ਹੈ ਬੋਲ ਦੀ ਤਾਕਤ ਜੋ ਮੁਰਦੇ ਨੂੰ ਉਠ ਕੇ ਜੀਉਣ ਲਈ ਖੜਾ ਕਰ ਦਿੰਦੀ ਹੈ ।
ਮੇਰੇ ਅਜ਼ੀਜ਼ ਦੋਸਤ ਦੀ ਧੀ ਜੋ 10 ਸਾਲ ਦੀ ਪਿਛਲੇ ਕੁਝ ਸਾਲਾਂ ਤੋਂ ਡਾਇਰੀ ਲਿਖਦੀ ਆ ਰਹੀ ਹੈ । ਅੱਜ ਮੈਂ ਆਪਣੇ ਬਾਪ ਨਾਲ ਪਾਰਕ ਗਈ ਅੱਜ ਮੈਂ ਮਾਂ ਨਾਲ ਸਟੋਰ ਗਈ । ਅੱਜ ਮੈਂ ਗੁਰਦੁਆਰੇ ਜਾ ਕੇ ਪਾਣੀ ਵਰਤਾਇਆ । ਬਾਪ ਨੂੰ ਡਾਇਰੀ ਪੜਨਾ ਮਨਾ ਹੈ । ਇਕ ਦਿਨ ਘਰ ਵਿੱਚ ਵਾਸ਼ਰੂਮ ਦੇ ਅੰਦਰ ਹੀ ਡਿਗ ਗਈ । ਹਸਪਤਾਲ ਜਾ ਕੇ ਪਤਾ ਲੱਗਾ ਕਿ ਬਰੇਨ ਸਟਰੋਕ ਹੋ ਗਈ ਹੈ ਤੇ ਹੁਣ ਇਹਦਾ ਅਖੀਰ ਆ ਗਿਆ । ਬਾਪ ਨੂੰ ਪੁੱਛਣ ਲੱਗੇ ਕਿ ਜੇ ਇਜਾਜ਼ਤ ਹੋਵੇ ਤਾਂ ਬਰੇਨ ਦੀ ਸਰਜਰੀ ਕਰ ਸਕਦੇ ਹਾਂ ਪਰ ਮੌਤ ਦੇ ਜ਼ੁੰਮੇਵਾਰ ਨਹੀਂ ਹੋਵਾਂਗੇ । ਬਾਪ ਨੇ ਇਜਾਜ਼ਤ ਦਿੱਤੀ ਕੇ ਮੇਰੀ ਬੱਚੀ ਨੂੰ ਕਿਸੇ ਹਾਲਤ ਵਿੱਚ ਬਚਾ ਲਉ ਮੈਂ ਸਾਰੀ ਜ਼ਿੰਦਗੀ ਉਹਨੂੰ ਜਿਵੇਂ ਵੀ ਹੋਊ ਉਹਦੀ ਸੰਭਾਲ਼ ਕਰਾਂਗਾ । ਡਾਕਟਰਾਂ ਨੂੰ ਪਤਾ ਲੱਗਾ ਕਿ ਕੁੜੀ ਦਾ ਦਿਲ ਫੱਟ ਚੁੱਕਾ ਤੇ ਦਿਲ ਦੇ ਫਟਣ ਨਾਲ ਦਿਮਾਗ ਨੂੰ ਖੂੰਨ ਨਹੀਂ ਗਿਆ ਤੇ ਬਰੇਨ ਸਟਰੋਕ ਹੋ ਗਈ । ਹੁਣ ਨਾਂ ਦਿਲ ਕੰਮ ਕਰਦਾ ਤੇ ਨਾਂ ਹੀ ਦਿਮਾਗ । ਬਾਪ ਚੁੱਪ-ਚਾਪ ਗੁਰਦੁਆਰੇ ਅਰਦਾਸ ਕਰਦਾ ਕਿ ਐ ਵਾਹਿਗੁਰੂ । ਸਿਰਫ ਸਾਹ ਚੱਲਦੇ ਰਹਿਣਦੇ ਮੈਂ ਸਾਰੀ ਉਮਰ ਉਹਦੀ ਸੇਵਾ ਵਿੱਚ ਲੇਖੇ ਲਾ ਦਊਂ ।
ਡਾਕਟਰ ਸਰਜਰੀ ਕਰਨ ਤੋਂ ਬਾਅਦ ਕਹਿੰਦੇ ਕਿ ਅਸੀਂ ਜੋ ਕਰ ਸਕਦੇ ਸੀ ਕਰ ਦਿੱਤਾ ਤੇ ਜੇ ਇਹਦੇ ਦਿਮਾਗ ਦੀ ਸੋਜ ਵੱਧ ਗਈ ਫੇਰ ਅੰਦਰ ਨਾੜਾਂ ਦੁਬਾਰਾ ਫਟ ਜਾਣਗੀਆਂ ਤੇ ਜੇ ਸੋਜ ਘੱਟ ਗਈ ਤਾਂ ਹੋ ਸਕਦਾ ਇਹ ਬਚ ਜਾਵੇ ਪਰ ਇਹ ਸਾਰੀ ਉਮਰ ਸ਼ਾਇਦ ਨਾਂ ਤੁਰ ਫਿਰ ਸਕੇ ਤੇ ਨਾਂ ਹੀ ਬੋਲ ਸਕੇ
ਬਾਪ ਉਹਦੀ ਡਾਇਰੀ ਲੈ ਕੇ ਕੋਲ ਬੈਠ ਗਿਆ । ਬੈਠਾ ਡਾਇਰੀ ਪੜੀ ਜਾਂਦਾ ਤੇ ਹਰ ਵਾਰ ਕਹਿੰਦਾ ਕਿ ਅੱਜ ਦਾ ਵਰਕਾ ਖਾਲ਼ੀਂ ਹੈ । ਉਠ ਤੇ ਉਠ ਕੇ ਲਿਖ । ਤਿੰਨ ਦਿਨ ਬਾਅਦ ਸੋਜ ਥੋੜਾ ਘੱਟ ਜਾਂਦੀ ਹੈ । 15 ਦਿਨ ਬਾਅਦ ਅੱਖ ਖੁਲਦੀ ਹੈ । 6 ਮਹੀਨੇ ਬਾਅਦ ਘਰੇ ਆ ਜਾਂਦੀ ਹੈ । ਭਾਵੇਂ ਹਾਲੇ ਬੋਲਣ ਨਹੀਂ ਲੱਗੀ ਪਰ ਤੁਰ ਫਿਰ ਸਕਦੀ ਹੈ । ਸਾਰੀ ਯਾਦਦਾਸ਼ਤ ਵਾਪਸ ਆ ਗਈ ਹੈ । ਉਹਦੇ ਬਾਪ ਨੂੰ ਪੂਰਨ ਯਕੀਨ ਹੈ ਕਿ ਜਲਦੀ ਹੀ ਉਹਦੀ ਧੀ ਡਾਇਰੀ ਦਾ ਅਗਲਾ ਪੰਨਾ ਲਿਖੇਗੀ
ਅੱਖਰਾਂ ਦੀ ਤਾਕਤ
430
previous post