“ਮੈਂ ਤੇ ਰਾਣੋ ਚੱਲੀਆਂ ਸੰਤਾਂ ਦੇ ਦੀਵਾਨ ਸੁਣਨ! ਬੜੀ ਕਰਨੀ ਵਾਲੇ ਸੰਤ ਆਏ ਨੇ ਆਪਣੇ ਸ਼ਹਿਰ ‘ਚ। ਘਰ ਦਾ ਧਿਆਨ ਰੱਖਿਓ ਤੁਸੀਂ ਦਾਦਾ – ਪੋਤੀ।” ਇੰਨਾ ਕਹਿ ਕੇ ਉਹ ਆਪਣੀ ਗੁਆਂਢਣ ਨਾਲ ਚੱਲੀ ਗਈ । ਦਸ ਕੁ ਸਾਲ ਦੀ ਪੋਤੀ ਵਿਹੜੇ ਵਿੱਚ ਖੇਡਦੀ ਖੇਡਦੀ ਆਪਣੇ ਦਾਦਾ ਜੀ ਕੋਲ ਆ ਕੇ ਪੁੱਛਣ ਲੱਗੀ,” ਬਾਬਾ ਜੀ !ਇਹ ਸੰਤ ਕੀ ਹੁੰਦਾ ਹੈ ? ਦਾਦੀ ਦੀਵਾਨ ਤੇ ਕੀ ਸੁਣਨ ਜਾਂਦੀ ਹੈ?”” ਇੱਧਰ ਆ ! ਦੱਸਦਾਂ ਪੁੱਤਰ।” ਉਸ ਨੇ ਪੋਤੀ ਨੂੰ ਬੁਲਾ ਕੇ ਪਿਆਰ ਨਾਲ ਕੋਲ ਬਿਠਾ ਲਿਆ। “ਬੇਟੇ ! ਸੰਤ – ਮਹਾਤਮਾ ਪਰਮਾਤਮਾ ਦੀ ਭਗਤੀ ਵਿੱਚ ਲੀਨ ਰੂਹਾਂ ਹੁੰਦੀਆਂ ਤੇ ਉਹ ਦੁਨੀਆਂ ਨੂੰ ਨੂੰ ਚੰਗੇ ਮਾਰਗ ਤੇ ਚੱਲਣ ਲਈ ਪ੍ਰੇਰਦੇ ਹਨ ।” ਦਾਦੇ ਨੇ ਸਮਝਾਇਆ । “ਪਰ ਬਾਬਾ ਜੀ ਜੇ ਕੋਈ ਲੋਕਾਂ ਨੂੰ ਤਾਂ ਪੈਸੇ ਤੋਂ ਦੂਰ ਰਹਿਣ ਦੀ ਸਿੱਖਿਆ ਦੇਵੇ ਤੇ ਆਪ ਹਰ ਵਕਤ ਪੈਸਾ ਇਕੱਠਾ ਕਰਦਾ ਰਹੇ ਫਿਰ ? ” ਮੀਤੀ ਨੇ ਪੁੱਛਿਆ। ” ਹਾਂ ਪੁੱਤਰ !ਸੱਚਾ ਸੰਤ ਤਾਂ ਕੋਈ ਵਿਰਲਾ ਹੀ ਹੁੰਦਾ!” ਦਾਦੇ ਨੇ ਕਿਹਾ। ਮੀਤੀ ਨੇ ਫਿਰ ਪੁੱਛਿਆ ,”ਤਾਂ ਬਾਬਾ ਜੀ ,ਫਿਰ ਆਪਾਂ ਨੂੰ ਕਿਵੇਂ ਪਤਾ ਲੱਗੂ ਵੀ ਸੱਚਾ ਸੰਤ ਕੌਣ ਤੇ ਕੌਣ ਪਾਖੰਡੀ ਹੈ?” ” ਪੁੱਤਰ !ਸੱਚੇ ਸੰਤ ਉਹ ਹੁੰਦੇ ਹਨ ਜਿਹੜੇ ‘ਕਹਿਣੀ ਤੇ ਕਰਨੀ ‘ ਦੇ ਪੱਕੇ ਹੁੰਦੇ ਨੇ ।ਜੋ ਉਹ ਕਹਿੰਦੇ ਨੇ,ਓਹੀ ਕਰਦੇ ਨੇ ।ਲੋਕਾਂ ਨੂੰ ਮੋਹ ਮਾਇਆ ਤੋਂ ਦੂਰ ਰਹਿਣ ਦਾ ਸੁਨੇਹਾ ਦੇ ਕੇ ਆਪ ਮਾਇਆ ਇਕੱਠੀ ਕਰਨ ਵੱਲ ਨਹੀਂ ਦੌੜਦੇ।” ” ਤਾਂ ਬਾਬਾ ਜੀ ਅੱਜ ਕੱਲ੍ਹ ਏਹੋ ਜੇ ਸੰਤ ਨੇ ਜੋ ਆਪਣੀ ਕਥਨੀ ਤੇ ਕਰਨੀ ਦੇ ਪੱਕੇ ਹੋਣ ?”ਮੀਤੀ ਨੇ ਪੁੱਛਿਆ। “ਹਾਂ ਪੁੱਤਰ ,ਹੈਗੇ ਨੇ ਬੱਸ ਉਨ੍ਹਾਂ ਨੂੰ ਪਹਿਚਾਨਣ ਦੀ ਲੋੜ ਹੈ।” ਬਾਬਾ ਜੀ ਨੇ ਕਿਹਾ । “ਅੱਛਾ ਬਾਬਾ ਜੀ ! ਫਿਰ ਤਾਂ ਮੈਨੂੰ ਵੀ ਲੈ ਚਲੋ ਉਹਨਾਂ ਕੋਲ਼।ਮੈਂ ਵੀ ਮੱਥਾ ਟੇਕਾਂਗੀ ਉਨ੍ਹਾਂ ਨੂੰ ।”ਮੀਤੀ ਖੁਸ਼ ਹੋ ਕੇ ਬੋਲੀ। ਬਾਬਾ ਜੀ ਹੱਸਦਿਆਂ ਬੋਲੇ,” ਚੱਲਾਂਗੇ ਜ਼ਰੂਰ ਪੁੱਤ ਪਰ ਮੱਥਾ ਟੇਕਣ ਨਾਲੋਂ ਜ਼ਿਆਦਾ ਲੋੜ ਉਨ੍ਹਾਂ ਦੇ ਨਾਲ਼ ਰਲ਼ ਕੇ ਕੰਮ ਕਰਨ ਦੀ ਹੈ ।ਉਹ ਤਾਂ ਇਹੋ ਜਿਹੇ ਨੇ ਇਕੱਲੇ ਹੀ ਹੜ੍ਹਾਂ ਦੇ ਪਾਣੀ ਨੂੰ ਰੋਕ ਲੈਂਦੇ ਨੇ। ਇਕੱਲਿਆਂ ਹੀ ਵਾਤਾਵਰਨ ਸੰਭਾਲ ਦਾ ਬੀੜਾ ਚੁੱਕਿਆ ਹੋਇਆ। ਤੇ ਏਹੋ ਜੇ ਵੀ ਨੇ ਜਿਨ੍ਹਾਂ ਨੇ ਜਿਹੜੇ ਵਰ੍ਹਦੇ ਬੰਬਾਂ ਗੋਲ਼ੀਆਂ ਦੀ ਪ੍ਰਵਾਹ ਨਹੀਂ ਕਰਦੇ ਤੇ ਬੇਸਹਾਰਿਆਂ ਨੂੰ ਸਹਾਰਾ ਦੇਣ ਲਈ ਜਾ ਪਹੁੰਚਦੇ ਨੇ ।ਆਪਾਂ ਤਾਂ ਬਸ ‘ਸੱਚੇ ਸੰਤ’ ਦੀ ਪਹਿਚਾਣ ਕਰਨੀ ਹੈ । ” “ਸਮਝ ਗਈ ਬਾਬਾ ਜੀ ।ਹੁਣ ਆਪਾਂ ਦਾਦੀ ਨੂੰ ਵੀ ਸਮਝਾਵਾਂਗੇ ।” ਕਹਿ ਕੇ ਮੀਤੀ ਫ਼ਿਰ ਖ਼ੇਡ ਵਿੱਚ ਰੁੱਝ ਗਈ।
ਰਮਨਦੀਪ ਕੌਰ ਵਿਰਕ