ਸੱਜਣ ਸਿੰਘ ਅਤੇ ਮਿੱਤਰ ਸੈਨ ਦੋਵੇਂ ਲੰਗੋਟੀਏ ਯਾਰ ਸਨ। ਦੋਵਾਂ ਨੇ ਖੁਸ਼ੀਆਂ ਨੂੰ ਰਲਕੇ ਮਾਨਿਆ ਸੀ ਅਤੇ ਨਾਲ ਮੁਸੀਬਤਾਂ ਦਾ ਵੀ ਸਦਾ ਸਿਰ ਜੋੜਕੇ ਸਾਹਮਣਾ ਕੀਤਾ ਸੀ। ਉਹ ਇਕਲੋਤੇ ਪੁੱਤਰਾਂ ਦੇ ਧੀਆਂ ਵਾਲੇ ਬਾਪ ਸਨ।
ਮਿੱਤਰ ਸੈਨ ਨੇ ਬੜੀ ਕੋਸ਼ਿਸ਼ ਕੀਤੀ ਕਿ ਉਸ ਦਾ ਪੁੱਤਰ ਚੰਗਾ ਪਕੇ ਕਿਸੇ ਸਰਕਾਰੀ ਨੌਕਰੀ ਉੱਤੇ ਲੱਗ ਜਾਵੇ। ਪਰ ਉਹ ਲੂਣ ਤੇਲ ਦੀ ਦੁਕਾਨ ਤੋਂ ਅੱਗੇ ਨਹੀਂ ਵੱਧ ਸਕਿਆ ਸੀ। ਉਸ ਦਾ ਵਿਆਹ ਬੜੀ ਧੂਮ ਧਾਮ ਨਾਲ ਕੀਤਾ, ਪਰ ਪੇਕਿਆਂ ਦੀ ਚੱਕ ਉੱਤੇ ਉਸ ਦੀ ਨੂੰਹ ਅੱਡ ਹੋਣ ਦੀਆਂ ਪੁੱਠੀਆਂ, ਸਿੱਧੀਆਂ ਧਮਕੀਆਂ ਦਿੰਦੀ ਰਹਿੰਦੀ ਸੀ। ਕਿਸੇ ਅਣਹੋਣੀ ਦੁਰਘਟਨਾ ਨੂੰ ਟਾਲਣ ਲਈ ਉਸ ਨੇ ਦਿਲ ਉੱਤੇ ਪੱਥਰ ਰੱਖਕੇ ਨੂੰਹਪੁੱਤਰ ਨੂੰ ਕਰਾਏ ਦੇ ਮਕਾਨ ਵਿੱਚ ਅੱਡ ਕਰ ਦਿੱਤਾ ਸੀ।
ਸੱਜਣ ਸਿੰਘ ਨੇ ਆਪਣੀ ਸਾਰੀ ਜਿੰਦਗੀ ਪੁੱਤਰ ਨੂੰ ਪੜ੍ਹਾਉਣ ਉੱਤੇ ਲਾਕੇ, ਉਸ ਨੂੰ ਸਫਲਤਾ ਦੀ ਪੌੜੀ ਦੇ ਸਿਰੇ ਤੱਕ ਪਹੁੰਚਾ ਦਿੱਤਾ ਸੀ। ਉਹ ਪੀ.ਐਚ.ਡੀ. ਕਰਕੇ ਪੌੜੀ ਦਾ ਆਖਰੀ ਟੰਬਾ ਆਪਣੀ ਹਿੰਮਤ ਨਾਲ ਆਪ ਚੜ ਗਿਆ ਸੀ। ਉੱਚੀਆਂ ਮੰਜ਼ਿਲਾਂ ਅਤੇ ਡਾਲਰਾਂ ਦੀ ਟੁਨਕਾਰ ਨੇ ਉਸ ਨੂੰ ਕਨੇਡਾ ਵਿੱਚ ਖਿੱਚ ਲਿਆ ਸੀ। ਇੱਕ ਦਾ ਇਕਲੌਤਾ ਪੁੱਤਰ ਸੱਤ ਸਮੁੰਦਰੋਂ ਪਾਰ ਬੈਠਾ ਸੀ ਅਤੇ ਦੂਜੇ ਦਾ ਸੱਤਵੀਂ ਗਲੀ ਦੇ ਪਾਰ ਰਹਿੰਦਾ ਸੀ। ਬੁਢਾਪੇ ਵਿੱਚ ਦੋਵਾਂ ਦੋਸਤਾਂ ਨੇ ਹੋਰ ਸਭ ਕੁਝ ਸਾਂਝਾ ਕਰ ਲਿਆ ਸੀ ਪਰ ਇਕੱਲਤਾ ਦਾ ਸੰਤਾਪ ਉਹ ਹਾਲੀ ਵੀ ਇਕੱਲੇ ਹੀ ਭੋਗ ਰਹੇ ਸਨ।
ਸੰਤਾਪ
472
previous post