ਉਸ ਦੀ ਉਮਰ ਵੀ ਕੀ ਏ, ਹਾਲੀ ਪੂਰੇ ਵੀਹ ਸਾਲ ਦੀ ਵੀ ਨਹੀਂ ਹੋਈ। “ਇਕ ਸਾਲ ਦਾ ਮੁੰਡਾ, ਉਸ ਦਾ ਕਦ ਸਹਾਰਾ ਬਣੇਗਾ, ਬਣੇਗਾ ਵੀ ਜਾਂ ਉਸ ਨੂੰ ਮੰਝਧਾਰ ਵਿੱਚ ਹੀ ਛੱਡ ਜਾਵੇਗਾ।
ਜਿੰਨੇ ਮੂੰਹ ਉਨੀਆਂ ਹੀ ਗੱਲਾਂ ਹੋ ਰਹੀਆਂ ਸਨ। ਨਿਰਭੈ ਕੌਰ ਦਾ ਪਤੀ ਅੱਤਵਾਦੀਆਂ ਹੱਥੋਂ ਮਾਰਿਆ ਗਿਆ ਸੀ। ਫੁੱਲ ਚੁਕਣ ਪਿੱਛੋਂ ਕੁੜੀ ਵਰਗੇ ਨੌਜਵਾਨ ਦੀ ਹਿਰਦੇ-ਵੇਧਕ ਮੌਤ ਉੱਤੇ ਕੋਈ ਚਰਚਾ ਨਹੀਂ ਸੀ। ਉਸ ਦੇ ਬੁੱਢੇ ਮਾਪਿਆਂ ਨਾਲ ਕੋਈ ਹਮਦਰਦੀ ਦੇ ਦੋ ਬੋਲ ਸਾਂਝੇ ਨਹੀਂ ਕੀਤੇ ਜਾ ਰਹੇ ਸਨ। ਸਭ ਦੀਆਂ ਗੱਲਾਂ ਦੀ ਕੇਂਦਰਬਿੰਦੂ ਉਸ ਦੀ ਸੁੰਦਰ ਪਤਨੀ ਬਣੀ ਹੋਈ ਸੀ। ਉਸ ਦੇ ਮੁੰਡੇ ਨੂੰ ਕੋਈ ਵਰਦਾਨ ਦੀ ਸੰਗਿਆ ਦਿੰਦਾ ਅਤੇ ਕੋਈ ਉਸ ਦੀ ਬਾਕੀ ਰਹਿੰਦੀ ਲੰਮੀ ਜਿੰਦਗੀ ਦੇ ਰਾਹ ਦਾ ਵੱਡਾ ਰੋੜਾ ਦਸਦਾ ਸੀ। ਸੋਗ ਦੇ ਭੋਗ ਉੱਤੇ ਕਈ ਰਿਸਤੇਦਾਰਾਂ ਨੇ ਯੋਗ ਮੁੰਡਿਆਂ ਦੀਆਂ ਦੱਸਾਂ ਪਾਉਣੀਆਂ ਵੀ ਅਰੰਭ ਕਰ ਦਿੱਤੀਆਂ ਸਨ।
ਨੌਜਵਾਨ ਪਤਨੀ ਦੇ ਸਦਮੇ ਵੱਲ ਕਿਸੇ ਦਾ ਧਿਆਨ ਨਹੀਂ ਸੀ। ਉਸ ਦੇ ਦੁਖੀ ਦਿਲ ਵਿੱਚ ਝਾਤ ਮਾਰਨ ਦੀ ਕਿਸੇ ਕੋਲ ਵੀ ਵਿਹਲ ਨਹੀਂ ਸੀ। ਹਰ ਰਿਸਤੇਦਾਰ ਆਪਣੀ ਸੋਚ ਨੂੰ ਸਰਵ-ਸਰੇਸ਼ਟ ਸਮਝ ਰਿਹਾ ਸੀ। ਪਿਤਾ ਨੂੰ ਆਪਣੀ ਧੀ ਦੀਆਂ ਅੰਤਰੀਵ-ਪੀੜਾਂ ਨੂੰ ਅਨੁਭਵ ਕਰਨ ਦਾ ਅਹਿਸਾਸ ਨਹੀਂ ਸੀ। ਉਹ ਤਾਂ ਰੂੜੀ ਦਾ ਕੂੜਾ ਰੂੜੀ ਉੱਤੇ ਹੀ ਸੁੱਟਣ ਦੀ ਕਾਹਲ ਵਿੱਚ ਸੀ।
‘‘ਮੈਂ ਰੂੜੀ ਦਾ ਕੂੜਾ ਨਹੀਂ, ਕਿਸੇ ਦੇ ਘਰ ਦੀ ਇੱਜਤ ਹਾਂ, ਆਪਣੇ ਬੱਚੇ ਦਾ ਉੱਜਲਾ-ਭਵਿੱਖ। ਇਹ ਦੰਦ ਕਥਾ ਬੰਦ ਕਰੋ, ਮੈਂ ਆਪਣੇ ਫੈਸਲੇ ਆਪ ਕਰਾਂਗੀ। ਨੌਜਵਾਨ ਵਿਧਵਾ ਦਾ ਸਵੈਮਾਣ ਦਹਾੜਿਆ।
ਸਵੈਮਾਣ
539
previous post