ਸੰਨ 2008 ਦੇ ਇਕ ਦਿਨ ਸਵੇਰੇ ਸੱਤ ਵਜੇ ਜਿਉਂ ਹੀ ਮੈਂ ਬੱਚਿਆਂ ਨੂੰ ਸਕੂਲ ਜਾਣ ਵਾਲੀ ਬੱਸ ਵਿੱਚ ਬਿਠਾਇਆ , ਕਿਧਰੋਂ ਕਾਲੇ ਬੱਦਲ ਆ ਗਏ ਅਤੇ ਪੂਰੀ ਪਹਾੜੀ ਤੇ ਇਲਾਕੇ ਵਿਚ ਹਨੇਰਾ ਹੋ ਗਿਆ। ਹਨ੍ਹੇਰੀ ਝੱਖੜ ਆ ਰਿਹਾ ਸੀ, ਬਸ ਵਾਲੇ ਨੂੰ ਵੀ ਲਾਈਟਾਂ ਜਗਾਉਣੀਆਂ ਪਈਆਂ। ਮੇਰੇ ਘਰ ਦੇ ਸਾਹਮਣੇ ਵਾਲੇ ਪਾਸੇ ਆਡੀਟੋਰੀਅਮ ਵਿਚ ਆਮ੍ਹੋ-ਸਾਮ੍ਹਣੇ ਵੱਡੇ-ਵੱਡੇ ਰੀਠੇ ਦੇ ਦੋ ਰੁੱਖ ਖੜੇ ਸਨ।ਜਿਉਂ ਹੀ ਬੱਸ ਨਿਕਲੀ ਮੇਰੀ ਨਜ਼ਰ ਉਹਨਾਂ ਦਿਓ ਕਦ ਜ਼ੋਰ ਜ਼ੋਰ ਦੀ ਹਿੱਲ ਰਹੇ ਰੁੱਖਾਂ ਤੇ ਪਈ । ਖੱਬੇ ਪਾਸੇ ਵਾਲੇ ਰੁੱਖ ਨੂੰ ਵੇਖ ਕੇ ਇਕਦਮ ਇੰਟਿਯੂਸ਼ਨ ,(ਅੰਤਰ ਦ੍ਰਿਸ਼ਟੀ) ਹੋਈ ਕਿਧਰੇ ਇਹ ਡਿੱਗ ਹੀ ਨਾ ਪਵੇ। ਤੁਫਾਨ ਆਉਣ ਕਰਕੇ ਮੈਂ ਫਟਾਫਟ ਘਰ ਨੂੰ ਵਾਪਸ ਮੁੜ ਪਈ। ਮੈਂ ਜਿਉਂ ਹੀ ਘਰ ਦੀ ਦਹਿਲੀਜ਼ ਤੇ ਪੈਰ ਧਰਿਆ ਜ਼ੋਰ ਦੀ ਧਮਾਕੇ ਦੀ ਆਵਾਜ਼ ਆਈ, ਮੈਂ ਵਾਪਸ ਭੱਜੀ ਗਈ, ਦੇਖਿਆ ਆਡੀਟੋਰੀਅਮ ਵਿੱਚ ਰੀਠੇ ਦਾ ਇੱਕ ਦਰੱਖਤ ਡਿੱਗਿਆ ਪਿਆ ਸੀ। ਜਿਉਂ ਹੀ ਮੈਂ ਅੱਗੇ ਵਧੀ ਸਾਹਮਣਿਓਂ ਕਮਰੇ ਵਿਚੋਂ ਇਕ ਬਹੁਤ ਜ਼ਿਆਦਾ ਡਰਿਆ ਅਤੇ ਸਹਿਮਿਆ ਹੋਇਆ ਬੰਦਾ ਭੱਜਾ ਆਇਆ । ਮੈਮ ਮੈਂ ਬਚ ਗਿਆ , ਮੈਮ ਮੈਂ ਬਚ ਗਿਆ, ਅਗਰ ਯੇਹ ਪੇੜ ਉਲਟੀ ਤਰਫ਼ ਗਿਰਤਾ ਤੋ ਮੇਰਾ ਕਿਆ ਹੋਤਾ।ਉਸ ਦੀ ਜ਼ੁਬਾਨ ਉਸ ਦੇ ਦਿਮਾਗ ਦਾ ਸਾਥ ਨਹੀਂ ਦੇ ਪਾ ਰਹੀ ਸੀ, ਮੈਂ ਉਸਨੂੰ ਥੋੜਾ ਹੌਸਲਾ ਦਿੱਤਾ ਤੇ ਕਿਹਾ ਐਸਾ ਕੁਛ ਨਹੀਂ ਹੋਨਾ ਥਾ।ਉਥੋਂ ਗਲਾਸ ਲੈ ਕੇ ਪਾਣੀ ਪਿਆਇਆ। ਏਨੇ ਚਿਰ ਨੂੰ ਹੋਰ ਜਵਾਨ ਵੀ ਆ ਗਏ। ਮੈਂ ਵਾਪਸ ਆਉਂਦੀ ਹੋਈ ਸੋਚ ਰਹੀ ਸੀ ਇਹ ਤਾਂ ਭਿਆਨਕ ਸੁਪਨੇ ਵਰਗਾ ਸੀ। ਮਨ ਪਰੇਸ਼ਾਨ ਇਸ ਕਰਕੇ ਵੀ ਸੀ ਕਿ ਦਰੱਖਤ ਡਿੱਗਣ ਤੋਂ ਕੁਝ ਮਿੰਟ ਪਹਿਲਾਂ ਮੇਰੇ ਦਿਮਾਗ ਵਿਚ ਸਹਿਜੇ ਹੀ ਖਿਆਲ ਕਿਵੇਂ ਆ ਗਿਆ। ਫਿਰ ਜਦੋਂ ਦਿਨੇ ਪੰਜਾਬ ਘਰਦਿਆਂ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਸ਼ਿਸ਼ ਕਰ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਣਾ।
ਰਿਪਨਜੋਤ ਕੌਰ ਸੋਨੀ ਬੱਗਾ