ਮਿੱਕੀ ਮਾਊਸ ਅਤੇ ਡੋਨਾਲਡ ਡੱਕ ਦੇ ਰਚੇਤਾ ਵਾਲਟ ਡਿਜ਼ਨੀ ਦੀ ਕਹਾਣੀ

by admin

ਮਿੱਕੀ ਮਾਊਸ ਅਤੇ ਡੋਨਾਲਡ ਡੱਕ ਦੇ ਰਚੇਤਾ ਅਤੇ ਡਿਜ਼ਨੀਲੈਂਡ ਦੇ ਸੰਸਥਾਪਕ ਵਾਲਟ ਡਿਜ਼ਨੀ ਦੀ ਕਹਾਣੀ ਚੀਨ ਦੇ ਪ੍ਰਸਿੱਧ ਵਿਚਾਰਕ ਕਨਫਿਊਸ਼ੀਅਸ ਦੇ ਇਹਨਾਂ ਬੋਲਾਂ ਨੂੰ ਦਰਸਾਉਂਦੀ ਹੈ ਕਿ ਮਨੁੱਖ ਦਾ ਮਹਾਨ ਗੌਰਵ ਕਦੇ ਵੀ ਡਿੱਗਣ ਵਿਚ ਨਹੀਂ ਸਗੋਂ ਹਰ ਵਾਰ ਉੱਠ ਖੜ੍ਹਨ ਵਿਚ ਹੈ | ਵਾਲਟ ਡਿਜ਼ਨੀ ਦੀ ਲਗਨ ਅਤੇ ਕਦੇ ਵੀ ਹਾਰ ਨਾ ਮੰਨਣ ਵਾਲੀ ਸੋਚ ਨੇ ਉਸਨੂੰ ਸਫਲ ਬਣਾਇਆ | 26 ਵਰ੍ਹਿਆਂ ਦੀ ਉਮਰ ਵਿਚ ਉਸਨੇ ਆਪਣਾ ਪਹਿਲਾ ਸਫਲ ਕਾਰਟੂਨ ‘ ਔਸਵਾਲਡ ਦੀ ਰੈਬਿਟ ‘ ਤਿਆਰ ਕੀਤਾ ਪਰ ਵਾਲਟ ਡਿਜ਼ਨੀ ਦੀ ਬਦਕਿਸਮਤੀ ਦੇਖੋ ਕਿ ਡਿਸਟਰੀਬਿਊਟਰ ਨੇ ਉਸਨੂੰ ਚੋਰੀ ਕਰ ਲਿਆ | ਅਗਲੇ 27 ਵਰ੍ਹਿਆਂ ਦੀ ਉਮਰ ਵਿਚ ਉਸਨੇ ‘ ਮਿੱਕੀ ਮਾਊਸ ‘ ਬਣਾਇਆ ਪਰ ਖਰਚੇ ਕਾਰਨ ਆਰਥਿਕ ਤੌਰ ਤੇ ਐਨਾ ਟੁੱਟਿਆ ਕਿ ਉਸਦੀ ਕਾਰ ਤੱਕ ਵਿੱਕ ਗਈ | ਦੋ ਵਰ੍ਹੇ ਬਾਅਦ ਜਦੋਂ ਡਿਜ਼ਨੀ ਅਜੇ 29 ਸਾਲ ਦਾ ਹੀ ਹੋਇਆ ਸੀ , ਇਕ ਹੋਰ ਡਿਸਟਰੀਬਿਊਟਰ ਨੇ ਉਸਦੇ ਡੇਢ ਲੱਖ ਡਾਲਰ ਠੱਗ ਲਏ | ਅਗਲੇ 2 ਸਾਲਾਂ ਵਿਚ ਫਿਲਮਾਂ ਰੰਗੀਨ ਆਉਣ ਲੱਗੀਆਂ ਸਨ ਅਤੇ ਰੰਗੀਨ ਫਿਲਮਾਂ ਦੀ ਲਾਗਤ ਕਾਰਨ ਉਸਦੀ ਕੰਪਨੀ ਦਾ ਦੀਵਾਲਾ ਨਿੱਕਲ ਗਿਆ | ਦੂਜੇ ਵਿਸ਼ਵ ਯੁੱਧ ਦੌਰਾਨ ਉਸਦਾ ਸਟੂਡੀਓ ਵੀ ਉਸਦੇ ਹੱਥੋਂ ਜਾਂਦਾ ਰਿਹਾ |
ਜਿੰਦਗੀ ਵਿਚ ਮਿਲ ਰਹੀਆਂ ਹਾਰਾਂ ਉਸਦਾ ਹੌਸਲਾ ਨਹੀਂ ਤੋੜ ਸਕੀਆਂ| ਅਜੇ ਵੀ ਉਸਦੇ ਮਨ ਵਿਚ ਕੁਝ ਨਿਆਰਾ ਅਤੇ ਵੱਡਾ ਕੰਮ ਕਰਨ ਦੀ ਇੱਛਾ ਅਤੇ ਇਰਾਦਾ ਸੀ | ਉਸਨੇ ਕੈਲੇਫੋਰਨੀਆ ਵਿਚ ਡਿਜ਼ਨੀਲੈਂਡ ਬਣਾਉਣ ਦਾ ਫੈਸਲਾ ਕੀਤਾ | ਉਸਦੀ ਕੰਪਨੀ ਅਤੇ ਉਸਦੇ ਪਰਿਵਾਰ ਨੇ ਉਸਦੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ | ਉਸਦੇ ਭਰਾ ਨੇ ਉਸਨੂੰ ਪਾਗਲ ਹੀ ਕਰਾਰ ਦੇ ਦਿੱਤਾ ਸੀ | ਪਰ ਸਭ ਪਾਸਿਓਂ ਵਿਰੋਧ ਦੀ ਪਰਵਾਹ ਕੀਤੇ ਬਿਨਾ ਉਸਨੇ ਡਿਜ਼ਨੀਲੈਂਡ ਬਣਾਉਣ ਲਈ ਆਪਣਾ ਘਰ ਵੇਚ ਦਿੱਤਾ | ਆਪਣੀ ਬੀਮਾ ਪਾਲਸੀ ਵੇਚ ਦਿੱਤੀ | ਉਸਨੇ ਪੂਰੀ ਲਗਨ ਅਤੇ ਮਿਹਨਤ ਨਾਲ ਆਪਣਾ ਉਦੇਸ਼ ਪੂਰਾ ਕਰਨ ਹਿੱਤ ਦਿਨ ਰਾਤ ਇਕ ਕਰ ਦਿੱਤਾ ਅਤੇ ਆਖਿਰ ਉਹ ਸਫਲ ਹੋਇਆ |

ਵਾਲਟ ਡਿਜ਼ਨੀ ਦੀ ਜੀਵਨ ਕਹਾਣੀ ਕਹਿੰਦੀ ਹੈ ਕਿ ਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ ਜੋ ਜਿੱਤਣ ਤੱਕ ਮੈਦਾਨ ਵਿੱਚ ਡਟੇ ਰਹਿੰਦੇ ਹਨ|
ਹਾਰ ਨਾ ਮੰਨਣ ਦੀ ਜਿੱਦ , ਜਿੱਤ ਲਈ ਤੀਬਰ ਇੱਛਾ ਸ਼ਕਤੀ ਅਤੇ ਅਟੱਲ ਲਗਨ ਦੀ ਆਦਤ , ਸਫਲਤਾ ਦਾ ਪਰਚਮ ਗੱਡਣ ਵਿੱਚ ਸਹਾਈ ਹੁੰਦੀ ਹੈ |

 

ਪੁਸਤਕ : ਜਿੱਤ ਦਾ ਮੰਤਰ
ਲੇਖਕ : ਡਾ. ਹਰਜਿੰਦਰ ਵਾਲੀਆ

You may also like