1.8K
ਕਾਫੀ ਦੇਰ ਤੋਂ ਕੋਈ ਬਸ ਨਹੀਂ ਸੀ ਆਈ। ਜਿਹੜੀਆਂ ਇੱਕ ਦੋ ਆਈਆਂ ਵੀ ਉਹ ਇਸ ਅੱਡੇ ‘ਤੇ ਨਹੀਂ ਸਨ ਰੁਕੀਆਂ। ਹਰ ਕੋਈ ਬੜਾ ਬੇਕਰਾਰ ਜਿਹਾ ਸੀ। ਭਾਂਤ-ਭਾਂਤ ਦੀਆਂ ਗੱਲਾਂ ਹੋ ਰਹੀਆਂ ਸਨ। ਰਾਜਨੀਤੀ ਬਾਰੇ, ਸਾਧਾਂ-ਸੰਤਾਂ, ਹਕੀਮਾਂ ਤੇ ਡਾਕਟਰਾਂ ਬਾਰੇ, ਪਾੜਿਆਂ ਤੇ ਪਾੜ੍ਹੀਆਂ ਦੀਆਂ ਖਰਮਸਤੀਆਂ ਬਾਰੇ । ਇਨ੍ਹਾਂ ਗੱਲਾਂ ਵਿੱਚੋਂ ਮੁਸਾਫਰਾਂ ਨੂੰ ਅਨੋਖਾ ਸੁਆਦ ਆ ਰਿਹਾ ਸੀ। ਸੱਜੇ ਪਾਸੇ ਬੈਠੇ ਭਈਏ ਆਪਣੀ ਬੋਲੀ ਵਿਚ ਪਤਾ ਨਹੀਂ ਕੀ ਗੱਲਾਂ ਕਰ ਰਹੇ ਸਨ। ਹਰ ਸਵਾਰੀ ਬੜੀ ਉਤਸੁਕਤਾ ਨਾਲ ਖਾਲੀ ਸੜਕ ਵਲ ਝਾਕ ਰਹੀ ਸੀ।
ਇਕ ਬਸ ਆਉਂਦੀ ਦਿਸੀ। ਸਾਰਿਆਂ ਦੇ ਚਿਹਰਿਆਂ ਉਪਰ ਮਿੱਠੀ ਖੁਸ਼ੀ ਤੇ ਤਸੱਲੀ ਦੀ ਲਹਿਰ ਫੈਲ ਗਈ। ਸਾਰਿਆਂ ਨੇ ਆਪਣਾ ਸਮਾਨ ਚੁੱਕਿਆ ਤੇ ਚੜ੍ਹਨ ਲਈ ਤਿਆਰ ਹੋ ਗਏ | ਸਵਾਰੀਆਂ ਬਸ ਉਪਰ ਟੁੱਟ ਪਈਆਂ, ਭਈਏ ਪਿਛਲੀ ਤਾਕੀ ਵਲ ਅਹੁਲੇ।
ਉਏ ਤੁਸੀਂ ਉਤੇ ਚੜ੍ਹ ਜਾਓ, ਅੰਦਰ ਸਵਾਰੀਆਂ ਚੜਨ ਦਿਓ, ਚਲੋ ਚਲੋ ਉਤੇ, ਵਿਚ ਹੈਨੀ ਥਾਂ। ਕੰਡਕਟਰ ਨੇ ਬਸ ਚੋਂ ਉਤਰਦਿਆਂ ਹੱਥ ਦੇ ਇਸ਼ਾਰੇ ਨਾਲ ਕਿਹਾ। ਗੈਰ ਸਵਾਰੀਆਂ ਉਪਰ ਚੜ੍ਹਨ ਲੱਗੀਆਂ।
ਤਰਲੋਚਨ ਸਮਾਧਵੀ